ਹਰਿਆਣਾ ਦੀ ਸਿਆਸਤ ''ਚ ''ਉਥਲ-ਪੁਥਲ ਜਾਰੀ''

04/07/2017 8:07:22 AM

ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੀਆਂ ਸੱਤਾਧਾਰੀ ਅਤੇ ਹੋਰਨਾਂ ਪਾਰਟੀਆਂ ''ਚ ਇਨ੍ਹੀਂ ਦਿਨੀਂ ਉੱਥਲ-ਪੁਥਲ ਜਾਰੀ ਹੈ ਅਤੇ ਹਰਿਆਣਾ ਵੀ ਇਸ ਦਾ ਅਪਵਾਦ ਨਹੀਂ ਹੈ। ਉਥੇ ਵੀ ਵੱਖ-ਵੱਖ ਸਿਆਸੀ ਪਾਰਟੀਆਂ ਕਈ ਤਰ੍ਹਾਂ ਦੇ ਅੰਦਰੂਨੀ ਤੇ ਬਾਹਰੀ ਸੰਕਟਾਂ ''ਚ ਉਲਝੀਆਂ ਹੋਈਆਂ ਹਨ। ਇਸ ਲੜੀ ''ਚ ਸਭ ਤੋਂ ਪਹਿਲਾ ਨਾਂ ''ਇੰਡੀਅਨ ਨੈਸ਼ਨਲ ਲੋਕ ਦਲ'' (ਇਨੈਲੋ) ਦੇ ਨੇਤਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਦਾ ਹੈ, ਜਿਨ੍ਹਾਂ ਨੂੰ ਜਨਵਰੀ 2013 ''ਚ ਜੇ. ਬੀ. ਟੀ. ਅਧਿਆਪਕਾਂ ਦੀ ਨਾਜਾਇਜ਼ ਢੰਗ ਨਾਲ ਭਰਤੀ ਦੇ ਮਾਮਲੇ ''ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ 10-10 ਸਾਲ ਦੀ ਸਜ਼ਾ ਸੁਣਾਈ।
ਜਿਥੇ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਅਤੇ ਸ਼੍ਰੀ ਅਜੈ ਚੌਟਾਲਾ ਦੀ ਗ੍ਰਿਫਤਾਰੀ ਨਾਲ ਇਨੈਲੋ ਦੀਆਂ ਸਿਆਸੀ ਖਾਹਿਸ਼ਾਂ ਨੂੰ ਠੇਸ ਲੱਗੀ ਹੈ, ਉਥੇ ਹੀ ਹਰਿਆਣਾ ਦੀਆਂ ਦੋ ਹੋਰ ਪ੍ਰਮੁੱਖ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ''ਚ ਵੀ ਉੱਥਲ-ਪੁਥਲ ਜਾਰੀ ਹੈ। 
ਹਰਿਆਣਾ ''ਚ ਪਹਿਲੀ ਵਾਰ ਆਪਣੇ ਦਮ ''ਤੇ ਸਰਕਾਰ ਬਣਾਉਣ ਵਾਲੀ ਭਾਜਪਾ ਦੇ ਲਗਭਗ ਡੇਢ ਦਰਜਨ ਵਿਧਾਇਕਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਕੰਮ ਕਰਨ ਦੇ ਤਰੀਕੇ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ, ਜਿਸ ''ਤੇ ਹਾਈਕਮਾਨ ਨੇ ਸ਼੍ਰੀ ਖੱਟੜ ਤੋਂ ਨਾਰਾਜ਼ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਸਾਰੇ ਵਿਧਾਇਕਾਂ ਦੀ ਮੀਟਿੰਗ 15 ਅਤੇ 16 ਮਾਰਚ ਨੂੰ ਗੁਰੂਗ੍ਰਾਮ ਤੇ ਨਵੀਂ ਦਿੱਲੀ ''ਚ ਸੱਦੀ ਸੀ।
ਇਸੇ ਪਿਛੋਕੜ ''ਚ ਗੁੱਸੇ ਹੋਏ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਉਦੇਸ਼ ਨਾਲ ਹਰਿਆਣਾ ''ਚ ਛੇਤੀ ਹੀ ਮਨੋਹਰ ਲਾਲ ਖੱਟੜ ਦੇ ਮੰਤਰੀ ਮੰਡਲ ''ਚ ਫੇਰਬਦਲ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਪਾਰਟੀ ''ਚ ਸੱਤਾ ਦਾ ਸੰਤੁਲਨ ਬਣਾਈ ਰੱਖਣ ਲਈ ਯੂ. ਪੀ. ਦੀ ਤਰਜ਼ ''ਤੇ ਕਿਸੇ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਵੀ ਨਾਰਾਜ਼ਗੀ ਨੂੰ ਹੋਰ ਹਵਾ ਦੇ ਰਹੀ ਹੈ।
ਇਸ ਤੋਂ ਇਲਾਵਾ ਕੁਝ ਮੰਤਰੀਆਂ ਦੇ ਵਿਭਾਗਾਂ ''ਚ ਕਟੌਤੀ ਅਤੇ ਕੁਝ ਨੂੰ ਤਰੱਕੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ। ਇਸ ਨੂੰ ਦੇਖਦਿਆਂ ਪਾਰਟੀ ''ਚ ਹਲਚਲ ਤੇਜ਼ ਹੋ ਗਈ ਹੈ।
ਹਰਿਆਣਾ ਕਾਂਗਰਸ ਵੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਤੋਂ ਮੁਕਤ ਨਹੀਂ ਹੈ। ਇਹ ਗੱਲ ਪਿਛਲੇ ਸਾਲ 6 ਅਕਤੂਬਰ ਨੂੰ ਉਦੋਂ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੇ ਧੜੇ ਨਵੀਂ ਦਿੱਲੀ ਨੇੜੇ ਭੈਰੋਂ ਮੰਦਿਰ ''ਚ  ਰਾਹੁਲ ਗਾਂਧੀ ਦੀ ਰੋਡ ਸ਼ੋਅ ਯਾਤਰਾ ਦੇ ਸਵਾਗਤ ਦੌਰਾਨ ਆਪਸ ''ਚ ਉਲਝ ਪਏ।
ਇਸ ''ਚ ਅਸ਼ੋਕ ਤੰਵਰ ਗੰਭੀਰ ਜ਼ਖਮੀ ਹੋਏ ਤੇ ਉਨ੍ਹਾਂ ਨੇ ਹੁੱਡਾ ਸਮਰਥਕਾਂ ''ਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨ ਦਾ ਦੋਸ਼ ਲਗਾਇਆ ਸੀ। ਕਾਂਗਰਸ ਦੇ ਦੋਹਾਂ ਧੜਿਆਂ ਵਿਚਾਲੇ ਹੋਏ ਇਸ ਖੂਨੀ ਝੜਪ ਕਾਰਨ ਸੂਬਾਈ ਕਾਂਗਰਸ ''ਚ ਭਾਰੀ ਤੂਫਾਨ ਮਚ ਗਿਆ ਸੀ।
ਉਦੋਂ ਬੜੀ ਮੁਸ਼ਕਲ ਨਾਲ ਪਾਰਟੀ ਹਾਈਕਮਾਨ ਸਥਿਤੀ ''ਤੇ ਕਾਬੂ ਪਾ ਕੇ ਹਾਲਾਤ ਆਮ ਵਰਗੇ ਬਣਾਉਣ ''ਚ ਸਫਲ ਹੋਈ ਸੀ ਪਰ ਹੁਣ ਹਾਲਾਤ ਫਿਰ ਪਹਿਲਾਂ ਵਰਗੇ ਹੀ ਬਣੇ ਹੋਏ ਹਨ। ਜਿਥੇ ਹੁੱਡਾ ਧੜਾ ਅਸ਼ੋਕ ਤੰਵਰ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਹੈ, ਉਥੇ ਹੀ ਤੰਵਰ ਧੜਾ ਵੀ ਹੁੱਡਾ ''ਤੇ ਸਿੱਧੇ ਅਤੇ ਅਸਿੱਧੇ ਤੌਰ ''ਤੇ ਹਮਲਾ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇ ਰਿਹਾ। 
ਇਹੋ ਨਹੀਂ, 10 ਸਾਲਾਂ ਤਕ ਹਰਿਆਣਾ ''ਤੇ ਰਾਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵੀ ਘਟਣ ਦਾ ਨਾਂ ਨਹੀਂ ਲੈ ਰਹੀਆਂ ਅਤੇ 5 ਅਪ੍ਰੈਲ ਨੂੰ ਹਰਿਆਣਾ ਕਾਂਗਰਸ ''ਚ ਉਦੋਂ ਇਕ ਵਾਰ ਫਿਰ ਸੰਕਟ ਪੈਦਾ ਹੋ ਗਿਆ, ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਦੌਰਾਨ ਪੰਚਕੂਲਾ ''ਚ ਏ. ਜੇ.ਐੱਲ. ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ''ਚ ਉਨ੍ਹਾਂ ਵਿਰੁੱਧ ਸੀ.ਬੀ. ਆਈ. ਨੇ ਕੇਸ ਦਰਜ ਕਰ ਲਿਆ।
ਇਹ ਵੀ ਦੋਸ਼ ਲਗਾਇਆ ਗਿਆ ਕਿ ਇਸ ਤੋਂ ਪਹਿਲਾਂ ਹੁੱਡਾ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਪੰਚਕੂਲਾ ''ਚ 14 ਉਦਯੋਗਿਕ ਪਲਾਟ ਅਲਾਟ ਕੀਤੇ ਸਨ, ਜਿਨ੍ਹਾਂ ''ਚ ਖੂਬ ਪੱਖਪਾਤ ਕੀਤਾ ਗਿਆ ਸੀ ਤੇ ਇਸ ''ਚ ਹੁੱਡਾ ਦੇ ਨੇੜਲੇ ਰਿਸ਼ਤੇਦਾਰ ਵੀ ਸ਼ਾਮਿਲ ਸਨ।
ਹਰਿਆਣਾ ਦੀ ਭਾਜਪਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਤੇ ਮਈ 2016 ''ਚ ਸੀ. ਬੀ. ਆਈ. ਨੇ ''ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ'' (ਹੁਡਾ) ਦੇ ਪੰਚਕੂਲਾ ਵਾਲੇ ਦਫਤਰ ''ਚ ਛਾਪਾ ਮਾਰ ਕੇ ਰਿਕਾਰਡ ਕਬਜ਼ੇ ''ਚ ਲੈ ਲਿਆ ਸੀ। 
ਇਨੈਲੋ ਤੋਂ ਇਲਾਵਾ ਦੋਹਾਂ ਵੱਡੀਆਂ ਪਾਰਟੀਆਂ ਵਿਚਾਲੇ ਚਲ ਰਹੀ ਖਿੱਚੋਤਾਣ ਨੂੰ ਜਿਥੇ ਸਿਆਸੀ ਆਬਜ਼ਰਵਰ ਦਿਲਚਸਪੀ ਨਾਲ ਦੇਖ ਰਹੇ ਹਨ, ਉਥੇ ਹੀ ਹਰਿਆਣਾ ਦੀ ਸਿਆਸਤ ''ਚ ਇਨ੍ਹੀਂ ਦਿਨੀਂ ਭੂਚਾਲ ਵਰਗੀ ਸਥਿਤੀ ਬਣੀ ਹੋਈ ਹੈ। ਇਹ ਘਟਨਾਵਾਂ ਅਗਾਂਹ ਕੀ ਰੂਪ ਅਖਤਿਆਰ ਕਰਦੀਆਂ ਹਨ, ਇਹ ਭਵਿੱਖ ਦੇ ਗਰਭ ''ਚ ਹੈ।
—ਵਿਜੇ ਕੁਮਾਰ

 

Vijay Kumar Chopra

This news is Chief Editor Vijay Kumar Chopra