''ਅਪਰਾਧਾਂ ਦੀ ਨਗਰੀ'' ਬਣਦਾ ਜਾ ਰਿਹੈ ਹਰਿਆਣਾ ਦਾ ਪ੍ਰਮੁੱਖ ਸ਼ਹਿਰ ''ਗੁੜਗਾਓਂ''

06/22/2017 7:30:27 AM

ਭਾਰਤ ਦੀ ਰਾਜਧਾਨੀ ਦਿੱਲੀ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁੜਗਾਓਂ (ਗੁਰੂਗ੍ਰਾਮ) ਹਰਿਆਣਾ ਦਾ ਪ੍ਰਮੁੱਖ ਉਦਯੋਗਿਕ ਤੇ ਵਿੱਤੀ ਕੇਂਦਰ ਹੈ। ਇਹ ਦਿੱਲੀ ਦੇ ਚਾਰ ਪ੍ਰਮੁੱਖ 'ਉਪਗ੍ਰਹਿ ਸ਼ਹਿਰਾਂ' (ਸੈਟੇਲਾਈਟ ਸਿਟੀਜ਼) ਵਿਚੋਂ ਇਕ ਹੈ ਤੇ ਕੌਮੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦਾ ਇਕ ਹਿੱਸਾ ਹੈ। ਪਿਛਲੇ 25 ਸਾਲਾਂ 'ਚ ਬੇਮਿਸਾਲ ਵਿਕਾਸ ਕਰਕੇ ਦੁਨੀਆ ਦੇ ਨਕਸ਼ੇ 'ਤੇ ਵਿਸ਼ੇਸ਼ ਜਗ੍ਹਾ ਬਣਾਉਣ ਵਾਲਾ ਗੁੜਗਾਓਂ ਕਈ ਮਾਮਲਿਆਂ 'ਚ ਦੇਸ਼ ਵਿਚ ਅੱਵਲ ਹੈ। ਮਿਸਾਲ ਵਜੋਂ ਇਹ ਭਾਰਤ ਦਾ ਇਕੋ-ਇਕ ਸ਼ਹਿਰ ਹੈ, ਜਿਥੇ ਹਰ ਘਰ 'ਚ ਬਿਜਲੀ ਹੈ। ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਮੁੰਬਈ ਤੇ ਚੰਡੀਗੜ੍ਹ ਤੋਂ ਬਾਅਦ ਗੁੜਗਾਓਂ ਦਾ ਤੀਜਾ ਸਥਾਨ ਹੈ।
ਇਸ ਤੋਂ ਇਲਾਵਾ ਵੀ ਇਸ ਦੀਆਂ ਕਈ ਪ੍ਰਾਪਤੀਆਂ ਹਨ ਪਰ ਇਨ੍ਹਾਂ ਦੇ ਨਾਲ-ਨਾਲ ਕਈ ਨਾਂਹ-ਪੱਖੀ ਗੱਲਾਂ ਵੀ ਇਸ ਸ਼ਹਿਰ ਨਾਲ ਜੁੜ ਗਈਆਂ ਹਨ। ਸ਼ਹਿਰ 'ਚ ਹੱਤਿਆ, ਲੁੱਟ-ਮਾਰ, ਸਨੈਚਿੰਗ, ਬਲਾਤਕਾਰ ਅਤੇ ਹੋਰ ਅਪਰਾਧਾਂ 'ਚ ਭਾਰੀ ਵਾਧੇ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਜਨਵਰੀ ਤੋਂ ਹੁਣ ਤਕ ਇਥੇ ਬਲਾਤਕਾਰ ਦੀਆਂ 50 ਤੋਂ ਜ਼ਿਆਦਾ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 9 ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਸਨ।
ਇਹ ਸਿਲਸਿਲਾ ਹੁਣ ਵੀ ਜਾਰੀ ਰਹਿਣ ਨਾਲ ਹਰ ਪਾਸੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ ਤੇ ਇਥੇ ਪੇਸ਼ ਹਨ ਇਕ ਮਹੀਨੇ ਤੋਂ ਵੀ ਘੱਟ ਮਿਆਦ ਅੰਦਰ ਹੋਈਆਂ ਅਜਿਹੀਆਂ ਕੁਝ ਘਟਨਾਵਾਂ, ਜਿਨ੍ਹਾਂ ਦੀ ਰਿਪੋਰਟ ਦਰਜ ਕਰਵਾਈ ਗਈ :
* 29 ਮਈ ਨੂੰ ਆਪਣੀ 9 ਮਹੀਨਿਆਂ ਦੀ ਬੱਚੀ ਨਾਲ ਜਾ ਰਹੀ ਔਰਤ ਨੂੰ ਆਟੋ ਚਾਲਕ ਤੇ ਉਸ ਦੇ ਸਾਥੀਆਂ ਵਲੋਂ ਲਿਫਟ ਦੇਣ ਦੇ ਬਹਾਨੇ ਆਟੋ 'ਚ ਬਿਠਾ ਕੇ ਉਸ ਨਾਲ ਛੇੜਖਾਨੀ, ਉਸ ਦੀ ਬੇਟੀ ਦੀ ਚਲਦੇ ਆਟੋ 'ਚੋਂ ਜ਼ੋਰ ਨਾਲ ਪਟਕ ਕੇ ਹੱਤਿਆ ਅਤੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ।
* 09 ਜੂਨ ਨੂੰ ਸੈਕਟਰ-53 'ਚ ਬਾਈਕ ਸਵਾਰ ਲੁਟੇਰੇ ਨੇ ਰੂਸੀ ਔਰਤ ਦਾ ਬੈਗ ਖੋਹਿਆ, ਜਿਸ 'ਚ ਨਕਦੀ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਸਨ।
* 09 ਜੂਨ ਨੂੰ ਹੀ ਇਕ 30 ਸਾਲਾ ਵਿਧਵਾ ਔਰਤ ਨੇ ਦਿੱਲੀ ਪੁਲਸ ਦੇ ਇਕ ਸਬ-ਇੰਸਪੈਕਟਰ ਦੇ ਬੇਟੇ 'ਤੇ ਉਸ ਨਾਲ ਤੇ ਉਸ ਦੀ 15 ਸਾਲਾ ਧੀ ਨਾਲ ਬਲਾਤਕਾਰ ਕਰਨ ਅਤੇ ਘਟਨਾ ਦੀ ਵੀਡੀਓ ਬਣਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ।
* 16 ਜੂਨ ਨੂੰ ਇਫਕੋ ਚੌਕ, ਮੈਟਰੋ ਸਟੇਸ਼ਨ ਇਲਾਕੇ 'ਚ ਇਕ ਔਰਤ ਨਾਲ ਛੇੜਖਾਨੀ ਅਤੇ ਗਲਤ ਢੰਗ ਨਾਲ ਛੂਹਣ ਦੇ ਦੋਸ਼ ਹੇਠ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਗਈ।
* 16 ਜੂਨ ਨੂੰ ਹੀ ਇਕ ਦਲਿਤ ਔਰਤ ਨਾਲ ਇਕ ਸਾਲ ਤਕ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਹੇਠ 9 ਨੌਜਵਾਨ ਗ੍ਰਿਫਤਾਰ।
* 18 ਜੂਨ ਨੂੰ ਡੂੰਡਾਹੇੜਾ ਪਿੰਡ 'ਚ ਇਕ 7 ਸਾਲਾ ਬੱਚੀ ਨੂੰ ਅਗਵਾ ਕਰ ਕੇ ਬੇਰਹਿਮੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਆਟੋ ਚਾਲਕ ਫੜਿਆ ਗਿਆ।
* ਅਤੇ 20 ਜੂਨ ਨੂੰ ਸਮੂਹਿਕ ਬਲਾਤਕਾਰ ਦੀ ਇਕ ਹੋਰ ਘਟਨਾ ਨਾਲ ਗੁੜਗਾਓਂ ਕਲੰਕਿਤ ਹੋਇਆ, ਜਦੋਂ ਐੱਮ. ਜੀ. ਰੋਡ ਮੈਟਰੋ ਸਟੇਸ਼ਨ ਨੇੜਿਓਂ ਅਗਵਾ ਹੋਈ ਇਕ 35 ਸਾਲਾ ਔਰਤ ਨੇ ਨੋਇਡਾ ਪੁਲਸ ਕੋਲ ਉਸ ਨਾਲ ਤਿੰਨ ਵਿਅਕਤੀਆਂ ਵਲੋਂ ਕਾਰ 'ਚ ਸਮੂਹਿਕ ਬਲਾਤਕਾਰ ਕਰਨ ਦੀ ਸ਼ਿਕਾਇਤ ਸੰਬੰਧੀ ਬਿਆਨ ਦਰਜ ਕਰਵਾਏ।
16 ਦਸੰਬਰ 2012 ਨੂੰ ਦਿੱਲੀ 'ਚ 'ਨਿਰਭਯਾ ਸਮੂਹਿਕ ਬਲਾਤਕਾਰ ਕਾਂਡ' ਤੋਂ ਬਾਅਦ ਦੇਸ਼ 'ਚ ਭੜਕੇ ਭਾਰੀ ਲੋਕ-ਰੋਹ ਦੇ ਮੱਦੇਨਜ਼ਰ ਸਰਕਾਰ ਵਲੋਂ ਔਰਤਾਂ ਵਿਰੁੱਧ ਅੱਤਿਆਚਾਰ ਰੋਕਣ ਲਈ ਸਖਤ ਸਜ਼ਾ ਪ੍ਰਬੰਧਾਂ ਵਾਲਾ ਮਹਿਲਾ ਸੁਰੱਖਿਆ ਆਰਡੀਨੈਂਸ ਜਾਰੀ ਕਰਨ ਦੇ ਬਾਵਜੂਦ ਅਪਰਾਧੀ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਦੇਸ਼ ਦੀ ਰਾਜਧਾਨੀ ਨਾਲ ਲੱਗਦੇ ਅਤੇ ਇਸ ਦਾ ਹੀ ਹਿੱਸਾ ਮੰਨੇ ਜਾਣ ਦੇ ਨਾਤੇ ਇਥੇ ਸੁਰੱਖਿਆ ਪ੍ਰਬੰਧ ਚੁਸਤ-ਦਰੁੱਸਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅਸਲੀਅਤ ਇਸ ਦੇ ਉਲਟ ਹੈ ਅਤੇ ਇਹ ਅਪਰਾਧ ਤੇ ਅਪਰਾਧੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ।
'ਮੇਕ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ ਗੁੜਗਾਓਂ ਵਿਚ ਵੀ ਕਈ ਬਹੁ-ਕੌਮੀ ਕੰਪਨੀਆਂ ਦੇ ਦਫਤਰ ਖੁੱਲ੍ਹ ਗਏ ਹਨ, ਇਸ ਲਈ ਜੇਕਰ ਇਥੇ ਅਪਰਾਧ ਇਸੇ ਤਰ੍ਹਾਂ ਵਧਦੇ ਰਹੇ ਤਾਂ ਇਥੋਂ ਉਦਯੋਗ ਪਲਾਇਨ ਕਰਨ ਲੱਗ ਪੈਣਗੇ, ਜਿਸ ਨਾਲ ਹਰਿਆਣਾ ਸਰਕਾਰ ਦੀ ਸਾਖ ਨੂੰ ਧੱਕਾ ਲੱਗੇਗਾ।
ਹਰਿਆਣਾ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੇ ਦੋਵੇਂ ਗੁਆਂਢੀ ਸੂਬੇ ਪੰਜਾਬ ਅਤੇ ਹਿਮਾਚਲ ਮਾਲੀਆ ਘਾਟੇ ਦੇ ਸ਼ਿਕਾਰ ਹਨ, ਜਦਕਿ ਆਪਣੇ ਇਥੇ ਉਦਯੋਗਾਂ ਅਤੇ ਬਾਹਰੀ ਨਿਵੇਸ਼ ਕਾਰਨ ਹਰਿਆਣਾ ਲਾਭ ਵਾਲੀ ਸਥਿਤੀ 'ਚ ਹੈ ਪਰ ਜੇਕਰ ਕਾਨੂੰਨ-ਵਿਵਸਥਾ ਦੀ ਬਦਹਾਲੀ ਅਤੇ ਟ੍ਰੈਫਿਕ ਦੀ ਅਵਿਵਸਥਾ ਆਦਿ ਕਾਰਨ ਇਥੋਂ ਉਦਯੋਗ ਪਲਾਇਨ ਕਰਨ ਲੱਗ ਪਏ ਤਾਂ ਇਸ ਦੀ ਹਾਲਤ ਵੀ ਪੰਜਾਬ ਤੇ ਹਿਮਾਚਲ ਵਰਗੀ ਬਣ ਜਾਏਗੀ।
ਇਸ ਲਈ ਇਥੇ ਫਰਜ਼ਾਂ ਪ੍ਰਤੀ ਵਫਾਦਾਰ ਤੇ ਮਿਹਨਤੀ ਅਧਿਕਾਰੀ ਤਾਇਨਾਤ ਕਰ ਕੇ ਕਾਨੂੰਨ-ਵਿਵਸਥਾ ਨੂੰ ਚੁਸਤ-ਦਰੁੱਸਤ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਕਿ ਇਸ 'ਸੈਟੇਲਾਈਟ ਸਿਟੀ' ਵਿਚ ਲੋਕ ਸੁਰੱਖਿਅਤ ਮਾਹੌਲ 'ਚ ਰਹਿਣ ਅਤੇ ਇਹ ਹੋਰ ਤਰੱਕੀ ਕਰੇ, ਜਿਸ ਦਾ ਯਕੀਨੀ ਲਾਭ ਹਰਿਆਣਾ ਸੂਬੇ ਨੂੰ ਮਿਲਦਾ ਰਹੇ।    
—ਵਿਜੇ ਕੁਮਾਰ