ਬ੍ਰਜਮੰਡਲ ਧਾਰਮਿਕ ਯਾਤਰਾ ’ਤੇ ਹਮਲੇ ਨਾਲ ਸੜ ਉੱਠਿਆ ਹਰਿਆਣਾ, ਭਾਈਚਾਰੇ ਨੂੰ ਲੱਗੀ ਭਾਰੀ ਸੱਟ

08/02/2023 4:16:28 AM

ਇਨ੍ਹੀਂ ਦਿਨੀਂ ਜਿਥੇ ਮਣੀਪੁਰ ਦੀ ਹਿੰਸਾ ਨੂੰ ਲੈ ਕੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਗੱਠਜੋੜ ਅਤੇ ਵਿਰੋਧੀ ਦਲਾਂ ਦਰਮਿਆਨ ਸੰਸਦ ਵਿਚ ਟਕਰਾਅ ਜਾਰੀ ਹੈ, ਉਥੇ ਹੀ ਹਰਿਆਣਾ ਦੇ ਨੂੰਹ ਜ਼ਿਲੇ ਵਿਚ ਵੀ 31 ਜੁਲਾਈ ਨੂੰ ਬ੍ਰਜਮੰਡਲ ਧਾਰਮਿਕ ਯਾਤਰਾ ਵਿਚ ਦੂਜੇ ਫਿਰਕੇ ਦੇ ਲੋਕਾਂ ਵੱਲੋਂ ਰੋਕਣ ਅਤੇ ਉਸ ’ਤੇ ਪਥਰਾਅ ਕਰਨ, ਪੈਟਰੋਲ ਬੰਬ ਆਦਿ ਸੁੱਟਣ ਨਾਲ ਹਿੰਸਾ ਭੜਕ ਉੱਠੀ।

ਇਸ ਦੌਰਾਨ ਦੰਗਾਕਾਰੀਆਂ ਨੇ ਭਗਤਾਂ ਨੂੰ ਬੰਦੀ ਬਣਾਉਣ ਅਤੇ ਨਲਹੜ ਵਿਚ ਇਕ ਧਾਰਮਿਕ ਸਥਾਨ ਤੋੜਨ ਤੋਂ ਇਲਾਵਾ ਦਰਜਨਾਂ ਗੱਡੀਆਂ ਸਾੜ ਸੁੱਟੀਆਂ, ਅਨੇਕਾਂ ਦੁਕਾਨਾਂ ਨੂੰ ਅੱਗ ਲਾ ਦਿੱਤੀ, ਲੁੱਟਮਾਰ ਕੀਤੀ ਗਈ ਅਤੇ 2 ਹੋਮਗਾਰਡ ਜਵਾਨਾਂ ਸਮੇਤ 5 ਲੋਕ ਮਾਰੇ ਜਾ ਚੁੱਕੇ ਹਨ।

ਹੁਣ ਹਾਲਤ ’ਤੇ ਕਾਬੂ ਪਾਉਣ ਲਈ ਕਈ ਜ਼ਿਲਿਆਂ ਦੇ ਪੁਲਸ ਮੁਖੀਆਂ ਨੂੰ ਨੂੰਹ ਭੇਜੇ ਜਾਣ ਦੇ ਨਾਲ ਹੀ ਕੇਂਦਰੀ ਨੀਮ ਫੌਜੀ ਬਲਾਂ ਅਤੇ ਪੁਲਸ ਦੀਆਂ 20-20 ਕੰਪਨੀਆਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਨੂੰਹ ਵਿਚ 2 ਦਿਨ ਲਈ ਕਰਫਿਊ ਵੀ ਲਾ ਦਿੱਤਾ ਗਿਆ ਹੈ।

ਉਧਰ, ਨੂੰਹ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਵਿਚ ਵੀ ਅਲਰਟ ਜਾਰੀ ਕਰਨ ਤੋਂ ਇਲਾਵਾ ਉਥੋਂ ਦੇ 4 ਇਲਾਕਿਆਂ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।

ਇਹ ਹਿੰਸਾ ਦੂਜੇ ਇਲਾਕਿਆਂ ਵਿਚ ਵੀ ਫੈਲ ਗਈ ਹੈ ਅਤੇ 31 ਜੁਲਾਈ ਨੂੰ ਦੇਰ ਰਾਤ ਗੁਰੂਗ੍ਰਾਮ ਸੈਕਟਰ 56-57 ਵਿਚ ਤਕਰੀਬਨ 100 ਲੋਕਾਂ ਦੀ ਭੀੜ ਨੇ ਉਸਾਰੀ ਅਧੀਨ ਧਾਰਮਿਕ ਸਥਾਨ ਵਿਚ ਭੰਨ-ਤੋੜ ਕਰ ਕੇ ਅੱਗ ਲਾ ਦਿੱਤੀ, ਜਿਸ ਪਿੱਛੋਂ ਇਲਾਕੇ ਦੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ।

ਨੂੰਹ ਅਤੇ ਮੇਵਾਤ ਦੇ ਨਾਲ-ਨਾਲ ਅਹਿਤਿਆਤ ਵਜੋਂ ਰੇਵਾੜੀ, ਪਲਵਲ, ਫਰੀਦਾਬਾਦ ਅਤੇ ਸੋਨੀਪਤ ਸਮੇਤ 6 ਜ਼ਿਲਿਆਂ ਵਿਚ ਧਾਰਾ 144 ਲਾ ਕੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ਵਿਚ 1 ਅਗਸਤ ਨੂੰ ਸਾਰੀਆਂ ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੈਂਟਰ ਵੀ ਬੰਦ ਰਹੇ।

ਸਾਰੀਆਂ ਸਿਆਸੀ ਵਿਚਾਰਧਾਰਾਵਾਂ ਦੇ ਆਗੂਆਂ ਵੱਲੋਂ ਇਸ ਘਟਨਾਕ੍ਰਮ ਦੀ ਆਲੋਚਨਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਅਨੁਸਾਰ, ‘‘ਭਾਜਪਾ ਨੇ ਦੇਸ਼ ਵਿਚ ਨਫਰਤ ਦਾ ਕੈਰੋਸੀਨ ਫੈਲਾਇਆ ਹੈ।’’

ਡਾ. ਫਾਰੂਕ ਅਬਦੁੱਲਾ (ਨੈਕਾਂ) ਨੇ ਇਸ ਨੂੰ ਅਫਸੋਸਨਾਕ ਦੱਸਦਿਆਂ ਕਿਹਾ, ‘‘ਅਜਿਹੀ ਘਟਨਾ ਸਹੀ ਨਹੀਂ ਹੈ। ਇਸ ਨਾਲ ਦੇਸ਼ ਦੀ ਬਦਨਾਮੀ ਹੋਵੇਗੀ ਅਤੇ ਤੂਫਾਨ ਉੱਠੇਗਾ। ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ।’’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, ‘‘ਇਹ ਹਿੰਸਾ ਅਚਾਨਕ ਨਹੀਂ ਹੋਈ। ਇਹ ਸਭ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ। ਇਸ ਦਾ ਕੋਈ ਨਾ ਕੋਈ ਮਾਸਟਰਮਾਈਂਡ ਜ਼ਰੂਰ ਹੈ, ਜਿਸ ਨੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚੀ ਹੈ।’’

ਹਰਿਆਣਾ ਵਿਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਹੁੱਡਾ (ਕਾਂਗਰਸ) ਅਨੁਸਾਰ, ‘‘ਸੂਬੇ ਵਿਚ ਭਾਜਪਾ-ਜਜਪਾ ਸਰਕਾਰ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ।’’

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਨੁਸਾਰ, ‘‘ਨੂੰਹ (ਮੇਵਾਤ) ਵਿਚ ਫਿਰਕੂ ਹਿੰਸਾ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ। ਪੂਰਬ-ਉੱਤਰ ਵਿਚ ਮਣੀਪੁਰ ਪਿੱਛੋਂ ਹੁਣ ਹਰਿਆਣਾ ਵਿਚ ਇਸ ਤਰ੍ਹਾਂ ਦੀ ਘਟਨਾ ਚੰਗਾ ਸੰਕੇਤ ਨਹੀਂ ਹੈ।’’

ਅਖਿਲੇਸ਼ ਯਾਦਵ (ਸਪਾ) ਅਨੁਸਾਰ, ‘‘ਮਣੀਪੁਰ ਪਿੱਛੋਂ ਹਰਿਆਣਾ ਦੀ ਹਿੰਸਾ ਡਬਲ ਇੰਜਣ ਸਰਕਾਰ ਦੀ ਨਾਕਾਮੀ ਦੀ ਇਕ ਉਦਾਹਰਣ ਹੈ। ਸਰਕਾਰ ਦੇ ਤੌਰ ’ਤੇ ਭਾਜਪਾ ਦਾ ਡਬਲ ਇੰਜਣ ਫੇਲ ਹੋ ਗਿਆ ਹੈ।’’

ਕੇਂਦਰੀ ਮੰਤਰੀ ਰਾਵ ਇੰਦਰਜੀਤ ਅਨੁਸਾਰ, ‘‘ਗੁਰੂਗ੍ਰਾਮ ਵਿਚ ਪੁਲਸ ਸੁਰੱਖਿਆ ਦੇ ਬਾਵਜੂਦ ਹਮਲੇ ਹੋਏ।’’

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਹੈ ਕਿ, ‘‘ਇਹ ਸਰਕਾਰ ਦੀ ਨਾਕਾਮੀ ਹੈ। ਹੁਣ ਹਿੰਦੂ ਸਮਾਜ ਆਤਮਰੱਖਿਆ ਦੇ ਅਧਿਕਾਰ ਦੀ ਵਰਤੋਂ ਕਰੇਗਾ।’’

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਯੁਕਤ ਮਹਾਮੰਤਰੀ ਡਾ. ਸੁਰਿੰਦਰ ਜੈਨ ਨੇ ਕਿਹਾ, ‘‘ਨੂੰਹ ਦੀ ਘਟਨਾ ਇੰਟੈਲੀਜੈਂਸ ਦਾ ਫੇਲੀਅਰ ਹੈ। ਉਸ ਦਿਨ ਇਕ ਵਿਸ਼ੇਸ਼ ਫਿਰਕੇ ਦੀਆਂ ਸਾਰੀਆਂ ਦੁਕਾਨਾਂ ਕਿਵੇਂ ਬੰਦ ਸਨ ਅਤੇ ਥਾਂ-ਥਾਂ ’ਤੇ ਪੱਥਰਾਂ ਦੇ ਢੇਰ ਕਿਉਂ ਲੱਗੇ ਹੋਏ ਸਨ?’’

ਏ. ਆਈ. ਐੱਮ. ਆਈ. ਐੱਮ. ਦੇ ਆਗੂ ਅਸਦੁੱਦੀਨ ਓਵੈਸੀ ਨੇ ਕਿਹਾ, ‘‘ਇਕ ਕ੍ਰਿਮੀਨਲ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾ ਰਿਹਾ ਹੈ ਅਤੇ ਖੁੱਲ੍ਹੇਆਮ ਘੁੰਮ ਰਿਹਾ ਹੈ ਪਰ ਉਸਨੂੰ ਹਰਿਆਣਾ ਜਾਂ ਰਾਜਸਥਾਨ ਪੁਲਸ ਫੜ ਨਹੀਂ ਰਹੀ। ਹਰਿਆਣਾ ਸਰਕਾਰ ਨਿਸ਼ਚਿਤ ਹੈ ਕਿਉਂਕਿ ਸੂਬੇ ਵਿਚ ਚੋਣਾਂ ਹਨ।’’

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ, ‘‘ਨੂੰਹ ਦੀ ਘਟਨਾ ਬਦਕਿਸਮਤੀ ਵਾਲੀ ਹੈ। ਮੈਂ ਸਾਰੇ ਲੋਕਾਂ ਨੂੰ ਪ੍ਰਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।’’

ਇਸ ਸਬੰਧ ਵਿਚ ਪੁਲਸ ਨੇ 11 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਬਣਾਇਆ ਅਤੇ 70 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫਿਲਹਾਲ ਤਾਂ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਹੀ ਇਸ ਸਬੰਧ ਵਿਚ ਆਪਣੀ-ਆਪਣੀ ਗੱਲ ਕਰ ਰਹੇ ਹਨ। ਫਿਰਕੂ ਸੁਹਿਰਦਤਾ ਦੇ ਪ੍ਰਤੀਕ ਰਹੇ ਹਰਿਆਣਾ ਵਿਚ ਜੋ ਵੀ ਹੋਇਆ, ਉਹ ਬੇਹੱਦ ਦੁਖਦ ਹੈ, ਜਿਸ ਨਾਲ ਸੂਬੇ ਦੇ ਭਾਈਚਾਰੇ ਨੂੰ ਭਾਰੀ ਸੱਟ ਲੱਗੀ ਹੈ।

ਇਸਦੇ ਕਾਰਨਾਂ ਦੀ ਤਹਿ ’ਚ ਜਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਦੰਡ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕਿਤੇ ਇਸ ਪਿੱਛੇ ਅਗਲੇ ਸਾਲ ਕੇਂਦਰ ਵਿਚ ਲੋਕ ਸਭਾ ਅਤੇ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਵਾਰਥੀ ਤੱਤਾਂ ਦਾ ਹੱਥ ਤਾਂ ਨਹੀਂ!

-ਵਿਜੇ ਕੁਮਾਰ

Manoj

This news is Content Editor Manoj