ਜ਼ਿਆਦਾ ਰਾਸ਼ੀ ਦੇ ਬਿਜਲੀ ਬਿੱਲਾਂ ਅਤੇ ਆਮਦਨ ਕਰ ਵਿਭਾਗ ਦੇ ਨੋਟਿਸਾਂ ਕਾਰਣ ਲੋਕਾਂ ਨੂੰ ਪ੍ਰੇਸ਼ਾਨੀ

01/18/2020 1:24:55 AM

ਸਾਡੇ ਸਰਕਾਰੀ ਵਿਭਾਗ ਸਮੇਂ-ਸਮੇਂ ਉੱਤੇ ਅਜਿਹੇ ਕਾਰਨਾਮੇ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਹਾਲ ਹੀ ਵਿਚ ਵੱਖ-ਵੱਖ ਸੂਬਿਆਂ ਦੇ ਬਿਜਲੀ ਅਤੇ ਆਮਦਨ ਕਰ ਵਿਭਾਗਾਂ ਵਲੋਂ ਬਿਜਲੀ ਦੀ ਅਸਲ ਖਪਤ ਨਾਲੋਂ ਕਿਤੇ ਵੱਧ ਰਾਸ਼ੀ ਦੇ ਬਿੱਲ ਅਤੇ ਭਾਰੀ-ਭਰਕਮ ਆਮਦਨ ਕਰ ਰਾਸ਼ੀ ਦੇ ਬਕਾਇਆਂ ਦੇ ਨੋਟਿਸ ਭੇਜ ਕੇ ਪ੍ਰੇਸ਼ਾਨੀ ਵਿਚ ਪਾਉਣ ਦੇ ਮਾਮਲੇ ਰੌਸ਼ਨੀ ਵਿਚ ਆਏ ਹਨ :

* 02 ਜਨਵਰੀ ਨੂੰ ਜ਼ਿਲਾ ਜਲੰਧਰ ਦੇ ਸ਼ਾਹਕੋਟ ਦੇ ਨੇੜੇ ਪਿੰਡ ਪਰਜੀਆਂ ਕਲਾਂ ਵਿਚ ਇਕ ਔਰਤ ਦੇ ਘਰ ਦਾ ਬਿਜਲੀ ਦਾ ਬਿੱਲ 22,750 ਰੁਪਏ ਆ ਜਾਣ ਉੱਤੇ ਸਦਮੇ ਕਾਰਣ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

* 12 ਜਨਵਰੀ ਨੂੰ ਸੋਨਭੱਦਰ ਦੇ ਮਿਊਰਪੁਰ ਬਲਾਕ ਦੇ ਕੁਦਰੀ ਪਿੰਡ ਵਿਚ ਇਕ ਬਿਜਲੀ ਖਪਤਕਾਰ ਨੂੰ 1,13,18,400, ਦੂਜੇ ਨੂੰ 65,13,137 ਅਤੇ ਤੀਜੇ ਨੂੰ 66,11,457 ਰੁਪਏ ਦਾ ਬਿਜਲੀ ਦਾ ਬਿੱਲ ਭੇਜਿਆ ਗਿਆ।

* ਕੇਂਦਰ ਸ਼ਾਸਿਤ ਖੇਤਰ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੇ ਮਲੋਆ ਦੀ ਮੁੜ-ਵਸੇਬਾ ਕਾਲੋਨੀ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ 2 ਮਹੀਨਿਆਂ ਦਾ ਬਿਜਲੀ ਦਾ ਬਿੱਲ 1 ਲੱਖ 67 ਹਜ਼ਾਰ 87 ਰੁਪਏ ਦਾ ਭੇਜਿਆ ਹੈ।
ਬਹੁਤ ਜ਼ਿਆਦਾ ਬਿਜਲੀ ਦੇ ਬਿੱਲਾਂ ਤੋਂ ਇਲਾਵਾ ਹਾਲ ਹੀ ਵਿਚ ਆਮਦਨ ਕਰ ਵਿਭਾਗ ਨੇ ਵੀ ਆਮਦਨ ਕਰ ਦਾਇਰੇ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਅੰਨ੍ਹੇਵਾਹ ਰਾਸ਼ੀ ਜਮ੍ਹਾ ਕਰਵਾਉਣ ਦੇ ਨੋਟਿਸ ਜਾਰੀ ਕੀਤੇ।

* 15 ਜਨਵਰੀ ਨੂੰ ਮੱਧ ਪ੍ਰਦੇਸ਼ ਵਿਚ ਭਿੰਡ ਦੇ ਰਵੀ ਗੁਪਤਾ ਨਾਂ ਦੇ ਨੌਜਵਾਨ ਨੂੰ ਆਮਦਨ ਕਰ ਵਿਭਾਗ ਨੇ 2011-12 ਵਿਚ 132 ਕਰੋੜ ਰੁਪਏ ਦਾ ਲੈਣ-ਦੇਣ ਕਰਨ ਦੇ ਸਿਲਸਿਲੇ ਵਿਚ 3.49 ਕਰੋੜ ਰੁਪਏ ਦਾ ਆਮਦਨ ਕਰ ਜਮ੍ਹਾ ਕਰਨ ਦਾ ਨੋਟਿਸ ਭੇਜਿਆ।
ਜਿਸ ਮਿਆਦ ਦੌਰਾਨ ਹੋਏ ਲੈਣ-ਦੇਣ ਦੇ ਬਦਲੇ ਵਿਚ ਉਕਤ ਰਾਸ਼ੀ ਜਮ੍ਹਾ ਕਰਨ ਦਾ ਉਸ ਨੂੰ ਨੋਟਿਸ ਭੇਜਿਆ ਗਿਆ ਹੈ, ਉਸ ਸਮੇਂ ਉਹ ਇੰਦੌਰ ਦੀ ਇਕ ਪ੍ਰਾਈਵੇਟ ਕੰਪਨੀ ਵਿਚ 7000 ਰੁਪਏ ਮਹੀਨੇ ਦੀ ਨੌਕਰੀ ਕਰ ਰਿਹਾ ਸੀ।

* 16 ਜਨਵਰੀ ਨੂੰ ਮੁੰਬਈ ਦੇ ਉਪਨਗਰ ਕਲਿਆਣ ਵਿਚ ਮੁਸ਼ਕਿਲ ਨਾਲ 300 ਰੁਪਏ ਰੋਜ਼ਾਨਾ ਉੱਤੇ ਮਜ਼ਦੂਰੀ ਕਰਨ ਵਾਲੇ ਭਾਊ ਸਾਹਬ ਅਹੀਰ ਨਾਂ ਦੇ ਨੌਜਵਾਨ ਨੂੰ ਆਮਦਨ ਕਰ ਵਿਭਾਗ ਨੇ ਉਸ ਦੇ ਬੈਂਕ ਖਾਤੇ ਵਿਚ ਹੋਏ 'ਵੱਡੇ ਟਰਾਂਜ਼ੈਕਸ਼ਨ' ਦੇ ਬਦਲੇ ਵਿਚ 1.05 ਕਰੋੜ ਰੁਪਏ ਆਮਦਨ ਕਰ ਜਮ੍ਹਾ ਕਰਵਾਉਣ ਦਾ ਨੋਟਿਸ ਭੇਜਿਆ।
ਊਲ-ਜਲੂਲ ਰਾਸ਼ੀ ਦੇ ਬਿਜਲੀ ਬਿੱਲ ਭੇਜਣਾ ਅਤੇ ਆਮਦਨ ਕਰ ਦੇ ਦਾਇਰੇ ਤੋਂ ਬਾਹਰ ਦੇ ਲੋਕਾਂ ਨੂੰ ਭਾਰੀ-ਭਰਕਮ ਰਾਸ਼ੀ ਅਦਾ ਕਰਨ ਦੇ ਨੋਟਿਸਾਂ ਦਾ ਜਾਰੀ ਹੋਣਾ ਸਬੰਧਤ ਅਧਿਕਾਰੀਆਂ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ।
ਇਸ ਲਈ ਅਜਿਹੀਆਂ ਗਲਤੀਆਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ਅਤੇ ਇਸ ਦੇ ਲਈ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

                                                                                      —ਵਿਜੇ ਕੁਮਾਰ

KamalJeet Singh

This news is Content Editor KamalJeet Singh