ਵਧ ਰਹੀ ਫੁੱਟ ‘ਰਾਜ ਕਰਨ ਵਾਲੇ ਪਰਿਵਾਰਾਂ ਵਿਚ’

10/26/2018 6:48:12 AM

ਇਸੇ ਸਾਲ ਦੇ ਅਖੀਰ ’ਚ 5 ਸੂਬਿਆਂ ਅਤੇ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਅਾਂ ਲੋਕ ਸਭਾ  ਚੋਣਾਂ ਨੂੰ ਦੇਖਦਿਅਾਂ ਵੱਖ-ਵੱਖ ਸਿਆਸੀ ਪਾਰਟੀਅਾਂ ਨੇ ਆਪਸੀ ਮਹਾਗੱਠਜੋੜ ਦੀਅਾਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਅਾਂ ਹਨ। 
ਇਕ ਪਾਸੇ ਜਿੱਥੇ ਦੇਸ਼ ’ਚ ਵਿਰੋਧੀ ਪਾਰਟੀਅਾਂ ਦਾ ਮਹਾਗੱਠਜੋੜ ਬਣਾਉਣ ਦੀ ਪ੍ਰਕਿਰਿਆ ਫਿਲਹਾਲ ਮੱਠੀ ਚੱਲ ਰਹੀ ਹੈ ਤਾਂ ਦੂਜੇ ਪਾਸੇ ਦੇਸ਼ ’ਤੇ ਰਾਜ ਕਰਨ ਵਾਲੇ ਕਈ ਸਿਆਸੀ ਪਰਿਵਾਰ ਆਪਸੀ ਕਲੇਸ਼ ਅਤੇ ਫੁੱਟ ਦਾ ਸ਼ਿਕਾਰ ਹੋ ਰਹੇ ਹਨ। 
ਇਨ੍ਹਾਂ ’ਚ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ, ਸਪਾ ਸੁਪਰੀਮੋ ਅਖਿਲੇਸ਼ ਯਾਦਵ, ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ਰਾਜਦ ਸੁਪਰੀਮੋ ਲਾਲੂ ਯਾਦਵ ਅਤੇ ਛੱਤੀਸਗੜ੍ਹ ਦੇ ਸਾਬਕਾ ਕਾਂਗਰਸੀ ਨੇਤਾ ਅਜੀਤ ਜੋਗੀ ਆਦਿ ਦੇ ਪਰਿਵਾਰ ਸ਼ਾਮਿਲ ਹਨ। 
ਮਹਾਰਾਸ਼ਟਰ ’ਚ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦੇ ਪਰਿਵਾਰ ਦੀ ਤੀਜੀ ਪੀੜ੍ਹੀ ’ਚ ਝਗੜਾ ਫੁੱਟ ਪਿਆ ਹੈ ਅਤੇ ਉਹ ਪਾਰਟੀ ’ਚ ਹਿੱਸੇਦਾਰੀ ਦੀ ਦਾਅਵੇਦਾਰੀ ’ਤੇ ਉਤਰ ਆਏ ਹਨ। ਜਿੱਥੇ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਦੇ ਬੇਟੇ ਪਾਰਥ ਨੂੰ ਲੋਕ ਸਭਾ ਦਾ ਸੰਭਾਵੀ ਉਮੀਦਵਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਹੀ ਆਪਣੇ ਦੂਜੇ ਭਤੀਜੇ ਰਾਜੇਂਦਰ ਦੇ ਬੇਟੇ ਰੋਹਿਤ ਦੀਅਾਂ ਵੀ ਸਿਆਸੀ ਇੱਛਾਵਾਂ ’ਤੇ ਬ੍ਰੇਕ ਲਗਾ ਦਿੱਤੀ ਹੈ। 
ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਨੇ ਵੀ ਇਹ ਕਹਿ ਕੇ ਪਾਰਥ ਦੀ ਉਮੀਦਵਾਰੀ ’ਤੇ ਲਕੀਰ ਫੇਰ ਦਿੱਤੀ ਹੈ ਕਿ ਸ਼ਰਦ ਪਵਾਰ ਦੀ ਇੱਛਾ ਤੋਂ ਬਿਨਾਂ ਪਰਿਵਾਰ ਤੋਂ ਕੋਈ ਵੀ ਮੈਂਬਰ 2019 ਦੀਅਾਂ ਲੋਕ ਸਭਾ ਚੋਣਾਂ ਨਹੀਂ ਲੜੇਗਾ। ਇਸ ਨਾਲ ਸ਼ਰਦ ਪਵਾਰ ਦੇ ਪਰਿਵਾਰ ’ਚ ਨਾਰਾਜ਼ਗੀ ਫੁੱਟਣ ਲੱਗੀ ਹੈ। 
ਉੱਤਰ ਪ੍ਰਦੇਸ਼ ’ਚ ਸੱਤਾ ’ਚ ਰਹਿ ਚੁੱਕੀ ਮੁਲਾਇਮ ਸਿੰਘ ਯਾਦਵ ਦੀ ਸਪਾ ’ਤੇ ਜਿੱਥੇ ਉਨ੍ਹਾਂ ਦੇ ਬੇਟੇ ਅਖਿਲੇਸ਼ ਦਾ ਗਲਬਾ ਕਾਇਮ ਹੋ ਚੁੱਕਾ ਹੈ, ਉਥੇ ਹੀ ਨਾਰਾਜ਼ ਚੱਲ ਰਹੇ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਨੇ ਅਖਿਲੇਸ਼ ਅਤੇ ਸਪਾ ਤੋਂ ਵੱਖ ਹੋ ਕੇ ਆਪਣੀ ਵੱਖਰੀ ‘ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ’ ਬਣਾ ਕੇ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 
ਹਰਿਆਣਾ ਦੇ ਚੌਟਾਲਾ ਪਰਿਵਾਰ ’ਚ ਕਲੇਸ਼ ਅਤੇ ਫੁੱਟ ਵੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸਦੀ ਨੀਂਹ ਇਸੇ 7 ਅਕਤੂਬਰ ਨੂੰ ਗੋਹਾਨਾ ’ਚ ਇਨੈਲੋ ਦੀ ਰੈਲੀ ’ਚ ਉਦੋਂ ਰੱਖੀ ਗਈ ਜਦੋਂ ਸੰਸਦ  ਮੈਂਬਰ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੇ ਭਰਾ ਦਿੱਗਵਿਜੇ ਦੇ ਕਥਿਤ ਸਮਰਥਕਾਂ ਨੇ ਵਿਰੋਧੀ ਧਿਰ ਦੇ ਨੇਤਾ  ਤੇ ਉਨ੍ਹਾਂ ਦੇ ਚਾਚਾ ਅਭੈ ਚੌਟਾਲਾ ਵਿਰੁੱਧ ਹੂਟਿੰਗ ਕਰ ਦਿੱਤੀ ਸੀ। 
ਇਸ ਤੋਂ ਨਾਰਾਜ਼ ਹੋ ਕੇ ਇਨੈਲੋ ਚੀਫ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋਹਾਂ ਪੋਤਿਅਾਂ ਦੁਸ਼ਯੰਤ ਅਤੇ ਦਿੱਗਵਿਜੇ ਵਿਰੁੱਧ ਅਨੁਸ਼ਾਸਨਹੀਣਤਾ ਦੀ ਕਾਰਵਾਈ ਤਕ ਕਰ ਦਿੱਤੀ ਅਤੇ ਦੁਸ਼ਯੰਤ ਨੂੰ ‘ਕਾਰਨ ਦੱਸੋ’ ਨੋਟਿਸ ਦਿੰਦਿਅਾਂ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਅਤੇ ਛੋਟੇ ਪੋਤੇ ਦਿੱਗਵਿਜੇ ਸਿੰਘ ਦੀ ਪ੍ਰਧਾਨਗੀ ਵਾਲੀ ਇਨੈਲੋ ਦੇ ਵਿਦਿਆਰਥੀ ਵਿੰਗ ‘ਇਨਸੋ’ (ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜ਼ੇਸ਼ਨ) ਨੂੰ ਵੀ ਭੰਗ ਕਰ ਦਿੱਤਾ ਹੈ। 
ਜਿੱਥੇ ਦੁਸ਼ਯੰਤ ਅਤੇ ਦਿੱਗਵਿਜੇ ਵਲੋਂ ਸੂਬੇ ’ਚ ਆਪਣੀਅਾਂ ਵੱਖਰੀਅਾਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਉਥੇ ਹੀ ਉਨ੍ਹਾਂ ਦੇ ਚਾਚਾ ਅਭੈ ਸਿੰਘ ਚੌਟਾਲਾ ਵੀ ਸ਼ਨੀਵਾਰ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ। ਹੁਣ ਦੇਖਣਾ ਹੈ ਕਿ ਇਸ ਵੱਡੇ ਸਿਆਸੀ ਪਰਿਵਾਰ ਦਾ ਅੰਦਰੂਨੀ ਕਲੇਸ਼ ਆਉਣ ਵਾਲੇ ਦਿਨਾਂ ’ਚ ਕੀ ਰੂਪ ਧਾਰਨ ਕਰਦਾ ਹੈ। 
ਚਾਰਾ ਘਪਲੇ ’ਚ ਸਜ਼ਾ ਕੱਟ ਰਹੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਵੀ  ਕਲੇਸ਼ ਦਾ ਸ਼ਿਕਾਰ ਹੈ। ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਲਾਲੂ ਇਕਦਮ ਇਕੱਲੇ ਰਹਿ ਗਏ ਹਨ। ਉਨ੍ਹਾਂ ਨੂੰ ਦੇਖਣ ਲਈ ਤੇਜਸਵੀ, ਤੇਜ ਪ੍ਰਤਾਪ ਅਤੇ ਰਾਜ ਸਭਾ ਮੈਂਬਰ ਵੱਡੀ ਬੇਟੀ ਮੀਸਾ ਭਾਰਤੀ ’ਚੋਂ ਕੋਈ ਨਹੀਂ ਜਾਂਦਾ। ਸਿਆਸਤ ’ਚ ਖ਼ੁਦ ਨੂੰ ‘ਕਿੰਗ ਮੇਕਰ’ ਦੱਸਣ ਵਾਲੇ ਲਾਲੂ ਆਪਣੇ ਹੀ ਬੇਟਿਅਾਂ ਨੂੰ ਕਾਬੂ ਨਹੀਂ ਕਰ ਪਾ ਰਹੇ। 
ਤੇਜਸਵੀ ਅਤੇ ਤੇਜ ਪ੍ਰਤਾਪ ਵਿਚਾਲੇ ਮੱਤਭੇਦਾਂ ਦੀ ਚਰਚਾ ਕੁਝ ਸਮੇਂ ਤੋਂ ਸੁਣਾਈ ਦੇ ਰਹੀ ਹੈ, ਜਿਸ ਨਾਲ ਪਰਿਵਾਰ ਅਤੇ ਪਾਰਟੀ ਦੋਵੇਂ ਮੁਸ਼ਕਿਲ ’ਚ ਹਨ। ਦਰਅਸਲ ਤੇਜ ਪ੍ਰਤਾਪ ਚਾਹੁੰਦੇ ਹਨ ਕਿ ਉਨ੍ਹਾਂ ਤੋਂ ਬਿਨਾਂ ਪੁੱਛੇ ਪਾਰਟੀ ’ਚ ਕੋਈ ਫੈਸਲਾ ਨਾ ਲਿਆ ਜਾਵੇ। ਇਸ ਦਰਮਿਆਨ ਮੀਸਾ ਭਾਰਤੀ ਦਾ ਵੀ ਇਹ ਬਿਆਨ ਆ ਚੁੱਕਾ ਹੈ ਕਿ ਦੋਹਾਂ ਭਰਾਵਾਂ ਵਿਚਾਲੇ ਮਨ-ਮੁਟਾਅ ਹੈ। 
ਛੱਤੀਸਗੜ੍ਹ ’ਚ ਅਜੀਤ ਜੋਗੀ ਦੇ ਪਰਿਵਾਰ ਦੀਅਾਂ 4 ਪ੍ਰਮੁੱਖ ਸ਼ਖ਼ਸੀਅਤਾਂ ਵੱਖ-ਵੱਖ ਸਿਆਸੀ ਪਾਰਟੀਅਾਂ ’ਚ ਆਪਣੀ ਕਿਸਮਤ ਅਜ਼ਮਾ ਰਹੀਅਾਂ ਹਨ। ਸੰਨ 2016 ’ਚ ਕਾਂਗਰਸ ਤੋਂ ਵੱਖ ਹੋਏ ਅਜੀਤ ਜੋਗੀ ਅਤੇ ਉਨ੍ਹਾਂ ਦੇ ਬੇਟੇ ਅਮਿਤ ਜੋਗੀ ਨੇ ਕਾਂਗਰਸ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਪਾਰਟੀ ‘ਜਨਤਾ ਕਾਂਗਰਸ’ (ਹਲ) ਦਾ ਬਸਪਾ ਨਾਲ ਗੱਠਜੋੜ ਕਰ ਕੇ ਉਹ ਕਾਂਗਰਸ ਨਾਲ ਦੋ-ਦੋ ਹੱਥ ਕਰਨ ਜਾ ਰਹੇ ਹਨ। ਉਨ੍ਹਾਂ ਦੀ ਨੂੰਹ ਰਿਚਾ ਬਸਪਾ ’ਚ ਸ਼ਾਮਿਲ ਹੋ ਕੇ ਹਾਥੀ ’ਤੇ ਸਵਾਰ ਹੋ ਗਈ ਹੈ, ਜਦਕਿ ਅਜੀਤ ਜੋਗੀ ਦੀ ਪਤਨੀ ਰੇਨੂ ਅਜੇ ਵੀ ਕਾਂਗਰਸ ’ਚ ਹੈ। 
ਜੇਕਰ ਉਕਤ ਸਿਆਸੀ ਪਰਿਵਾਰਾਂ ਦਾ ਇਹ ਹਾਲ ਹੈ ਅਤੇ ਇਹ ਖ਼ੁਦ ਫੁੱਟ ਦਾ ਸ਼ਿਕਾਰ ਹਨ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਇਨ੍ਹਾਂ ਪਾਰਟੀਅਾਂ ਦਾ ਕੀ ਬਣੇਗਾ ਅਤੇ ਇਹ ਪਾਰਟੀਅਾਂ ‘ਗੱਠਜੋੜ’ ਦਾ ਕੀ ਫਾਇਦਾ ਕਰ ਸਕਣਗੀਅਾਂ ਅਤੇ ਕੀ ਇਹ ਪ੍ਰਸਤਾਵਿਤ ‘ਗੱਠਬੰਧਨ’ ‘ਘਟਬੰਧਨ’ ਬਣ ਕੇ ਤਾਂ ਨਹੀਂ ਰਹਿ ਜਾਵੇਗਾ? 
–ਵਿਜੇ ਕੁਮਾਰ