ਪਠਾਨਕੋਟ ’ਤੇ ਗ੍ਰੇਨੇਡ ਹਮਲੇ ਨੇ ਖੋਲ੍ਹੀ ਸੁਰੱਖਿਆ ਪ੍ਰਬੰਧਾਂ ’ਚ ਢਿੱਲ

11/24/2021 3:45:05 AM

ਪਠਾਨਕੋਟ ਪੰਜਾਬ ਦਾ ਇਕ ਛੋਟਾ ਪਰ ਰਣਨੀਤਕ ਨਜ਼ਰੀਏ ਤੋਂ ਬੇਹੱਦ ਮਹੱਤਵਪੂਰਨ ਸ਼ਹਿਰ ਅਤੇ ਜੰਗੀ ਦ੍ਰਿਸ਼ਟੀ ਤੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਫੌਜੀ ਟਿਕਾਣਿਆਂ ’ਚੋਂ ਇਕ ਹੈ। ਇਹ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦਾ ਮਿਲਣ-ਸਥਾਨ ਹੈ ਅਤੇ ਇਹ ਜੰਮੂ-ਕਸ਼ਮੀਰ ਜਾਣ ਦਾ ਸਭ ਤੋਂ ਮਹੱਤਵਪੂਰਨ ਸੜਕ ਅਤੇ ਰੇਲ ਮਾਰਗ ਹੈ।

ਇਸ ਜ਼ਿਲੇ ਦਾ ਬਮਿਆਲ ਇਲਾਕਾ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਹੈ ਅਤੇ ਇੱਥੋਂ ਪਾਕਿਸਤਾਨ ਦੀ ਸਰਹੱਦ ਸਿਰਫ 10 ਕਿ. ਮੀ. ਦੀ ਦੂਰੀ ਤੋਂ ਸ਼ੁਰੂ ਹੋ ਜਾਂਦੀ ਹੈ।

ਇੱਥੇ ਦੇਸ਼ ਦਾ ਅਤਿਆਧੁਨਿਕ ਏਅਰਫੋਰਸ ਸਟੇਸ਼ਨ ਹੈ ਜਿਸ ’ਚ ਅਪਾਚੇ ਹੈਲੀਕਾਪਟਰ ਵਰਗੀ ਸਕੁਐਡਰਨ ਦੇ ਨਾਲ-ਨਾਲ ਹਵਾਈ ਫੌਜ ਦੇ ਕਈ ਕਿਸਮ ਦੇ ਜਹਾਜ਼ ਹਨ। ਇੱਥੇ ਫੌਜ ਦੇ ਗੋਲਾ-ਬਾਰੂਦ ਦਾ ਡਿਪੂ ਅਤੇ ਬਖਤਰਬੰਦ ਬ੍ਰਿਗੇਡ ਵੀ ਤਾਇਨਾਤ ਹਨ।

ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਮਾਮੂਨ ਕੈਂਟ ’ਚ ਸਥਾਪਿਤ ਹੋ ਚੁੱਕੀ ਹੈ। ਇਨ੍ਹਾਂ ਹੀ ਕਾਰਨਾਂ ਨਾਲ ਪਾਕਿਸਤਾਨ ਦੀਆਂ ਨਜ਼ਰਾਂ ’ਚ ਪਠਾਨਕੋਟ ਹਮੇਸ਼ਾ ਰੜਕਦਾ ਰਹਿੰਦਾ ਹੈ ਅਤੇ ਇਸ ਇਲਾਕੇ ’ਚ ਅੱਤਵਾਦੀ ਵਾਰਦਾਤਾਂ ਕਰਨ ਦਾ ਯਤਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਰਾਹੀਂ ਕਰਦੀ ਰਹਿੰਦੀ ਹੈ।

27 ਜੁਲਾਈ, 2015 ਨੂੰ ਪਠਾਨਕੋਟ ਦੇ ਗੁਆਂਢੀ ਸ਼ਹਿਰ ਦੀਨਾਨਗਰ ’ਚ ਅੱਤਵਾਦੀ ਹਮਲਾ ਹੋਇਆ ਸੀ ਅਤੇ ਇਸ ਦੇ ਕੁਝ ਹੀ ਮਹੀਨੇ ਬਾਅਦ, 2 ਜਨਵਰੀ, 2016 ਨੂੰ ਪਠਾਨਕੋਟ ਏਅਰਫੋਰਸ ਸਟੇਸ਼ਨ ’ਤੇ ਅੱਤਵਾਦੀ ਹਮਲਾ ਕੀਤਾ ਗਿਆ।

ਇਸ ਹਮਲੇ ’ਚ ਇਕ ਲੈਫਟੀਨੈਂਟ ਕਰਨਲ ਸਮੇਤ 7 ਫੌਜੀ ਸ਼ਹੀਦ ਹੋ ਗਏ ਸਨ। ਇਹ ਹਮਲਾ ਤੜਕੇ ਲਗਭਗ 3 ਵਜੇ ਹੋਇਆ ਸੀ ਅਤੇ ਅੱਤਵਾਦੀਆਂ ਦਾ ਸਫਾਇਆ ਕਰਨ ਦੇ ਲਈ ਸੁਰੱਖਿਆ ਬਲਾਂ ਨੂੰ 65 ਘੰਟਿਆਂ ਤੱਕ ਆਪ੍ਰੇਸ਼ਨ ਚਲਾਉਣਾ ਪਿਆ।

ਅਤੇ ਹੁਣ 21 ਨਵੰਬਰ ਨੂੰ ਦੇਰ ਰਾਤ 11 ਵਜੇ ਏਅਰਫੋਰਸ ਸਟੇਸ਼ਨ ਤੋਂ ਸਿਰਫ ਡੇਢ ਕਿ. ਮੀ. ਦੀ ਦੂਰੀ ’ਤੇ ਫੌਜੀ ਇਲਾਕੇ ਦੇ ਬਾਹਰ ਸਥਿਤ ‘ਤ੍ਰਿਵੇਣੀ ਦੁਅਾਰ’ ’ਤੇ ਗ੍ਰੇਨੇਡ ਹਮਲਾ ਕੀਤੇ ਜਾਣ ਦੇ ਬਾਅਦ ਸੂਬੇ ਭਰ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਐੱਸ. ਐੱਸ. ਪੀ. ਪਠਾਨਕੋਟ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗ੍ਰੇਨੇਡ ਸੁੱਟਣ ਦੇ ਸਮੇਂ ਚੌਕੀ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਬਾਈਕ ਸਵਾਰਾਂ ਨੂੰ ਉਥੋਂ ਲੰਘਦੇ ਹੋਏ ਦੇਖਿਆ ਸੀ। ਸੁਰਿੰਦਰ ਲਾਂਬਾ ਦੇ ਅਨੁਸਾਰ ਇਸ ਹਮਲੇ ’ਚ ਪਾਕਿਸਤਾਨੀ ਕੁਨੈਕਸ਼ਨ ਦੇ ਵਿਸ਼ੇ ’ਚ ਜਾਂਚ ਅਤੇ ਸੁਰੱਖਿਆ ਵਿਵਸਥਾ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾ ਰਹੀ ਹੈ।

ਸੁਰਿੰਦਰ ਲਾਂਬਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ’ਚ ਪਿਛਲੇ ਦਿਨੀਂ ਹੋਏ ਅੱਤਵਾਦੀ ਹਮਲਿਆਂ ’ਚ ਵਰਤੇ ਗਏ ਗ੍ਰੇਨੇਡ ਅਤੇ ਪਠਾਨਕੋਟ ’ਚ ਮਿਲੇ ਸਕ੍ਰੈਪ ਦੇ ਕਈ ਵੇਰਵੇ ਆਪਸ ’ਚ ਮੇਲ ਖਾਂਦੇ ਹਨ ਅਤੇ ਇਹ ਅੱਤਵਾਦੀ ਹਮਲਾ ਹੀ ਹੈ।

ਜਾਂਚ ’ਚ ਸ਼ਾਮਲ ਇਕ ਹੋਰ ਪੁਲਸ ਅਧਿਕਾਰੀ ਦੇ ਅਨੁਸਾਰ ਅਜਿਹਾ ਵੀ ਲੱਗ ਰਿਹਾ ਹੈ ਜਿਵੇਂ ਪਲਾਸਟਿਕ ਪੈਕਿੰਗ ’ਚ ਬਾਰੂਦ ਅਤੇ ਛੱਰੇ ਭਰ ਕੇ ਬੰਬ ਤਿਆਰ ਕੀਤਾ ਗਿਆ ਹੋਵੇ। ਗ੍ਰੇਨੇਡ ਦੇ ਕੁਝ ਹਿੱਸਿਆਂ ’ਤੇ ਨਿਸ਼ਾਨ ਅੰਕਿਤ ਹਨ ਜਿਨ੍ਹਾਂ ਦੇ ਆਧਾਰ ’ਤੇ ਉਸ ਨਾਲ ਸਬੰਧਤ ਸੂਚਨਾ ਵੀ ਇਕੱਠੀ ਕੀਤੀ ਜਾ ਰਹੀ ਹੈ।

ਕਿਸੇ ਵੀ ਵੱਡੀ ਘਟਨਾ ਦੇ ਬਾਅਦ ਕੁਝ ਸਮੇਂ ਤੱਕ ਤਾਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਰਹਿੰਦੀਆਂ ਹਨ ਪਰ ਫਿਰ ਉਨ੍ਹਾਂ ਦੀ ਚੌਕਸੀ ’ਚ ਢਿੱਲ ਆਉਣ ਲੱਗਦੀ ਹੈ ਜਿਸ ਨੂੰ ਖੁਦ ਪੰਜਾਬ ਸਰਕਾਰ ਨੇ ਸਵੀਕਾਰ ਵੀ ਕੀਤਾ ਹੈ।

ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਅਨੁਸਾਰ ਰਾਤ ਨੂੰ ਲੋੜੀਂਦੀ ਗਸ਼ਤ ਨਹੀਂ ਕੀਤੀ ਜਾ ਰਹੀ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੂਬੇ ਦੇ ਸਾਰੇ ਜ਼ਿਲਿਆਂ ਦੇ ਪੁਲਸ ਮੁਖੀਆਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਡਿਊਟੀ ਰੋਸਟਰ ਤਿਆਰ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਉਹ ਅਚਾਨਕ ਵੀਡੀਓ ਕਾਲਿੰਗ ਰਾਹੀਂ ਸਬੰਧਤ ਡਿਊਟੀ ਅਫਸਰ ਦੀ ਲੋਕੇਸ਼ਨ ਚੈੱਕ ਕਰਿਆ ਕਰਨ।

ਚੰਗੀ ਕਿਸਮਤ ਕਿ ਘੱਟ ਤੀਬਰਤਾ ਦਾ ਹੋਣ ਦੇ ਕਾਰਨ ਉਕਤ ਹਮਲੇ ’ਚ ਕਿਸੇ ਕਿਸਮ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਹਮਲੇ ਨੇ ਇਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਇਨ੍ਹਾਂ ’ਚ ਆ ਰਹੀ ਢਿੱਲ ਨੂੰ ਲੈ ਕੇ ਪ੍ਰਸ਼ਾਸਨ ਨੂੰ ਝੰਜੋੜ ਦਿੱਤਾ ਹੈ ਕਿ ਖਤਰਾ ਅਜੇ ਵੀ ਮੌਜੂਦ ਹੈ।

ਵਰਨਣਯੋਗ ਹੈ ਕਿ ਇਸ ਸਾਲ 15 ਅਗਸਤ ਦੇ ਬਾਅਦ ਪੰਜਾਬ ’ਚ 25 ਤੋਂ ਵੱਧ ਵਾਰ ਡ੍ਰੋਨਾਂ ਨੇ ਘੁਸਪੈਠ ਕੀਤੀ ਹੈ ਅਤੇ ਇਨ੍ਹਾਂ ਦੇ ਰਾਹੀਂ ਹਥਿਆਰ, ਹੈਰੋਇਨ ਅਤੇ ਟਿਫਿਨ ਬੰਬ ਇੱਥੇ ਭਿਜਵਾਏ ਜਾ ਰਹੇ ਹਨ।

ਬੀਤੇ 2 ਸਾਲਾਂ ’ਚ ਪੰਜਾਬ ’ਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਮਿਲਣ ਦੀਆਂ 33 ਘਟਨਾਵਾਂ ਹੋ ਚੁੱਕੀਆਂ ਹਨ। ਹਾਲਾਂਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਵੱਡੀ ਗਿਣਤੀ ’ਚ ਹਥਿਆਰ ਬਰਾਮਦ ਕੀਤੇ ਹਨ ਪਰ ਇਸਦੇ ਬਾਵਜੂਦ ਕਈ ਹਥਿਆਰ ਗਲਤ ਹੱਥਾਂ ’ਚ ਪਹੁੰਚੇ ਹੋ ਸਕਦੇ ਹਨ ਲਿਹਾਜ਼ਾ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਦੀ ਨਿਰਦੋਸ਼ ਲੋਕਾਂ ਦੀ ਮੌਤ ਅਤੇ ਜਾਇਦਾਦ ਦੀ ਤਬਾਹੀ ਦੇ ਰੂਪ ’ਚ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa