ਨਿਆਂਪਾਲਿਕਾ ਦੀ ਚੰਗੀ ਪਹਿਲ- ਹਲਕੇ ਮਾਮਲਿਆਂ ’ਚ ਰੁੱਖ ਲਾਉਣ ਦੀ ਸਜ਼ਾ

06/22/2023 4:02:21 AM

ਆਮ ਤੌਰ ’ਤੇ ਅਦਾਲਤਾਂ ਵੱਖ-ਵੱਖ ਅਪਰਾਧਾਂ ’ਚ ਦੋਸ਼ੀਆਂ ਨੂੰ ਕੈਦ ਜਾਂ ਜੁਰਮਾਨੇ ਵਰਗੀਆਂ ਸਜ਼ਾਵਾਂ ਦਿੰਦੀਆਂ ਹਨ ਪਰ ਹੁਣ ਇਕ ਜੱਜ ਨੇ ਬਹੁਤ ਹਲਕੇ ਅਪਰਾਧ ਦੀ ਸਜ਼ਾ ਦੇ ਤੌਰ ’ਤੇ ਦੋਸ਼ੀਆਂ ਨੂੰ ਰੁੱਖ ਲਾਉਣ ਦੀ ਸਜ਼ਾ ਦਿੱਤੀ ਹੈ।

ਹਾਲ ਹੀ ’ਚ ਦਿੱਲੀ ਹਾਈ ਕੋਰਟ ਦੇ ਜਸਟਿਸ ਜਸਮੀਤ ਸਿੰਘ ਨੇ ਦੋ ਧਿਰਾਂ ਦਰਮਿਆਨ ਕਹਾ-ਸੁਣੀ ਨਾਲ ਜੁੜੇ ਇਕ ਮਾਮਲੇ ਨੂੰ ਬੰਦ ਕਰਨ ਦੇ ਬਦਲੇ ’ਚ ਦੋਸ਼ੀਆਂ ਨੂੰ ਆਪਣੇ ਘਰਾਂ ਦੇ ਨੇੜੇ-ਤੇੜੇ 10-10 ਰੁੱਖ ਲਗਾਉਣ ਅਤੇ 10 ਸਾਲ ਤੱਕ ਉਨ੍ਹਾਂ ਦੀ ਦੇਖਭਾਲ ਕਰਨ ਦਾ ਹੁਕਮ ਦਿੱਤਾ ਹੈ।

ਜਸਟਿਸ ਜਸਮੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਰਿੱਟ ’ਤੇ ਸੁਣਵਾਈ ਦੌਰਾਨ ਅਦਾਲਤ ਅਤੇ ਪੁਲਸ ਦਾ ਸਮਾਂ ਨਸ਼ਟ ਹੋਇਆ ਹੈ, ਇਸ ਲਈ ਪਟੀਸ਼ਨਕਰਤਾਵਾਂ ਨੂੰ ਕੁਝ ਸਮਾਜਿਕ ਕੰਮ ਕਰ ਕੇ ਇਸ ਦੀ ਪੂਰਤੀ ਕਰਨੀ ਚਾਹੀਦੀ ਹੈ।

ਇਥੇ ਵਰਣਨਯੋਗ ਹੈ ਕਿ ਇਸ ਤੋਂ ਕੁਝ ਹੀ ਦਿਨ ਪਹਿਲਾਂ ਮਿਲਦੇ-ਜੁਲਦੇ ਇਕ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਵੱਖ-ਵੱਖ ਮਾਮਲਿਆਂ ’ਚ ਦੋਸ਼ੀਆਂ ਵਲੋਂ ਜੁਰਮਾਨੇ ਦੇ ਤੌਰ ’ਤੇ ਜਮ੍ਹਾ ਕਰਵਾਈ ਗਈ 70 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨੂੰ ਜਨਹਿਤ ਲਈ ਵਰਤਣ ਦੇ ਉਦੇਸ਼ ਨਾਲ ਕੌਮੀ ਰਾਜਧਾਨੀ ਵਿਚ ਇਸ ਰਕਮ ਨਾਲ 10,000 ਦਰੱਖਤ ਲਾਉਣ ਦਾ ਹੁਕਮ ਦਿੱਤਾ ਹੈ ਤਾਂ ਜੋ ਇੱਥੋਂ ਦੇ ਵਾਤਾਵਰਣ ’ਚ ਸੁਧਾਰ ਹੋ ਸਕੇ।

ਇਸ ਹੁਕਮ ਤਹਿਤ ਜਾਮਣ, ਕਚਨਾਰ, ਅਮਲਤਾਸ, ਗੂਲਰ ਆਦਿ ਦੇ ਰੁੱਖ ਲਗਾਏ ਜਾਣਗੇ। ਇਸ ਲਈ ਜਗ੍ਹਾ ਦੱਸਣ ਅਤੇ ਨਿਗਰਾਨੀ ਲਈ ਅਦਾਲਤ ਨੇ 4 ਵਕੀਲਾਂ ਨੂੰ ਨਿਯੁਕਤ ਕੀਤਾ ਹੈ ਅਤੇ ਇਸ ਲਈ ‘ਡਿਪਟੀ ਕੰਜ਼ਰਵੇਟਰ ਆਫ ਫਾਰੈਸਟ’ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਬੈਂਕ ਖਾਤੇ ’ਚ 70 ਲੱਖ ਰੁਪਏ ਪਾਏ ਜਾਣਗੇ।

ਇਹ ਫੈਸਲੇ ਸਬੰਧਤ ਧਿਰਾਂ ਦੇ ਮਨ ’ਚ ਪਛਤਾਵੇ ਦੀ ਭਾਵਨਾ ਦਾ ਸੰਚਾਰ ਕਰਨ ਵਾਲੇ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਣਾ ਦੇਣ ਵਾਲੇ ਵੀ ਹਨ।

ਕਿਉਂਕਿ ਦੇਸ਼ ਦੀਆਂ ਅਦਾਲਤਾਂ ’ਚ ਵੱਡੀ ਗਿਣਤੀ ’ਚ ਮੁਕੱਦਮੇ ਪੈਂਡਿੰਗ ਪਏ ਹਨ ਇਸ ਲਈ ਛੋਟੇ-ਮੋਟੇ ਘੱਟ ਗੰਭੀਰ ਪ੍ਰਕ੍ਰਿਤੀ ਦੇ ਅਪਰਾਧਾਂ ’ਚ ਦੋਸ਼ੀਆਂ ਨੂੰ ਇਸ ਤਰ੍ਹਾਂ ਦੀਆਂ ਸਿੱਖਿਆਦਾਇਕ ਸਜ਼ਾਵਾਂ ਦੇ ਕੇ ਉਨ੍ਹਾਂ ਨੂੰ ਸੁਧਾਰਨ ਦੇ ਨਾਲ-ਨਾਲ ਅਦਾਲਤਾਂ ’ਚ ਮੁਕੱਦਮਿਆਂ ਦਾ ਬੋਝ ਘੱਟ ਕਰਨ ਦਾ ਇਹ ਇਕ ਚੰਗਾ ਤਰੀਕਾ ਸਿੱਧ ਹੋ ਸਕਦਾ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra