ਰਾਮਲੀਲਾਵਾਂ ’ਚ ਦਿਖਾਈ ਦੇ ਰਹੀਆਂ ਧਾਰਮਿਕ ਸਦਭਾਵ ਦੀਆਂ ਝਲਕੀਆਂ

10/19/2023 2:24:56 AM

ਵਿਜੇਦਸਮੀ ਪੁਰਬ ਤੋਂ ਪਹਿਲਾਂ ਨਵਰਾਤਰੇ ਆਰੰਭ ਹੁੰਦਿਆਂ ਹੀ ਰਾਮ ਕਥਾ ਦੇ ਮੰਚਨ ਲਈ ਦੇਸ਼ ਭਰ ’ਚ ਰਾਮਲੀਲਾਵਾਂ ਦੇ ਆਯੋਜਨ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ’ਚ ਭਗਵਾਨ ਸ਼੍ਰੀ ਰਾਮ ਦੇ ਬਚਪਨ ਤੋਂ ਲੈ ਕੇ ਸੀਤਾ ਸਵੰਬਰ, ਵਣ ਗਮਨ, ਸੀਤਾ ਹਰਨ, ਹਨੂੰਮਾਨ ਜੀ ਵੱਲੋਂ ਲੰਕਾ ਦਹਿਨ, ਸ਼੍ਰੀ ਰਾਮ ਵੱਲੋਂ ਲੰਕਾ ’ਤੇ ਚੜ੍ਹਾਈ ਅਤੇ ਕੁੰਭਕਰਨ, ਮੇਘਨਾਦ ਤੋਂ ਇਲਾਵਾ ਰਾਵਣ ਵਧ ਦਾ ਮੰਚਨ ਕੀਤਾ ਜਾਂਦਾ ਹੈ।

ਰਾਮਲੀਲਾਵਾਂ ’ਚ ਪਿਛਲੇ ਸਾਲਾਂ ਵਾਂਗ ਹੀ ਇਸ ਸਾਲ ਵੀ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨ ਅਤੇ ਸਿੱਖ ਭਾਈਚਾਰੇ ਦੇ ਲੋਕ ਵੀ ਹਿੱਸਾ ਲੈ ਕੇ ਧਾਰਮਿਕ ਸੁਹਿਰਦਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰ ਰਹੇ ਹਨ।

* ਲਖਨਊ (ਉੱਤਰ ਪ੍ਰਦੇਸ਼) ’ਚ ਮੋ. ਸਾਬਿਤ ਖਾਨ ਦਾ ਪਰਿਵਾਰ 3 ਪੀੜ੍ਹੀਆਂ ਤੋਂ ਰਾਮਲੀਲਾਵਾਂ ਦਾ ਮੰਚਨ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਨ ’ਚ ਇਸੇ ਪਰਿਵਾਰ ਦੇ ਮੈਂਬਰ ਸ਼੍ਰੀ ਰਾਮ, ਲਕਸ਼ਮਣ ਅਤੇ ਰਾਵਣ ਦੀਆਂ ਭੂਮਿਕਾਵਾਂ ਨਿਭਾਉਂਦੇ ਹਨ।

‘ਮੋ. ਸਾਬਿਤ ਖਾਨ’ ਦਾ ਕਹਿਣਾ ਹੈ ਕਿ ਭਗਵਾਨ ਨਾ ਤਾਂ ਕਿਸੇ ਨੂੰ ਹਿੰਦੂ ਬਣਾ ਕੇ ਭੇਜਦਾ ਹੈ ਅਤੇ ਨਾ ਹੀ ਮੁਸਲਮਾਨ। ਇੱਥੇ ਸਭ ਇਕ ਹਨ।

* ਅਲਮੋੜਾ (ਉੱਤਰਾਖੰਡ) ਦੇ ਦੁਸਹਿਰਾ ਪੁਰਬ ਦਾ ਦੇਸ਼ ’ਚ ਮੈਸੂਰ ਅਤੇ ਕੁੱਲੂ ਦੇ ਦੁਸਹਿਰੇ ਤੋਂ ਪਿੱਛੋਂ ਤੀਸਰਾ ਸਥਾਨ ਹੈ। ਇੱਥੋਂ ਦੀਆਂ ਰਾਮਲੀਲਾਵਾਂ ਲਈ ਰਾਵਣ ਪਰਿਵਾਰ ਦੇ ਪੁਤਲਿਆਂ ਦਾ ਨਿਰਮਾਣ ਹਿੰਦੂ ਤੇ ਮੁਸਲਮਾਨ ਕਲਾਕਾਰ ਮਿਲ ਕੇ ਕਰਦੇ ਹਨ।

* ਸੀਕਰ (ਰਾਜਸਥਾਨ) ਜ਼ਿਲੇ ਦੇ ‘ਰੀਗਸ’ ’ਚ ਸਵ. ਗੋਗਰਾਜ ਸ਼ਰਮਾ ਅਤੇ ਸਵ. ਸਲੀਮ ਕਾਇਮਖਾਨੀ ਵੱਲੋਂ ਸਥਾਪਿਤ ‘ਸ਼੍ਰੀ ਸੂਰਿਆ ਮੰਡਲ ਸੇਵਾ ਸੰਮਤੀ’ ਦੀ ਅਗਵਾਈ ’ਚ 1976 ਤੋਂ ਰਾਮਲੀਲਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

* ਰਾਜਸਥਾਨ ਦੇ ਉਦੈਪੁਰ ’ਚ ਸ਼ਾਕਿਰ ਅਲੀ ਨਾਂ ਦਾ ਕਲਾਕਾਰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਲਗਭਗ 35 ਸਾਲਾਂ ਤੋਂ ਮਥੁਰਾ ਆ ਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਤਿਆਰ ਕਰਦਾ ਹੈ।

ਉਹ ਆਪਣਾ ਗੁਰੂ ਮਹਾਰਾਜ ਅਗਰਸੇਨ ਨੂੰ ਮੰਨਦੇ ਹਨ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਕਾਇਦਾ ਆਪਣੀ ਆਸਥਾ ਦੇ ਦੇਵਤਾ ਸਾਹਮਣੇ ਪੁਤਲਿਆਂ ਦੇ ਨਿਰਮਾਣ ’ਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਔਜ਼ਾਰਾਂ ਦੀ ਪੂਜਾ ਕਰਦੇ ਹਨ।

* ਅਮਰੋਹਾ (ਉੱਤਰ ਪ੍ਰਦੇਸ਼) ਦੇ ਕਸਬਾ ‘ਨੌਗਾਵਾਂ ਸਾਦਾਤ’ ’ਚ ਸਮਾਜ ਸੇਵੀ ਅਹਿਸਾਨ ਅਖਤਰ ਅਤੇ ਗੁਲਾਮ ਮੁਸਤਫਾ ਪਿੱਛੋਂ ਹੁਣ ਸ਼ਿਫਾਲ ਹੈਦਰ ਦੀ ਅਗਵਾਈ ’ਚ ਰਾਮਲੀਲਾਵਾਂ ਦਾ ਆਯੋਜਨ ਪਿਛਲੇ 50 ਸਾਲਾਂ ਤੋਂ ਕੀਤਾ ਜਾ ਰਿਹਾ ਹੈ।

* ਬਰੇਲੀ (ਉੱਤਰ ਪ੍ਰਦੇਸ਼) ਦੇ ਵਿੰਡਰ ਮੇਅਰ ਥੀਏਟਰ ਦੀ ਰਾਮਲੀਲਾ ’ਚ ਮਹਾਰਾਜ ਦਸ਼ਰਥ, ਭਗਵਾਨ ਸ਼੍ਰੀ ਰਾਮ, ਸ਼ਤਰੂਘਨ, ਮੇਘਨਾਦ ਅਤੇ ਅੰਗਦ ਦੀ ਭੂਮਿਕਾ ਕ੍ਰਮਵਾਰ ਰਈਸ ਖਾਨ, ਦਾਨਿਸ਼, ਕੈਫੀ, ਮੋਹਸਿਨ ਅਤੇ ਸਾਦਿਕ ਨਿਭਾਉਂਦੇ ਹਨ। ਇਸ ’ਚ ਕਲਾਕਾਰਾਂ ਦੇ ਪਹਿਰਾਵੇ ਮੁਨੱਵਰ ਤਿਆਰ ਕਰਦੇ ਹਨ।

* ਵਾਰਾਣਸੀ (ਉੱਤਰ ਪ੍ਰਦੇਸ਼) ’ਚ 1992 ’ਚ ਸਥਾਪਿਤ ‘ਨਵਚੇਤਨਾ ਕਲਾ ਅਤੇ ਵਿਕਾਸ ਸੰਮਤੀ’, ਫੁਲਵਾਰੀਆ ਕੈਂਟ ਦੀ ਸਥਾਪਨਾ ਡਾ. ਐੱਸ. ਕੇ. ਗੁਪਤਾ ਅਤੇ ਨਿਜ਼ਾਮੁਦੀਨ ਨੇ ਕੀਤੀ ਸੀ ਜਿਸ ਦੇ ਆਯੋਜਨਾਂ ’ਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਹਿੱਸਾ ਲੈਂਦੇ ਹਨ।

* ਵਾਰਾਣਸੀ ਦੇ ਚੌਬੇਪੁਰ ਦੀ ਚੰਦਰਪੁਰੀ ’ਚ ‘ਚੰਦਰਾਵਤੀ ਰਾਮਲੀਲਾ ਕਮੇਟੀ’ ਵੱਲੋਂ 1978 ਤੋਂ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ’ਚ ਹਿੰਦੂ-ਮੁਸਲਿਮ ਅਤੇ ਜੈਨ ਸਮਾਜ ਦੇ ਲੋਕ ਸਹਿਯੋਗ ਕਰਦੇ ਹਨ ਅਤੇ ਮੇਕਅਪ ਇਕ ਮੁਸਲਿਮ ਪਰਿਵਾਰ ਹੀ ਕਰਦਾ ਹੈ।

* ਬਾਗਪਤ (ਉੱਤਰ ਪ੍ਰਦੇਸ਼) ਦੇ ਟਟੀਰੀ ’ਚ ਆਯੋਜਿਤ ਰਾਮਲੀਲਾ ’ਚ ਲਕਸ਼ਮਣ ਦਾ ਕਿਰਦਾਰ ਸ਼ੇਰਖਾਨ ਅਤੇ ਰਾਮ ਭਗਤ ਹਨੂੰਮਾਨ ਦਾ ਕਿਰਦਾਰ ਯੂਨੁਸ ਖਾਨ ਨਿਭਾਉਂਦੇ ਹਨ।

* ਫਰੀਦਾਬਾਦ (ਹਰਿਆਣਾ) ’ਚ ‘ਸ਼੍ਰੀ ਸ਼ਰਧਾ ਰਾਮਲੀਲਾ ਕਮੇਟੀ’ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਰਾਮਲੀਲਾ ’ਚ ਕਲਾਕਾਰਾਂ ਦਾ ਮੇਕਅਪ ਮੁੰਬਈ ਦੀ ਫਿਲਮ ਨਗਰੀ ਦੇ ਮੇਕਅੱਪ ਆਰਟਿਸਟ ਸ਼ਮੀਮ ਆਲਮ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਕਰਦੇ ਹਨ।

* ਇਸੇ ਤਰ੍ਹਾਂ ਕੁਰੂਕਸ਼ੇਤਰ (ਹਰਿਆਣਾ) ’ਚ ‘ਲਕਸ਼ਮੀ ਰਾਮਲੀਲਾ ਡ੍ਰਾਮਾਟਿਕ ਕਲੱਬ’ ਵੱਲੋਂ ਆਯੋਜਿਤ ਰਾਮਲੀਲਾ ’ਚ ਹਿੰਦੂ-ਸਿੱਖ ਭਾਈਚਾਰੇ ਦੇ ਪ੍ਰਤੀਕ ਕੁਲਵੰਤ ਸਿੰਘ ਭੱਟੀ 52 ਸਾਲਾਂ ਤੋਂ ਭਗਵਾਨ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਹਨ ਜਦਕਿ ਉਨ੍ਹਾਂ ਦੇ ਪੋਤੇ ਹਨੂੰਮਾਨ ਜੀ ਦੇ ਪੁੱਤਰ ਮਕਰਧਵਜ ਦਾ ਕਿਰਦਾਰ ਨਿਭਾਅ ਰਹੇ ਹਨ।

ਇਹੀ ਨਹੀਂ, ਕੁਝ ਸਥਾਨਾਂ ’ਤੇ ਮੰਚਿਤ ਕੀਤੀਅਾਂ ਜਾਣ ਵਾਲੀਆਂ ਰਾਮਲੀਲਾਵਾਂ ’ਚ ਖਾਲਸ ਉਰਦੂ ਦੇ ਸੰਵਾਦਾਂ ਦੀ ਵਰਤੋਂ ਹੁੰਦੀ ਹੈ ਅਤੇ ਪਾਤਰ ਸ਼ਾਇਰੀ ਦੀ ਭਾਸ਼ਾ ’ਚ ਗੱਲ ਕਰਦੇ ਹਨ। ਇਸ ਤਰ੍ਹਾਂ ਦੀ ਇਕ ਰਾਮਲੀਲਾ ’ਚ ਰਾਵਣ ਨੂੰ ਸੀਤਾ ਜੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ, ‘‘ਤੇਰਾ ਤਸੱਵੁਰ ਮੁਝੇ ਤੜਪਾਤਾ ਹੈ।’’

ਆਸ ਹੈ ਕਿ ਜਦ ਤਕ ਦੇਸ਼ ’ਚ ਇਸ ਤਰ੍ਹਾਂ ਦੀ ਸਕਾਰਾਤਮਕ ਸੋਚ ਦੇ ਲੋਕ ਮੌਜੂਦ ਹਨ, ਤਦ ਤਕ ਵੰਡਪਾਊ ਸ਼ਕਤੀਆਂ ਸਾਡੇ ਭਾਈਚਾਰੇ ਦੇ ਰਵਾਇਤੀ ਤਾਣੇ-ਬਾਣੇ ਨੂੰ ਹਿਲਾਉਣ ’ਚ ਸਫਲ ਨਹੀਂ ਹੋ ਸਕਣਗੀਆਂ।

- ਵਿਜੇ ਕੁਮਾਰ

Anmol Tagra

This news is Content Editor Anmol Tagra