‘ਘਣਸ਼ਿਆਮ ਤਿਵਾੜੀ’ ਅਤੇ ‘ਚੰਦਨ ਮਿਤਰਾ’ ਨੇ ਭਾਜਪਾ ਲੀਡਰਸ਼ਿਪ ਨੂੰ ਕੀਤਾ ਚੌਕਸ

10/10/2018 6:57:24 AM

ਅੱਜ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਪਰ ਇਸ ’ਚ ਸਮੇਂ-ਸਮੇਂ ’ਤੇ ਉੱਭਰਨ ਵਾਲੇ ਅਸਹਿਮਤੀ ਦੇ ਸੁਰ ਇਸ ਦੀ ਵਿਕਾਸ ਯਾਤਰਾ ਨੂੰ ਰੋਕ ਰਹੇ ਹਨ। ਆਪਣੀ ਆਵਾਜ਼ ਨਾ ਸੁਣੇ ਜਾਣ ਕਾਰਨ ਹੀ ਪਾਰਟੀ ਦੇ ਕਈ ਨੇਤਾ ਇਸ ਤੋਂ ਵੱਖ ਹੋ ਗਏ ਹਨ। 
ਹੁਣੇ ਜਿਹੇ ਭਾਜਪਾ ਤੋਂ ਵੱਖ ਹੋਏ ਸੀਨੀਅਰ ਨੇਤਾ ਘਣਸ਼ਿਆਮ ਤਿਵਾੜੀ ਨੇ ਰਾਜਸਥਾਨ ਦੀਅਾਂ ਵਿਧਾਨ ਸਭਾ ਚੋਣਾਂ ’ਚ ਸਾਰੀਅਾਂ 200 ਸੀਟਾਂ ’ਤੇ ਆਪਣੀ ‘ਭਾਰਤ ਵਾਹਿਨੀ ਪਾਰਟੀ’ (ਬੀ. ਵੀ. ਪੀ.) ਦੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰਦਿਅਾਂ ਕਿਹਾ ਹੈ ਕਿ ‘‘7 ਦਸੰਬਰ ਨੂੰ ਹੋਣ ਵਾਲੀਅਾਂ ਚੋਣਾਂ ’ਚ ਭਾਜਪਾ ਨੂੰ ਇਤਿਹਾਸਿਕ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਭਾਜਪਾ ਵਲੋਂ ਰਾਜਸਥਾਨ ’ਚ ਉੱਚ ਜਾਤਾਂ ਨਾਲ ‘ਵਿਸ਼ਵਾਸਘਾਤ’ ਕਰਨ ਕਰਕੇ ਇਸ ਦਾ ਵੋਟ ਬੈਂਕ ਇਸ ਦੇ ਹੱਥੋਂ ਖਿਸਕ ਗਿਆ ਹੈ।’’
ਇਸੇ ਤਰ੍ਹਾਂ ਹੁਣੇ ਜਿਹੇ ਭਾਜਪਾ ਤੋਂ ਵੱਖ ਹੋਣ ਵਾਲੇ ਸਾਬਕਾ ਸੰਸਦ ਮੈਂਬਰ ਸ਼੍ਰੀ ਚੰਦਨ ਮਿਤਰਾ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਬੇਤੁਕਾ ਦੱਸਿਆ ਕਿ ਆਮ ਚੋਣਾਂ ’ਚ ਬੰਗਾਲ ਦੀਅਾਂ 42 ਲੋਕ ਸਭਾ ਸੀਟਾਂ ’ਚੋਂ ਭਾਜਪਾ 22 ਸੀਟਾਂ ਜਿੱਤ ਜਾਵੇਗੀ। ਮਿਤਰਾ ਅਨੁਸਾਰ ਤ੍ਰਿਣਮੂਲ ਕਾਂਗਰਸ ਦੀਅਾਂ ਸੀਟਾਂ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। 
ਭਾਜਪਾ ਛੱਡਣ ਦਾ ਕਾਰਨ ਦੱਸਦਿਅਾਂ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ ਅਧੀਨ ਪਾਰਟੀ ਦੇ ਨਵੇਂ ਕਲਚਰ ਨਾਲ ਤਾਲਮੇਲ ਨਾ ਬਿਠਾ ਸਕਣ ਕਰਕੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਪਾਰਟੀ ’ਚ  ਦਮ  ਘੁੱਟ  ਹੋ ਰਿਹਾ ਸੀ। ਉਨ੍ਹਾਂ ਅਨੁਸਾਰ, ‘‘ਅੱਜ ਭਾਜਪਾ ਉਹੋ ਜਿਹੀ ਨਹੀਂ ਰਹੀ ਹੈ, ਜਿਹੋ ਜਿਹੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਅਡਵਾਨੀ ਜੀ ਦੇ ਦਿਨਾਂ ’ਚ ਸੀ, ਜਦੋਂ ਮੈਂ ਉਨ੍ਹਾਂ ਦੇ ਮਾਰਗਦਰਸ਼ਨ ’ਚ ਇਸ ਨਾਲ ਜੁੜਿਆ ਸੀ।’’
ਇਸ ਲਈ ਭਾਜਪਾ ਲੀਡਰਿਸ਼ਪ ਨੂੰ ਅਜਿਹੇ  ਵਿਚਾਰਾਂ ਦਾ ਨੋਟਿਸ ਲੈਂਦਿਅਾਂ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਕਦੇ ਇਸ ਦੇ ਨਾਲ ਰਹੇ ਲੋਕ ਅੱਜ ਅਸਹਿਮਤੀ ਭਰੀਅਾਂ ਗੱਲਾਂ ਕਿਉਂ ਕਹਿ ਰਹੇ ਹਨ।                                        

   –ਵਿਜੇ ਕੁਮਾਰ