ਭਾਰਤੀ ਯੂਨੀਵਰਸਿਟੀਆਂ ਬਣਦੀਆਂ ਜਾ ਰਹੀਆਂ ਨੇ ''ਲੜਾਈ ਦੇ ਅੱਡੇ''

04/27/2016 2:22:15 AM

ਵਿਦਿਆਰਥੀ ਸ਼ਕਤੀ ਨੂੰ ਸੰਗਠਿਤ ਕਰਨ ਦੀ ਪਹਿਲੀ ਕੋਸ਼ਿਸ਼ 1840-1860 ''ਚ ''ਮੱਧ ਬੰਗਾਲ ਮੂਵਮੈਂਟ'' ਵਜੋਂ ਕੀਤੀ ਗਈ। ਇਸ ਤੋਂ ਬਾਅਦ 1920 ''ਚ ਨਾਗਪੁਰ ''ਚ ''ਆਲ ਇੰਡੀਆ ਕਾਲਜ ਸਟੂਡੈਂਟਸ ਕਾਨਫਰੰਸ'' ਹੋਈ, ਜਿਸ ਦਾ ਉਦਘਾਟਨ ''ਪੰਜਾਬ ਕੇਸਰੀ'' ਲਾਲਾ ਲਾਜਪਤ ਰਾਏ ਨੇ ਕੀਤਾ ਸੀ।
ਕਰਾਚੀ ''ਚ 26 ਮਾਰਚ 1931 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇਕ ਕੁਲਹਿੰਦ ਵਿਦਿਆਰਥੀ ਸੰਮੇਲਨ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿਦਿਆਰਥੀ ਸ਼ਕਤੀ ਦਾ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ''ਚ ਅਹਿਮ ਯੋਗਦਾਨ ਰਿਹਾ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਵੱਡੇ ਅੰਦੋਲਨਾਂ ''ਚ ਵਿਦਿਆਰਥੀ ਸੰਘਾਂ ਤੇ ਵਿਦਿਆਰਥੀ ਸ਼ਕਤੀ ਦੀ ਅਹਿਮ ਭੂਮਿਕਾ ਰਹੀ। ਇਨ੍ਹਾਂ ਵਿਚ 1969 ''ਚ ਤੇਲੰਗਾਨਾ ਨੂੰ ਵੱਖਰਾ ਸੂਬਾ ਬਣਾਉਣ ਲਈ ਅੰਦੋਲਨ, 1975 ''ਚ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੁੱਧ, 1981 ''ਚ ਆਸਾਮ ਅੰਦੋਲਨ ਅਤੇ ਬੋਫਰਜ਼ ਘਪਲੇ ਤੋਂ ਬਾਅਦ ਵੀ. ਪੀ. ਸਿੰਘ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੇ ਮੰਡਲ ਕਮਿਸ਼ਨ ਵਿਰੁੱਧ ਰਾਖਵਾਂਕਰਨ ਅੰਦੋਲਨ ਸ਼ਾਮਿਲ ਹਨ।
ਪਰ ਪਿਛਲੇ ਕੁਝ ਸਮੇਂ ਤੋਂ ਲੱਗਣ ਲੱਗਾ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਰਾਸ਼ਟਰਹਿੱਤ ਦੀ ਬਜਾਏ ਵੱਖ-ਵੱਖ ਧੜਿਆਂ ਦੀ ਆਪਸੀ ਖਹਿਬਾਜ਼ੀ ਤੇ ਖੂਨ-ਖਰਾਬੇ ਦੇ ਰੁਝਾਨ ਕਾਰਨ ''ਪੜ੍ਹਾਈ'' ਦਾ ਘੱਟ ਅਤੇ ''ਲੜਾਈ'' ਦਾ ਜ਼ਿਆਦਾ ਮਾਧਿਅਮ ਬਣਦੀਆਂ ਜਾ ਰਹੀਆਂ ਹਨ :
* 09 ਫਰਵਰੀ ਨੂੰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ''ਚ ਅੱਤਵਾਦੀ ਅਫਜ਼ਲ ਗੁਰੂ ਦੀ ਬਰਸੀ ਮਨਾਈ ਗਈ ਤੇ ਉਸ ''ਚ ਭਾਰਤ ਵਿਰੋਧੀ ਨਾਅਰੇ ਲਗਾਏ ਗਏ। ਇਸ ਮਾਮਲੇ ''ਚ ਵਿਦਿਆਰਥੀ ਸੰਘ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਅਤੇ ਕੁਝ ਹੋਰਨਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਕੁਝ ਮਿਆਦ ਲਈ ਯੂਨੀਵਰਸਿਟੀ ''ਚੋਂ ਬਰਖਾਸਤਗੀ ਦੀ ਸਜ਼ਾ ਦਿੱਤੀ ਗਈ ਹੈ। 
* 16 ਫਰਵਰੀ ਨੂੰ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ''ਚ ਵਿਦਿਆਰਥੀਆਂ ਦੇ ਇਕ ਵਰਗ ਨੇ ਜੇ. ਐੱਨ. ਯੂ. ਦੇ ਅੰਦੋਲਨਕਾਰੀ ਵਿਦਿਆਰਥੀਆਂ, ਅਫਜ਼ਲ ਗੁਰੂ ਤੇ ਗਿਲਾਨੀ ਦੇ ਸਮਰਥਨ ''ਚ ਨਾਅਰੇ ਲਗਾਏ, ਜਿਸ ''ਤੇ ਵਿਰੋਧੀ ਵਿਦਿਆਰਥੀ ਧੜਿਆਂ ''ਚ ਭਾਰੀ ਮਾਰ-ਕੁਟਾਈ ਹੋਈ।
* 19 ਮਾਰਚ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ''ਚ ਟੀ-20 ਮੈਚ ''ਚ ਪਾਕਿਸਤਾਨ ''ਤੇ ਭਾਰਤ ਦੀ ਜਿੱਤ ਤੋਂ ਬਾਅਦ ਵਿਦਿਆਰਥੀਆਂ ਦੇ ਦੋ ਧੜੇ ਆਪਸ ''ਚ ਭਿੜ ਗਏ।
* 22 ਮਾਰਚ ਨੂੰ ਹੈਦਰਾਬਾਦ ਯੂਨੀਵਰਸਿਟੀ ''ਚ ਵਾਈਸ ਚਾਂਸਲਰ ਪੀ. ਅੱਪਾਰਾਓ ਵਿਰੁੱਧ ਵਿਦਿਆਰਥੀਆਂ ਨੇ ਜ਼ਬਰਦਸਤ ਮੁਜ਼ਾਹਰਾ ਕੀਤਾ, ਉਨ੍ਹਾਂ ਦੇ ਦਫਤਰ ''ਚ ਭੰਨ-ਤੋੜ ਕੀਤੀ, ਉਨ੍ਹਾਂ ਨੂੰ 6 ਘੰਟਿਆਂ ਤਕ ਬੰਧਕ ਬਣਾਈ ਰੱਖਿਆ ਅਤੇ ਪੁਲਸ ''ਤੇ ਪਥਰਾਅ ਕੀਤਾ।
ਵਿਦਿਆਰਥੀ ਰੋਹਿਤ ਵੇਮੁਲਾ ਨਾਮੀ ਦਲਿਤ ਰਿਸਰਚ ਸਕਾਲਰ ਵਲੋਂ ਜਨਵਰੀ ''ਚ ਖੁਦਕੁਸ਼ੀ ਅਤੇ 5 ਦਲਿਤ ਵਿਦਿਆਰਥੀਆਂ ਦੀ ਮੁਅੱਤਲੀ ਲਈ ਅੱਪਾਰਾਓ, ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਬੰਡਾਰੂ ਦੱਤਾਤ੍ਰੇਅ ਅਤੇ ਹੋਰਨਾਂ ਨੂੰ ਦੋਸ਼ੀ ਠਹਿਰਾ ਰਹੇ ਹਨ ਤੇ ਇਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।
* 31 ਮਾਰਚ ਨੂੰ ਐੱਨ. ਆਈ. ਟੀ. ਸ਼੍ਰੀਨਗਰ ''ਚ ਵਿਸ਼ਵ ਟੀ-20 ਕੱਪ ''ਚ ਭਾਰਤ ਦੀ ਹਾਰ ''ਤੇ ਕਸ਼ਮੀਰੀ ਵਿਦਿਆਰਥੀਆਂ ਵਲੋਂ ਜਸ਼ਨ ਮਨਾਉਣ ਦਾ ਗੈਰ-ਕਸ਼ਮੀਰੀ ਵਿਦਿਆਰਥੀਆਂ ਵਲੋਂ ਵਿਰੋਧ ਕਰਨ ''ਤੇ ਵਿਦਿਆਰਥੀਆਂ ਵਿਚਾਲੇ ਮਾਰਾ-ਮਾਰੀ ਤੋਂ ਬਾਅਦ ਪੁਲਸ ਨੇ ਲਾਠੀਆਂ ਵਰ੍ਹਾਈਆਂ।
* 31 ਮਾਰਚ ਨੂੰ ਹੀ ਰਾਜਸਥਾਨ ਦੇ ਚਿਤੌੜਗੜ੍ਹ ਦੀ ਮੇਵਾੜ ਯੂਨੀਵਰਸਿਟੀ ''ਚ ਵੀ ਭਾਰਤ ਦੀ ਹਾਰ ''ਤੇ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ ਤੇ ਜੰਮੂ-ਕਸ਼ਮੀਰ ਦੇ 9 ਵਿਦਿਆਰਥੀਆਂ ਅਤੇ ਮੇਵਾੜ ਯੂਨੀਵਰਸਿਟੀ ਦੇ ਇਕ ਵਾਰਡਨ ਨੂੰ ਗ੍ਰਿਫਤਾਰ ਕੀਤਾ ਗਿਆ। 
* 09 ਅਪ੍ਰੈਲ ਨੂੰ ਚੰਡੀਗੜ੍ਹ ''ਚ ਸਥਿਤ ਪੰਜਾਬ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਸੰਘਰਸ਼ ਦੇ ਸਿੱਟੇ ਵਜੋਂ ਗੋਲੀ ਚੱਲਣ ਨਾਲ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ।
* 18 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸਥਿਤ ਡੀ. ਜੀ. ਐੱਸ. ਬੀ. ਯੂਨੀਵਰਸਿਟੀ ''ਚ ਵਿਦਿਆਰਥੀਆਂ ਦੇ ਦੋ ਗਰੁੱਪਾਂ ਦਰਮਿਆਨ ਲੜਾਈ ''ਚ 4 ਜੀਪਾਂ ਸਾੜ ਦਿੱਤੀਆਂ ਗਈਆਂ।
ਅਤੇ ਹੁਣ 24 ਅਪ੍ਰੈਲ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੰਪਲੈਕਸ ''ਚ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਹੋਏ ਖੂਨੀ ਸੰਘਰਸ਼ ''ਚ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਮ੍ਰਿਤਕ ਵਿਦਿਆਰਥੀਆਂ ਦੇ ਸਾਥੀਆਂ ਨੇ ਯੂਨੀਵਰਸਿਟੀ ਦੇ ਪ੍ਰਾਕਟਰ ਦੇ ਦਫਤਰ ਨੂੰ ਅੱਗ ਲਾ ਦਿੱਤੀ, ਫਾਈਲਾਂ ਸਾੜ ਦਿੱਤੀਆਂ ਤੇ ਖੂਬ ਭੰਨ-ਤੋੜ ਕੀਤੀ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਾਡੇ ਚੰਦ ਵਿਦਿਆਰਥੀ ਸੰਘਾਂ ਦੇ ਮੈਂਬਰ ਇਕ ਸਿਰਜਣਾਤਮਕ ਸ਼ਕਤੀ ਵਜੋਂ ਕੰਮ ਨਾ ਕਰਕੇ ਆਪਣੀ ਤਾਕਤ ਦੀ ਨਾਂਹ-ਪੱਖੀ ਵਰਤੋਂ ਹੀ ਕਰ ਰਹੇ ਹਨ, ਜਿਸ ਨਾਲ ਸਿਵਾਏ ਨੌਜਵਾਨ ਸ਼ਕਤੀ ਦੀ ਬਰਬਾਦੀ ਦੇ ਕੁਝ ਵੀ ਮਿਲਣ ਵਾਲਾ ਨਹੀਂ ਹੈ।
ਬੇਸ਼ੱਕ ਵਿਦਿਆਰਥੀ ਸੰਘ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਨ ਪਰ ਵਿਦਿਆਰਥੀ ਹਿੱਤਾਂ ਦੇ ਨਾਂ ''ਤੇ ਇਨ੍ਹਾਂ ''ਚ ਘਰ ਕਰ ਗਈ ਸਿਆਸਤ ਦੇਸ਼ ਦਾ ਅਤੇ ਵਿਦਿਆਰਥੀਆਂ ਦਾ ਨੁਕਸਾਨ ਕਰ ਰਹੀ ਹੈ। ਇਸ ਸਾਲ ਤਾਂ ਯੂਨੀਵਰਸਿਟੀਆਂ ''ਚ ਇਹ ਮਾੜਾ ਰੁਝਾਨ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨਾਲ ਸ਼ੱਕ ਹੋਣ ਲੱਗਾ ਹੈ ਕਿ ਸਾਡੇ ਦੇਸ਼ ''ਚ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਤੋਂ ਦੇਸ਼ ਦੇ ਭਵਿੱਖੀ ਸੂਤਰਧਾਰ ਅਤੇ ਦੇਸ਼ ਦੀ ਬੇੜੀ ਬੰਨੇ ਲਾਉਣ ਵਾਲੇ ਬਣਨ ਦੀ ਉਮੀਦ ਹੀ ਕਿਤੇ ਖਤਮ ਨਾ ਹੋ ਜਾਵੇ।        —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra