‘ਸਾਹਾਂ ਦੀ ਡੋਰ ਫੜੀ’ ਰੱਖਣ ਲਈ ਭੀਖ ਮੰਗਣ ਲਈ ਮਜਬੂਰ ‘ਵ੍ਰਿੰਦਾਵਨ ਦੀਆਂ ਵਿਧਵਾਵਾਂ’

04/13/2019 6:55:14 AM

ਦੇਸ਼ ਦੀਆਂ 4 ਕਰੋੜ ਤੋਂ ਜ਼ਿਆਦਾ ਵਿਧਵਾਵਾਂ ’ਚੋਂ ਅੱਧੀਆਂ ਤੋਂ ਜ਼ਿਆਦਾ ਦੀ ਹਾਲਤ ਬੇਹੱਦ ਖਰਾਬ ਹੈ। ਇਸ ਦਾ ਅਹਿਸਾਸ ਮੈਨੂੰ 10 ਸਾਲ ਪਹਿਲਾਂ 2009 ’ਚ ਬਟਾਲਾ ਦੇ ਪ੍ਰਸਿੱਧ ਸਮਾਜ ਸੇਵਕ ਮਹਾਸ਼ਾ ਗੋਕੁਲਚੰਦ ਜੀ ਦੇ ਸੱਦੇ ’ਤੇ ਵ੍ਰਿੰਦਾਵਨ ਜਾ ਕੇ ਹੋਇਆ ਸੀ। ਉਥੇ ਉਨ੍ਹਾਂ ਵਲੋਂ ਆਯੋਜਿਤ ਮਾਸਿਕ ਰਾਸ਼ਨ ਵੰਡ ਸਮਾਗਮ ’ਚ ਰਾਸ਼ਨ ਲੈਣ ਲਈ ਆਈਆਂ ਆਪਣੇ ਪਰਿਵਾਰਾਂ ਵਲੋਂ ਛੱਡੀਆਂ ਤੇ ਸਿਰਫ ਇਕ ਚਿੱਟੀ ਸਾੜ੍ਹੀ ’ਚ ਆਪਣਾ ਸਰੀਰ ਢਕਣ ਦੀ ਨਾਕਾਮ ਕੋਸ਼ਿਸ਼ ਕਰਦੀਆਂ ਵਿਧਵਾਵਾਂ ਦੀ ਤਰਸਯੋਗ ਹਾਲਤ ਦੇਖ ਕੇ ਮੇਰਾ ਮਨ ਭਰ ਆਇਆ ਸੀ। ਯੂ. ਪੀ. ਦੀਆਂ ਧਰਮ-ਨਗਰੀਆਂ ਵ੍ਰਿੰਦਾਵਨ ਤੇ ਕਾਸ਼ੀ ਨੂੰ ‘ਵਿਧਵਾਵਾਂ ਦੇ ਸ਼ਹਿਰ’ ਵੀ ਕਿਹਾ ਜਾਂਦਾ ਹੈ, ਜਿਥੇ ਆ ਕੇ ਉਹ ਆਖਰੀ ਪਨਾਹ ਲੈਂਦੀਆਂ ਹਨ। ਇਕ ਅੰਦਾਜ਼ੇ ਮੁਤਾਬਿਕ ਮਥੁਰਾ ਲੋਕ ਸਭਾ ਹਲਕੇ, ਜਿਥੇ 18 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਦੇ ਵ੍ਰਿੰਦਾਵਨ, ਗੋਵਰਧਨ ਤੇ ਰਾਧਾਕੁੰਡ ਇਲਾਕਿਆਂ ’ਚ 5 ਤੋਂ 6 ਹਜ਼ਾਰ ਦੇ ਲਗਭਗ ਵਿਧਵਾਵਾਂ ਰਹਿੰਦੀਆਂ ਹਨ। ਇਥੇ ਕਨ੍ਹੱਈਆ ਦੇ ਚਰਨਾਂ ’ਚ ਜੀਵਨ ਦੀ ਸੰਧਿਆ ਬਿਤਾਉਣ ਦੀ ਇੱਛਾ ਨਾਲ ਆਉਣ ਵਾਲੀਆਂ ਵਿਧਵਾਵਾਂ ’ਚ ਜ਼ਿਆਦਾਤਰ ਬੰਗਾਲ, ਤ੍ਰਿਪੁਰਾ, ਓਡਿਸ਼ਾ, ਝਾਰਖੰਡ ਤੇ ਆਸਾਮ ਤੋਂ ਹਨ। ਕੁਝ ਤਾਂ ਪਰਿਵਾਰਕ ਮੈਂਬਰਾਂ ਵਲੋਂ ਠੁਕਰਾਉਣ ਕਰਕੇ ਇਥੇ ਪਹੁੰਚੀਆਂ ਅਤੇ ਜਦੋਂ ਕੁਝ ਵਿਧਵਾਵਾਂ ਨੂੰ ਰੋਟੀ ਲਈ ਆਪਣਿਆਂ ਅੱਗੇ ਹੀ ਹੱਥ ਅੱਡਣੇ ਪਏ ਤਾਂ ਉਹ ਇਸ ਅਪਮਾਨ ਤੋਂ ਬਚਣ ਲਈ ਇਥੇ ਆ ਗਈਆਂ। ਇਹ ਸਿਲਸਿਲਾ ਹੁਣ ਵੀ ਜਾਰੀ ਰਹਿਣ ਕਰਕੇ ਇਥੇ ਵਿਧਵਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਭੀਖ ਮੰਗਣ ’ਤੇ ਰੋਕ ਦੇ ਬਾਵਜੂਦ ਇਹ ਵੱਡੀ ਗਿਣਤੀ ’ਚ ਧਾਰਮਿਕ ਸਥਾਨਾਂ ਦੇ ਬਾਹਰ ਭੀਖ ਮੰਗ ਕੇ ਹੀ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਥੇ ਸੂਬਾ ਸਰਕਾਰ ਦੇ ਆਸ਼ਰਮਾਂ ’ਚ ਰਹਿਣ ਵਾਲੀਆਂ ਵਿਧਵਾਵਾਂ ਨੂੰ ਸਵੇਰੇ-ਸ਼ਾਮ 3-3 ਘੰਟੇ ਭਜਨ ਗਾਇਨ ’ਚ ਸ਼ਾਮਲ ਹੋਣਾ ਪੈਂਦਾ ਹੈ, ਜਿਸ ਦੇ ਬਦਲੇ ਉਨ੍ਹਾਂ ਨੂੰ ਖਾਣ ਲਈ ਚੌਲ ਤੇ 20 ਰੁਪਏ ਜੇਬ ਖਰਚ ਲਈ ਮਿਲਦੇ ਹਨ। ਅਜਿਹੀ ਸਥਿਤੀ ’ਚ 17 ਸਤੰਬਰ 2014 ਨੂੰ ਆਪਣੇ ਸੰਸਦੀ ਹਲਕੇ ਮਥੁਰਾ ’ਚ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵ੍ਰਿੰਦਾਵਨ ’ਚ ਰਹਿ ਰਹੀਆਂ ਤਕਦੀਰ ਦੀਆਂ ਮਾਰੀਆਂ ਤੇ ਆਪਣੇ ਪਰਿਵਾਰਾਂ ਵਲੋਂ ਛੱਡੀਆਂ ਵਿਧਵਾਵਾਂ ਦੇ ਜ਼ਖਮਾਂ ’ਤੇ ਇਹ ਟਿੱਪਣੀ ਕਰ ਕੇ ਲੂਣ ਛਿੜਕ ਦਿੱਤਾ : ‘‘ਇਨ੍ਹਾਂ ਕੋਲ ਵਧੀਆ ਬੈਂਕ ਬੈਲੇਂਸ ਹੁੰਦਾ ਹੈ, ਚੰਗੀ ਆਮਦਨ ਹੁੰਦੀ ਹੈ, ਵਧੀਆ ਬਿਸਤਰੇ ਹੁੰਦੇ ਹਨ ਪਰ ਇਹ ਅਾਦਤਨ ਭੀਖ ਮੰਗਦੀਆਂ ਹਨ ਤੇ ਇਨ੍ਹਾਂ ਦੀ ਵੱਡੀ ਗਿਣਤੀ ਬੰਗਾਲ, ਬਿਹਾਰ ਤੋਂ ਆ ਰਹੀ ਹੈ। ਹੋਰਨਾਂ ਸੂਬਿਆਂ ਤੋਂ ਇਨ੍ਹਾਂ ਨੂੰ ਇਥੇ ਆਉਣ ਦੀ ਲੋੜ ਨਹੀਂ ਹੈ।’’ ਹੇਮਾ ਮਾਲਿਨੀ ਦੇ ਉਕਤ ਸੰਵੇਦਨਾਹੀਣ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਸਖਤ ਆਲੋਚਨਾ ਹੋਈ, ਜਿਸ ਦੇ ਲਈ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ। ਵ੍ਰਿੰਦਾਵਨ ਦੀਆਂ ਵਿਧਵਾਵਾਂ ਦੀ ਤਰਸਯੋਗ ਹਾਲਤ ’ਚ ਅੱਜ 5 ਸਾਲਾਂ ਬਾਅਦ ਵੀ ਕੋਈ ਤਬਦੀਲੀ ਨਹੀਂ ਆਈ ਹੈ। ਇਸ ਸਮੇਂ ਜਦੋਂ ਚੋਣ ਮੌਸਮ ’ਚ ਸਾਰੀਆਂ ਪਾਰਟੀਆਂ ਵਲੋਂ ਵੋਟਰਾਂ ਨੂੰ ਰੁਝਾਉਣ ਲਈ ਵੱਖ-ਵੱਖ ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ, ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਕਿਸੇ ਦਾ ਧਿਆਨ ਨਹੀਂ ਹੈ। ਇਹ ਅੱਜ ਵੀ ਪਹਿਲਾਂ ਵਾਂਗ ਹੀ ਦੁੱਖ ਤੇ ਪੀੜ ਭਰੀ ਜ਼ਿੰਦਗੀ ਬਿਤਾ ਰਹੀਆਂ ਹਨ। ਭੋਜਨ ਲੈਣ ਲਈ ਕੜਾਕੇ ਦੀ ਧੁੱਪ ’ਚ ਇਕ ਭੰਡਾਰੇ ਵਾਲੀ ਜਗ੍ਹਾ ’ਤੇ ਖੜ੍ਹੀ 90 ਸਾਲਾ ਬਜ਼ੁਰਗ ਵਿਧਵਾ ਸੁਧਾ ਦਾਸੀ ਅਨੁਸਾਰ ਉਸ ਨੂੰ ਚੇਤੇ ਹੀ ਨਹੀਂ ਹੈ ਕਿ ਪਿਛਲੀ ਵਾਰ ਉਸ ਨੇ ਕਿਸੇ ਵੋਟਿੰਗ ’ਚ ਕਦੋਂ ਹਿੱਸਾ ਲਿਆ ਸੀ। ਮੂਲ ਤੌਰ ’ਤੇ ਬੰਗਾਲ ਦੀ ਰਹਿਣ ਵਾਲੀ ਸੁਧਾ ਦਾਸੀ ਨੇ ਆਪਣੀ ਸਾਰੀ ਜ਼ਿੰਦਗੀ ਵ੍ਰਿੰਦਾਵਨ ਸ਼ਹਿਰ ਦੀਆਂ ਤੰਗ ਗਲੀਆਂ ’ਚ ਬਿਤਾ ਦਿੱਤੀ ਹੈ। ਜ਼ਿਆਦਾਤਰ ਵਿਧਵਾਵਾਂ ਤਾਂ ਰਜਿਸਟਰਡ ਵੋਟਰ ਵੀ ਨਹੀਂ ਹਨ। ਹਾਲਾਂਕਿ ਇਸ ਵਾਰ ਕੁਝ ਵਿਧਵਾਵਾਂ ਦੇ ਵੋਟਰ ਪਛਾਣ-ਪੱਤਰ ਬਣਾਏ ਗਏ ਹਨ ਪਰ ਇਨ੍ਹਾਂ ਦੀ ਗਿਣਤੀ 10 ਫੀਸਦੀ ਤੋਂ ਵੀ ਘੱਟ ਹੈ। ਇਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੀਆਂ, ਇਸ ’ਚ ਸ਼ੱਕ ਹੀ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨੇ ਨਾ ਇਨ੍ਹਾਂ ਬਾਰੇ ਕਦੇ ਗੱਲ ਕੀਤੀ ਹੈ ਤੇ ਨਾ ਹੀ ਕਦੇ ਇਨ੍ਹਾਂ ਦੀ ਸਾਰ ਲਈ ਹੈ। ਜ਼ਿਆਦਾਤਰ ਵਿਧਵਾਵਾਂ ਦਾ ਕਹਿਣਾ ਹੈ ਕਿ ਆਪਣੇ ਜੀਵਨ ਤੋਂ ਉਹ ਇੰਨੀਆਂ ਅੱਕ ਚੁੱਕੀਆਂ ਹਨ ਕਿ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ। ਵ੍ਰਿੰਦਾਵਨ ’ਚ 25 ਸਾਲਾਂ ਤੋਂ ਰਹਿ ਰਹੀ ਝਾਰਖੰਡ ਤੋਂ ਆਈ ਇਕ ਬਜ਼ੁਰਗ ਵਿਧਵਾ ਨੇ ਕਿਹਾ, ‘‘ਮੈਂ ਵੋਟ ਕਿਉਂ ਪਾਵਾਂ? ਇਸ ਨਾਲ ਕੀ ਫਰਕ ਪਵੇਗਾ? ਕੀ ਉਹ ਮੈਨੂੰ ਰੋਟੀ ਤੇ ਆਸਰਾ ਦੇਣਗੇ? ਮੇਰਾ ਜੀਵਨ ਇਕ ਨਰਕ ਹੈ ਤੇ ਮੇਰੇ ਆਖਰੀ ਸਾਹ ਤਕ ਨਰਕ ਹੀ ਰਹੇਗਾ। ਜੇ ਮੈਨੂੰ ਵੋਟਰ ਪਛਾਣ-ਪੱਤਰ ਮਿਲ ਵੀ ਜਾਵੇ, ਤਾਂ ਵੀ ਮੈਂ ਵੋਟ ਨਹੀਂ ਪਾਵਾਂਗੀ।’’ ਇਕ ਹੋਰ ਵਿਧਵਾ ਨੇ ਕਿਹਾ ਕਿ ਜਦ ਸਾਡੇ ਘਰਵਾਲਿਆਂ ਨੇ ਹੀ ਸਾਨੂੰ ਛੱਡ ਦਿੱਤਾ ਤਾਂ ਫਿਰ ਇਸ ਨਾਲ ਕੀ ਫਰਕ ਪੈਂਦਾ ਹੈ। ਦੇਸ਼ ਲਈ ਸਾਡੀ ਮਹੱਤਤਾ ਹੀ ਕੀ ਹੈÍá? ਵ੍ਰਿੰਦਾਵਨ ਦੀਆਂ ਹਜ਼ਾਰਾਂ ਵਿਧਵਾਵਾਂ ਦੀ ਇਹੋ ਕਹਾਣੀ ਹੈ। ਸੁਪਰੀਮ ਕੋਰਟ ਵਲੋਂ ਇਨ੍ਹਾਂ ਦੇ ਰਹਿਣ-ਸਹਿਣ ਤੇ ਜੀਵਨ ਪੱਧਰ ’ਚ ਸੁਧਾਰ ਲਈ ਸਮੇਂ-ਸਮੇਂ ’ਤੇ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਇਨ੍ਹਾਂ ਦੀ ਹਾਲਤ ਜਿਉਂ ਦੀ ਤਿਉਂ ਹੈ ਤੇ ਉਹ ਆਪਣੇ ਸਾਹਾਂ ਦੀ ਡੋਰ ਫੜੀ ਭੀਖ ਮੰਗਣ ਤੇ ਮੰਦਰਾਂ ’ਚ ਭਜਨ ਗਾਉਣ ਲਈ ਮਜਬੂਰ ਹਨ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa