ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲਿਦਾਨ ਦਿਵਸ ’ਤੇ ਸ਼ਰਧਾ ਦੇ ਫੁੱਲ

09/09/2023 3:38:01 AM

ਅੱਜ ‘ਪੰਜਾਬ ਕੇਸਰੀ ਪੱਤਰ ਸਮੂਹ’ ਦੇ ਸੰਸਥਾਪਕ ਮਾਣਯੋਗ ਪਿਤਾ ਸ਼੍ਰੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਤੋਂ ਵਿਛੜੇ 42 ਸਾਲ ਹੋ ਗਏ ਹਨ। 82 ਸਾਲ ਦੀ ਉਮਰ ’ਚ ਉਨ੍ਹਾਂ ਦੀ ਸ਼ਹਾਦਤ ਹੋਈ। ਉਨ੍ਹਾਂ ਦਾ ਜਨਮ 31 ਮਈ, 1899 ਨੂੰ ਵਜ਼ੀਰਿਸਤਾਨ (ਪਾਕਿਸਤਾਨ) ’ਚ ਮਾਤਾ ਲਾਲ ਦੇਵੀ ਤੇ ਪਿਤਾ ਲਖਮੀ ਦਾਸ ਜੀ ਚੋਪੜਾ ਦੇ ਘਰ ਹੋਇਆ ਅਤੇ ਲਾਲਾ ਜੀ ਉਨ੍ਹਾਂ ਦੀ ਇਕਲੌਤੀ ਔਲਾਦ ਸਨ।

ਪਿਤਾ ਜੀ ਨੇ ਆਪਣੀ ਸ਼ੁਰੂਆਤੀ ਅਤੇ ਮਿਡਲ ਸਿੱਖਿਆ ਲਾਇਲਪੁਰ (ਹੁਣ ਪਾਕਿਸਤਾਨ ’ਚ) ਤੋਂ ਹਾਸਲ ਕੀਤੀ। ਇੱਥੇ ਹੀ ਪਿਤਾ ਜੀ ਨੇ ਪਹਿਲੀ ਵਾਰ ਲਾਲਾ ਲਾਜਪਤ ਰਾਏ ਜੀ ਦਾ ਭਾਸ਼ਣ ਸੁਣ ਕੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨ ਲਿਆ। ਲਾਇਲਪੁਰ ਦੇ ਖਾਲਸਾ ਸਕੂਲ ਤੋਂ 1915 ’ਚ ਦਸਵੀਂ ਦੀ ਪ੍ਰੀਖਆ ਪਾਸ ਕਰ ਕੇ ਬੀ. ਏ. ਦੀ ਪੜ੍ਹਾਈ ਲਈ ਉਨ੍ਹਾਂ ਨੇ 1916 ’ਚ ਲਾਹੌਰ ਆ ਕੇ ਡੀ. ਏ. ਵੀ. ਕਾਲਜ ’ਚ ਦਾਖਲਾ ਲਿਆ ਅਤੇ ਉੱਥੇ ਪੜ੍ਹਾਈ ਦੌਰਾਨ ਕਈ ਮਹਾਨ ਆਗੂਆਂ ਦੇ ਸੰਪਰਕ ’ਚ ਆਏ।

10 ਅਪ੍ਰੈਲ, 1919 ਨੂੰ ਪੰਜਾਬ ਦੇ ਪਲਵਲ ਰੇਲਵੇ ਸਟੇਸ਼ਨ ’ਤੇ ਮਹਾਤਮਾ ਗਾਂਧੀ ਦੀ ਗ੍ਰਿਫਤਾਰੀ ਪਿੱਛੋਂ ਅੰਗ੍ਰੇਜ਼ਾਂ ਵਿਰੁੱਧ ਰੋਸ ਦੀ ਲਹਿਰ ਤੇਜ਼ ਹੋ ਗਈ ਅਤੇ ਅੰਗ੍ਰੇਜ਼ ਸ਼ਾਸਕਾਂ ਨੇ ਨਵਾਂ ਹੁਕਮ ਜਾਰੀ ਕਰ ਕੇ ਹਰ ਵਿਦਿਆਰਥੀ ਲਈ ਦਿਨ ’ਚ 4 ਵਾਰ ਬਰਤਾਨਵੀ ਝੰਡੇ ‘ਯੂਨੀਅਨ ਜੈਕ’ ਨੂੰ ਸਲਾਮੀ ਦੇਣ ਅਤੇ ਆਨਾ-ਕਾਨੀ ਕਰਨ ਵਾਲੇ ਵਿਦਿਆਰਥੀ ਨੂੰ ਸਿੱਧੀ ਗੋਲੀ ਮਾਰ ਦੇਣ ਦਾ ਹੁਕਮ ਦਿੱਤਾ।

ਤਦ ਹੀ ਪਿਤਾ ਜੀ ਦੇ ਮਨ ’ਚ ਬਗਾਵਤ ਦੀ ਚੰਗਿਆੜੀ ਭੜਕ ਉੱਠੀ ਅਤੇ ਉਹ ਆਜ਼ਾਦੀ ਸੰਗਰਾਮ ’ਚ ਕੁੱਦ ਪਏ। ਬੀ. ਏ. ਦੀ ਪ੍ਰੀਖਿਆ ’ਚ ਪਾਸ ਹੋਣ ਪਿੱਛੋਂ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਕਰਨ ਦੀ ਇੱਛਾ ਨਾਲ ਲਾਅ ਕਾਲਜ ਲਾਹੌਰ ’ਚ ਦਾਖਲਾ ਲੈ ਲਿਆ ਪਰ ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਜੁਲਾਈ, 1920 ’ਚ ਵਕਾਲਤ ਦੀ ਪੜ੍ਹਾਈ ਛੱਡ ਕੇ ਸੱਤਿਆਗ੍ਰਹਿ ’ਚ ਸ਼ਾਮਲ ਹੋ ਗਏ।

ਇਸ ਅੰਦੋਲਨ ’ਚ ਹਿੱਸਾ ਲੈਣ ਕਾਰਨ ਪਿਤਾ ਜੀ ਨੂੰ 1921 ’ਚ ਪਹਿਲਾਂ ਲਾਹੌਰ ਕੋਤਵਾਲੀ ਅਤੇ ਫਿਰ ਸੈਂਟਰਲ ਜੇਲ ਲਾਹੌਰ ਭੇਜ ਦਿੱਤਾ ਗਿਆ ਜਿੱਥੇ ਉਹ ਲਾਲਾ ਲਾਜਪਤ ਰਾਏ ਜੀ ਨਾਲ ਰਹੇ।

ਦੇਸ਼ ਦੀ ਵੰਡ ਪਿੱਛੋਂ 1947 ’ਚ ਇਧਰ ਆਉਣ ’ਤੇ ਉਹ 1952 ਤੋਂ 1956 ਤਕ ਪੰਜਾਬ ਦੀ ਪਹਿਲੀ ਸਰਕਾਰ ’ਚ ਸਿੱਖਿਆ, ਟਰਾਂਸਪੋਰਟ ਅਤੇ ਸਿਹਤ ਮੰਤਰੀ ਰਹੇ। ਤਦ ਪੰਜਾਬ ’ਚ ਟਰਾਂਸਪੋਰਟ ਦਾ ਬਹੁਤ ਬੁਰਾ ਹਾਲ ਸੀ ਜਿਸ ਨੂੰ ਸੁਧਾਰਨ ਲਈ ਉਨ੍ਹਾਂ ਨੇ ਇਸ ਦਾ ਰਾਸ਼ਟਰੀਕਰਨ ਕਰ ਦਿੱਤਾ ਜਿਸ ਨਾਲ ਪੰਜਾਬ ਰੋਡਵੇਜ਼ ਹੋਂਦ ’ਚ ਆਈ। ਪਿਤਾ ਜੀ ਨੇ 8ਵੀਂ ਜਮਾਤ ਤਕ ਦੀਆਂ ਸਕੂਲੀ ਪਾਠ-ਪੁਸਤਕਾਂ ਦਾ ਵੀ ਰਾਸ਼ਟਰੀਕਰਨ ਕੀਤਾ, ਤਾਂ ਕਿ ਬੱਚਿਆਂ ਨੂੰ ਸਸਤੀ ਸਿੱਖਿਆ ਮਿਲ ਸਕੇ।

ਉਨ੍ਹਾਂ ਨੇ 1200 ਪ੍ਰਾਇਮਰੀ ਸਕੂਲ ਵੀ ਖੋਲ੍ਹੇ। ਇਸ ਨੂੰ ਵੀ ਬਾਅਦ ’ਚ ਅਨੇਕ ਸੂਬਿਆਂ ਦੀਆਂ ਸਰਕਾਰਾਂ ਨੇ ਅਪਣਾਇਆ। ਪੰਜਾਬ ’ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਖੋਲ੍ਹੇ ਅਤੇ ਆਯੁਰਵੈਦਿਕ ਡਾਕਟਰ ਵੀ ਭਰਤੀ ਕੀਤੇ। ਪੰਜਾਬ ਦੇ ਹਰ ਸ਼ਹਿਰ ’ਚ ਸਿਵਲ ਹਸਪਤਾਲ ਖੋਲ੍ਹਣ ’ਚ ਵੀ ਇਨ੍ਹਾਂ ਦਾ ਯੋਗਦਾਨ ਰਿਹਾ।

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿੱਥੇ ਪੂਜਨੀਕ ਪਿਤਾ ਜੀ ਨੇ ਕਦੀ ‘ਨਾਮਿਲਵਰਤਨ ਅੰਦੋਲਨ’, ‘ਨਮਕ ਸੱਤਿਆਗ੍ਰਹਿ’ ਤਾਂ ਕਦੀ ‘ਭਾਰਤ ਛੱਡੋ ਅੰਦੋਲਨ’ ਆਦਿ ’ਚ ਹਿੱਸਾ ਲੈ ਕੇ ਆਪਣੀ ਜ਼ਿੰਦਗੀ ਦੇ ਕਈ ਸਾਲ ਜੇਲ ’ਚ ਬਿਤਾਏ, ਉੱਥੇ ਹੀ ਦੇਸ਼ ਦੀ ਆਜ਼ਾਦੀ ਪਿੱਛੋਂ ਵੀ 1975 ’ਚ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਤਾਨਾਸ਼ਾਹੀ ਤੇ ਲੋਕਤੰਤਰ ਵਿਰੋਧੀ ਕਾਰਜਾਂ ਵਿਰੁੱਧ ਆਵਾਜ਼ ਉਠਾਉਣ ’ਤੇ 19 ਮਹੀਨਿਆਂ ਲਈ ਜੇਲ ’ਚ ਰਹਿਣਾ ਪਿਆ।

ਇਹੀ ਨਹੀਂ, 1974 ’ਚ ਜਦ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ‘ਪੰਜਾਬ ਕੇਸਰੀ ਗਰੁੱਪ’ ਦੀ ਆਵਾਜ਼ ਦਬਾਉਣ ਲਈ ਇਸ ਦੀ ਬਿਜਲੀ ਕੱਟ ਦਿੱਤੀ ਤਾਂ ਪਿਤਾ ਜੀ ਝੁਕੇ ਨਹੀਂ ਅਤੇ ਸੱਚ ਦੇ ਮਾਰਗ ’ਤੇ ਨਿਰੰਤਰ ਚੱਲਦੇ ਰਹੇ। ‘ਹਿੰਦ ਸਮਾਚਾਰ’ (1948), ‘ਪੰਜਾਬ ਕੇਸਰੀ’ (1965) ਅਤੇ ‘ਜਗ ਬਾਣੀ’ (1978) ਸਥਾਪਿਤ ਕਰਨ ’ਚ ਪਿਤਾ ਜੀ ਦਾ ਹੀ ਪ੍ਰਮੁੱਖ ਯੋਗਦਾਨ ਅਤੇ ਪ੍ਰੇਰਣਾ ਸੀ।

ਪੰਜਾਬ ’ਚ 1978 ਦੇ ਆਸ-ਪਾਸ ਪੈਦਾ ਹੋਏ ਅੱਤਵਾਦ ਦੀ ਉਨ੍ਹਾਂ ਨੇ ਨਾ ਸਿਰਫ ਸ਼ੁਰੂ ਤੋਂ ਹੀ ਚਿਤਾਵਨੀ ਦਿੱਤੀ ਸਗੋਂ ਆਪਣੀਆਂ ਅਖਬਾਰਾਂ ਰਾਹੀਂ ਇਸ ਦਾ ਪੂਰਾ ਵਿਰੋਧ ਕੀਤਾ ਅਤੇ ਇਸੇ ਕਾਰਨ ਉਨ੍ਹਾਂ ਦਾ ਬਲਿਦਾਨ ਹੋਇਆ।

ਨਿਡਰ ਪੱਤਰਕਾਰੀ ਦੇ ਪ੍ਰਤੀਕ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪ੍ਰਾਣਾਂ ਦਾ ਬਲਿਦਾਨ ਕਰਨ ਵਾਲੇ ਪੂਜਨੀਕ ਪਿਤਾ ਜੀ ਇਕ ਆਜ਼ਾਦੀ ਘੁਲਾਟੀਏ ਦੇ ਨਾਲ-ਨਾਲ ਮਹਾਨ ਸਮਾਜ ਸੁਧਾਰਕ ਵੀ ਸਨ ਜਿਨ੍ਹਾਂ ਨੇ ਹਮੇਸ਼ਾ ਦੇਸ਼ ’ਚ ਸ਼ਰਾਬਬੰਦੀ, ਦਾਜ ਰਹਿਤ ਸਾਦੇ ਵਿਆਹਾਂ, ਬਜ਼ੁਰਗਾਂ ਲਈ ਬਿਰਧ ਆਸ਼ਰਮਾਂ ਦੇ ਨਿਰਮਾਣ ਆਦਿ ’ਤੇ ਜ਼ੋਰ ਦਿੱਤਾ।

ਪਿਛਲੇ ਕੁਝ ਸਾਲਾਂ ਵਾਂਗ ਇਸ ਸਾਲ ਵੀ ਉਨ੍ਹਾਂ ਦੇ ਬਲਿਦਾਨ ਦਿਵਸ ’ਤੇ ‘ਪੰਜਾਬ ਕੇਸਰੀ ਸਮੂਹ’ ਵੱਲੋਂ ਲਗਭਗ 169 ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ, ਜਿਨ੍ਹਾਂ ਦੌਰਾਨ ਲਗਭਗ 11,000 ਯੂਨਿਟ ਖੂਨ ਇਕੱਠਾ ਕੀਤਾ ਜਾਵੇਗਾ।

ਪੂਜਨੀਕ ਪਿਤਾ ਜੀ ਦੇ ਬਲਿਦਾਨ ਦਿਵਸ ’ਤੇ 10 ਸਤੰਬਰ ਨੂੰ ‘ਸ਼ਹੀਦ ਪਰਿਵਾਰ ਫੰਡ’ ਦਾ ਅੱਤਵਾਦ ਪੀੜਤ ਪਰਿਵਾਰਾਂ ਲਈ 118ਵਾਂ ਰਾਹਤ ਵੰਡ ਸਮਾਗਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ’ਚ 145 ਪਰਿਵਾਰਾਂ ਨੂੰ 1.27 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਜਦਕਿ ਇਸ ਤੋਂ ਪਹਿਲਾਂ 117 ਸਹਾਇਤਾ ਵੰਡ ਸਮਾਗਮਾਂ ’ਚ 17.39 ਕਰੋੜ ਰੁਪਏ ਦੀ ਰਕਮ 10,240 ਅੱਤਵਾਦ ਪੀੜਤ ਪਰਿਵਾਰਾਂ ਨੂੰ ਵੰਡੀ ਜਾ ਚੁੱਕੀ ਹੈ।

ਅੱਜ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਸੀਂ ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਪੂਜਨੀਕ ਪਿਤਾ ਜੀ ਨੇ ਨਿਡਰ ਪੱਤਰਕਾਰੀ ਦੇ ਜਿਹੜੇ ਆਦਰਸ਼ਾਂ ਨੂੰ ਜੀਵਨ ਭਰ ਨਿਭਾਇਆ, ਉਨ੍ਹਾਂ ’ਤੇ ਚੱਲਣ ਅਤੇ ਕਾਇਮ ਰਹਿਣ ਦੀ ਸਾਡੇ ਪਰਿਵਾਰ ਨੂੰ ਸਮਰੱਥਾ ਦੇਣ। -ਵਿਜੇ ਕੁਮਾਰ

Anmol Tagra

This news is Content Editor Anmol Tagra