ਲੋਕਾਂ ਦੀ ਸੁਰੱਖਿਆ ਨਹੀਂ, ਲਾਭ ਕਮਾਉਣ ਨੂੰ ਪਹਿਲ ਦਿੰਦਾ ਹੈ ਫੇਸਬੁੱਕ

10/25/2021 3:32:59 AM

ਫੇਸਬੁੱਕ ਦੀ ਵਰਤੋਂ ਗੈਰ-ਸਮਾਜਿਕ ਤੱਤਾਂ ਵੱਲੋਂ ਕੀਤੇ ਜਾਣ ਤੋਂ ਲੈ ਕੇ ਲੋਕਾਂ ਦੇ ਵਿਚਾਰਾਂ ਨੂੰ ਜਾਣਬੁੱਝ ਕੇ ਪ੍ਰਭਾਵਿਤ ਕਰਨ ਦੀ ਇਸ ਦੀ ਤਾਕਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾਂਦੀ ਰਹੀ ਹੈ ਅਤੇ ਉਹ ਕਈ ਵਾਰ ਇਨ੍ਹਾਂ ਕਾਰਨਾਂ ਨਾਲ ਵਿਵਾਦਾਂ ’ਚ ਘਿਰ ਚੁੱਕਾ ਹੈ। ਕੁਝ ਹਾਲੀਆ ਖੁਲਾਸੇ ਇਸ ਦੇ ਕੰਮ ਕਰਨ ਦੇ ਢੰਗ ਅਤੇ ਸਰਗਰਮੀਆਂ ਨੂੰ ਲੈ ਕੇ ਚਿੰਤਾ ਨੂੰ ਹੋਰ ਵਧਾ ਰਹੇ ਹਨ, ਜਿਨ੍ਹਾਂ ’ਚੋਂ ਇਕ ਹੈ ਕਿ ਫੇਸਬੁੱਕ ਦੇ ਸੰਚਾਲਕ ਆਪਣੇ ਆਰਥਿਕ ਹਿੱਤਾਂ ਨੂੰ ਵੱਧ ਪਹਿਲ ਦਿੰਦੇ ਹਨ।

ਫੇਸਬੁੱਕ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਤੋਂ ਜਾਪਦਾ ਹੈ ਕਿ ਜਦੋਂ ਦੰਗਾਕਾਰੀਆਂ ਨੇ 6 ਜਨਵਰੀ ਨੂੰ ਅਮਰੀਕਾ ਦੀ ਕੈਪੀਟਲ ਬਿਲਡਿੰਗ ’ਤੇ ਹੱਲਾ ਬੋਲਣਾ ਸ਼ੁਰੂ ਕੀਤਾ ਤਾਂ ‘ਫੇਸਬੁੱਕ’ ਦੇ ਅਧਿਕਾਰੀ ਆਪਣੇ ਐਮਰਜੈਂਸੀ ਉਪਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੇ ਲਈ ਤਿਆਰ ਹੀ ਨਹੀਂ ਸਨ।

ਇਸ ਤੋਂ ਪਹਿਲਾਂ ਫੇਸਬੁੱਕ ਦੀ ਚੀਫ ਆਪ੍ਰੇਟਿੰਗ ਆਫਿਸਰ ਸ਼ੇਰਿਲ ਸੈਂਡਬਰਗ ਦਾ ਕਹਿਣਾ ਸੀ ਕਿ ਕੈਪੀਟਲ ਬਿਲਡਿੰਗ ’ਤੇ ਹੋਈ ਹਿੰਸਾ ਤੱਕ ਲੋਕਾਂ ਨੂੰ ਲੈ ਜਾਣ ਵਾਲੀਆਂ ਘਟਨਾਵਾਂ ’ਚ ਫੇਸਬੁੱਕ ਦੀ ਵੱਡੀ ਭੂਮਿਕਾ ਨਹੀਂ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਸਭ ਵੱਡੇ ਪੱਧਰ ’ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕਾਰਨ ਹੋਇਆ ਸੀ।

ਪਰ ਦਸਤਾਵੇਜ਼ਾਂ ਤੋਂ ਖੁਲਾਸਾ ਹੁੰਦਾ ਹੈ ਕਿ ਦੰਗਿਆਂ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਹੇਟ ਸਪੀਚ ਅਤੇ ਗਲਤ ਸੂਚਨਾਵਾਂ ਦੇ ਧਮਾਕੇ ਨੂੰ ਰੋਕਣ ਦੇ ਲਈ ਫੇਸਬੁੱਕ ਦੇ ਯਤਨਾਂ ’ਚ ਲਾਪ੍ਰਵਾਹੀ ਨਾਲ ਖੁਦ ਉਸ ਦੇ ਮੁਲਾਜ਼ਮਾਂ ’ਚ ਰੋਸ ਪੈਦਾ ਹੋ ਗਿਆ ਸੀ।

ਜਿਨ੍ਹਾਂ ਦਸਤਾਵੇਜ਼ਾਂ ਤੋਂ ਇਹ ਧਮਾਕੇ ਦਾ ਖੁਲਾਸਾ ਹੋਇਆ ਹੈ, ਉਨ੍ਹਾਂ ਨੂੰ ਅਮਰੀਕੀ ਰੈਗੂਲੇਟਰੀਆਂ ਦੇ ਸਾਹਮਣੇ ਪੇਸ਼ ਕਰਨ ਦੇ ਨਾਲ ਹੀ ਫੇਸਬੁੱਕ ‘ਵ੍ਹਿਸਲ ਬਲੋਅਰ’ ਫਰਾਂਸਿਸ ਹਾਊਗੇਨ ਦੇ ਕਾਨੂੰਨੀ ਸਲਾਹਕਾਰ ਨੇ ਸੋਧੇ ਰੂਪ ਨਾਲ ਕਾਂਗਰਸ ਨੂੰ ਵੀ ਦਿੱਤਾ ਸੀ। ਇਹ ਫੇਸਬੁੱਕ ਦੇ ਹਜ਼ਾਰਾਂ ਅੰਦਰੂਨੀ ਮੇਮੋ ’ਚੋਂ ਕੁਝ ਹਨ, ਜਿਨ੍ਹਾਂ ਤੋਂ ਹੋ ਰਹੇ ਖੁਲਾਸਿਆਂ ਤੋਂ ‘ਕੈਂਬ੍ਰਿਜ ਐਨਾਲਿਟਿਕਾ ਸਕੈਂਡਲ’ ਦੇ ਬਾਅਦ ਫੇਸਬੁੱਕ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਪੈਦਾ ਹੋ ਚੁੱਕਾ ਹੈ।

ਹਾਲ ਹੀ ’ਚ ਫਰਾਂਸਿਸ ਹਾਊਗੇਨ ਨੇ ਕਾਂਗਰਸ ’ਚ ਗਵਾਹੀ ਦਿੱਤੀ ਕਿ ਫੇਸਬੁੱਕ ਨਿਯਮਿਤ ਤੌਰ ’ਤੇ ਆਪਣੇ ਯੂਜ਼ਰਸ ਦੀ ਸੁਰੱਖਿਆ ਦੇ ਬਦਲੇ ਲਾਭ ਕਮਾਉਣ ਨੂੰ ਪਹਿਲ ਿਦੰਦਾ ਹੈ ਅਤੇ ਸਮਾਜ ਨੂੰ ਇਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਵੀ ਘੱਟ ਕਰ ਕੇ ਮਿੱਥਦਾ ਹੈ।

ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਨੈੱਟਵਰਕ ਤੁਹਾਨੂੰ ਇਕ ਤਰ੍ਹਾਂ ਦੇ ‘ਵਨ ਆਈਡੀਆ ਬਬਲ’ ਭਾਵ ਇਕ ਹੀ ਤਰ੍ਹਾਂ ਦੀ ਵਿਚਾਰਧਾਰਾ ’ਚ ਫਸਾ ਕੇ ਰੱਖ ਸਕਦੇ ਹਨ।

ਇਕ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ 6 ਜਨਵਰੀ ਨੂੰ ਦੁਪਹਿਰ 2 ਵਜੇ ਤੱਕ ਜਦੋਂ ਦੰਗਾਕਾਰੀਆਂ ਨੇ ਕੈਪੀਟਲ ਬਿਲਡਿੰਗ ਦੀਆਂ ਪੌੜੀਆਂ ’ਤੇ ਪੁਲਸ ਦੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਅਮਰੀਕੀ ਸੀਨੇਟ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਭੰਨ ਦਿੱਤਾ, ਫੇਸਬੁੱਕ ਕੁਝ ਤਜਵੀਜ਼ਤ ਉਪਾਵਾਂ ਨੂੰ ਚਾਲੂ ਹੀ ਨਹੀਂ ਕਰ ਸਕਿਆ ਸੀ।

ਇੰਨਾ ਹੀ ਨਹੀਂ, ਇਕ ਹੋਰ ਮੇਮੋ ਤੋਂ ਪਤਾ ਲੱਗਦਾ ਹੈ ਕਿ ਗਲਤ ਸੂਚਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਉਪਾਵਾਂ ਨੂੰ ਤਿਆਰ ਕਰਨ ਦੇ ਬਾਵਜੂਦ ਲਾਗੂ ਕਰਨ ’ਚ ਇਸ ਲਈ ਦੇਰੀ ਹੋਈ ਕਿਉਂਕਿ ਮੁਲਾਜ਼ਮ ਫੇਸਬੁੱਕ ਦੀ ਪਾਲਿਸੀ ਟੀਮ ਤੋਂ ਇਜਾਜ਼ਤ ਮਿਲਣ ਦੀ ਉਡੀਕ ਕਰ ਰਹੇ ਸਨ।

ਫੇਸਬੁੱਕ ਵੱਲੋਂ ਇਸ ਮਾਮਲੇ ’ਚ ਲਾਪ੍ਰਵਾਹੀ ਨੂੰ ਲੈ ਕੇ ਕੰਪਨੀ ਦੇ ਹੀ ਕਈ ਮੁਲਾਜ਼ਮਾਂ ਨੇ ਹੀ ਰੋਸ ਜ਼ਾਹਿਰ ਕੀਤਾ। ਫੇਸਬੁੱਕ ਦੇ ਅੰਦਰੂਨੀ ਸੋਸ਼ਲ ਨੈੱਟਵਰਕ ’ਤੇ ਉਨ੍ਹਾਂ ਨੇ ਇਸ ਦੇ ਵਿਰੁੱਧ ਖੁੱਲ੍ਹ ਕੇ ਆਪਣੀ ਭੜਾਸ ਕੱਢੀ।

ਇਕ ਮੁਲਾਜ਼ਮ ਨੇ ਲਿਖਿਆ ਕਿ ਉਹ ਕੰਪਨੀ ’ਚ ਆਇਆ ਸੀ ਕਿ ਕੁਝ ਬਦਲਾਅ ਲਿਆ ਸਕੇਗਾ ਪਰ ਇੱਥੇ ਉਸ ਨੇ ਸਿਰਫ ਜ਼ਿੰਮੇਵਾਰੀ ਤੋਂ ਮੂੰਹ ਮੋੜਨ ਦੀ ਨੀਤੀ ਹੀ ਦੇਖੀ। ਇਸ ਲਈ ਇਨ੍ਹਾਂ ਹਾਲਾਤ ’ਚ ਇਕ ਅਜਿਹੀ ਵਿਸ਼ਵਵਿਆਪੀ ਨੀਤੀ ਬਣਾਉਣ ਦੀ ਲੋੜ ਹੈ ਜਿਸ ਦੇ ਅਧੀਨ ਇਸ ਦੀ ਰੋਜ਼ਮੱਰਾ ਨੂੰ ਨੀਤੀਬੱਧ ਕੀਤਾ ਜਾ ਸਕੇ।

ਅਜਿਹੇ ’ਚ ਨਾ ਤਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਤਮ ਕੰਟਰੋਲ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ, ਨਾ ਹੀ ਸਿਆਸੀ ਪਾਰਟੀਆਂ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਸਮਰੱਥ ਹੋ ਸਕਦੀਆਂ ਹਨ ਕਿਉਂਕਿ ਸੋਸ਼ਲ ਮੀਡੀਆ ਦੀ ਪਹੁੰਚ ਇਕ ਸੂਬੇ, ਇਕ ਦੇਸ਼ ਤੋਂ ਬਾਹਰ ਹੈ। ਸ਼ਾਇਦ ਕੌਮਾਂਤਰੀ ਪੱਧਰ ’ਤੇ ਸਹਿਮਤ ਕਾਨੂੰਨਾਂ ਵਾਲਾ ਇਕ ਸੰਗਠਨ ਹੱਲ ਹੋ ਸਕਦਾ ਹੈ।

Bharat Thapa

This news is Content Editor Bharat Thapa