ਔਲਾਦਾਂ ਦੀ ਅਣਦੇਖੀ ਦੇ ਕਾਰਨ ਬਜ਼ੁਰਗ ਜ਼ੁਲਮ ਅਤੇ ਸ਼ੋਸ਼ਣ ਦੇ ਸ਼ਿਕਾਰ

08/27/2020 3:17:45 AM

ਆਰਟੀਕਲ

ਪੁਰਾਣੇ ਸਮੇਂ ’ਚ ਮਾਤਾ-ਪਿਤਾ ਦੇ ਇਕ ਹੀ ਹੁਕਮ ’ਤੇ ਔਲਾਦਾਂ ਸਭ ਕੁਝ ਕਰਨ ਲਈ ਤਿਆਰ ਰਹਿੰਦੀਅਾਂ ਸਨ ਪਰ ਅੱਜ ਕੁਝ ਕੁ ਔਲਾਦਾਂ ਆਪਣੇ ਵਿਆਹ ਦੇ ਬਾਅਦ ਆਪਣੇ ਮਾਤਾ-ਪਿਤਾ ਵਲੋਂ ਅੱਖਾਂ ਹੀ ਫੇਰ ਲੈਂਦੀਅਾਂ ਹਨ।

ਆਮ ਤੌਰ ’ਤੇ ਔਲਾਦਾਂ ਦਾ ਇਕੋ-ਇਕ ਮਕਸਦ ਕਿਸੇ ਵੀ ਤਰ੍ਹਾਂ ਮਾਤਾ-ਪਿਤਾ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ ਅਤੇ ਇਸ ਦੇ ਬਾਅਦ ਉਹ ਉਨ੍ਹਾਂ ਨੂੰ ਘਰੋਂ ਕੱਢਣ ਅਤੇ ਉਨ੍ਹਾਂ ’ਤੇ ਜ਼ੁਲਮ ਕਰਨ ਦੇ ਇਲਾਵਾ ਚੰਦ ਔਲਾਦਾਂ ਤਾਂ ਉਨ੍ਹਾਂ ਦੀ ਹੱਤਿਆ ਤੱਕ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦੀਅਾਂ।

* 17 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਆਪਣੇ ਧੀਅਾਂ-ਪੁੱਤਾਂ ਵਲੋਂ ਦੇਖਭਾਲ ਨਾ ਕਰਨ ਦੇ ਕਾਰਨ ਸਰੀਰ ’ਚ ਕੀੜੇ ਪੈਣ ਨਾਲ 82 ਸਾਲਾ ਬਜ਼ੁਰਗ ਮਹਿੰਦਰ ਕੌਰ ਦੀ ਮੌਤ ਦੇ ਸੰਬੰਧ ’ਚ ‘ਪੰਜਾਬ ਮਹਿਲਾ ਕਮਿਸ਼ਨ’ ਨੇ ਮ੍ਰਿਤਕਾ ਦੇ ਦੋਵਾਂ ਪੁੱਤਰਾਂ ਅਤੇ ਧੀਅਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਦੇ ਵਿਰੁੱਧ ‘ਮੈਂਟੇਨੈਂਸ ਐਂਡ ਵੈੱਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ’ ਐਕਟ ਦੇ ਅਧੀਨ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।

‘ਪਾਵਰਕਾਮ’ ਤੋਂ ਰਿਟਾਇਰ ਮ੍ਰਿਤਕਾ ਦਾ ਵੱਡਾ ਪੁੱਤਰ ਰਾਜਵਿੰਦਰ ਸਿੰਘ ਰਾਜਾ ਕੁਝ ਸਮਾਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ’ਚ ਸ਼ਾਮਲ ਹੋਇਆ ਸੀ, ਜਿਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਦੂਸਰਾ ਪੁੱਤਰ ਬਲਜਿੰਦਰ ਸਿੰਘ ਐਕਸਾਈਜ਼-ਟੈਕਸੇਸ਼ਨ ਵਿਭਾਗ ’ਚ ਕਲਰਕ ਅਤੇ ਪੋਤੀ ਪੂਨਮ ਐੱਸ. ਡੀ. ਐੱਮ. ਹੈ।

* 20 ਅਗਸਤ 2020 ਨੂੰ ਝਾਰਖੰਡ ਦੇ ‘ਰਾਜ ਰਾਏ ਡੀਹ’ ਵਿਚ ਪਵਨਦੇਵ ਦਾਸ ਨਾਂ ਦੇ ਨੌਜਵਾਨ ਨੇ ਆਪਣੇ ਪਿਤਾ ਦੀ ਸਰਕਾਰੀ ਨੌਕਰੀ ’ਚ ਮੌਤ ਦੇ ਬਾਅਦ ਮਿਲੇ ਪੈਸਿਅਾਂ ’ਚੋਂ ਹਿੱਸਾ ਨਾ ਦੇਣ ’ਤੇ ਆਪਣੀ ਵਿਧਵਾ ਮਾਂ ਚੰਦਵਾ ਦੇਵੀ ਦੀ ਹੱਤਿਆ ਕਰ ਦਿੱਤੀ।

* 20 ਅਗਸਤ ਨੂੰ ਹੀ ਪਾਨੀਪਤ ਦੇ ਪਿੰਡ ਰਜ਼ਾਪੁਰ ’ਚ ਇਕ ਪੁੱਤ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਮਾਂ ਨੂੰ ਲੋਹੇ ਦੀ ਛੜ ਨਾਲ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।

* 21 ਅਗਸਤ ਨੂੰ ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਬਡਸਰ ਦੀ ਬਜ਼ੁਰਗ ਔਰਤ ਸ਼ਿਆਮੋ ਦੇਵੀ ਨੇ ਆਪਣੇ ਪੁੱਤ ਅਤੇ ਨੂੰਹ ’ਤੇ ਉਨ੍ਹਾਂ ਦੇ ਨਾਲ ਵਾਰ-ਵਾਰ ਕੁੱਟਮਾਰ ਕਰਨ ਦੀ ਸ਼ਿਕਾਇਤ ਕਰਦੇ ਹੋਏ ਡਿਪਟੀ ਕਮਿਸ਼ਨਰ ਕੋਲੋਂ ਨਿਅਾਂ ਦੀ ਫਰਿਆਦ ਕੀਤੀ ਹੈ।

* 22 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਸੋਨੀਪਤ ’ਚ ਸਰੋਜ ਨਾਂ ਦੀ ਨਰਸ ਵਲੋਂ ਆਪਣੀ 82 ਸਾਲਾ ਸੱਸ ਸੁਖਦੇਈ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋਣ ’ਤੇ ਸਰੋਜ ਅਤੇ ਉਸ ਦੀ ਮਾਂ ਮਮਤਾ ਦੇ ਵਿਰੁੱਧ ਕੇਸ ਦਰਜ ਕਰ ਕੇ ਸਰੋਜ ਨੂੰ ਗ੍ਰਿਫਤਾਰ ਕੀਤਾ ਗਿਆ।

* 23 ਅਗਸਤ ਨੂੰ ਸੋਨੀਪਤ ’ਚ ਗੋਹਾਨਾ ਰੋਡ ਪੁਲਸ ਚੌਕੀ ਦੇ ਬਾਹਰ ਧਰਨੇ ’ਤੇ ਬੈਠੀ ਸ਼ਾਂਤੀ ਦੇਵੀ ਨਾਂ ਦੀ ਬਜ਼ੁਰਗ ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤ-ਨੂੰਹ ਅਤੇ ਪੋਤੇ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ।

* 24 ਅਗਸਤ ਨੂੰ ਅਹਿਮਦਾਬਾਦ ’ਚ ਆਪਣੇ ਪੁੱਤਰ ਜਗਦੀਸ਼ ਦੰਤਾਣੀ ਅਤੇ ਨੂੰਹ ਅਮਿਤਾ ਦੇ ਨਾਲ ਰਹਿਣ ਵਾਲੀ 65 ਸਾਲਾ ਬਜ਼ੁਰਗ ਸ਼ਾਂਤਾ ਦੰਤਾਣੀ ਨੇ ਦੋਵਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ਦਵਾਈ ਲਿਆਉਣ ਲਈ ਪੈਸੇ ਮੰਗਣ ’ਤੇ ਗੁੱਸੇ ’ਚ ਆ ਕੇ ਪੁੱਤ ਅਤੇ ਨੂੰਹ ਨੇ ਉਸ ਨਾਲ ਕੁੱਟਮਾਰ ਕਰ ਕੇ ਲਹੂ-ਲੁਹਾਨ ਕਰ ਕੇ ਘਰ ’ਚੋਂ ਬਾਹਰ ਕੱਢ ਦਿੱਤਾ।

* 25 ਅਗਸਤ ਨੂੰ ਕੌਸ਼ਾਂਬੀ ’ਚ ਇਕ ਪੁੱਤ ਅਤੇ ਨੂੰਹ ਨੇ ਆਪਣੇ ਪਿਤਾ ਨੂੰ ਦੌੜਾ-ਦੌੜਾ ਕੇ ਕੁੱਟਿਆ।

* 26 ਅਗਸਤ ਨੂੰ ਪਾਨੀਪਤ ’ਚ 90 ਸਾਲਾ ਧੰਨਾ ਰਾਮ ਨੇ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਨੂੰਹ ਅਤੇ ਪੋਤੇ ਵਲੋਂ ਉਨ੍ਹਾਂ ਨੂੰ ਸਤਾਉਣ ਅਤੇ ਰੋਟੀ ਨਾ ਦੇਣ ਅਤੇ ਘਰ ਤੋਂ ਕੱਢਣ ਦਾ ਯਤਨ ਕਰਨ ਦਾ ਦੋਸ਼ ਲਗਾਇਆ।

ਇਹ ਘਟਨਾਵਾਂ ਤਾਂ ਸਿਰਫ 9 ਦਿਨਾਂ ਦੀਅਾਂ ਹਨ, ਜੋ ਸਾਡੇ ਨੋਟਿਸ ’ਚ ਆਈਅਾਂ ਹਨ ਅਤੇ ਇਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮੁੱਚੇ ਦੇਸ਼ ’ਚ ਬਜ਼ੁਰਗਾਂ ਨਾਲ ਕਿਸ ਕਦਰ ਅਤੇ ਕਿੰਨੀ ਵੱਡੀ ਗਿਣਤੀ ’ਚ ਜ਼ੁਲਮ ਹੋ ਰਹੇ ਹਨ ਅਤੇ ਹਾਲਤ ਕਿੰਨੀ ਭਿਆਨਕ ਹੈ।

ਇਸ ਲਈ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ 1960 ਦੇ ਦਹਾਕੇ ’ਚ ਬਜ਼ੁਰਗਾਂ ਦੀਅਾਂ ਸਮੱਸਿਆਵਾਂ ਉਜਾਗਰ ਕਰਨ ਲਈ ਲੇਖ ਮਾਲਾ ‘ਜੀਵਨ ਕੀ ਸੰਧਿਆ’ ਸ਼ੁਰੂ ਕੀਤੀ ਅਤੇ ਲੋੜਵੰਦ ਬਜ਼ੁਰਗਾਂ ਦੇ ਰਹਿਣ ਲਈ ਬਿਰਧ ਆਸ਼ਰਮ ਖੋਲ੍ਹਣ ਦੀ ਮੁਹਿੰਮ ਚਲਾਈ ਅਤੇ ਹੁਣ ਦੇਸ਼ ’ਚ ਥਾਂ-ਥਾਂ ਬਿਰਧ ਆਸ਼ਰਮ ਖੋਲ੍ਹੇ ਜਾ ਚੁੱਕੇ ਹਨ।

ਔਲਾਦਾਂ ਵਲੋਂ ਬਜ਼ੁਰਗ ਮਾਤਾ-ਪਿਤਾ ਦੇ ਸ਼ੋਸ਼ਣ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ 2002 ’ਚ ‘ਬਿਰਧ ਮਾਤਾ-ਪਿਤਾ ਅਤੇ ਆਸ਼ਰਿਤ ਪਾਲਣ-ਪੋਸ਼ਣ ਕਾਨੂੰਨ’ ਬਣਾਇਆ ਸੀ। ਇਸ ਦੇ ਤਹਿਤ ਪੀੜਤ ਮਾਤਾ-ਪਿਤਾ ਨੂੰ ਸੰਬੰਧਤ ਜ਼ਿਲਾ ਮੈਜਿਸਟ੍ਰੇਟ ਦੇ ਕੋਲ ਸ਼ਿਕਾਇਤ ਕਰਨ ਦਾ ਅਧਿਕਾਰ ਦਿੱਤਾ ਗਿਆ ਤੇ ਦੋਸ਼ੀ ਪਾਏ ਜਾਣ ’ਤੇ ਔਲਾਦ ਨੂੰ ਮਾਤਾ-ਪਿਤਾ ਦੀ ਜਾਇਦਾਦ ਤੋਂ ਵਾਂਝਾ ਕਰਨ, ਸਰਕਾਰੀ ਜਾਂ ਜਨਤਕ ਖੇਤਰ ਦੀਅਾਂ ਨੌਕਰੀਅਾਂ ਨਾ ਦੇਣ ਅਤੇ ਉਨ੍ਹਾਂ ਦੀ ਤਨਖਾਹ ’ਚੋਂ ਢੁੱਕਵੀਂ ਰਕਮ ਕੱਟ ਕੇ ਮਾਤਾ-ਪਿਤਾ ਨੂੰ ਦੇਣ ਦੀ ਵਿਵਸਥਾ ਹੈ।

ਬਾਅਦ ’ਚ ਕੇਂਦਰ ਸਰਕਾਰ ਤੇ ਕੁਝ ਹੋਰ ਸੂਬਾ ਸਰਕਾਰਾਂ ਨੇ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਹਨ ਪਰ ਬਜ਼ੁਰਗਾਂ ਨੂੰ ਉਨ੍ਹਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਇਨ੍ਹਾਂ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਇਸ ਲਈ ਇਨ੍ਹਾਂ ਕਾਨੂੰਨਾਂ ਦੇ ਬਾਰੇ ’ਚ ਬਜ਼ੁਰਗਾਂ ਨੂੰ ਜਾਣਕਾਰੀ ਮੁਹੱਈਆ ਕਰਨ ਲਈ ਇਨ੍ਹਾਂ ਦਾ ਉਚਿਤ ਪ੍ਰਚਾਰ ਕਰਨ ਦੀ ਵੀ ਲੋੜ ਹੈ।

ਆਖਿਰ ਔਲਾਦਾਂ ਕਿਉਂ ਨਹੀਂ ਸੋਚਦੀਅਾਂ ਕਿ ਜਿਹੜੇ ਮਾਂ-ਬਾਪ ਨੇ ਉਨ੍ਹਾਂ ਨੂੰ ਪਾਲ-ਪੋਸ ਅਤੇ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ, ਜ਼ਿੰਦਗੀ ਦੀ ਸ਼ਾਮ ’ਚ ਬਜ਼ੁਰਗਾਂ ਨੂੰ ਉਨ੍ਹਾਂ ਦੇ ਸਹਾਰੇ ਦੀ ਲੋੜ ਪੈਣ ’ਤੇ ਉਹ ਉਨ੍ਹਾਂ ਨੂੰ ਬੇਸਹਾਰਾ ਕਿਉਂ ਛੱਡ ਦਿੰਦੇ ਹਨ? ਸ਼ਾਇਦ ਉਹ ਭੁੱਲ ਗਏ ਹਨ ਕਿ ਅੱਜ ਉਹ ਜੋ ਸਲੂਕ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹਨ, ਕੱਲ ਨੂੰ ਉਹੀ ਸਲੂਕ ਉਨ੍ਹਾਂ ਦੀਅਾਂ ਔਲਾਦਾਂ ਉਨ੍ਹਾਂ ਨਾਲ ਕਰਨਗੀਅਾਂ।

ਇਸ ਲਈ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਅਾਂ ਦੇ ਨਾਂ ਜ਼ਰੂਰ ਕਰ ਦੇਣ ਪਰ ਉਨ੍ਹਾਂ ਦੇ ਨਾਂ ਟਰਾਂਸਫਰ ਨਾ ਕਰਨ। ਅਜਿਹਾ ਕਰ ਕੇ ਉਹ ਆਪਣੀ ਜ਼ਿੰਦਗੀ ਦੀ ਸ਼ਾਮ ’ਚ ਆਉਣ ਵਾਲੀਅਾਂ ਅਨੇਕਾਂ ਪ੍ਰੇਸ਼ਾਨੀਅਾਂ ਤੋਂ ਬਚ ਸਕਦੇ ਹਨ ਪਰ ਆਮ ਤੌਰ ’ਤੇ ਉਹ ਮੋਹ ਦੇ ਵਸ ਇਹ ਭੁੱਲ ਕਰ ਬੈਠਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ’ਚ ਭੁਗਤਨਾ ਪੈਂਦਾ ਹੈ।

–ਵਿਜੇ ਕੁਮਾਰ

Bharat Thapa

This news is Content Editor Bharat Thapa