ਚੋਣਾਂ 25 ਜੁਲਾਈ ਨੂੰ, ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਦਾਗ਼ੀ ''''ਇਹ ਹੈ ਪਾਕਿਸਤਾਨ ਪਿਆਰੇ''''

07/10/2018 6:07:02 AM

ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨ ਦਾ ਇਤਿਹਾਸ ਖੂਨ ਨਾਲ ਲਿੱਬੜਿਆ ਰਿਹਾ ਹੈ। ਉਥੇ ਸੱਤਾ 'ਚ ਆਉਣ ਵਾਲੇ ਸ਼ਾਸਕ ਇਸ ਦੇ ਸੰਵਿਧਾਨ ਨੂੰ ਆਪਣੀ ਮਰਜ਼ੀ ਨਾਲ ਤੋੜਦੇ-ਮਰੋੜਦੇ ਆ ਰਹੇ ਹਨ, ਜਿਸ ਕਾਰਨ ਦੇਸ਼ ਅਸਥਿਰਤਾ ਦਾ ਸ਼ਿਕਾਰ ਹੈ। 
ਪਾਕਿਸਤਾਨ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਇਸ ਦੇ ਨਿਰਮਾਤਾ ਮੁਹੰਮਦ ਅਲੀ ਜਿੱਨਾਹ ਦੀ ਮੌਤ ਮਗਰੋਂ ਉਥੇ ਹਿੰਸਾ ਤੇ ਸਿਆਸੀ ਕਤਲਾਂ ਦਾ ਜੋ ਦੌਰ ਸ਼ੁਰੂ ਹੋਇਆ, ਉਹ ਅਜੇ ਤਕ ਰੁਕਣ 'ਚ ਨਹੀਂ ਆਇਆ।
ਇਸ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ 16 ਅਕਤੂਬਰ 1951 ਨੂੰ ਹੱਤਿਆ ਕਰ ਦਿੱਤੀ ਗਈ, ਸਿਕੰਦਰ ਮਿਰਜ਼ਾ ਨੂੰ ਦੇਸ਼-ਨਿਕਾਲਾ ਦਿੱਤਾ ਗਿਆ, ਜ਼ੁਲਿਫਕਾਰ ਅਲੀ ਭੁੱਟੋ ਨੂੰ 4 ਅਪ੍ਰੈਲ 1979 ਨੂੰ ਫਾਂਸੀ ਦਿੱਤੀ ਗਈ, ਫੌਜ ਦੇ ਮੁਖੀ ਤੋਂ ਰਾਸ਼ਟਰਪਤੀ ਬਣੇ ਜ਼ਿਆ-ਉਲ-ਹੱਕ ਦੀ 17 ਅਗਸਤ 1988 ਨੂੰ ਇਕ ਹਵਾਈ ਹਾਦਸੇ 'ਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਅਤੇ ਬੇਨਜ਼ੀਰ ਭੁੱਟੋ ਦੀ 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। 
ਉਥੇ ਪਹਿਲੀ ਵਾਰ ਪੂਰਨ ਬਹੁਮਤ ਨਾਲ 1997 'ਚ ਚੁਣੀ ਗਈ 'ਪਾਕਿਸਤਾਨ ਮੁਸਲਿਮ ਲੀਗ (ਨਵਾਜ਼)' ਦੇ ਨੇਤਾ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ 1999 'ਚ ਪ੍ਰਵੇਜ਼ ਮੁਸ਼ੱਰਫ ਨੇ ਪਲਟ ਦਿੱਤਾ, ਜੋ ਖੁਦ ਹੁਣ ਦੁਬਈ 'ਚ ਜਲਾਵਤਨੀ ਝੱਲ ਰਿਹਾ ਹੈ।
ਨਵਾਜ਼ ਸ਼ਰੀਫ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਇਕ ਵਾਰ ਵੀ ਕਾਰਜਕਾਲ ਪੂਰਾ ਨਹੀਂ ਕਰ ਸਕੇ। ਆਖਰੀ ਮਾਮਲੇ 'ਚ 28 ਜੁਲਾਈ 2017 ਨੂੰ ਉਨ੍ਹਾਂ 'ਤੇ ਯੂ. ਏ. ਈ. 'ਚ ਸਥਿਤ ਆਪਣੇ ਬੇਟੇ ਦੀ ਕੰਪਨੀ ਤੋਂ ਮਿਲੀ ਤਨਖਾਹ ਦਾ ਐਲਾਨ ਨਾ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਯੋਗ ਠਹਿਰਾਇਆ ਗਿਆ ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।
ਅਤੇ ਹੁਣ ਇਕ ਵਾਰ ਫਿਰ ਪਾਕਿਸਤਾਨ 'ਚ ਕੌਮੀ ਅਸੈਂਬਲੀ ਤੇ ਸੂਬਾਈ ਵਿਧਾਨ ਸਭਾਵਾਂ ਦੀਆਂ 849 ਸੀਟਾਂ ਲਈ 25 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਇਨ੍ਹਾਂ ਚੋਣਾਂ 'ਚ ਵੱਖ-ਵੱਖ ਧਾਰਮਿਕ ਪਾਰਟੀਆਂ ਨੇ ਵੀ 460 ਤੋਂ ਜ਼ਿਆਦਾ ਉਮੀਦਵਾਰ ਉਤਾਰੇ ਹਨ, ਜੋ ਇਕ ਰਿਕਾਰਡ ਹੈ ਤੇ ਸਾਰੇ ਧਾਰਮਿਕ ਸੰਗਠਨ ਮੌਲਾਨਾ ਫਜ਼ਲੁਰ ਰਹਿਮਾਨ ਦੀ ਅਗਵਾਈ ਵਾਲੇ 'ਮੁਤਾਹਿਦਾ ਮਜਲਿਸ-ਏ-ਅਮਲ' (ਐੱਮ. ਐੱਮ. ਏ.) ਦੇ ਝੰਡੇ ਹੇਠ ਇਕੱਠੇ ਹੋ ਗਏ ਹਨ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਤੇ ਚੋਣਾਂ ਲੜਨ ਦੇ ਅਯੋਗ ਐਲਾਨੇ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜੋ ਇਸ ਸਮੇਂ ਲੰਡਨ 'ਚ ਹਨ, ਨੂੰ ਪਾਕਿਸਤਾਨ ਸੁਪਰੀਮ ਕੋਰਟ ਨੇ 6 ਜੁਲਾਈ ਨੂੰ 10 ਸਾਲ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। 
ਚੋਣਾਂ ਤੋਂ 17 ਦਿਨ ਪਹਿਲਾਂ 8 ਜੁਲਾਈ ਨੂੰ ਪਾਕਿਸਤਾਨ ਸੁਪਰੀਮ ਕੋਰਟ ਨੇ ਜਾਅਲੀ ਬੈਂਕ ਖਾਤਿਆਂ ਦੇ ਮਾਮਲੇ 'ਚ ਤਾਜ਼ਾ ਖੁਲਾਸੇ ਮਗਰੋਂ ਸਾਬਕਾ ਰਾਸ਼ਟਰਪਤੀ ਤੇ 'ਪਾਕਿਸਤਾਨ ਪੀਪਲਜ਼ ਪਾਰਟੀ' (ਪੀ. ਪੀ. ਪੀ.) ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਦੀ ਵਿਦੇਸ਼ ਯਾਤਰਾ 'ਤੇ ਰੋਕ ਲਾ ਦਿੱਤੀ ਹੈ।
ਜ਼ਰਦਾਰੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਕ ਔਰਤ ਸਮੇਤ 7 ਵਿਅਕਤੀਆਂ ਦੇ ਨਾਂ 'ਤੇ 29 ਬੈਂਕ ਖਾਤੇ ਖੋਲ੍ਹੇ, ਜਿਨ੍ਹਾਂ ਵਿਚੋਂ 18-19 ਖਾਤੇ ਤਾਂ 'ਸਮਿੱਟ ਬੈਂਕ' ਵਿਚ ਹੀ ਹਨ, ਜਿਨ੍ਹਾਂ 'ਚ ਅਰਬਾਂ ਰੁਪਏ ਜਮ੍ਹਾ ਹਨ। 
ਇਸੇ ਦਿਨ ਪਾਕਿਸਤਾਨ ਦੇ 'ਕੌਮੀ ਜਵਾਬਦੇਹੀ ਬਿਊਰੋ' (ਐੱਨ. ਏ. ਬੀ. ਜਾਂ ਨੈਬ) ਨੇ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪ੍ਰਵੇਜ਼ ਮੁਸ਼ੱਰਫ ਤੇ ਉਸ ਦੀ ਪਤਨੀ ਦੇ ਨਾਂ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ 10 ਜੁਲਾਈ ਨੂੰ ਰਾਵਲਪਿੰਡੀ ਦੇ ਦਫਤਰ 'ਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।
'ਨੈਬ' ਅਨੁਸਾਰ ਮੁਸ਼ੱਰਫ ਜੋੜੇ ਦੇ ਕੀਤੇ ਹੋਏ ਅਪਰਾਧਾਂ ਦੀ ਪਛਾਣ ਕਰ ਲਈ ਗਈ ਹੈ, ਇਸ ਲਈ ਉਹ ਆਪਣੀਆਂ ਖਰੀਦੀਆਂ ਹੋਈਆਂ 10 ਜਾਇਦਾਦਾਂ ਦਾ ਸਪੱਸ਼ਟੀਕਰਨ ਦੇਣ।
ਇਕ ਹੋਰ ਘਟਨਾ 'ਚ ਨਵਾਜ਼ ਦੇ ਜਵਾਈ ਮੁਹੰਮਦ ਸਫਦਰ ਨੂੰ ਸ਼ਰੀਫ ਪਰਿਵਾਰ ਦੀਆਂ ਜਾਇਦਾਦਾਂ ਸਬੰਧੀ ਮਾਮਲੇ ਵਿਚ 'ਨੈਬ' ਨੇ ਗ੍ਰਿਫਤਾਰ ਕਰ ਲਿਆ ਪਰ ਉਸ ਤੋਂ ਛੇਤੀ ਬਾਅਦ ਹੀ ਉਨ੍ਹਾਂ ਨੂੰ ਪਤਨੀ ਮਰੀਅਮ ਨਾਲ ਜ਼ਮਾਨਤ ਮਿਲ ਗਈ ਪਰ ਅਗਲੇ ਦਿਨ 9 ਜੁਲਾਈ ਨੂੰ ਸਫਦਰ ਨੂੰ ਗ੍ਰਿਫਤਾਰ ਕਰ ਕੇ ਅਦਿਆਲਾ ਜੇਲ 'ਚ ਭੇਜ ਦਿੱਤਾ ਗਿਆ।
ਜਿਥੇ ਚੋਣ ਮੈਦਾਨ 'ਚ ਉਤਰੀਆਂ ਦੋਹਾਂ ਵੱਡੀਆਂ ਪਾਰਟੀਆਂ 'ਪੀ. ਪੀ. ਪੀ.' ਤੇ 'ਪੀ. ਐੱਮ. ਐੱਲ. (ਐੱਨ.)' ਦੇ ਨੇਤਾਵਾਂ ਆਸਿਫ ਅਲੀ ਜ਼ਰਦਾਰੀ, ਨਵਾਜ਼ ਸ਼ਰੀਫ ਆਦਿ ਨੂੰ ਵੱਖ-ਵੱਖ ਉਲਟ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਾਬਕਾ ਕ੍ਰਿਕਟਰ ਇਮਰਾਨ ਖਾਨ ਤੇ ਉਨ੍ਹਾਂ ਦੀ 'ਤਹਿਰੀਕ-ਏ-ਇਨਸਾਫ ਪਾਰਟੀ' ਦੀ ਹਾਲਤ ਵੀ ਕੋਈ ਚੰਗੀ ਨਹੀਂ।
ਜਿਥੇ ਆਪਣੀ ਸਾਖ ਬਚਾਉਣ ਲਈ ਉਹ ਚਾਰ ਜਗ੍ਹਾ ਤੋਂ ਚੋਣਾਂ ਲੜ ਰਹੇ ਹਨ, ਉਥੇ ਹੀ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਖਾਨ ਵਲੋਂ ਆਪਣੀ ਛੇਤੀ ਛਪਣ ਵਾਲੀ ਕਿਤਾਬ 'ਚ ਉਨ੍ਹਾਂ ਵਿਰੁੱਧ ਸਮਲਿੰਗਤਾ ਆਦਿ ਦੇ ਲਾਏ ਗਏ ਵੱਖ-ਵੱਖ ਦੋਸ਼ਾਂ ਕਾਰਨ ਇਮਰਾਨ ਖਾਨ ਦੇ ਅਕਸ ਨੂੰ ਭਾਰੀ ਠੇਸ ਲੱਗੀ ਹੈ। ਬੀਤੇ ਦਿਨੀਂ ਜਦੋਂ ਉਹ ਇਸਲਾਮਾਬਾਦ 'ਚ ਪਾਰਟੀ ਦੀ ਸਭਾ 'ਚ ਹਿੱਸਾ ਲੈਣ ਗਏ ਤਾਂ ਉਥੇ ਲੋਕਾਂ ਨੇ ਨਵਾਜ਼ ਸ਼ਰੀਫ ਦੇ ਪੱਖ 'ਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਉਕਤ ਤਿੰਨ ਪਾਰਟੀਆਂ ਤੇ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਤੋਂ ਇਲਾਵਾ 'ਮੁਤਾਹਿਦਾ ਕੌਮੀ ਮੂਵਮੈਂਟ' ਨਾਮੀ ਪਾਰਟੀ ਵੀ ਮੈਦਾਨ 'ਚ ਹੈ, ਜਿਸ ਦੇ ਨੇਤਾ ਖਾਲਿਦ ਮਕਬੂਲ ਸਿੱਦੀਕੀ ਵੀ ਕਈ ਦੋਸ਼ਾਂ 'ਚ ਘਿਰੇ ਹੋਏ ਹਨ। 
ਅਜਿਹੇ ਮਾਹੌਲ 'ਚ ਜਦੋਂ ਪਾਕਿਸਤਾਨ ਦੀ ਸਿਆਸਤ ਦਾ ਬੁਰਾ ਹਾਲ ਹੈ, ਬਦਹਾਲੀ ਦੇ ਸ਼ਿਕਾਰ ਲੋਕਾਂ ਨੂੰ ਇਨ੍ਹਾਂ ਤੋਂ ਕੀ ਹਾਸਲ ਹੋਵੇਗਾ, ਇਹ ਕਹਿਣਾ ਮੁਸ਼ਕਿਲ ਹੈ। ਲੋਕਾਂ ਸਾਹਮਣੇ ਬਹੁਤ ਦੁਚਿੱਤੀ ਵਾਲੀ ਸਥਿਤੀ ਹੈ ਕਿ ਉਹ ਵੋਟ ਪਾਉਣ ਤਾਂ ਕਿਸ ਨੂੰ, ਕਿਉਂਕਿ ਉਥੇ ਤਾਂ ਸਿਆਸਤ ਦੇ ਹਮਾਮ 'ਚ ਸਾਰੇ ਨੰਗੇ ਹਨ ਤੇ ਭ੍ਰਿਸ਼ਟਾਚਾਰ ਦੀ ਦਲਦਲ 'ਚ ਗਲ਼ ਤਕ ਧਸੇ ਹੋਏ ਹਨ।                                               
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra