ਚੋਣਾਂ ਪੈਸਾ ਅਤੇ ਮਾਲ ਖੁਆਉਣ ਨਾਲ ਨਹੀਂ, ਵੋਟਰਾਂ ਦਾ ਵਿਸ਼ਵਾਸ ਜਿੱਤ ਕੇ ਜਿੱਤੀਆਂ ਜਾਂਦੀਆਂ ਹਨ : ਗਡਕਰੀ

07/26/2023 3:41:14 AM

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਆਪਣੇ ਕੰਮ ਅਤੇ ਬੇਬਾਕ ਬਿਆਨਾਂ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਉਹ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਤਰੁੱਟੀਆਂ ਬਾਰੇ ਵੀ ਸੁਚੇਤ ਕਰਦੇ ਰਹਿੰਦੇ ਹਨ।

ਇਸੇ ਸਿਲਸਿਲੇ ’ਚ ਉਨ੍ਹਾਂ ਨੇ 23 ਜੁਲਾਈ ਨੂੰ ਮੁੰਬਈ ’ਚ ‘ਮਹਾਰਾਸ਼ਟਰ ਰਾਜਯ ਸ਼ਿਕਸ਼ਕ ਪ੍ਰੀਸ਼ਦ’ ਦੇ ਪ੍ਰੋਗਰਾਮ ’ਚ ਚੋਣ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣ ਦੀ ਨਿਰਾਰਥਕਤਾ ’ਤੇ ਬੋਲਦੇ ਹੋਏ ਕਿਹਾ :

‘‘ਚੋਣਾਂ ਦੌਰਾਨ ਪ੍ਰਚਾਰ ਲਈ ਵੱਡੇ-ਵੱਡੇ ਹੋਰਡਿੰਗ ਲਗਾਏ ਜਾਂਦੇ ਹਨ। ਕਈ ਲੋਕ ਵੋਟਰਾਂ ਨੂੰ ਪੈਸਾ ਖੁਆਉਂਦੇ ਹਨ ਪਰ ਮੇਰਾ ਮੰਨਣਾ ਹੈ ਕਿ ਚੋਣਾਂ ਸਿਰਫ ਲੋਕਾਂ ’ਚ ਵਿਸ਼ਵਾਸ ਪੈਦਾ ਕਰ ਕੇ ਹੀ ਜਿੱਤੀਆਂ ਜਾਂਦੀਆਂ ਹਨ। ਵੋਟਰ ਬਹੁਤ ਹੁਸ਼ਿਆਰ ਹੁੰਦੇ ਹਨ। ਉਹ ਖਾਂਦੇ ਸਭ ਦਾ ਹਨ ਪਰ ਵੋਟ ਉਸੇ ਨੂੰ ਦਿੰਦੇ ਹਨ ਜਿਸ ਨੂੰ ਉਨ੍ਹਾਂ ਨੇ ਦੇਣੀ ਹੁੰਦੀ ਹੈ।’’

ਇਸ ਬਾਰੇ ਆਪਣਾ ਤਜਰਬਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘‘ਇਕ ਵਾਰ ਮੈਂ ਲੋਕਾਂ ਦਰਮਿਆਨ ਇਕ-ਇਕ ਕਿਲੋ ਮਟਨ ਵੰਡਵਾਇਆ ਪਰ ਫਿਰ ਵੀ ਮੈਂ ਚੋਣ ਹਾਰ ਗਿਆ ਸੀ ਕਿਉਂਕਿ ਅੱਜ ਦਾ ਵੋਟਰ ਬਹੁਤ ਜਾਗਰੂਕ ਹੈ।’’

ਉਨ੍ਹਾਂ ਨੇ ਇਹ ਵੀ ਕਿਹਾ ਕਿ ‘‘ਕਈ ਲੋਕ ਮੈਨੂੰ ਕਹਿੰਦੇ ਹਨ ਕਿ ਸਾਨੂੰ ਐੱਮ. ਪੀ. ਦੀ ਟਿਕਟ ਦੇ ਦਿਓ। ਉਹ ਨਹੀਂ ਤਾਂ ਵਿਧਾਇਕ ਦੀ ਟਿਕਟ ਦੇ ਦਿਓ। ਨਹੀਂ ਤਾਂ ਐੱਮ. ਐੱਲ. ਸੀ. ਬਣਵਾ ਦਿਓ। ਇਹ ਨਹੀਂ ਤਾਂ ਕੋਈ ਕਮਿਸ਼ਨ ਦੇ ਦਿਓ।’’

‘‘ਇਹ ਸਭ ਵੀ ਨਹੀਂ ਤਾਂ ਮੈਡੀਕਲ ਕਾਲਜ ਹੀ ਦੇ ਦਿਓ। ਮੈਡੀਕਲ ਕਾਲਜ ਨਹੀਂ ਤਾਂ ਇੰਜੀਨੀਅਰਿੰਗ ਕਾਲਜ ਜਾਂ ਫਿਰ ਬੀ. ਐੱਡ ਕਾਲਜ ਤਾਂ ਦੇ ਹੀ ਦਿਓ। ਇਹ ਵੀ ਨਹੀਂ ਤਾਂ ਪ੍ਰਾਇਮਰੀ ਸਕੂਲ ਦੇ ਦਿਓ। ਇਸ ਨਾਲ ਮਾਸਟਰ ਦੀ ਅੱਧੀ ਤਨਖਾਹ ਸਾਨੂੰ ਮਿਲ ਜਾਵੇਗੀ।’’

ਉਕਤ ਬਿਆਨ ਨਾਲ ਸ਼੍ਰੀ ਗਡਕਰੀ ਨੇ ਸਾਰੇ ਦਲਾਂ ਦੇ ਚੋਣ ਉਮੀਦਵਾਰਾਂ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਉਹ ਲੋਭ ਅਤੇ ਸੱਤਾ ਲਾਲਸਾ ਦੀ ਸਿਆਸਤ ਕਰਨ ਦੀ ਥਾਂ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤ ਕੇ ਦੇਸ਼ ਦੀ ਸੇਵਾ ਕਰਨ।

-ਵਿਜੇ ਕੁਮਾਰ

Mukesh

This news is Content Editor Mukesh