ਪੰਜ ਸੂਬਿਅਾਂ ਦੇ ਚੋਣ ਨਤੀਜੇ ਕਾਂਗਰਸ ਦੀ ਜਿੱਤ ਅਤੇ ਭਾਜਪਾ ਵਿਰੁੱਧ ਗੁੱਸਾ

12/12/2018 7:31:45 AM

ਦੇਸ਼ ਦੇ 5 ਸੂਬਿਅਾਂ ਦੀਅਾਂ ਚੋਣਾਂ ਨੂੰ 2019 ਦੀਅਾਂ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਮੱਧ  ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਇਸ ਸਮੇਂ ਭਾਜਪਾ, ਮਿਜ਼ੋਰਮ ’ਚ ਕਾਂਗਰਸ ਅਤੇ ਤੇਲੰਗਾਨਾ ’ਚ ਟੀ. ਆਰ. ਐੱਸ. ਦੀਆਂ ਸਰਕਾਰਾਂ ਹਨ। 
  ਕੌਮੀ ਸਿਆਸਤ ’ਚ ਪੱਛੜ ਚੁੱਕੀ ਕਾਂਗਰਸ ਨੇ ਇਸ ਵਾਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੌਮੀ ਮੁੱਖ ਧਾਰਾ ਵਾਲੀ ਸਿਆਸਤ ’ਚ ਪਰਤਣ ਲਈ ਪੂਰਾ ਜ਼ੋਰ ਲਾਇਆ ਅਤੇ ਤਿੰਨਾਂ ਸੂਬਿਅਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਭਾਜਪਾ ਨੂੰ ਸਖਤ ਚੁਣੌਤੀ ਦਿੱਤੀ। ਆਖਰੀ ਖਬਰ ਮਿਲਣ ਤਕ ਪੰਜਾਂ ਸੂਬਿਆਂ ਦੀ ਸਥਿਤੀ ਹੇਠਾਂ ਲਿਖੇ ਅਨੁਸਾਰ ਹੈ :
ਛੱਤੀਸਗੜ੍ਹ  ਵਿਧਾਨ ਸਭਾ ’ਚ ਭਾਜਪਾ ਨੂੰ 2013 ਵਿਚ 49 ਅਤੇ ਕਾਂਗਰਸ ਨੂੰ 39 ਸੀਟਾਂ ਮਿਲੀਆਂ ਸਨ। ਇਸ  ਵਾਰ ਕਾਂਗਰਸ ਨੂੰ ਭਰੋਸਾ ਸੀ ਕਿ ਇਥੇ ਵੀ ਇਸ ਨੂੰ ਸੱਤਾ ਵਿਰੋਧੀ ਲਹਿਰ ਦਾ ਲਾਭ ਮਿਲੇਗਾ  ਤੇ ਹੋਇਆ ਵੀ ਅਜਿਹਾ ਹੀ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਭਾਰੀ ਹਾਰ ਦੇ ਕੇ ਕਾਂਗਰਸ  ਨੇ ਸੱਤਾ ਵਿਚ ਧਮਾਕੇਦਾਰ ਵਾਪਸੀ ਕੀਤੀ ਹੈ ਅਤੇ ਇਥੇ ਕਾਂਗਰਸ 68 ਸੀਟਾਂ ’ਤੇ ਅਤੇ ਭਾਜਪਾ 15 ਸੀਟਾਂ ’ਤੇ ਲੀਡ ਕਰ ਰਹੀ ਹੈ।
ਰਾਜਸਥਾਨ ਵਿਧਾਨ ਸਭਾ ’ਚ 199 ਸੀਟਾਂ ਲਈ ਵੋਟਿੰਗ  ਹੋਈ। 2013 ਦੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ  ਉਸ ਨੂੰ ਸਿਰਫ 21 ਸੀਟਾਂ ਹੀ ਮਿਲੀਆਂ ਸਨ ਪਰ ਇਸ ਵਾਰ ਰਾਜਸਥਾਨ ਵਿਚ ਕਾਂਗਰਸ ਉਥੇ ਸਭ  ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਥੇ ਕਾਂਗਰਸ ਨੇ ਸਹਿਯੋਗੀ ਦਲ ਨਾਲ ਮਿਲ ਕੇ 100 ਸੀਟਾਂ ਜਿੱਤ ਲਈਅਾਂ ਹਨ ਅਤੇ ਭਾਜਪਾ 73 ਸੀਟਾਂ ’ਤੇ ਸਿਮਟ ਗਈ ਹੈ। 
ਮੱਧ ਪ੍ਰਦੇਸ਼ ’ਚ 2013 ਵਿਚ  ਭਾਜਪਾ ਨੂੰ 165 ਸੀਟਾਂ ਮਿਲੀਆਂ ਸਨ ਅਤੇ ਸ਼ਿਵਰਾਜ ਸਿੰਘ ਚੌਹਾਨ ਤੀਸਰੀ ਵਾਰ ਮੁੱਖ ਮੰਤਰੀ  ਬਣੇ ਸਨ ਜਦਕਿ ਕਾਂਗਰਸ ਨੂੰ 58 ਸੀਟਾਂ ’ਤੇ ਹੀ ਸਬਰ ਕਰਨਾ ਪਿਆ ਸੀ। ਇਸ ਵਾਰ ਭਾਜਪਾ  ਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੁੰਦਾ ਦਿਖਾਈ ਦਿੱਤਾ। ਆਖਰੀ ਖਬਰ ਮਿਲਣ ਤਕ ਇਥੇ ਕਾਂਗਰਸ 114 ਸੀਟਾਂ ’ਤੇ ਅਤੇ ਭਾਜਪਾ 109 ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਤੇਲੰਗਾਨਾ ਪਹਿਲਾਂ ਅਾਂਧਰਾ ਪ੍ਰਦੇਸ਼ ਦੇ ਨਾਲ ਹੀ ਸੀ। 2014 ’ਚ ਵੰਡ ਤੋਂ ਬਾਅਦ ਤੇਲੰਗਾਨਾ ਦੇ ਹਿੱਸੇ ’ਚ 119 ਸੀਟਾਂ ਆਈਅਾਂ। ਇਨ੍ਹਾਂ ’ਚ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਨੂੰ 90 ਸੀਟਾਂ ਤੇ ਕਾਂਗਰਸ ਦੇ ਹਿੱਸੇ ਸਿਰਫ 13 ਸੀਟਾਂ ਆਈਅਾਂ ਸਨ ਅਤੇ ਟੀ. ਆਰ. ਐੱਸ. ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਹੁਣ ਇਸ ਵਾਰ ਦੀਆਂ ਚੋਣਾਂ ’ਚ ਇਥੇ ਟੀ. ਆਰ. ਐੱਸ. ਨੇ 88, ਕਾਂਗਰਸ ਨੇ 19 ਸੀਟਾਂ ਅਤੇ ਭਾਜਪਾ ਨੇ 1 ਸੀਟ ’ਤੇ ਹੀ ਜਿੱਤ ਹਾਸਲ ਕੀਤੀ ਹੈ। 
ਮਿਜ਼ੋਰਮ ਵਰਗੇ ਛੋਟੇ ਸੂਬੇ ’ਚ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਪਾਰਟੀ ਦੇ ਵੱਡੇ ਨੇਤਾ ਪਹੁੰਚੇ ਪਰ ਕਾਂਗਰਸ ਤੇ ਭਾਜਪਾ ਦੋਹਾਂ ਨੂੰ ਹੀ ਮਿਜ਼ੋਰਮ ਦੀਅਾਂ ਚੋਣਾਂ ’ਚ ਮੂੰਹ ਦੀ ਖਾਣੀ ਪਈ। ਇਥੇ ਮਿਜ਼ੋ ਨੈਸ਼ਨਲ ਫਰੰਟ ਨੇ 26 ਅਤੇ ਕਾਂਗਰਸ ਨੇ 5 ਸੀਟਾਂ ਜਿੱਤੀਅਾਂ, ਜਦਕਿ ਭਾਜਪਾ 1 ਸੀਟ ਹੀ ਜਿੱਤ ਸਕੀ ਹੈ। 
3 ਸੂਬਿਅਾਂ ’ਚ ਭਾਜਪਾ ਦੀ ਹਾਰ ਪਿੱਛੇ ਮੁੱਖ ਵਜ੍ਹਾ ਲੋਕਾਂ ਦੀ ਨਾਰਾਜ਼ਗੀ ਅਤੇ ਇਸ ਦੇ ਆਪਣੇ ਸਹਿਯੋਗੀਅਾਂ ਤੇ ਸਾਥੀਅਾਂ ’ਚ ਪੈਦਾ ਹੋਈ ਨਾਰਾਜ਼ਗੀ ਰਹੀ। 
ਛੱਤੀਸਗੜ੍ਹ ’ਚ ਕਾਂਗਰਸ ਨੂੰ ਸੱਤਾ ਵਿਰੋਧੀ ਲਹਿਰ ਦਾ ਲਾਭ ਮਿਲਿਆ ਤੇ ਇਸ ਦੇ ਨਾਲ ਹੀ ਭਾਜਪਾ ਵਲੋਂ ‘ਕਾਂਗਰਸ-ਮੁਕਤ ਭਾਰਤ’ ਦਾ ਨਾਅਰਾ ਵੀ ਗਲਤ ਸਿੱਧ ਹੋ ਗਿਆ। ਇਨ੍ਹਾਂ ਚੋਣ ਨਤੀਜਿਅਾਂ ਨਾਲ ਦੇਸ਼ ’ਚ ਲੋਕਤੰਤਰ ਮਜ਼ਬੂਤ ਹੋ ਕੇ ਉੱਭਰਿਆ ਹੈ। 
ਕਾਂਗਰਸੀ ਨੇਤਾ ਸਚਿਨ ਪਾਇਲਟ ਅਨੁਸਾਰ, ‘‘ਚੋਣ ਨਤੀਜਿਅਾਂ ਤੋਂ ਸਾਫ ਹੈ ਕਿ ਭਾਜਪਾ ਦੀਅਾਂ ਨੀਤੀਅਾਂ ਕਾਰਨ ਦੇਸ਼ ਭਰ ਦੇ ਲੋਕ ਗੁੱਸੇ ’ਚ ਹਨ।’’
ਮੋਦੀ ਮੰਤਰੀ ਮੰਡਲ ’ਚੋਂ 10 ਦਸੰਬਰ ਨੂੰ ਅਸਤੀਫਾ ਦੇਣ ਵਾਲੇ ਉਪੇਂਦਰ ਕੁਸ਼ਵਾਹਾ ਨੇ ਚੋਣ ਨਤੀਜਿਅਾਂ ’ਤੇ ਪ੍ਰਤੀਕਿਰਿਆ ਦਿੰਦਿਅਾਂ ਕਿਹਾ ਕਿ ‘‘ਲੋਕਤੰਤਰ ’ਚ ਹਮੇਸ਼ਾ ਲੋਕ-ਹਿੱਤ ਦੀ ਹੀ ਜਿੱਤ ਹੁੰਦੀ ਹੈ ਤੇ ਜੁਮਲੇਬਾਜ਼ੀ ਦੀ ਪੋਲ ਇਕ ਦਿਨ ਖੁੱਲ੍ਹ ਹੀ ਜਾਂਦੀ ਹੈ।’’
ਸ਼ਿਵ ਸੈਨਾ ਆਗੂ ਸੰਜੇ ਰਾਊਤ ਅਨੁਸਾਰ, ‘‘ਮੈਂ ਨਹੀਂ ਮੰਨਦਾ ਕਿ ਇਹ ਕਾਂਗਰਸ ਦੀ ਜਿੱਤ ਹੈ ਪਰ ਇਹ ਭਾਜਪਾ ਸਰਕਾਰ ਦੇ ਵਿਰੁੱਧ ਲੋਕਾਂ ਦਾ ਗੁੱਸਾ ਹੈ।’’
ਇਨ੍ਹਾਂ ਚੋਣਾਂ ’ਚ ਵੋਟਰਾਂ ਨੇ ਤਬਦੀਲੀ ਦੇ ਪੱਖ ’ਚ ਵੋਟਿੰਗ ਕੀਤੀ ਹੈ ਅਤੇ ਅਸੀਂ ਤਾਂ ਸ਼ੁਰੂ ਤੋਂ ਹੀ ਇਹ ਲਿਖਦੇ ਰਹੇ ਹਾਂ ਕਿ ਸਰਕਾਰਾਂ ਬਦਲ-ਬਦਲ ਕੇ ਆਉਣੀਅਾਂ ਚਾਹੀਦੀਅਾਂ ਹਨ ਤੇ ਵੋਟਰਾਂ ਨੇ ਸਾਡੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ। ਜੇ  ਦੇਸ਼  ਅਤੇ  ਸੂਬਿਆਂ  ਨੇ ਤੇਜ਼ੀ ਨਾਲ  ਤਰੱਕੀ  ਕਰਨੀ  ਹੈ ਤਾਂ ਬਦਲ-ਬਦਲ ਕੇ ਸਰਕਾਰਾਂ ਆਉਣੀਆਂ ਚਾਹੀਦੀਆਂ  ਹਨ।
ਜਿਥੇ ਇਹ ਚੋਣਾਂ ਤਬਦੀਲੀ ਦੀ ਲਹਿਰ ਲੈ ਕੇ ਆਈਅਾਂ ਹਨ, ਉਥੇ ਹੀ ਇਨ੍ਹਾਂ ਦੇ ਨਤੀਜਿਅਾਂ ’ਚ ਭਾਜਪਾ ਆਗੂਅਾਂ ਲਈ ਇਕ ਸੰਦੇਸ਼ ਵੀ ਲੁਕਿਆ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀਅਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ, ਜੋ ਇਕ-ਇਕ ਕਰ ਕੇ ਉਨ੍ਹਾਂ ਤੋਂ ਕਿਨਾਰਾ ਕਰਦੇ ਜਾ ਰਹੇ ਹਨ। 
ਸ਼੍ਰੀ ਵਾਜਪਾਈ ਨੇ ਤਾਂ ਦਰਜਨ ਤੋਂ ਜ਼ਿਆਦਾ ਗੱਠਜੋੜ ਸਹਿਯੋਗੀ ਪਾਰਟੀਅਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਸੀ ਪਰ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਕੁਝ ਗਿਣੀਅਾਂ-ਚੁਣੀਅਾਂ ਪਾਰਟੀਅਾਂ ਨੂੰ ਹੀ ਸੰਭਾਲਣ ’ਚ ਮੁਸ਼ਕਿਲ ਮਹਿਸੂਸ ਕਰ ਰਹੀ ਹੈ।     –ਵਿਜੇ ਕੁਮਾਰ