ਦੇਸ਼ ਦੀਆਂ ਚੰਦ ਬਜ਼ੁਰਗ ਔਰਤਾਂ ਆਪਣੇ ਹੀ ਪਰਿਵਾਰਕ ਮੈਂਬਰਾਂ ਹੱਥੋਂ ਝੱਲ ਰਹੀਆਂ ਪ੍ਰੇਸ਼ਾਨੀਆਂ

11/01/2023 5:04:03 AM

ਮਾਤਾ-ਪਿਤਾ ਘਰ ’ਚ ਬੱਚਿਆਂ ਦੇ ਜਨਮ ’ਤੇ ਫੁੱਲੇ ਨਹੀਂ ਸਮਾਉਂਦੇ। ਉਹ ਆਪਣਾ ਪੇਟ ਕੱਟ ਕੇ ਵੀ ਉਨ੍ਹਾਂ ਨੂੰ ਪੜ੍ਹਾਉਂਦੇ-ਲਿਖਾਉਂਦੇ, ਆਪਣੇ ਪੈਰਾਂ ’ਤੇ ਖੜ੍ਹਾ ਕਰਦੇ ਅਤੇ ਬੜੇ ਚਾਅ ਨਾਲ ਬੇਟੇ ਦਾ ਵਿਆਹ ਕਰ ਕੇ ਘਰ ’ਚ ਨੂੰਹ ਲਿਆਉਂਦੇ ਹਨ ਪਰ ਕਈ ਅਜਿਹੇ ਵੀ ਅਭਾਗੇ ਮਾਤਾ-ਪਿਤਾ ਹੁੰਦੇ ਹਨ, ਜੋ ਉਨ੍ਹਾਂ ਹੀ ਬੇਟਿਆਂ, ਨੂੰਹਾਂ ਅਤੇ ਪੋਤਿਆਂ ਹੱਥੋਂ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਬਹੁਤ ਚਾਅ ਨਾਲ ਪਾਲ-ਪੋਸ ਕੇ ਵੱਡੇ ਕੀਤਾ ਹੁੰਦਾ ਹੈ।

* 30 ਅਕਤੂਬਰ ਨੂੰ ਖਮਾਣੋਂ (ਫਤਹਿਗੜ੍ਹ ਸਾਹਿਬ, ਪੰਜਾਬ) ’ਚ ਇਕ ਨੌਜਵਾਨ ਨੇ ਡਿਪ੍ਰੈਸ਼ਨ ਕਾਰਨ ਗਲਾ ਘੁੱਟ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।

* 29 ਅਕਤੂਬਰ ਨੂੰ 73 ਸਾਲਾ ਸਾਬਕਾ ਲੈਕਚਰਾਰ ਆਸ਼ਾ ਰਾਣੀ ਦੀ ਪ੍ਰਾਪਰਟੀ ਹੜੱਪਣ, ਪੈਨਸ਼ਨ ਦੇ ਪੈਸਿਆਂ ਲਈ ਬੇਰਹਿਮੀ ਨਾਲ ਕੁੱਟਣ ਅਤੇ ਘਰ ’ਚ ਕੈਦ ਰੱਖਣ ਦੇ ਦੋਸ਼ਾਂ ’ਚ ਗ੍ਰਿਫਤਾਰ ਵਕੀਲ ਅੰਕੁਰ ਵਰਮਾ ਅਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 14 ਦਿਨ ਲਈ ਨਿਆਇਕ ਹਿਰਾਸਤ ’ਚ ਰੂਪਨਗਰ ਦੀ ਜ਼ਿਲਾ ਜੇਲ ਭੇਜਿਆ ਗਿਆ। ਆਸ਼ਾ ਰਾਣੀ ਦੇ ਪੋਤੇ ’ਤੇ ਵੀ ਆਪਣੀ ਦਾਦੀ ਨੂੰ ਕੁੱਟਣ ਦਾ ਦੋਸ਼ ਹੈ।

* 14 ਅਕਤੂਬਰ ਨੂੰ ਬਿਆਵਰਾ ਸ਼ਹਿਰ (ਰਾਜਸਥਾਨ) ਦੇ ਰਾਜਗੜ੍ਹ ’ਚ ਜੈਕਿਸ਼ਨ ਨਾਂ ਦੇ ਨੌਜਵਾਨ ਨੇ ਆਪਣੇ ਪਿਤਾ ਉਮਰਾਵ ਸਿੰਘ ਨਾਲ ਝਗੜੇ ਦੌਰਾਨ ਬਚਾਅ ਕਰਨ ਆਈ ਆਪਣੀ ਮਾਂ ਸੱਜਨ ਬਾਈ ਨੂੰ ਚਾਕੂ ਮਾਰ ਕੇ ਮਾਰ ਦਿੱਤਾ।

* 10 ਅਕਤੂਬਰ ਨੂੰ ਠਾਣੇ (ਮਹਾਰਾਸ਼ਟਰ) ’ਚ ਆਪਣੀ ਸੱਸ ਨਾਲ ਨਾਰਾਜ਼ ਹੋ ਕੇ ਉਸ ਨੂੰ ਫਰਸ਼ ’ਤੇ ਘਸੀਟਣ, ਥੱਪੜ ਮਾਰਨ ਅਤੇ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਔਰਤ ਵਿਰੁੱਧ ਕੇਸ ਦਰਜ ਕੀਤਾ।

* 27 ਸਤੰਬਰ ਨੂੰ ਰੁੜਕੇਲਾ (ਓਡਿਸ਼ਾ) ਦੇ ‘ਟਾਂਗਰਪਾਲੀ’ ’ਚ ਨੀਲਮਣੀ ਰਾਊਤ ਨਾਂ ਦੇ ਨੌਜਵਾਨ ਨੇ ਦੁਪਹਿਰ ਦੇ ਪਕੇ ਹੋਏ ਬੇਹੇ ਚੌਲ ਖਰਾਬ ਹੋ ਜਾਣ ਕਾਰਨ ਉਸ ਨੂੰ ਖਾਣ ਲਈ ਨਾ ਦੇਣ ’ਤੇ ਆਪਣੀ 72 ਸਾਲਾ ਮਾਂ ਸ਼ਸ਼ੀ ਬਾਲਾ ਨੂੰ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਜ਼ਮੀਨ ’ਤੇ ਡਿੱਗਣ ਨਾਲ ਕੰਨ ਅਤੇ ਸਿਰ ’ਤੇ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

* 14 ਸਤੰਬਰ ਨੂੰ ਬਾਂਬੇ ਹਾਈਕੋਰਟ ਨੇ ਆਪਣੀ ਮਾਂ ਨਾਲ ਬਦਸਲੂਕੀ ਕਰਨ ਵਾਲੇ ਬੇਟੇ ਨੂੰ ਮਕਾਨ ਖਾਲੀ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ, ‘‘ਮਾਂ ਘਰ ਦੀ ਮਾਲਕ ਹੈ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਮਾਂ-ਬੇਟੇ ’ਚ ਪਿਆਰ ਅਤੇ ਲਗਾਅ ਨਹੀਂ ਹੈ ਅਤੇ ਬੇਟਾ ਆਪਣੀ ਮਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ’ਚ ਅਸਫਲ ਰਿਹਾ ਹੈ, ਇਸ ਲਈ ਉਸ ਦਾ ਘਰ ’ਤੇ ਕੋਈ ਹੱਕ ਨਹੀਂ ਹੈ।’’

* 1 ਸਤੰਬਰ ਨੂੰ ਦੇਵਰੀਆ (ਉੱਤਰ ਪ੍ਰਦੇਸ਼) ਦੇ ਪਿੰਡ ‘ਖਰਹਰੀ’ ’ਚ ਸੁਧਾ ਦੇਵੀ ਨਾਂ ਦੀ ਔਰਤ ਅਤੇ ਉਸ ਦੀ ਨੂੰਹ ਫੁਲਝਰੀ ਦੇਵੀ ਵਿਚਾਲੇ ਖਾਣਾ ਬਣਾਉਣ ਨੂੰ ਲੈ ਕੇ ਬਹਿਸ ਇੰਨੀ ਵਧ ਗਈ ਕਿ ਨੂੰਹ ਨੇ ਕੁੱਟ-ਕੁੱਟ ਕੇ ਆਪਣੀ ਸੱਸ ਨੂੰ ਲਹੂ-ਲੁਹਾਨ ਕਰ ਦਿੱਤਾ ਅਤੇ ਬਚਾਅ ਕਰਨ ਪਹੁੰਚੇ ਆਪਣੇ ਸਹੁਰੇ ਸੁਭਾਸ਼ ਚੌਹਾਨ ਨੂੰ ਵੀ ਕੁੱਟ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

* 25 ਅਗਸਤ ਨੂੰ ਹੈਦਰਾਬਾਦ (ਤੇਲੰਗਾਨਾ) ਦੇ ਸਿੱਧੀਪੇਟ ਜ਼ਿਲੇ ਦੇ ‘ਬਾਂਦਾ ਮੈਲਾ ਰਾਮ ਪਿੰਡ’ ’ਚ ਇਕ ਨੌਜਵਾਨ ਨੇ ਨਾ ਸਿਰਫ ਇੱਟ ਨਾਲ ਵਾਰ ਕਰ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਸਗੋਂ ਗਲਾ ਵੱਢਣ ਦੇ ਇਲਾਵਾ ਉਸ ਦੇ ਪੈਰ ਵੀ ਵੱਢ ਦਿੱਤੇ। ਨੌਜਵਾਨ ਨੇ ਇਹ ਪਾਪ ਇਸ ਲਈ ਕੀਤਾ ਕਿਉਂਕਿ ਬਦਨਸੀਬ ਮਾਂ ਬੇਟੇ ਦੇ ਵਿਆਹ ਲਈ ਉਸ ਦੀ ਪਸੰਦ ਦੀ ਲੜਕੀ ਲੱਭਣ ’ਚ ਅਸਫਲ ਰਹੀ ਸੀ।

ਬੇਟਿਆਂ ਵੱਲੋਂ ਆਪਣੀਆਂ ਮਾਵਾਂ ਅਤੇ ਨੂੰਹਾਂ ਵੱਲੋਂ ਸੱਸਾਂ ’ਤੇ ਜ਼ੁਲਮਾਂ ਦੀਆਂ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਔਲਾਦਾਂ ਕਿੰਨੀਆਂ ਬੇਰਹਿਮ ਹੁੰਦੀਆਂ ਜਾ ਰਹੀਆਂ ਹਨ।

ਇਸੇ ਸਿਲਸਿਲੇ ’ਚ ਐੱਨ. ਜੀ. ਓ. ‘ਹੈਲਪਏਜ ਇੰਡੀਆ’ ਨੇ 15 ਜੂਨ, 2023 ਨੂੰ ਦੇਸ਼ ’ਚ ਬਜ਼ੁਰਗ ਔਰਤਾਂ ਬਾਰੇ ਇਕ ਰਿਪੋਰਟ ’ਚ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘‘ਉਮਰ ਵਧਣ ਦੇ ਨਾਲ-ਨਾਲ ਔਰਤਾਂ ਅਣਗੌਲੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਅਕਸਰ ਹਾਸ਼ੀਏ ’ਤੇ ਚਲੀਆਂ ਜਾਂਦੀਆਂ ਹਨ। ਬਜ਼ੁਰਗ ਔਰਤਾਂ ਅਸੁਰੱਖਿਅਤ ਹਨ। ਉਨ੍ਹਾਂ ਦੀਆਂ ਲੋੜਾਂ ਅਤੇ ਯੋਗਦਾਨ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।’’

ਇਸ ਰਿਪੋਰਟ ’ਚ ਔਰਤਾਂ ਨਾਲ ਦੁਰਵਿਹਾਰ ਨੂੰ ਲੈ ਕੇ ਬੇਹੱਦ ਚਿੰਤਾਜਨਕ ਖੁਲਾਸੇ ਕੀਤੇ ਗਏ ਹਨ, ਜਿਸ ਮੁਤਾਬਕ ਬਜ਼ੁਰਗ ਔਰਤਾਂ ਨਾਲ ਦੁਰਵਿਹਾਰ ਦੇ ਮਾਮਲਿਆਂ ’ਚ 16 ਫੀਸਦੀ ਸਾਲਾਨਾ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਅਤੇ 46 ਫੀਸਦੀ ਬਜ਼ੁਰਗ ਔਰਤਾਂ ਪਰਿਵਾਰਕ ਮੈਂਬਰਾਂ ਵੱਲੋਂ ਬੇਇੱਜ਼ਤੀ ਅਤੇ 40 ਫੀਸਦੀ ਔਰਤਾਂ ਭਾਵਨਾਤਮਕ ਅਤੇ ਮਨੋਵਿਗਿਆਨਕ ਦੁਰਵਿਹਾਰ ਦਾ ਸਾਹਮਣਾ ਕਰ ਰਹੀਆਂ ਹਨ।

40 ਫੀਸਦੀ ਮਾਮਲਿਆਂ ’ਚ ਪੁੱਤਰਾਂ, 31 ਫੀਸਦੀ ਮਾਮਲਿਆਂ ’ਚ ਰਿਸ਼ਤੇਦਾਰਾਂ ਅਤੇ 27 ਫੀਸਦੀ ਮਾਮਲਿਆਂ ’ਚ ਨੂੰਹਾਂ ਵੱਲੋਂ ਆਪਣੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।

ਉਕਤ ਰਿਪੋਰਟ ਪਰਿਵਾਰਾਂ ’ਚ ਬਜ਼ੁਰਗ ਔਰਤਾਂ ਦੀ ਸਥਿਤੀ ਦਾ ਚਿੰਤਾਜਨਕ ਪਹਿਲੂ ਉਜਾਗਰ ਕਰਦੀ ਹੈ, ਇਸ ਲਈ ਪਰਿਵਾਰ ਨੂੰ ਬਚਾਉਣ ਲਈ ਔਲਾਦਾਂ ਵੱਲੋਂ ਬਜ਼ੁਰਗਾਂ ਨੂੰ ਮੁਕੰਮਲ ਸਨਮਾਨ ਦੇਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਦੀ ਸ਼ਾਮ ਸੁੱਖ ਨਾਲ ਬਿਤਾ ਸਕਣ।

-ਵਿਜੇ ਕੁਮਾਰ

Anmol Tagra

This news is Content Editor Anmol Tagra