ਡਾ. ਫਾਰੂਕ ਅਬਦੁੱਲਾ ਦਾ ‘ਗਲਤ’ ਸਮੇਂ ’ਤੇ ਦਿੱਤਾ ਗਿਆ ‘ਸਹੀ’ ਸੁਝਾਅ

12/28/2023 5:32:14 AM

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਆਪਣੇ ਪਾਲੇ ਹੋਏ ਅੱਤਵਾਦੀਆਂ ਰਾਹੀਂ ਭਾਰਤ ’ਚ ਹਿੰਸਾ ਫੈਲਾਉਣ, ਹਥਿਆਰ, ਨਕਲੀ ਕਰੰਸੀ ਅਤੇ ਨਸ਼ੇ ਭੇਜਣ ਦਾ ਭੈੜਾ ਚੱਕਰ ਚਲਾ ਰੱਖਿਆ ਹੈ।

ਅਜਿਹੇ ਹਾਲਾਤ ’ਚ ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ 26 ਦਸੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਆਗੂਆਂ ਤੋਂ ਗੱਲਬਾਤ ਰਾਹੀਂ ਆਪਣੇ ਦੁਵੱਲੇ ਮੁੱਦੇ ਸੁਲਝਾਉਣ ਦੀ ਮੰਗ ਕੀਤੀ ਅਤੇ ਕਿਹਾ :

‘‘ਪਾਕਿਸਤਾਨ ਨਾਲ ਗੱਲ ਕਰ ਕੇ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਨਹੀਂ ਹੋਇਆ ਹੈ ਸਗੋਂ ਪਹਿਲਾਂ ਤੋਂ ਜ਼ਿਆਦਾ ਹੋ ਰਿਹਾ ਹੈ। ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਹਨ ਅਤੇ ਕਹਿ ਰਹੇ ਹਨ ਕਿ ਉਹ (ਭਾਰਤ ਨਾਲ) ਗੱਲ ਕਰਨ ਲਈ ਤਿਆਰ ਹਨ ਪਰ ਕੀ ਕਾਰਨ ਹੈ ਕਿ ਅਸੀਂ ਗੱਲ ਕਰਨ ਲਈ ਤਿਆਰ ਨਹੀਂ ਹਾਂ? ਜੇ ਅਸੀਂ ਗੱਲਬਾਤ ਰਾਹੀਂ ਹੱਲ ਨਹੀਂ ਲੱਭਦੇ ਹਾਂ ਤਾਂ ਸਾਡਾ ਵੀ ਗਾਜ਼ਾ ਅਤੇ ਫਿਲਸਤੀਨ ਵਰਗਾ ਹੀ ਹਸ਼ਰ ਹੋਵੇਗਾ।’’

ਡਾ. ਅਬਦੁੱਲਾ ਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜਦ ਦੇਖਿਆ ਕਿ ਭਾਰਤ ਵਿਰੁੱਧ ਸਾਰੇ ਹੱਥਕੰਡੇ ਅਜ਼ਮਾ ਕੇ ਵੀ ਪਾਕਿਸਤਾਨ ਕੁਝ ਨਹੀਂ ਹਾਸਲ ਕਰ ਸਕਿਆ ਤਾਂ ਉਨ੍ਹਾਂ ਨੇ ਭਾਰਤ ਨਾਲ ਦੋਸਤੀ ਦਾ ਹੱਥ ਵਧਾਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਦੋਵਾਂ ਨੇ ਆਪਸੀ ਦੋਸਤੀ ਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ‘ਲਾਹੌਰ ਐਲਾਨਨਾਮਾ’ ’ਤੇ ਦਸਤਖਤ ਕੀਤੇ ਸਨ।

ਤਦ ਆਸ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਅਜਿਹਾ ਨਾ ਹੋ ਸਕਿਆ ਅਤੇ ਤਤਕਾਲੀ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਨੇ ਮਿਲਣ ’ਤੇ ਪ੍ਰੋਟੋਕੋਲ ਦਾ ਉਲੰਘਣ ਕਰਦਿਆਂ ਨਾ ਤਾਂ ਸ਼੍ਰੀ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਨਵਾਜ਼ ਵਲੋਂ ਵਾਜਪਾਈ ਜੀ ਦੇ ਸਨਮਾਨ ’ਚ ਦਿੱਤੇ ਭੋਜ ’ਚ ਸ਼ਾਮਲ ਹੋਏ।

ਬਾਅਦ ’ਚ ਮੁਸ਼ੱਰਫ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਅਤੇ ਉਨ੍ਹਾਂ ਦੀ ਸਰਕਾਰ ਨੂੰ ਬਰਖਾਸਤ ਕਰ ਕੇ ਸੱਤਾ ਹਥਿਆਉਣ ਪਿੱਛੋਂ ਦੇਸ਼ ਨਿਕਾਲਾ ਦੇ ਦਿੱਤਾ ਜਿਸ ਪਿੱਛੋਂ ਨਵਾਜ਼ ਸ਼ਰੀਫ 10 ਸਤੰਬਰ, 2007 ਨੂੰ ਪਾਕਿਸਤਾਨ ਪਰਤੇ।

ਇਸ ਦਰਮਿਆਨ ਪ੍ਰਵੇਜ਼ ਮੁਸ਼ੱਰਫ 2001 ’ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਵਾਰਤਾ ਲਈ ਭਾਰਤ ਆਏ ਪਰ ਆਗਰਾ ’ਚ ਵਾਰਤਾ ਅਧੂਰੀ ਛੱਡ ਕੇ ਵਾਪਸ ਚਲੇ ਗਏ। ਵਰਨਣਯੋਗ ਹੈ ਕਿ 1999 ’ਚ ਕਾਰਗਿਲ ’ਤੇ ਹਮਲੇ ਪਿੱਛੇ ਵੀ ਮੁਸ਼ੱਰਫ ਦਾ ਹੀ ਹੱਥ ਸੀ।

5 ਜੂਨ, 2013 ਨੂੰ ਨਵਾਜ਼ ਸ਼ਰੀਫ ਤੀਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਪਰ 2016 ’ਚ ‘ਪਨਾਮਾ ਪੇਪਰ ਲੀਕ’ ਮਾਮਲੇ ’ਚ ਨਾਂ ਆਉਣ ’ਤੇ 2017 ’ਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਹੁਦੇ ਦੇ ਅਯੋਗ ਕਰਾਰ ਦਿੱਤਾ ਅਤੇ 28 ਜੁਲਾਈ, 2017 ਨੂੰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣਾ ਪਿਆ ਅਤੇ ਉਹ ਲੰਡਨ ਚਲੇ ਗਏ।

ਹੁਣ ਨਵਾਜ਼ ਸ਼ਰੀਫ ਲੰਡਨ ’ਚ ਸਵੈ-ਜਲਾਵਤਨੀ ਦੀ ਜ਼ਿੰਦਗੀ ਬਿਤਾਉਣ ਪਿੱਛੋਂ 21 ਅਕਤੂਬਰ, 2023 ਨੂੰ ਵਾਪਸ ਪਾਕਿਸਤਾਨ ਪਰਤੇ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਬਰਬਾਦੀ ਲਈ ਦੇਸ਼ ਦੀ ਫੌਜ ਅਤੇ ਸਾਬਕਾ ਜੱਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਾਲਾਂਕਿ ਜੰਮੂ-ਕਸ਼ਮੀਰ ’ਚ ਮੁਸਲਮਾਨਾਂ ਨੂੰ ਨੌਕਰੀਆਂ ’ਚ ਪਹਿਲ ਦਿੱਤੀ ਜਾਂਦੀ ਹੈ ਪਰ ਸਰਕਾਰੀ ਦਫਤਰਾਂ, ਫੌਜ ਜਾਂ ਪੁਲਸ ’ਚ ਨੌਕਰੀ ਕਰ ਰਹੇ ਜ਼ਿਆਦਾਤਰ ਮੁਸਲਮਾਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ।

ਹੁਣ, ਜਦਕਿ ਪਾਕਿਸਤਾਨ ’ਚ 8 ਫਰਵਰੀ, 2024 ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ, ਦੇਸ਼ ਦੀ ਜਨਤਾ ਦਾ ਮੂਡ ਨਵਾਜ਼ ਸ਼ਰੀਫ ਦੇ ਹੱਕ ’ਚ ਦਿਖਾਈ ਦੇ ਰਿਹਾ ਹੈ। ਹਾਲ ਹੀ ’ਚ ਉੱਥੇ ਇਕ ਓਪੀਨੀਅਨ ਪੋਲ ’ਚ ਇਨ੍ਹਾਂ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ (ਨਵਾਜ਼)’ ਨੂੰ ਸਭ ਤੋਂ ਵੱਧ ਸੀਟਾਂ ਮਿਲਣ ਅਤੇ ਨਵਾਜ਼ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।

ਦੂਜੇ ਬੰਨ੍ਹੇ ਭਾਰਤ ’ਚ ਅਪ੍ਰੈਲ ’ਚ ਚੋਣਾਂ ਪਿੱਛੋਂ ਨਵੀਂ ਸਰਕਾਰ ਬਣਨ ਪਿੱਛੋਂ ਹੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਦੋਵਾਂ ਹੀ ਦੇਸ਼ਾਂ ਦੇ ਆਗੂ ਚੋਣਾਂ ’ਚ ਹੀ ਰੁੱਝੇ ਰਹਿਣਗੇ। ਭਾਰਤ ’ਚ ਕੋਈ ਵੀ ਸਰਕਾਰ ਬਣੇ, ਉਸ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ’ਚ ਕੋਈ ਦਿੱਕਤ ਨਹੀਂ ਹੋਵੇਗੀ।

ਹਾਲਾਂਕਿ ਡਾ. ਫਾਰੂਕ ਅਬਦੁੱਲਾ ਨੇ ਬਹੁਤ ਚੰਗੀ ਗੱਲ ਕਹੀ ਹੈ ਪਰ ਪਾਕਿਸਤਾਨ ’ਚ ਅਗਲੇ ਸਾਲ ਫਰਵਰੀ ’ਚ ਹੋਣ ਵਾਲੀਆਂ ਚੋਣਾਂ ਅਤੇ ਭਾਰਤ ’ਚ ਅਪ੍ਰੈਲ-ਮਈ ’ਚ ਸੰਭਾਵਿਤ ਚੋਣਾਂ ਪਿੱਛੋਂ ਦੋਵਾਂ ਦੇਸ਼ਾਂ ’ਚ ਸਰਕਾਰ ਬਣਨ ’ਤੇ ਹੀ ਇਸ ਦਿਸ਼ਾ ’ਚ ਕੁਝ ਹੋ ਸਕੇਗਾ ਅਤੇ ਇਸ ਲਈ ਘੱਟ ਤੋਂ ਘੱਟ 6 ਮਹੀਨੇ ਉਡੀਕ ਕਰਨੀ ਪਵੇਗੀ। ਇਸ ਲਈ ਡਾ. ਫਾਰੂਕ ਅਬਦੁੱਲਾ ਦਾ ਦੋਵਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਦਾ ਸੁਝਾਅ ਤਾਂ ਸਹੀ ਹੈ ਪਰ ਸੁਝਾਅ ਦੇਣ ਦਾ ਸਮਾਂ ਗਲਤ ਹੈ। 

- ਵਿਜੇ ਕੁਮਾਰ

Anmol Tagra

This news is Content Editor Anmol Tagra