ਅਜਿਹਾ ਹੋਵੇਗਾ ਟਰੰਪ ਦਾ ਸਹੁੰ-ਚੁੱਕ ਸਮਾਰੋਹ

01/16/2017 4:09:16 AM

ਡੋਨਾਲਡ ਟਰੰਪ ਅਧਿਕਾਰਤ ਤੌਰ ''ਤੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ''ਤੇ 20 ਜਨਵਰੀ ਨੂੰ ਬਿਰਾਜਮਾਨ ਹੋਣ ਜਾ ਰਹੇ ਹਨ ਪਰ ਉਨ੍ਹਾਂ ਦੇ ਵਿਰੋਧ ਤੇ ਆਲੋਚਨਾ ਦੀ ਲਹਿਰ ਜਿਵੇਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਹੈ। ਰਾਸ਼ਟਰਪਤੀ ਅਹੁਦੇ ਦੇ ਸਹੁੰ-ਚੁੱਕ ਸਮਾਰੋਹ ''ਚ ਸ਼ਾਮਲ ਹੋ ਕੇ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਖੂਬ ਆਲੋਚਨਾ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਰੋਹ ''ਚ ਅਮਰੀਕੀ ਰਾਸ਼ਟਰੀ ਗੀਤ ਗਾਉਣ ਲਈ ਰਾਜ਼ੀ ਹੋਣ ''ਤੇ 16 ਸਾਲਾ ਜੈਕੀ ਇਵਾਂਕੋ ਦੀ ਵੀ ਟਵਿਟਰ ''ਤੇ ਖੂਬ ਖਿਚਾਈ ਹੋਈ ਕਿਉਂਕਿ ਉਸ ਦੀ 18 ਸਾਲਾ ਭੈਣ ਜੂਲੀਅਟ ਇਵਾਂਕੋ ਇਕ ਟ੍ਰਾਂਸਜੈਂਡਰ ਹੈ ਅਤੇ ਟਰੰਪ ਦੇ ਨਾਲ ਹੀ ਉਪ-ਰਾਸ਼ਟਰਪਤੀ ਅਹੁਦੇ ''ਤੇ ਨਿਯੁਕਤ ਹੋਣ ਜਾ ਰਹੇ ਮਾਈਕ ਪੇਂਸ ''ਐੱਲ. ਜੀ. ਬੀ. ਟੀ.'' ਵਿਰੋਧੀ ਕਾਨੂੰਨ ਦੇ ਸਮਰਥਕ ਹਨ।
ਜੈਕੀ ਕਹਿੰਦੀ ਹੈ, ''''ਮੈਂ ਤਾਂ ਬਸ ਇਹ ਸੋਚਿਆ ਕਿ ਮੈਂ ਇਹ ਆਪਣੇ ਦੇਸ਼ ਲਈ ਕਰ ਰਹੀ ਹਾਂ। ਜੇਕਰ ਲੋਕ ਮੈਨੂੰ ਇਸ ਲਈ ਨਫਰਤ ਕਰ ਰਹੇ ਹਨ ਤਾਂ ਉਹ ਅਜਿਹਾ ਗਲਤ ਵਜ੍ਹਾ ਲਈ ਕਰ ਰਹੇ ਹਨ।'''' ਉਸ ਦੀ ਭੈਣ ਜੂਲੀਅਟ ਵੀ ਉਸ ਨਾਲ ਸਹਿਮਤ ਦਿਖਾਈ ਦਿੰਦੀ ਹੈ। ਉਹ ਸਮਾਰੋਹ ''ਚ ਭਾਗ ਨਹੀਂ ਲੈ ਰਹੀ ਪਰ ਉਸ ਦਾ ਕਹਿਣਾ ਹੈ ਕਿ ਉਸ ਦੀ ਭਾਵਨਾਤਮਕ ਮੌਜੂਦਗੀ ਉਸ ਦੇ ਨਾਲ ਹੋਵੇਗੀ।
ਸੁਭਾਵਿਕ ਹੈ ਕਿ ਟਰੰਪ ਦੇ ਸਹੁੰ-ਚੁੱਕ ਸਮਾਰੋਹ ਵਿਚ ਭਾਗ ਲੈਣ ਲਈ ਸੱਦਿਆਂ ਦਾ ਠੀਕ ਉਵੇਂ ਹੀ ਧਰੁਵੀਕਰਨ ਹੋ ਗਿਆ, ਜਿਵੇਂ ਉਨ੍ਹਾਂ ਨਾਲ ਜੁੜੀਆਂ ਹੋਰ ਸਾਰੀਆਂ ਚੀਜ਼ਾਂ ਤੇ ਮੁੱਦਿਆਂ ਦਾ ਹੋ ਜਾਂਦਾ ਹੈ।
ਮਨੋਰੰਜਨ ਜਗਤ ''ਚ ਜ਼ਿਆਦਾਤਰ ਸਿਤਾਰਿਆਂ ਨੇ ਆਪਣੇ-ਆਪਣੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਧਿਆਨ ''ਚ ਰੱਖਦੇ ਹੋਏ ਟਰੰਪ ਦੇ ਸੱਦੇ ਨੂੰ ਠੁਕਰਾਉਂਦੇ ਹੋਏ ਸਖਤ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਬ੍ਰਿਟਿਸ਼ ਗਾਇਕਾ ਰੇਬੈਕਾ ਫਰਗਿਊਸਨ ਨੇ ਟਵੀਟ ਕੀਤਾ ਕਿ ਉਹ ਸਿਰਫ ਉਦੋਂ ਹੀ ਪਰਫਾਰਮ ਕਰੇਗੀ, ਜਦੋਂ ਉਸ ਨੂੰ 1937 ਦੇ ਅਫਰੀਕੀ-ਅਮਰੀਕੀ ਗਾਨ ''ਸਟ੍ਰੇਂਜ ਫਰੂਟ'' ਨੂੰ ਗਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਜਿਥੇ ਕੁਝ ਹਾਈ ਪ੍ਰੋਫਾਈਲ ਕਲਾਕਾਰ ਨੈਤਿਕ ਆਧਾਰ ''ਤੇ ਸੱਦੇ ਠੁਕਰਾ ਰਹੇ ਹਨ, ਉਥੇ ਹੀ ਸਮਾਰੋਹ ''ਚ ਪ੍ਰਦਰਸ਼ਨ ਕਰਨਾ ਪੇਸ਼ੇਵਰ ਪੱਧਰ ''ਤੇ ਵੀ ਉਨ੍ਹਾਂ ਲਈ ਕਿਸੇ ਤਰ੍ਹਾਂ ਲਾਹੇਵੰਦ ਦਿਖਾਈ ਨਹੀਂ ਦਿੰਦਾ। ਸ਼ਾਇਦ ਇਹੀ ਕਾਰਨ ਹੈ ਕਿ ਟਰੰਪ ਸਮਰਥਕ ਰਹੇ ਕਲਾਕਾਰ ਟੈਡ ਨੁਗੈਂਟ, ਕਿਡਰਾਕ, ਜੀਨ ਸੀਮਨਸ ਅਤੇ ਲੋਰੇਟਾ ਲਿਨ ਨੇ ਵੀ ਜਨਤਕ ਤੌਰ ''ਤੇ ਸਵੀਕਾਰ ਨਹੀਂ ਕੀਤਾ ਕਿ ਉਹ ਸਹੁੰ-ਚੁੱਕ ਸਮਾਰੋਹ ''ਚ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ ਪਿਛਲੇ 6 ਰਾਸ਼ਟਰਪਤੀ ਸਹੁੰ-ਚੁੱਕ ਸਮਾਰੋਹਾਂ ਵਿਚ ਗਾਉਣ ਵਾਲੀ ਗਾਇਨ ਮੰਡਲੀ ''ਦਿ ਮੋਰਮੋਨ ਟੇਬਰਨਾਕਲ ਕਵਾਇਅਰ'' ਇਸ ਵਾਰ ਵੀ ਗਾਏਗੀ। ਹਾਲਾਂਕਿ, ਇਸ ਦੇ ਇਕ ਮੈਂਬਰ ਜੈਨ ਚੈਂਬਰਲੇਨ ਨੇ  ਵਿਰੋਧ ''ਚ ਅਸਤੀਫਾ ਦੇ ਦਿੱਤਾ।
ਦਿ ਰਾਕੈਟੀਜ਼ ਵੀ ਸਮਾਰੋਹ ''ਚ ਦਿਖਾਈ ਦੇਵੇਗੀ ਪਰ ਇਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਸ ਨ੍ਰਿਤ ਮੰਡਲੀ ਦੀਆਂ ਨ੍ਰਤਕੀਆਂ ਨੂੰ ਹਿੱਸਾ ਨਾ ਲੈਣ ਦਾ ਬਦਲ ਚੁਣਨ ਦੀ ਇਜਾਜ਼ਤ ਦਿੱਤੀ ਗਈ ਸੀ। ਸਮਾਰੋਹ ''ਚ ਹਿੱਸਾ ਨਾ ਲੈਣ ਸੰਬੰਧੀ ਮੈਨੇਜਮੈਂਟ ਦੇ ਅਧਿਕਾਰੀ ਜੇਮਸ ਡੋਲਨ ਨਾਲ ਨ੍ਰਤਕੀਆਂ ਦੀ ਬੈਠਕ ਦਾ ਇਕ ਟੇਪ ਲੀਕ ਹੋਇਆ। ਇਸ ਵਿਚ ਇਕ ਨ੍ਰਤਕੀ ਦਾ ਕਹਿਣਾ ਸੀ, ''''ਮੈਨੂੰ ਲੋਕਾਂ ਤੋਂ ਮੈਸੇਜ ਮਿਲ ਰਹੇ ਹਨ ਕਿ ''ਚੁੱਪ ਰਹੋ ਅਤੇ ਡਾਂਸ ਕਰੋ''।'''' ਉਥੇ ਇਕ ਹੋਰ ਨ੍ਰਤਕੀ ਨੇ ਜੇਮਸ ਨੂੰ ਸਵਾਲ ਕੀਤਾ, ''''ਕੀ ਤੁਸੀਂ ਸਾਨੂੰ ''ਅਸਹਿਣਸ਼ੀਲਤਾ  ਪ੍ਰਤੀ ਸਹਿਣਸ਼ੀਲ ਬਣਨ ਲਈ ਕਹਿ ਰਹੇ ਹੋ?''''
ਦਰਜਨਾਂ ਸਕੂਲ ਬੈਂਡਸ, ਡ੍ਰਿਲ ਟੀਮਜ਼ ਅਤੇ ਰਿਟਾਇਰਡ ਫੌਜੀਆਂ ਦੇ ਸਮੂਹਾਂ ਨੂੰ ਸਮਾਰੋਹ ਵਿਚ ਸੱਦਾ ਦੇਣਾ ਅਤੇ ਉਨ੍ਹਾਂ ਦਾ ਇਸ ਵਿਚ ਹਿੱਸਾ ਲੈਣਾ ਇਕ ਰਵਾਇਤ ਰਹੀ ਹੈ। ਫਲੋਰਿਡਾ ਦੇ ਨੇਪਲਜ਼ ''ਚ ਸਥਿਤ ਪਾਲਮੇਟੋ ਰਿਜ ਹਾਈ ਸਕੂਲ ਮਾਰਚਿੰਗ ਪ੍ਰਾਈਡ ਨੇ ਵਾਸ਼ਿੰਗਟਨ ਟ੍ਰਿਪ ਲਈ ਫੰਡ ਜੁਟਾਉਣ ਲਈ ਬਣਾਈ ਵੈੱਬਸਾਈਟ ''ਤੇ ਲਿਖਿਆ, ''''ਇਹ ਜੀਵਨ ਵਿਚ ਇਕ ਵਾਰ ਮਿਲਣ ਵਾਲਾ ਮੌਕਾ ਹੈ। ਬੀਤੇ 20 ਸਾਲਾਂ ''ਚ ਫਲੋਰਿਡਾ ਸੂਬੇ ਦੇ ਸਿਰਫ ਚਾਰ ਹੋਰ ਮਾਰਚਿੰਗ ਬੈਂਡਸ ਨੂੰ ਇਹ ਮੌਕਾ ਮਿਲਿਆ ਹੈ।''''
ਪਰ ਕਿਸੇ ਹੋਰ ਮੌਕੇ ''ਤੇ ਜਿਥੇ ਅਜਿਹਾ ਮੌਕਾ ਸਨਮਾਨ ਦੀ ਗੱਲ ਹੁੰਦੀ, ਉਥੇ ਹੀ ਇਸ ਵਾਰ ਇਹ ਵਿਵਾਦ ਨੂੰ ਜਨਮ ਦੇ ਰਿਹਾ ਹੈ।
ਦਿ ਟਾਲਡੇਗਾ ਕਾਲਜ ਮਾਰਚਿੰਗ ਟਾਰਨੇਡੋਜ਼ ਇਕੋ-ਇਕ ਇਤਿਹਾਸਕ ਕਾਲਿਆਂ ਦੀ ਯੂਨੀਵਰਸਿਟੀ ਹੈ, ਜਿਸ ਨੇ ਪਰੇਡ ਵਿਚ ਸ਼ਾਮਲ ਹੋਣ ''ਤੇ ਸਹਿਮਤੀ ਜਤਾਈ। ਇਸ ਫੈਸਲੇ ਤੋਂ ਬਾਅਦ ਅਲਬਾਮਾ ਦੀ ਇਸ ਯੂਨੀਵਰਸਿਟੀ ਦੀ ਸੋਸ਼ਲ ਮੀਡੀਆ ਸਾਈਟਸ ''ਤੇ ਹਲਚਲ ਖੂਬ ਵਧ ਗਈ ਅਤੇ ਇਕ ਅਰਜ਼ੀ ਪੇਸ਼ ਕਰ ਦਿੱਤੀ ਗਈ।
ਅਮਰੀਕੀ ਰਾਸ਼ਟਰਪਤੀ ਦੇ ਇਸ ਸਹੁੰ-ਚੁੱਕ ਸਮਾਰੋਹ ਨੂੰ ਲੈ ਕੇ ਇਹ ਗੱਲ ਆਪਣੇ ਆਪ ਵਿਚ ਹੀ ਘੱਟ ਅਫਸੋਸਜਨਕ ਨਹੀਂ ਹੈ ਕਿ ਸੱਦਾ ਦਿੱਤੇ ਗਏ ਕਲਾਕਾਰਾਂ ਦਾ ਜਨਤਕ ਤੌਰ ''ਤੇ ਅਪਮਾਨ ਕੀਤਾ ਜਾ ਰਿਹਾ ਹੈ।