''ਬੇਟੀ ਬਚਾਓ ਅਤੇ ਬੇਟੀ ਪੜ੍ਹਾਓ'' ਹੀ ਨਹੀਂ ''ਬੇਟੀ ਨੂੰ ਵਸਾਓ'' ਵੀ

08/20/2017 7:37:32 AM

ਕੇਂਦਰੀ ਬਾਲ ਵਿਕਾਸ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਦੀ ਸਾਂਝੀ ਪਹਿਲ ਵਜੋਂ ਕੇਂਦਰ ਸਰਕਾਰ ਨੇ ਬੱਚੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ 22 ਜਨਵਰੀ 2015 ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਸ਼ੁਰੂ ਕੀਤੀ ਸੀ। 
ਇਸ ਯੋਜਨਾ ਵਿਚ ਘੱਟ ਲਿੰਗ ਅਨੁਪਾਤ ਵਾਲੇ ਸਾਰੇ ਸੂਬਿਆਂ/ਸੰਘ ਸ਼ਾਸਿਤ ਖੇਤਰਾਂ 'ਚੋਂ 100 ਜ਼ਿਲਿਆਂ ਦੀ ਚੋਣ 'ਪਾਇਲਟ ਜ਼ਿਲਿਆਂ' ਵਜੋਂ ਕੀਤੀ ਗਈ ਹੈ। ਇਸ ਦਾ ਉਦੇਸ਼ ਪੱਖਪਾਤੀ ਲਿੰਗ ਚੋਣ ਪ੍ਰਕਿਰਿਆ ਦਾ ਖਾਤਮਾ ਅਤੇ ਬੱਚੀਆਂ ਦੀ ਹੋਂਦ, ਸੁਰੱਖਿਆ ਅਤੇ ਸਿੱਖਿਆ ਨੂੰ ਯਕੀਨੀ ਬਣਾਉਣਾ ਤੇ ਇਸ ਨੂੰ ਹੱਲਾਸ਼ੇਰੀ ਦੇਣਾ ਹੈ। 
ਅੱਜ ਭਾਰਤ ਵਿਚ ਔਰਤਾਂ ਨੇ ਸਮਾਜਿਕ ਜੀਵਨ ਦੇ ਹਰ ਖੇਤਰ ਵਿਚ ਭਾਰੀ ਤਰੱਕੀ ਕੀਤੀ ਹੈ। ਚੰਦਾ ਕੋਚਰ, ਅਰੁੰਧਤੀ ਰਾਏ ਅਤੇ ਸ਼ਿਖਾ ਸ਼ਰਮਾ (ਬੈਂਕਿੰਗ), ਏਕਤਾ ਕਪੂਰ, ਅਸ਼ਵਨੀ ਯਾਰਡੀ, ਚਿੱਕੀ ਸਰਕਾਰ (ਮੀਡੀਆ), ਸੰਗੀਤਾ ਪੇਂਡੂਰਕਰ, ਸਵਾਤੀ ਪੀਰਾਮਲ (ਸਿਹਤ ਤੇ ਇਲਾਜ), ਜਯੋਤਸਿਨਾ ਸੂਰੀ, ਪ੍ਰਿਆ ਪਾਲ (ਹੋਟਲ) ਆਦਿ ਔਰਤਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ ਪਰ ਇਸ ਦੇ ਬਾਵਜੂਦ ਅੱਜ ਔਰਤਾਂ ਦਾ ਵਿਆਹੁਤਾ ਜੀਵਨ ਸੰਕਟ 'ਚ ਘਿਰਦਾ ਜਾ ਰਿਹਾ ਹੈ। 
ਇਸੇ ਕਾਰਨ ਆਮ ਜੀਵਨ 'ਚ ਭਾਰਤ ਵਿਚ 'ਬੇਟੀ ਬਚਾਓ,  ਬੇਟੀ ਪੜ੍ਹਾਓ' ਦੇ ਨਾਅਰੇ ਨੂੰ ਅੱਗੇ ਵਧਾਉਣ ਵਿਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ। ਔਰਤਾਂ ਦੇ ਵਿਆਹ ਟੁੱਟ ਰਹੇ ਹਨ ਤੇ ਵੱਡੀ ਗਿਣਤੀ 'ਚ ਵਿਆਹਾਂ ਸੰਬੰਧੀ ਝਗੜੇ ਅਦਾਲਤਾਂ 'ਚ ਪੈਂਡਿੰਗ ਹਨ। 
ਵੱਖ-ਵੱਖ ਕਾਰਨਾਂ ਕਰਕੇ ਆਪਣੇ ਪਤੀਆਂ ਨਾਲੋਂ ਅੱਡ ਰਹਿ ਰਹੀਆਂ ਜਾਂ ਉਨ੍ਹਾਂ ਨਾਲ ਕਾਨੂੰਨੀ ਲੜਾਈ ਵਿਚ ਉਲਝੀਆਂ ਔਰਤਾਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ :
1. ਉਹ ਔਰਤਾਂ, ਜਿਨ੍ਹਾਂ ਦੇ ਬੱਚਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੇ ਕੰਸੀਵ ਕੀਤਾ ਹੈ। 
2. ਜਿਨ੍ਹਾਂ ਦਾ ਇਕ ਬੱਚਾ ਹੈ।
3. ਉਹ ਔਰਤਾਂ ਵੀ, ਜਿਨ੍ਹਾਂ ਦੇ 2 ਜਾਂ ਇਸ ਤੋਂ ਜ਼ਿਆਦਾ ਬੱਚੇ ਹਨ। 
ਜ਼ਿਆਦਾਤਰ ਔਰਤਾਂ ਵਲੋਂ ਆਮ ਤੌਰ 'ਤੇ ਸਹੁਰਾ ਪਰਿਵਾਰ 'ਤੇ ਮਾਰ-ਕੁਟਾਈ ਦੇ ਦੋਸ਼ ਲਗਾਏ ਜਾਂਦੇ ਹਨ। ਸ਼ੁਰੂ-ਸ਼ੁਰੂ ਵਿਚ ਤਾਂ ਪੁਲਸ ਪਤੀ ਪੱਖ ਦੇ ਸਾਰੇ ਪਰਿਵਾਰ ਨੂੰ ਹੀ ਫੜ ਲੈਂਦੀ ਸੀ। ਹੁਣ ਉਹ ਸਾਰੇ ਪਰਿਵਾਰ ਨੂੰ ਨਹੀਂ ਫੜਦੀ ਪਰ ਤਲਾਕ ਦੀ ਪ੍ਰਕਿਰਿਆ ਸੌਖੀ ਨਾ ਹੋਣ ਅਤੇ ਝਗੜੇ ਲੰਮੇ ਚੱਲਣ ਕਾਰਨ ਅਦਾਲਤਾਂ ਅਜਿਹੇ ਮਾਮਲਿਆਂ ਨਾਲ ਭਰੀਆਂ ਪਈਆਂ ਹਨ। 
ਅੰਮ੍ਰਿਤਸਰ ਦੀਆਂ ਅਦਾਲਤਾਂ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਲੱਗਭਗ 1200, ਪਟਿਆਲਾ 'ਚ 918, ਜਲੰਧਰ ਵਿਚ ਲੱਗਭਗ 1500 ਅਤੇ ਲੁਧਿਆਣਾ 'ਚ ਗੁਜ਼ਾਰਾ ਭੱਤਾ, ਘਰੇਲੂ ਹਿੰਸਾ ਅਤੇ ਤਲਾਕ ਆਦਿ ਦੇ 7766 ਦੇ ਲੱਗਭਗ ਮੁਕੱਦਮੇ ਪੈਂਡਿੰਗ ਹਨ। 
ਇਸ ਦੇ ਕੁਝ ਕਾਰਨ ਤਾਂ ਹੇਠਾਂ ਦਰਜ ਹਨ ਪਰ ਹੋਰ ਕਾਰਨ ਵੀ ਹੋ ਸਕਦੇ ਹਨ। 
1. ਟੀ. ਵੀ. : ਜ਼ਿਆਦਾਤਰ ਸੀਰੀਅਲਾਂ ਵਿਚ ਨੂੰਹ ਜਾਂ ਸੱਸ 'ਚੋਂ ਕਿਸੇ ਇਕ ਨੂੰ ਪੀੜਤ ਤੇ ਦੂਜੀ ਧਿਰ ਨੂੰ ਸਾਜ਼ਿਸ਼ਕਰਤਾ ਵਜੋਂ ਹੀ ਦਿਖਾਇਆ ਜਾ ਰਿਹਾ ਹੈ। ਨੂੰਹ-ਸੱਸ ਦੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਕਰਨ 'ਚ ਇਹ ਸੀਰੀਅਲ ਵੀ ਭੂਮਿਕਾ ਨਿਭਾਅ ਰਹੇ ਹਨ। 
2. ਮੋਬਾਈਲ : ਖਾਸ ਕਰਕੇ ਨਵ-ਵਿਆਹੇ ਜੋੜਿਆਂ ਦੇ ਗ੍ਰਹਿਸਥ ਜੀਵਨ ਵਿਚ ਸਮੱਸਿਆਵਾਂ ਖੜ੍ਹੀਆਂ ਕਰਨ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ-ਜ਼ਰਾ ਜਿੰਨੀ ਗੱਲ 'ਤੇ ਧੀਆਂ ਆਪਣੀਆਂ ਮਾਵਾਂ ਨੂੰ ਫੋਨ ਮਿਲਾ ਕੇ ਆਪਣੇ ਪਤੀ ਜਾਂ ਆਪਣੇ ਸਹੁਰਾ ਪਰਿਵਾਰ ਦੀਆਂ ਸ਼ਿਕਾਇਤਾਂ ਦਾ ਪਿਟਾਰਾ ਖੋਲ੍ਹਦੀਆਂ ਰਹਿੰਦੀਆਂ ਹਨ। 
3. ਮਾਂ : ਅੱਜ ਪਰਿਵਾਰ ਛੋਟੇ ਹੋ ਰਹੇ ਹਨ। ਆਮ ਤੌਰ 'ਤੇ ਪਰਿਵਾਰ ਵਿਚ ਇਕ ਲੜਕਾ ਜਾਂ ਲੜਕੀ ਹੀ ਹੋਣ ਕਾਰਨ ਬੱਚੇ ਮਾਂ-ਪਿਓ ਦੇ ਲਾਡਲੇ ਬਣਦੇ ਜਾ ਰਹੇ ਹਨ। ਜਦੋਂ ਧੀ ਆਪਣੀ ਮਾਂ ਕੋਲ ਆਪਣੇ ਸਹੁਰੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੀ ਸ਼ਿਕਾਇਤ ਕਰਦੀ ਹੈ ਤਾਂ ਮਾਂ ਵੀ ਆਪਣੀ ਧੀ ਨੂੰ ਸਹੁਰੇ ਪਰਿਵਾਰ ਨੂੰ ਮੂੰਹ-ਤੋੜ ਜਵਾਬ ਦੇਣ ਲਈ ਉਕਸਾਉਂਦੀ ਹੈ, ਜਿਸ ਨਾਲ ਗੱਲ ਵਧ ਜਾਂਦੀ ਹੈ। 
4. ਵਿਆਹ ਉਸੇ ਸ਼ਹਿਰ ਵਿਚ : ਪੁਰਾਣੇ ਜ਼ਮਾਨੇ ਵਿਚ ਧੀਆਂ ਦੇ ਵਿਆਹ ਕੁਝ ਦੂਰੀ 'ਤੇ ਹੁੰਦੇ ਸਨ ਤੇ ਮੰਨਿਆ ਜਾਂਦਾ ਸੀ ਕਿ ਪੇਕੇ ਅਤੇ ਸਹੁਰੇ ਘਰ 'ਚ ਇੰਨੀ ਦੂਰੀ ਤਾਂ ਜ਼ਰੂਰ ਹੋਵੇ ਕਿ ਵਿਚਾਲੇ ਇਕ ਨਦੀ ਹੋਵੇ ਤਾਂ ਕਿ ਸਹੁਰੇ ਘਰ ਤੋਂ ਪੇਕੇ ਆਉਣਾ-ਜਾਣਾ ਸੌਖਾ ਨਾ ਰਹੇ। ਧੀ ਨੂੰ ਵੀ ਡੋਲੀ ਤੋਰਨ ਵੇਲੇ ਇਹੋ ਸਿੱਖਿਆ ਦਿੱਤੀ ਜਾਂਦੀ ਸੀ ਕਿ ਇਸ ਘਰ 'ਚੋਂ ਤੇਰੀ ਡੋਲੀ ਜਾ ਰਹੀ ਹੈ, ਹੁਣ ਤੇਰੀ ਅਰਥੀ ਉਸੇ ਘਰ 'ਚੋਂ ਉੱਠੇ।
ਪਰ ਅੱਜ ਇਕ ਹੀ ਸ਼ਹਿਰ 'ਚ ਅਤੇ ਘੱਟ ਦੂਰੀ 'ਤੇ ਪੇਕੇ ਅਤੇ ਸਹੁਰੇ ਹੋਣ ਕਾਰਨ ਜਦੋਂ ਧੀ ਆਪਣੀ ਮਾਂ ਕੋਲ ਸਹੁਰਾ ਪਰਿਵਾਰ ਦੀ ਸ਼ਿਕਾਇਤ ਕਰਦੀ ਹੈ ਤਾਂ ਮਾਂ ਵੀ ਉਸ ਨੂੰ ਸਭ ਛੱਡ ਕੇ ਆ ਜਾਣ ਲਈ ਕਹਿ ਦਿੰਦੀ ਹੈ ਤੇ ਧੀ ਵੀ ਪੇਕਾ ਘਰ ਨੇੜੇ ਹੋਣ ਕਾਰਨ ਦੇਰ ਨਹੀਂ ਲਾਉਂਦੀ। 
5. ਬੌਧਿਕ ਨਾਬਰਾਬਰੀ : ਆਮ ਤੌਰ 'ਤੇ ਮਾਂ-ਪਿਓ ਧੀ ਲਈ ਅਜਿਹਾ ਪਰਿਵਾਰ ਲੱਭਦੇ ਹਨ, ਜਿਥੇ ਇਕ ਹੀ ਲੜਕਾ ਹੋਵੇ ਤਾਂ ਕਿ ਧੀ ਨੂੰ ਕੋਈ ਰੋਕ-ਟੋਕ ਨਾ ਰਹੇ। ਇਸੇ ਚੱਕਰ ਵਿਚ ਲੜਕੀ ਦੇ ਮਾਂ-ਪਿਓ ਲੜਕੇ ਦੀ ਸਿੱਖਿਆ, ਬੌਧਿਕ ਤੇ ਆਰਥਿਕ ਪੱਧਰ ਦੇ ਫਰਕ ਵੱਲ ਵੀ ਧਿਆਨ ਨਹੀਂ ਦਿੰਦੇ। ਚਾਹੇ ਲੜਕਾ ਘੱਟ ਪੜ੍ਹਿਆ-ਲਿਖਿਆ ਹੀ ਕਿਉਂ ਨਾ ਹੋਵੇ, ਉਸ ਦੇ ਪਿਤਾ ਦੀ ਚੰਗੀ-ਖਾਸੀ ਜਾਇਦਾਦ ਹੋਣੀ ਚਾਹੀਦੀ ਹੈ। 
ਉਕਤ ਤੱਥਾਂ ਦੀ ਰੋਸ਼ਨੀ ਵਿਚ ਇੰਨਾ ਹੀ ਕਹਿਣਾ ਕਾਫੀ ਹੈ ਕਿ ਜਿੰਨਾ ਜ਼ਰੂਰੀ 'ਬੇਟੀ ਬਚਾਓ, ਬੇਟੀ ਪੜ੍ਹਾਓ'  ਦਾ ਨਾਅਰਾ ਹੈ, ਓਨਾ ਹੀ 'ਬੇਟੀ ਨੂੰ ਵਸਾਉਣਾ' ਵੀ ਜ਼ਰੂਰੀ ਹੈ ਤੇ ਇਹ ਟੀਚਾ ਉਕਤ ਗੱਲਾਂ ਵੱਲ ਧਿਆਨ ਦੇ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। 
ਵਿਆਹੁਤਾ ਸੰਬੰਧਾਂ ਵਿਚ ਕੁੜੱਤਣ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ, ਜੋ ਸਮਾਜ ਨੂੰ ਲੱਭਣੇ ਚਾਹੀਦੇ ਹਨ ਕਿਉਂਕਿ ਲੜਕੀ ਦੇ ਨਾ ਵਸਣ ਕਾਰਨ ਪੇਕਾ ਤੇ ਸਹੁਰਾ ਪਰਿਵਾਰ ਦੋਵੇਂ ਹੀ ਸੰਕਟ 'ਚ ਪੈ ਜਾਂਦੇ ਹਨ।                   —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra