ਕਾਂਗਰਸ ਅਤੇ ਭਾਜਪਾ ’ਚ ਅਸੰਤੋਸ਼ ਅਤੇ ਅੰਦਰੂਨੀ ਕਲੇਸ਼ ਦੇਸ਼ ਦੇ ਲਈ ਬਹੁਤ ਹੀ ਮੰਦਭਾਗਾ

06/11/2021 3:15:04 AM

ਇਸ ਨੂੰ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਹੀ ਅੱਜ ਅੰਦਰੂਨੀ ਕਲੇਸ਼ ਅਤੇ ਅਸੰਤੋਸ਼ ਦੀਆਂ ਸ਼ਿਕਾਰ ਹਨ।

* ਜਿੱਥੋਂ ਤੱਕ ਕਾਂਗਰਸ ਦਾ ਸਬੰਧ ਹੈ, ਕਈ ਸੀਨੀਅਰ ਅਤੇ ਨੌਜਵਾਨ ਨੇਤਾਵਾਂ ਦਾ ਇਸ ਨੂੰ ਛੱਡ ਕੇ ਭਾਜਪਾ ’ਚ ਜਾਣ ਦਾ ਸਿਲਸਿਲਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਹਰਿਆਣਾ ਦੇ ਬੀਰੇਂਦਰ ਸਿੰਘ ਅਤੇ ਰਾਓ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ ਹੋ ਕੇ ਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਬਣੇ।

* 2015 ’ਚ ਅਸਾਮ ਦੇ ਸੀਨੀਅਰ ਕਾਂਗਰਸੀ ਆਗੂ ਹਿਮੰਤਾ ਬਿਸਵਾ ਸਰਮਾ ਨੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਹੁਣ ਸੂਬੇ ਦੇ ਮੁੱਖ ਮੰਤਰੀ ਬਣਾਏ ਗਏ ਹਨ।

* ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨਾਲ ਨਾਰਾਜ਼ਗੀ ਦੇ ਕਾਰਨ ਸਿੰਧੀਆ ਪਰਿਵਾਰ ਦੇ ਜਯੋਤਿਰਾਦਿੱਤਿਆ ਸਿੰਧੀਆ ਪਿਛਲੇ ਸਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ।

* ਗੁਜਰਾਤ ’ਚ ਕਾਂਗਰਸ ਦੀ ਯੁਵਾ ਬ੍ਰਿਗੇਡ ਦੇ ਪ੍ਰਮੁੱਖ ਨੇਤਾ ਮਿਲਿੰਦ ਦੇਵੜਾ ਵੱਲੋਂ ਸੂਬੇ ਦੀ ਭਾਜਪਾ ਸਰਕਾਰ ਦੀ ਸ਼ਲਾਘਾ ਕਰਨ ’ਤੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ।

* 9 ਜੂਨ ਨੂੰ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ ਕੱਦਾਵਰ ਯੂਥ ਆਗੂ ਅਤੇ ਸਾਬਕਾ ਰਾਜ ਮੰਤਰੀ ਜਿਤਿਨ ਪ੍ਰਸਾਦ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਚਲੇ ਗਏ ਹਨ।

* ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਨੌਜਵਾਨ ਆਗੂ ਸਚਿਨ ਪਾਇਲਟ ਦੇ ਦਰਮਿਆਨ ਵੀ ਸਭ ਠੀਕ ਨਹੀਂ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਬਗਾਵਤੀ ਤੇਵਰ ਅਪਣਾਉਣ ’ਤੇ ਅਸ਼ੋਕ ਗਹਿਲੋਤ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਪਾਇਲਟ ਸਮਰਥਕ ਵਿਧਾਇਕਾਂ ਨੇ ਪਾਰਟੀ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜਾਂ ਤਾਂ ਜੁਲਾਈ ਮਹੀਨੇ ਤੱਕ ਮੰਤਰੀ ਮੰਡਲ ਵਿਸਤਾਰ ਅਤੇ ਸਿਆਸੀ ਨਿਯੁਕਤੀਆਂ ਦਾ ਕੰਮ ਪੂਰਾ ਕੀਤਾ ਜਾਵੇ ਨਹੀਂ ਤਾਂ ਉਹ ਅਗਲਾ ਫੈਸਲਾ ਲੈਣ ਲਈ ਸੁਤੰਤਰ ਹੋਣਗੇ। ਸਚਿਨ ਪਾਇਲਟ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਨੂੰ ਸੱਤਾ ’ਚ ਲਿਆਉਣ ਵਾਲੇ ਵਰਕਰਾਂ ਦੀ ਸੁਣਵਾਈ ਨਾ ਹੋਣੀ ਮੰਦਭਾਗੀ ਹੈ।

* ਕੇਰਲ ’ਚ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਗਏ ਪਾਰਟੀ ਦੇ ਮਹਾਰਥੀ ਆਗੂ ਰਮੇਸ਼ ਚੇਨਿਥਲਾ ਨੇ ਸੋਨੀਆ ਗਾਂਧੀ ਕੋਲ ਪਾਰਟੀ ’ਚ ਧੜੇਬੰਦੀ ਅਤੇ ਦੋ ਵੱਖ-ਵੱਖ ਧੜਿਆਂ ’ਚ ਖਿੱਚੋਤਾਣ ਦੀ ਸ਼ਿਕਾਇਤ ਕੀਤੀ ਹੈ।

* ਪੰਜਾਬ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਲੋਕਾਂ ਦੇ ਨਿਸ਼ਾਨੇ ’ਤੇ ਹਨ ਅਤੇ ਇਸ ਸਮੇਂ ਪੰਜਾਬ ਕਾਂਗਰਸ ਦਾ ਵਿਵਾਦ ਕੇਂਦਰੀ ਲੀਡਰਸ਼ਿਪ ਵੱਲੋਂ ਗਠਿਤ 3 ਮੈਂਬਰੀ ਕਮੇਟੀ ਦੇ ਸਾਹਮਣੇ ਸੀ ਜਿਸ ਨੇ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

* ਭਾਰਤੀ ਜਨਤਾ ਪਾਰਟੀ ’ਚ ਵੀ ਸਭ ਠੀਕ ਨਹੀਂ ਹੈ। ਉੱਤਰ ਪ੍ਰਦੇਸ਼ ਭਾਜਪਾ ’ਚ ਘਮਸਾਨ ਮਚਿਆ ਹੋਇਆ ਹੈ। ਉੱਥੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜਿੱਥੇ ਸਾਬਕਾ ਆਈ. ਏ. ਐੱਸ. ਅਧਿਕਾਰੀ ਅਰਵਿੰਦ ਸ਼ਰਮਾ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਬਣਾਉਣ ਦੀਆਂ ਕਿਆਸਅਰਾਈਆਂ ਤੋਂ ਨਾਰਾਜ਼ ਹਨ ਉੱਥੇ ਉਨ੍ਹਾਂ ਨੂੰ ਪ੍ਰਦੇਸ਼ ਭਾਜਪਾ ਦੇ ਸੰਗਠਨ ਮਹਾਮੰਤਰੀ ਸੁਨੀਲ ਬਾਂਸਲ ਦੀ ਕਾਰਜਪ੍ਰਣਾਲੀ ’ਤੇ ਵੀ ਇਤਰਾਜ਼ ਹੈ। ਯੋਗੀ ਆਦਿੱਤਿਆਨਾਥ ਆਪਣੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਰਾਜਨੀਤੀ ਤੋਂ ਵੀ ਪ੍ਰੇਸ਼ਾਨ ਹਨ ਜੋ ਉਨ੍ਹਾਂ ਨਾਲ ਨਾਰਾਜ਼ ਚੱਲ ਰਹੇ ਹਨ।

* ਕਰਨਾਟਕ ਭਾਜਪਾ ’ਚ ਮੁੱਖ ਮੰਤਰੀ ਯੇਦੀਯੁਰੱਪਾ ਦੇ ਬੇਟੇ ਵਿਜੇਂਦਰ ਵੱਲੋਂ ਸਰਕਾਰ ਦੇ ਕੰਮਕਾਜ ’ਚ ਦਖਲਅੰਦਾਜ਼ੀ ਦੇ ਲੱਗ ਰਹੇ ਦੋਸ਼ਾਂ ਦੇ ਕਾਰਨ ਉੱਥੋਂ ਦੀ ਸਿਆਸਤ ਭਖੀ ਹੋਈ ਹੈ ਅਤੇ ਯੇਦੀਯੁਰੱਪਾ ਨੂੰ ਕਹਿਣਾ ਪਿਆ ਹੈ ਕਿ ਜੇਕਰ ਪਾਰਟੀ ਹਾਈਕਮਾਨ ਕਹੇ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਤਿਆਰ ਹਨ।

* ਬੰਗਾਲ ’ਚ ਚੋਣ ਨਤੀਜਿਆਂ ਦੇ ਬਾਅਦ ਤ੍ਰਿਣਮੂਲ ਕਾਂਗਰਸ ਛੱਡ ਕੇ ਆਏ ਨੇਤਾਵਾਂ ਦੀ ਘਰ ਵਾਪਸੀ ਤੇ ਭਾਜਪਾ ਦੇ ਘੱਟ ਤੋਂ ਘੱਟ 35 ਵਿਧਾਇਕਾਂ ਦੇ ਤ੍ਰਿਣਮੂਲ ਕਾਂਗਰਸ ’ਚ ਜਾਣ ਦੀ ਚਰਚਾ ਨਾਲ ਭਾਜਪਾ ਲੀਡਰਸ਼ਿਪ ਚਿੰਤਤ ਹੋ ਉੱਠੀ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਵੱਲੋਂ ਸੱਦੀ ਗਈ ਬੈਠਕ ’ਚ ਕਈ ਨੇਤਾਵਾਂ ਦੇ ਸ਼ਾਮਲ ਨਾ ਹੋਣ ਨਾਲ ਵੀ ਪਾਰਟੀ ਚਿੰਤਾ ’ਚ ਪੈ ਗਈ ਹੈ।

* ਬਿਹਾਰ ’ਚ ਭਾਜਪਾ ਦੀ ਭਾਈਵਾਲੀ ਵਾਲੀ ਨਿਤੀਸ਼ ਕੁਮਾਰ ਦੀ ਸਰਕਾਰ ਦੇ ਲਈ ਕੁਝ ਭਾਜਪਾ ਨੇਤਾਵਾਂ ਵੱਲੋਂ ਸੰਕਟ ਪੈਦਾ ਕਰਨ ਦੇ ਯਤਨਾਂ ਦੇ ਸੰਕੇਤ ਮਿਲ ਰਹੇ ਹਨ। ‘ਹਮ’ ਦੇ ਨੇਤਾ ਜੀਤਨ ਰਾਮ ਮਾਂਝੀ ਨੇ ਭਾਜਪਾ ਅਤੇ ਨਿਤੀਸ਼ ਕੁਮਾਰ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।

ਇਸ ਤਰ੍ਹਾਂ ਦੇ ਅੰਦਰੂਨੀ ਕਲੇਸ਼ ਨਾਲ ਇਨ੍ਹਾਂ ਪਾਰਟੀਆਂ ਦਾ ਭਾਵੇਂ ਜੋ ਵੀ ਹਸ਼ਰ ਹੋਵੇ ਪਰ ਭਵਿੱਖ ’ਚ ਇਸ ਦਾ ਸਭ ਤੋਂ ਵੱਧ ਨੁਕਸਾਨ ਦੇਸ਼ ਨੂੰ ਹੋਵੇਗਾ ਕਿਉਂਕਿ ਕਿਸੇ ਵੀ ਦੇਸ਼ ਦੇ ਭਵਿੱਖ ਦੇ ਲਈ ਇਕ ਮਜ਼ਬੂਤ ਸੱਤਾਧਾਰੀ ਪਾਰਟੀ ਅਤੇ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ਬੇਸ਼ੱਕ ਹੀ ਇਹ ਦੋਵੇਂ ਪਾਰਟੀਆਂ ਵਾਰੀ-ਵਾਰੀ ਸੱਤਾ ’ਚ ਆਉਣ।

ਕਾਂਗਰਸ ਅਤੇ ਭਾਜਪਾ ਦੋਵੇਂ ਹੀ ਪਾਰਟੀਆਂ ਦੀ ਲੀਡਰਸ਼ਿਪ ’ਚ ਤਾਨਾਸ਼ਾਹੀ ਦਾ ਅੰਸ਼ ਆ ਜਾਣ ਨਾਲ ਵਰਕਰਾਂ ’ਚ ਨਿਰਾਸ਼ਾ ਪੈਦਾ ਹੋ ਗਈ ਹੈ। ਇਸ ਲਈ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਸਾਰੀਆਂ ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਦੇ ਲਈ ਇਕ ਸਬਕ ਲੁਕਿਆ ਹੋਇਆ ਹੈ।

ਉਹ ਪਾਰਟੀ ਨੂੰ ਆਪਣੀ ਜ਼ਿੰਦਗੀ ਦੇਣ ਵਾਲੇ ਕਰਮਸ਼ੀਲ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਨਾ ਕਰਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਤਾਂ ਕਿ ਉਹ ਦੂਸਰੀ ਪਾਰਟੀ ’ਚ ਜਾਣ ਦੇ ਬਾਰੇ ’ਚ ਨਾ ਸੋਚਣ ਅਤੇ ਪਾਰਟੀ ਤੇ ਦੇਸ਼ ਦੋਵਾਂ ’ਚ ਲੋਕਤੰਤਰ ਮਜ਼ਬੂਤ ਹੋਵੇਗਾ।
 -ਵਿਜੇ ਕੁਮਾਰ

Bharat Thapa

This news is Content Editor Bharat Thapa