ਆਜ਼ਾਦੀ ਦੇ 71ਵੇਂ ਵਰ੍ਹੇ ''ਚ  ਰੁਕਾਵਟਾਂ ਦੇ ਬਾਵਜੂਦ ਤਰੱਕੀ ਦੇ ਰਾਹ ''ਤੇ ਵਧ ਰਿਹੈ ਦੇਸ਼ ਅਸਾਡਾ

08/15/2017 7:04:45 AM

ਅੱਜ 15 ਅਗਸਤ ਨੂੰ ਅਸੀਂ ਆਪਣੇ ਆਜ਼ਾਦੀ ਦੇ 71ਵੇਂ ਵਰ੍ਹੇ ਵਿਚ ਦਾਖਲ ਹੋ ਰਹੇ ਹਾਂ। ਅਸੀਂ ਆਪਣੇ ਦੇਸ਼ ਦੇ ਮਹਾਨ ਸਪੂਤਾਂ ਛਤਰਪਤੀ ਸ਼ਿਵਾਜੀ, ਤਾਂਤੀਆ ਟੋਪੇ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਆਜ਼ਾਦ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਬਿਪਨ ਚੰਦਰਪਾਲ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਆਦਿ ਹਜ਼ਾਰਾਂ ਆਜ਼ਾਦੀ ਦੇ ਦੀਵਾਨਿਆਂ ਦੇ ਲਗਾਤਾਰ ਸੰਘਰਸ਼ ਤੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਨੇਮਤ ਹਾਸਿਲ ਕੀਤੀ ਹੈ। 
ਪਰ ਇਸ ਆਜ਼ਾਦੀ ਲਈ ਸਾਨੂੰ ਦੇਸ਼ ਦੀ ਵੰਡ ਦੇ ਰੂਪ ਵਿਚ ਭਾਰੀ ਕੀਮਤ ਵੀ ਚੁਕਾਉਣੀ ਪਈ। ਪਾਕਿਸਤਾਨ ਦੇ ਰੂਪ ਵਿਚ ਅੱਧਾ ਪੰਜਾਬ ਤੇ ਸਰਹੱਦੀ ਸੂਬਾ ਤੇ ਬੰਗਲਾਦੇਸ਼ ਵਾਲਾ ਹਿੱਸਾ ਸਾਡੇ ਤੋਂ ਖੁੱਸ ਗਿਆ।
ਭਾਰਤ-ਪਾਕਿ ਵੰਡ ਕਾਰਨ ਹੋਣ ਵਾਲੇ ਫਿਰਕੂ ਦੰਗਿਆਂ ਦੇ ਸਿੱਟੇ ਵਜੋਂ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਪਲਾਇਨ ਹੋਇਆ, ਜਿਸ ਦੌਰਾਨ ਹਜ਼ਾਰਾਂ ਲੋਕ ਨਾ ਸਿਰਫ ਮਾਰੇ ਗਏ, ਸਗੋਂ ਲੱਖਾਂ ਲੋਕਾਂ ਨੂੰ ਆਪਣੀ ਜ਼ਮੀਨ ਤੋਂ ਉੱਜੜ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਜਾ ਕੇ ਵਸਣਾ ਪਿਆ। 
ਅਥਾਹ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਤੋਂ  ਬਾਅਦ ਵੀ ਦੇਸ਼ ਨੂੰ ਸ਼ਾਂਤੀ ਨਾਲ ਬੈਠਣਾ ਨਸੀਬ ਨਹੀਂ ਹੋਇਆ ਅਤੇ ਸਾਡੇ ਦੇਸ਼ ਨੇ ਪਾਕਿਸਤਾਨ ਤੇ ਚੀਨ ਵਲੋਂ 5 ਵੱਡੇ ਹਮਲਿਆਂ ਦਾ ਸਾਹਮਣਾ ਕੀਤਾ, ਜਿਸ ਦੌਰਾਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ।
ਅੱਜ ਵੀ ਪਾਕਿਸਤਾਨ ਤੇ ਚੀਨ ਵਲੋਂ ਖਤਰਾ ਜਿਉਂ ਦਾ ਤਿਉਂ ਕਾਇਮ ਹੈ ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਾਡੇ ਦੁਸ਼ਮਣ ਦੇਸ਼ਾਂ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਅੱਜ ਭਾਰਤ ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ। 
ਅੱਜ ਜਿਥੇ ਅਸਥਿਰਤਾ ਦੇ ਇਕ ਲੰਮੇ ਦੌਰ ਤੋਂ ਬਾਅਦ ਬੰਗਲਾਦੇਸ਼ ਵਿਚ ਸਿਆਸੀ ਸਥਿਰਤਾ ਆਈ ਹੈ, ਉਥੇ ਹੀ ਪਾਕਿਸਤਾਨ ਤਾਂ ਆਪਣੀ ਪੈਦਾਇਸ਼ ਤੋਂ ਅੱਜ ਤਕ ਫੌਜ ਦੀ ਕ੍ਰਿਪਾ 'ਤੇ ਨਿਰਭਰ ਤੇ ਸਿਆਸੀ ਨਜ਼ਰੀਏ ਤੋਂ ਇਕ ਅਸਥਿਰ ਦੇਸ਼ ਹੀ ਬਣਿਆ ਹੋਇਆ ਹੈ, ਜਿਥੇ ਕੋਈ ਵੀ ਨਾਮਜ਼ਦ ਸਰਕਾਰ 5 ਵਰ੍ਹਿਆਂ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੀ। 
ਭਾਰਤ ਵਿਚ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੈ। ਇਥੇ ਕੇਂਦਰ ਅਤੇ ਸੂਬਿਆਂ ਵਿਚ ਹਮੇਸ਼ਾ ਅਮਨਪੂਰਵਕ ਸੱਤਾ ਬਦਲਦੀ ਆ ਰਹੀ ਹੈ, ਸਰਕਾਰਾਂ ਆਪਣਾ ਕਾਰਜਕਾਲ ਪੂਰਾ ਕਰਦੀਆਂ ਹਨ ਅਤੇ ਵਿਕਾਸ ਦੇ ਰਾਹ 'ਚ ਆਉਣ ਵਾਲੀਆਂ ਕਈ ਰੁਕਾਵਟਾਂ ਦੇ ਬਾਵਜੂਦ ਸਾਡਾ ਦੇਸ਼ ਅੱਗੇ ਵਧ ਰਿਹਾ ਹੈ। 
ਆਜ਼ਾਦੀ ਦੇ ਸਮੇਂ ਅਸੀਂ ਆਪਣੀ ਅਨਾਜ ਦੀ ਲੋੜ ਪੂਰੀ ਕਰਨ ਲਈ ਵਿਦੇਸ਼ੀ ਸਹਾਇਤਾ 'ਤੇ ਨਿਰਭਰ ਕਰਦੇ ਸੀ ਪਰ ਹੁਣ ਅਸੀਂ ਨਾ ਸਿਰਫ ਅਨਾਜ ਦੇ ਮਾਮਲੇ ਵਿਚ ਸਵੈ-ਨਿਰਭਰ ਹੋ ਗਏ ਹਾਂ, ਸਗੋਂ ਦੂਜੇ ਦੇਸ਼ਾਂ ਨੂੰ ਬਰਾਮਦ ਵੀ ਕਰ ਰਹੇ ਹਾਂ। 
ਇਸੇ ਮਿਆਦ ਦੌਰਾਨ ਦੇਸ਼ ਵਿਚ ਗੱਡੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਸੜਕਾਂ 'ਤੇ ਜਾਮ ਵੀ ਅਕਸਰ ਲੱਗਦੇ ਰਹਿੰਦੇ ਹਨ। ਘਰ-ਘਰ ਵਿਚ ਟੀ. ਵੀ., ਮੋਟਰਸਾਈਕਲ, ਸਕੂਟਰ, ਏ. ਸੀ., ਕਾਰਾਂ ਅਤੇ ਜ਼ਿਆਦਾਤਰ ਹੱਥਾਂ ਵਿਚ ਮੋਬਾਈਲ ਪਹੁੰਚ ਚੁੱਕੇ ਹਨ ਤੇ ਕਈ ਲੋਕਾਂ ਕੋਲ 2-2 ਮੋਬਾਈਲ ਦੇਖੇ ਜਾ ਰਹੇ ਹਨ। 
ਦੇਸ਼ ਵਿਚ ਕੰਪਿਊਟਰ ਕ੍ਰਾਂਤੀ ਆਈ ਹੈ ਅਤੇ ਵਿਗਿਆਨ, ਤਕਨਾਲੋਜੀ ਵਿਚ ਭਾਰਤ ਦਾ ਦੁਨੀਆ ਵਿਚ ਦਬਦਬਾ ਬਣਿਆ ਹੈ। ਕਈ ਕੌਮਾਂਤਰੀ ਕੰਪਨੀਆਂ 'ਤੇ ਭਾਰਤੀਆਂ ਦਾ ਗਲਬਾ ਵਧਿਆ ਹੈ ਤੇ ਵਿਦੇਸ਼ਾਂ ਵਿਚ ਵਸਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। 'ਪੈਪਸੀਕੋ', 'ਗੂਗਲ' ਅਤੇ 'ਮਾਈਕ੍ਰੋਸਾਫਟ' ਵਰਗੀਆਂ ਕੌਮਾਂਤਰੀ ਕੰਪਨੀਆਂ ਦੇ ਮੁਖੀਆਂ ਦੇ ਅਹੁਦਿਆਂ 'ਤੇ ਭਾਰਤੀ ਇੰਦਰਾ ਨੂਈ, ਸੁੰਦਰ ਪਿਚਾਈ ਤੇ ਸੱਤਿਆ ਨਡੇਲਾ ਬਿਰਾਜਮਾਨ ਹਨ। 
ਸਾਡੀ ਸਾਖਰਤਾ ਦਰ 75.06 ਫੀਸਦੀ ਤਕ ਪਹੁੰਚ ਗਈ ਹੈ, ਜੋ 1947 'ਚ ਸਿਰਫ 18 ਫੀਸਦੀ ਸੀ ਤੇ ਕੇਰਲਾ ਵਲੋਂ ਸੌ ਫੀਸਦੀ ਸਾਖਰਤਾ ਦਾ ਟੀਚਾ ਹਾਸਿਲ ਕਰਨ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵੀ ਸੌ ਫੀਸਦੀ ਸਾਖਰਤਾ ਦੇ ਨੇੜੇ ਪਹੁੰਚ ਗਿਆ ਹੈ। 
ਦੇਸ਼ ਵਿਚ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ, ਹਵਾਈ ਅੱਡਿਆਂ ਵਿਚ ਵਾਧਾ ਹੋਇਆ ਹੈ, ਸੜਕਾਂ ਦੇ ਜਾਲ ਤੇ ਰੇਲ ਮਾਰਗਾਂ 'ਚ ਵਾਧਾ ਹੋਇਆ ਹੈ। ਮੇਰੇ ਵਰਗੇ ਜਿਹੜੇ ਲੋਕਾਂ ਨੇ 1947 ਦਾ ਉਹ ਭਿਆਨਕ ਦੌਰ ਦੇਖਿਆ ਹੈ, ਉਨ੍ਹਾਂ ਨੂੰ ਇਹ ਇਕ ਸੁਪਨੇ ਵਾਂਗ ਲੱਗਦਾ ਹੈ। 
ਇਨ੍ਹਾਂ ਸਭ ਪ੍ਰਾਪਤੀਆਂ ਦਰਮਿਆਨ ਦੇਸ਼ ਵਿਚ ਸਿੱਖਿਆ, ਸਿਹਤ ਸੇਵਾਵਾਂ ਅਤੇ ਹੋਰ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੀ ਘਾਟ ਤੇ ਕਈ ਅੜਚਣਾਂ, ਭ੍ਰਿਸ਼ਟਾਚਾਰ, ਲਾ-ਕਾਨੂੰਨੀ, ਅਪਰਾਧ, ਰਿਸ਼ਵਤਖੋਰੀ, ਸਰਹੱਦਾਂ 'ਤੇ ਖਤਰਾ ਅਤੇ ਘਰੇਲੂ ਅੱਤਵਾਦ ਆਦਿ ਬੁਰਾਈਆਂ ਸਾਡੇ ਸਫਲ ਲੋਕਤੰਤਰ ਦੇ ਮੱਥੇ 'ਤੇ ਇਕ ਕਾਲੇ ਧੱਬੇ ਵਾਂਗ ਨਜ਼ਰ ਆ ਰਹੀਆਂ ਹਨ। 
ਅੱਜ ਆਜ਼ਾਦੀ ਦਿਹਾੜੇ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਦੋਹਰੀ ਖੁਸ਼ੀ ਦੇ ਮੌਕੇ 'ਤੇ ਅਸੀਂ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਸਾਨੂੰ ਉਕਤ ਸਾਰੀਆਂ ਨਾਂਹ-ਪੱਖੀ ਗੱਲਾਂ ਤੋਂ ਮੁਕਤੀ ਮਿਲੇਗੀ ਅਤੇ ਇਹ ਆਜ਼ਾਦੀ ਦਿਹਾੜਾ ਪਹਿਲਾਂ ਨਾਲੋਂ ਵੀ ਜ਼ਿਆਦਾ ਸੁੱਖ-ਸਮ੍ਰਿਧੀ ਅਤੇ ਸ਼ਾਂਤੀ ਲਿਆਉਣ ਵਾਲਾ ਹੋਵੇਗਾ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra