ਅਪਰਾਧੀਆਂ ਨੂੰ ਫੜਨ ’ਚ ਸਹਾਈ ਦਿੱਲੀ ਪੁਲਸ ਦੀ ‘ਅੱਖ ਅਤੇ ਕੰਨ’ ਯੋਜਨਾ

04/06/2019 6:18:58 AM

ਅਪਰਾਧਾਂ ’ਤੇ ਰੋਕ ਲਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ। ਪੁਲਸ ਆਪਣੇ ਵਲੋਂ ਅਪਰਾਧਾਂ ’ਤੇ ਰੋਕ ਲਾਉਣ ਦੀ ਚਾਹੇ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੇ ਪਰ ਉਹ ਵੀ ਅਪਰਾਧਾਂ ਨੂੰ ਜੜ੍ਹੋਂ ਤਾਂ ਹੀ ਖਤਮ ਕਰ ਸਕਦੀ ਹੈ, ਜੇ ਆਮ ਲੋਕ ਉਸ ਨੂੰ ਆਪਣਾ ਪੂਰਾ ਸਹਿਯੋਗ ਦੇਣ। ਇਸੇ ਨੂੰ ਧਿਆਨ ’ਚ ਰੱਖਦਿਆਂ ਦਿੱਲੀ ਪੁਲਸ ਨੇ 2008 ’ਚ ‘ਅੱਖ ਅਤੇ ਕੰਨ’ ਨਾਂ ਦੀ ਯੋਜਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਆਮ ਲੋਕਾਂ ’ਚੋਂ ‘ਵਲੰਟੀਅਰਾਂ’ ਦੀਆਂ ਦਿੱਤੀਆਂ ਹੋਈਆਂ ਸੂਚਨਾਵਾਂ ਦੇ ਆਧਾਰ ’ਤੇ ਅਪਰਾਧੀਆਂ ਨੂੰ ਫੜ ਕੇ ਅਪਰਾਧਾਂ ’ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਪੁਲਸ ਦੇ ਵਧੀਕ ਬੁਲਾਰੇ ਅਨਿਲ ਮਿੱਤਲ ਅਨੁਸਾਰ ‘ਅੱਖ ਅਤੇ ਕੰਨ’ ਯੋਜਨਾ ਦੇ ਤਹਿਤ ਕੋਈ ਕੇਸ ਸੁਲਝਣ ’ਤੇ ਸਬੰਧਤ ਵਲੰਟੀਅਰ ਨੂੰ ਕੇਸ ਦੀ ਪ੍ਰਵਿਰਤੀ ਮੁਤਾਬਿਕ 5 ਤੋਂ 10 ਹਜ਼ਾਰ ਰੁਪਏ ਤਕ ਨਕਦ ਇਨਾਮ ਦੇਣ ਤੋਂ ਇਲਾਵਾ ਉਸ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਰੋਜ਼ਾਨਾ ‘ਬੀਟ ਕਾਂਸਟੇਬਲ’ ਵਲੰਟੀਅਰਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਫੋਨ ’ਤੇ ਵੀ ਉਨ੍ਹਾਂ ਦੇ ਸੰਪਰਕ ’ਚ ਰਹਿੰਦੇ ਹਨ। ਉਹ ਥਾਣੇਦਾਰਾਂ ਅਤੇ ਸਹਾਇਕ ਪੁਲਸ ਕਮਿਸ਼ਨਰਾਂ ਨਾਲ ਵੀ ਹਫਤਾਵਾਰੀ ਅਤੇ ਮਾਸਿਕ ਮੀਟਿੰਗਾਂ ਕਰਦੇ ਹਨ। ਦਿੱਲੀ ਪੁਲਸ ਦੇ ਬੁਲਾਰੇ ਮਧੁਰ ਵਰਮਾ ਅਨੁਸਾਰ ਇਸ ਯੋਜਨਾ ਨਾਲ ਰਾਜਧਾਨੀ ਦੇ ਕਈ ਇਲਾਕਿਆਂ ’ਚ ਅਪਰਾਧਾਂ ਨੂੰ ਰੋਕਣ ਜਾਂ ਉਨ੍ਹਾਂ ਦਾ ਪਤਾ ਲਾਉਣ ’ਚ ਸਹਾਇਤਾ ਮਿਲਣ ਤੋਂ ਇਲਾਵਾ ਲੱਗਭਗ 65 ਫੀਸਦੀ ਕੇਸ ਸੁਲਝਾਉਣ ’ਚ ਸਹਾਇਤਾ ਮਿਲੀ ਹੈ, ਜਿਨ੍ਹਾਂ ’ਚ ਕਤਲ, ਬਲਾਤਕਾਰ, ਡਕੈਤੀ, ਚੋਰੀ ਤੇ ਸਨੈਚਿੰਗ ਤੋਂ ਇਲਾਵਾ ਹੋਰ ਛੋਟੇ-ਮੋਟੇ ਮਾਮਲੇ ਸ਼ਾਮਿਲ ਹਨ। ਡੀ. ਸੀ. ਪੀ. (ਨਾਰਥ) ਨੁਪੂਰ ਪ੍ਰਸਾਦ ਅਨੁਸਾਰ ਇਸ ਸਾਲ ਉਨ੍ਹਾਂ ਦੀ ਟੀਮ ਨੇ ‘ਅੱਖ ਅਤੇ ਕੰਨ’ ਯੋਜਨਾ ਦੇ ਮੈਂਬਰਾਂ ਵਲੋਂ ਦਿੱਤੀਆਂ ਸੂਚਨਾਵਾਂ ਦੇ ਆਧਾਰ ’ਤੇ ਫੌਜਦਾਰੀ ਦੇ 15 ਕੇਸ ਸੁਲਝਾਏ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਇਹ ਵਲੰਟੀਅਰ ਹੀ ਸਾਡੀਆਂ ਅਸਲੀ ਅੱਖਾਂ ਅਤੇ ਕੰਨ ਹਨ, ਜੋ ਸਾਨੂੰ ਅਪਰਾਧਾਂ ਦੇ ਮਾਮਲੇ ਸੁਲਝਾਉਣ ਤੋਂ ਇਲਾਵਾ ਇਨ੍ਹਾਂ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ’ਚ ਵੀ ਸਹਾਇਤਾ ਦਿੰਦੇ ਹਨ। ਸਾਨੂੰ ਇਸ ਮਾਮਲੇ ’ਚ ਵਲੰਟੀਅਰਾਂ ਨੂੰ ਜ਼ਿਆਦਾ ਜਾਗਰੂਕ ਅਤੇ ਸਿੱਖਿਅਤ ਕਰਨ ਦੀ ਲੋੜ ਹੈ।’’

ਇਸ ਪ੍ਰੋਗਰਾਮ ਦੇ ਤਹਿਤ ਭਰਤੀ ਕੀਤੇ ਵਲੰਟੀਅਰਾਂ ਦੀ ਗਿਣਤੀ ਵਧ ਕੇ 95,000 ਹੋ ਗਈ ਹੈ, ਜਿਨ੍ਹਾਂ ’ਚ ਰੇਹੜੀ ਵਾਲੇ, ਫੜ੍ਹੀ ਲਾਉਣ ਵਾਲੇ, ਰਿਕਸ਼ਾ ਚਾਲਕ, ਗਾਰਡ, ਹੱਜÅਾਮ ਅਤੇ ਗੱਡੀਆਂ ਦੀ ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰਨ ਵਾਲੇ ਆਮ ਮੁਲਾਜ਼ਮ ਸ਼ਾਮਿਲ ਹਨ। ਇਹ ਪ੍ਰੋਗਰਾਮ ਸ਼ੁਰੂ ਕਰਨ ਦੇ ਪਹਿਲੇ ਹੀ ਸਾਲ ’ਚ ਵਲੰਟੀਅਰਾਂ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕਾਲਕਾ ਜੀ ’ਚ ਇਕ ਵਪਾਰੀ ਦੀ ਹੱਤਿਆ ਦੇ ਮਾਮਲੇ ਸਮੇਤ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਦੇ 310 ਕੇਸ ਸੁਲਝਾਏ ਗਏ। ਪਿਛਲੇ ਸਾਲ ਇਸ ਪ੍ਰੋਗਰਾਮ ਦੇ ਤਹਿਤ ਵਲੰਟੀਅਰਾਂ ਵਲੋਂ ਬੀਟ ਕਾਂਸਟੇਬਲਾਂ ਅਤੇ ਦਰਮਿਆਨੇ ਪੱਧਰ ਦੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ 1000 ਦੇ ਲੱਗਭਗ ਕੇਸਾਂ ਦੀ ਗੁੱਥੀ ਸੁਲਝਾਈ ਗਈ, ਜਦਕਿ ਇਸ ਸਾਲ ਹੁਣ ਤਕ 150 ਕੇਸ ਸੁਲਝਾਉਣ ’ਚ ਦਿੱਲੀ ਪੁਲਸ ਨੂੰ ਸਫਲਤਾ ਮਿਲੀ ਹੈ। ਦਿੱਲੀ ਪੁਲਸ ਦੇ ਇਕ ਸਹਾਇਕ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਸਮੇਂ ਜਦੋਂ ਰਾਜਧਾਨੀ ’ਚ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ, ‘ਇਨ੍ਹਾਂ ਚੌਕੀਦਾਰਾਂ’ ਵਲੋਂ ਰੋਜ਼ਾਨਾ ਦਿੱਤੀਆਂ ਜਾਣ ਵਾਲੀਆਂ ਸੂਚਨਾਵਾਂ ਸਾਡੇ ਕੰਮ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਖਾਸ ਕਰਕੇ ਉਦੋਂ, ਜਦੋਂ ਸਾਡੇ ਸਾਹਮਣੇ ਕੋਈ ਅੰਨ੍ਹਾ ਕੇਸ ਹੋਵੇ।

* ਪੰਜਾਬੀ ਬਾਗ ਇਲਾਕੇ ’ਚ 45 ਪੇਟੀਆਂ ਸ਼ਰਾਬ ਨਾਲ ਇਕ ਕਾਰ ਕਬਜ਼ੇ ’ਚ ਲੈਣ ਤੋਂ ਇਲਾਵਾ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਵਾਉਣ ’ਚ ਇਸੇ ਇਲਾਕੇ ਦੇ ਛੋਲੇ-ਭਟੂਰੇ ਵੇਚਣ ਵਾਲੇ ਬੱਬੂ ਯਾਦਵ ਵਲੋਂ ਪੁਲਸ ਨੂੰ ਦਿੱਤੀ ਗਈ ਸੂਚਨਾ ਬਹੁਤ ਕੰਮ ਆਈ।

* ਰੋਹਿਣੀ ’ਚ ਇਕ ਵਲੰਟੀਅਰ ਦੀ ਸਹਾਇਤਾ ਨਾਲ 2 ਬਦਨਾਮ ਅਪਰਾਧੀ ਫੜੇ ਗਏ ਤੇ ਨਿਊ ਅਸ਼ੋਕ ਨਗਰ ਤੋਂ ਲਾਪਤਾ ਹੋਇਆ 4 ਵਰ੍ਹਿਆਂ ਦਾ ਬੱਚਾ ਬਰਾਮਦ ਕੀਤਾ ਗਿਆ।

* ਇਕ ਅਗ਼ਵਾ ਹੋਇਆ 7 ਸਾਲਾ ਬੱਚਾ ਲੋਧੀ ਕਾਲੋਨੀ ’ਚੋਂ ਬਰਾਮਦ ਕੀਤਾ ਗਿਆ।

* ਇਕ ਵਲੰਟੀਅਰ ਨੇ ਛੁਰੇਬਾਜ਼ੀ ਦੀ ਇਕ ਘਟਨਾ ਦੇ ਸਬੰਧ ’ਚ ਸਮੇਂ ਸਿਰ ਪੁਲਸ ਨੂੰ ਸੂਚਿਤ ਕਰ ਕੇ ਦੋਸ਼ੀ ਨੂੰ ਫੜਵਾਇਆ।

ਕੁਲ ਮਿਲਾ ਕੇ ਦਿੱਲੀ ਪੁਲਸ ਦੀ ‘ਅੱਖ ਅਤੇ ਕੰਨ’ ਯੋਜਨਾ ਦੇ ਤਹਿਤ ਸੇਵਾ ਦੇ ਰਹੇ ਵਲੰਟੀਅਰ ਅਪਰਾਧਾਂ ਦੀ ਰੋਕਥਾਮ ਕਰਨ ’ਚ ਕਾਫੀ ਉਪਯੋਗੀ ਸਿੱਧ ਹੋ ਰਹੇ ਹਨ। ਇਸ ਲਈ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਅਜਿਹੇ ਵਲੰਟੀਅਰ ਤਿਆਰ ਕਰ ਕੇ ਅਪਰਾਧ ਰੋਕਣ ਦੀ ਦਿਸ਼ਾ ’ਚ ਯਤਨ ਕਰਨੇ ਚਾਹੀਦੇ ਹਨ। ਇਸ ਨਾਲ ਉਥੇ ਅਪਰਾਧਾਂ ’ਤੇ ਕਾਬੂ ਪਾਉਣ ’ਚ ਕੁਝ ਸਹਾਇਤਾ ਜ਼ਰੂਰ ਮਿਲੇਗੀ।

–ਵਿਜੇ ਕੁਮਾਰ
 

Bharat Thapa

This news is Content Editor Bharat Thapa