''ਦਿੱਲੀ ''ਚ ਲੱਗੀ ਜਨ ਸਿਹਤ ਐਮਰਜੈਂਸੀ'' ਉੱਤਰ ਭਾਰਤ ''ਚ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ

11/02/2019 1:32:25 AM

ਕੁਝ ਸਾਲਾਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਹਵਾ ਪ੍ਰਦੂਸ਼ਣ ਜਾਨਲੇਵਾ ਪੱਧਰ 'ਤੇ ਪਹੁੰਚ ਗਿਆ ਹੈ। ਇਕ ਅਧਿਐਨ ਅਨੁਸਾਰ ਸਾਲ 1998 ਤੋਂ 2016 ਦੇ ਵਿਚਾਲੇ ਉੱਤਰੀ ਭਾਰਤ ਵਿਚ, ਜਿਥੇ ਦੇਸ਼ ਦੀ ਕੁਲ ਆਬਾਦੀ 'ਚੋਂ ਲੱਗਭਗ 48 ਕਰੋੜ ਤੋਂ ਵੱਧ ਆਬਾਦੀ ਰਹਿੰਦੀ ਹੈ, ਪ੍ਰਦੂਸ਼ਣ 72 ਫੀਸਦੀ ਵਧ ਗਿਆ ਹੈ।
ਜ਼ਹਿਰੀਲੀ ਹਵਾ ਦੇ ਕਾਰਣ ਕੁਝ ਇਲਾਕਿਆਂ ਵਿਚ ਲੋਕਾਂ ਦੀ ਔਸਤ ਉਮਰ 7 ਸਾਲ ਅਤੇ ਦਿੱਲੀ ਵਿਚ 10 ਸਾਲ ਤਕ ਘੱਟ ਹੋ ਗਈ ਹੈ। ਉੱਤਰ ਭਾਰਤ ਵਿਚ ਹਵਾ ਪ੍ਰਦੂਸ਼ਣ ਬਾਕੀ ਦੇਸ਼ ਦੇ ਮੁਕਾਬਲੇ 3 ਗੁਣਾ ਵੱਧ ਹੈ ਅਤੇ ਸਭ ਤੋਂ ਵੱਧ ਪ੍ਰਦੂਸ਼ਿਤ ਦਿੱਲੀ ਹੈ।
''ਐਨਰਜੀ ਪਾਲਿਸੀ ਇੰਸਟੀਚਿਊਟ ਐਟ ਦਿ ਯੂਨੀਵਰਸਿਟੀ ਆਫ ਸ਼ਿਕਾਗੋ' (ਈ. ਪੀ. ਆਈ. ਸੀ.) ਦੇ ਅਨੁਸਾਰ, ''ਵਧਦੇ ਪ੍ਰਦੂਸ਼ਣ ਨਾਲ ਨਵਜਾਤ ਬੱਚਿਆਂ ਸਮੇਤ ਹਰ ਕੋਈ 'ਸਮੋਕਰ' ਬਣ ਰਿਹਾ ਹੈ। ਪ੍ਰਦੂਸ਼ਣ ਵਧ ਕੇ 24 ਘੰਟਿਆਂ ਵਿਚ 20-25 ਸਿਗਰਟਾਂ ਪੀਣ ਦੇ ਬਰਾਬਰ ਹੋ ਗਿਆ ਹੈ।''
'ਇੰਡੀਅਨ ਮੈਡੀਕਲ ਐਸੋਸੀਏਸ਼ਨ' ਦੇ ਜਨਰਲ ਸਕੱਤਰ ਡਾ. ਅਨਿਲ ਗੋਇਲ ਅਨੁਸਾਰ, ''ਪ੍ਰਦੂਸ਼ਣ ਦੇ ਕਾਰਣ ਹਸਪਤਾਲਾਂ 'ਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਇਸ ਲਈ ਲੋਕ ਜਿਥੋਂ ਤਕ ਸੰਭਵ ਹੋਵੇ, ਘਰੋਂ ਬਾਹਰ ਨਾ ਨਿਕਲਣ ਅਤੇ ਮਾਸਕ ਲਗਾਉਣ।''
ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਰਾਜਧਾਨੀ ਦਿੱਲੀ ਸਮੇਤ ਕਈ ਸਥਾਨਾਂ 'ਤੇ ਦਿਲ ਦੇ ਦੌਰੇ ਦਾ ਖਤਰਾ ਵਧ ਜਾਣ ਨੂੰ ਦੇਖਦੇ ਹੋਏ ਮਾਹਿਰਾਂ ਨੇ ਅਸਥਮਾ, ਬ੍ਰੋਕਾਈਟਿਸ ਜਾਂ ਸਾਹ ਸਬੰਧੀ ਹੋਰ ਰੋਗਾਂ ਤੋਂ ਪੀੜਤ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਕਿਉਂਕਿ ਬੀਮਾਰੀਆਂ 'ਚ ਭਾਰੀ ਵਾਧੇ ਕਾਰਣ ਮੌਤਾਂ ਵੀ ਵਧ ਰਹੀਆਂ ਹਨ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਇਕ ਅਧਿਕਾਰੀ ਅਨੁਸਾਰ ਦਿੱਲੀ ਵਿਚ ਇਸ ਸਾਲ ਜਨਵਰੀ ਤੋਂ ਬਾਅਦ 1 ਨਵੰਬਰ ਦੀ ਸਵੇਰ ਪਹਿਲੀ ਵਾਰ ਪੂਰਨ ਹਵਾ ਗੁਣਵੱਤਾ ਸੂਚਕਅੰਕ (ਏ. ਕਿਊ. ਆਈ.) ਅਤਿ-ਗੰਭੀਰ ਹਾਲਤ ਵਿਚ ਪਹੁੰਚ ਗਿਆ।
ਇਸ ਨੂੰ ਦੇਖਦਿਆਂ 'ਇਨਵਾਇਰਨਮੈਂਟ ਪੋਲਿਊਸ਼ਨ (ਪ੍ਰੀਵੈਨਸ਼ਨ ਐਂਡ ਕੰਟਰੋਲ) ਅਥਾਰਿਟੀ' (ਈ. ਪੀ. ਸੀ. ਏ.) ਨੇ ਦਿੱਲੀ-ਐੱਨ. ਸੀ. ਆਰ. ਵਿਚ 'ਜਨ ਸਿਹਤ ਐਮਰਜੈਂਸੀ' ਦਾ ਐਲਾਨ ਕਰਦੇ ਹੋਏ 5 ਨਵੰਬਰ ਤਕ ਨਿਰਮਾਣ ਕਾਰਜਾਂ 'ਤੇ ਪਾਬੰਦੀ ਲਾਉਣ ਤੋਂ ਇਲਾਵਾ ਸਰਦੀ ਦੇ ਮੌਸਮ 'ਚ ਪਟਾਕੇ ਚਲਾਉਣ 'ਤੇ ਰੋਕ ਲਾ ਦਿੱਤੀ ਹੈ।
ਦਿੱਲੀ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਵਿਚਾਲੇ, ''ਐੱਨ.-95 ਮਾਸਕ' ਵੰਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਸਾਰਿਆਂ ਸਕੂਲਾਂ ਨੂੰ 5 ਨਵੰਬਰ ਤਕ ਬੰਦ ਕਰਨ ਦਾ ਫੈਸਲਾ ਵੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਈ. ਪੀ. ਸੀ. ਏ. ਨੇ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਬਹਾਦੁਰਗੜ੍ਹ, ਸੋਨੀਪਤ, ਪਾਨੀਪਤ 'ਚ ਸਾਰੇ ਕੋਲਾ ਅਤੇ ਤੇਲ ਆਧਾਰਿਤ ਉਦਯੋਗਾਂ ਨੂੰ 5 ਨਵੰਬਰ ਸਵੇਰ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ 'ਚ ਕੁਦਰਤੀ ਗੈਸ ਦੀ ਵਰਤੋਂ ਨਾ ਕਰਨ ਵਾਲੇ ਉਦਯੋਗ ਵੀ ਇਸ ਦੌਰਾਨ ਬੰਦ ਰਹਿਣਗੇ।
ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਪ੍ਰਦੂਸ਼ਣ ਦੇ ਮੌਜੂਦਾ ਪੱਧਰ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਦੇ ਖਦਸ਼ੇ ਦੇ ਨਜ਼ਰੀਏ ਨਾਲ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੱਚਿਆਂ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਸੰਸਥਾ 'ਸਫਰ' ਦੇ ਅਨੁਸਾਰ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਦਾ ਸੰਕਟ ਵਧਣ ਲਈ ਜ਼ਿੰਮੇਵਾਰ ਕਾਰਕਾਂ 'ਚ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ 27 ਫੀਸਦੀ ਯੋਗਦਾਨ ਦੱਸਿਆ ਜਾ ਰਿਹਾ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਪ੍ਰਦੂਸ਼ਣ ਵਿਰੁੱਧ ਠੋਸ ਕਦਮ ਚੁੱਕਣ ਦੀ ਅਪੀਲ ਕਰਦੇ ਹੋਏ ਦਿੱਲੀ ਨੂੰ ਗੈਸ ਚੈਂਬਰ ਬਣਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ।
ਪ੍ਰਦੂਸ਼ਣ ਦੇ ਹੋਰ ਕਾਰਣਾਂ ਤੋਂ ਇਲਾਵਾ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਕੇ ਅਤੇ ਖੇਤਾਂ ਵਿਚ ਪਰਾਲੀ ਸਾੜ ਕੇ ਨਾ ਸਿਰਫ ਧਰਤੀ ਨੂੰ ਕਮਜ਼ੋਰ ਕਰ ਰਹੇ ਹਨ, ਸਗੋਂ ਪਰਾਲੀ ਦੇ ਧੂੰਏਂ ਨਾਲ ਪ੍ਰਦੂਸ਼ਣ ਫੈਲਾ ਕੇ ਵਾਯੂਮੰਡਲ ਨੂੰ ਵੀ ਜ਼ਹਿਰੀਲਾ ਬਣਾ ਰਹੇ ਹਨ। ਇਸ 'ਤੇ ਰੋਕ ਲਾਉਣ ਲਈ ਸਰਕਾਰ ਨੂੰ ਨਿਪਟਾਰੇ ਦੇ ਕਦਮ ਉਠਾਉਣ ਤੋਂ ਇਲਾਵਾ ਜਨ ਜਾਗਰਣ ਮੁਹਿੰਮ ਤੇਜ਼ ਕਰਨ ਦੀ ਲੋੜ ਹੈ।
ਕਿਸਾਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਜ਼ਿਆਦਾ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਅਤੇ ਖੇਤਾਂ ਵਿਚ ਪਰਾਲੀ ਸਾੜ ਕੇ ਪੈਦਾ ਹੋਣ ਵਾਲੀਆਂ ਬੀਮਾਰੀਆਂ ਨਾਲ ਨਾ ਸਿਰਫ ਹੋਰਨਾਂ ਤੋਂ ਇਲਾਵਾ ਆਪਣੇ ਪਰਿਵਾਰਕ ਮੈਂਬਰਾਂ ਦੀ ਬੀਮਾਰੀ ਅਤੇ ਅਨਿਆਈ ਮੌਤਾਂ ਦਾ ਕਾਰਣ ਬਣ ਰਹੇ ਹਨ, ਸਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵਿਰਾਸਤ ਵਿਚ ਬੰਜਰ ਜ਼ਮੀਨ ਦੇਣ ਜਾ ਰਹੇ ਹਨ।


                                                                                                —ਵਿਜੇ ਕੁਮਾਰ

KamalJeet Singh

This news is Content Editor KamalJeet Singh