ਸੀਵਰੇਜ ਸਫਾਈ ਮੁਲਾਜ਼ਮਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ

04/05/2017 7:52:23 AM

ਪਾਣੀ, ਗੰਦਗੀ ਆਦਿ ਦੀ ਨਿਕਾਸੀ ਲਈ ਬਣਾਏ ਗਏ ਅੰਡਰਗਰਾਊਂਡ ਸੀਵਰੇਜ ਨੂੰ ਬੰਦ ਹੋਣ ਤੋਂ ਰੋਕਣ ਲਈ ਸਮੇਂ-ਸਮੇਂ ''ਤੇ ਉਸ ਦੀ ਸਫਾਈ ਕਰਨੀ ਪੈਂਦੀ ਹੈ ਅਤੇ ਇਸ ਦੇ ਲਈ ਅਕਸਰ ਸਫਾਈ ਮੁਲਾਜ਼ਮਾਂ ਨੂੰ ਬਿਨਾਂ ਸਮੁੱਚੇ ਸੁਰੱਖਿਆ ਪ੍ਰਬੰਧਾਂ ਤੇ ਗੈਸ ਮਾਸਕ ਦੇ ਜਾਨ ਤਲੀ ''ਤੇ ਰੱਖ ਕੇ ਗੰਦਗੀ ਤੇ ਖ਼ਤਰਨਾਕ ਬੈਕਟੀਰੀਆ ਨਾਲ ਭਰੇ ਗਟਰਾਂ ਤੇ ਮੈਨਹੋਲਾਂ ''ਚ ਉਤਾਰ ਦਿੱਤਾ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਉਹ ਚਮੜੀ ਦੇ ਗੰਭੀਰ ਰੋਗਾਂ ਤੋਂ ਇਲਾਵਾ ਦਸਤ, ਟਾਈਫਾਈਡ, ਹੈਪੇਟਾਈਟਸ-ਬੀ, ਦਮੇ ਤੇ ਪੇਟ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ''ਟੈਟਨੀ'' ਨਾਮੀ ਬੈਕਟੀਰੀਆ ਇਨ੍ਹਾਂ ਦੇ ਖੁੱਲ੍ਹੇ ਜ਼ਖ਼ਮਾਂ ਨੂੰ ਟੈਟਨਸ ''ਚ ਬਦਲ ਦਿੰਦਾ ਹੈ।
ਕਿਉਂਕਿ ਸੀਵਰੇਜ ਦੀ ਸਫਾਈ ਕਰਨ ਵਾਲੇ ਬਹੁਤੇ ਮੁਲਾਜ਼ਮਾਂ ਨੂੰ ਮੈਨਹੋਲਾਂ ਵਿਚ ਸੁਰੱਖਿਆ ਯੰਤਰਾਂ ਤੋਂ ਬਿਨਾਂ ਹੀ ਉਤਰ ਕੇ ਸਫਾਈ ਕਰਨੀ ਪੈਂਦੀ ਹੈ, ਇਸ ਲਈ ਜ਼ਹਿਰੀਲੀਆਂ ਗੈਸਾਂ ਨਾਲ ਸਾਹ ਘੁੱਟ ਹੋਣ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।
* ਫਰੀਦਾਬਾਦ ਵਿਚ 29 ਮਾਰਚ ਨੂੰ ਇਕ ਸੀਵਰੇਜ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹ ਜਾਣ ਦੇ ਸਿੱਟੇ ਵਜੋਂ ਇਕ ਪਿਓ-ਪੁੱਤ ਸਮੇਤ ਮਿਊਂਸੀਪਲ ਕਾਰਪੋਰੇਸ਼ਨ ਦੇ ਇਕ ਠੇਕੇਦਾਰ ਦੇ 3 ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ 2 ਹੋਰ ਸਫਾਈ ਮੁਲਾਜ਼ਮ ਬੇਹੋਸ਼ ਹੋ ਗਏ।
* ਅਗਲੇ ਹੀ ਦਿਨ 30 ਮਾਰਚ ਨੂੰ ਕਰਨਾਲ ਵਿਚ ਜੀਂਦ-ਕੈਥਲ ਰੋਡ ''ਤੇ ਸੀਵਰੇਜ ਦੀ ਸਫਾਈ ਕਰਦੇ ਸਮੇਂ ਇਕ 32 ਸਾਲਾ ਸਫਾਈ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਹਿਰੀਲੀ ਗੈਸ ਚੜ੍ਹਨ ਨਾਲ ਬੇਹੋਸ਼ ਹੋ ਗਏ।
ਸੀਵਰੇਜ ਵਿਚ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਣ ਵਾਲੀਆਂ ਦੁਖਦਾਈ ਮੌਤਾਂ ਦੀਆਂ ਇਹ ਕੋਈ ਇੱਕਾ-ਦੁੱਕਾ ਮਿਸਾਲਾਂ ਨਹੀਂ ਹਨ, ਸਗੋਂ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਕਿਉਂਕਿ ਸੀਵਰੇਜ ਵਿਚ ਸਫਾਈ ਲਈ ਉਤਰੇ ਮੁਲਾਜ਼ਮਾਂ ਨੂੰ ਬਚਾਅ ਲਈ ਜ਼ਰੂਰੀ ਗੈਸ ਮਾਸਕ ਅਤੇ ਹੋਰ ਸੁਰੱਖਿਆਤਮਕ ਯੰਤਰ ਮੁਹੱਈਆ ਨਹੀਂ ਕਰਵਾਏ ਜਾਂਦੇ।
ਇਸ ਲਈ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਸੀਵਰੇਜ ਮੁਲਾਜ਼ਮਾਂ ਨੂੰ ਸਫਾਈ ਆਦਿ ਲਈ ਸਮੁੱਚੇ ਸੁਰੱਖਿਆ ਪ੍ਰਬੰਧਾਂ ਨਾਲ ਗੈਸ ਮਾਸਕ ਦੇ ਕੇ ਹੀ ਸੀਵਰੇਜ ਵਿਚ ਉਤਾਰਿਆ ਜਾਵੇ ਤੇ ਜੇ ਉਨ੍ਹਾਂ ਨੂੰ ਗੈਸ ਮਾਸਕ ਮੁਹੱਈਆ ਨਾ ਕਰਵਾਏ ਜਾਣ ਤਾਂ ਮੁਲਾਜ਼ਮ ਸੀਵਰੇਜ ਵਿਚ ਉਤਰਨ ਤੋਂ ਇਨਕਾਰ ਕਰ ਦੇਣ।
ਜਦੋਂ ਤਕ ਅਜਿਹਾ ਨਹੀਂ ਕੀਤਾ ਜਾਵੇਗਾ, ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ ਤੇ ਗਰੀਬਾਂ ਦੇ ਪਰਿਵਾਰ ਉੱਜੜਦੇ ਰਹਿਣਗੇ। ਹਾਦਸੇ ਤੋਂ ਬਾਅਦ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੁਝ ਲੱਖ ਰੁਪਏ ਰਾਹਤ ਰਕਮ ਦੇ ਕੇ ਫਰਜ਼ ਪੂਰਾ ਹੋਇਆ ਮੰਨ ਲੈਣਾ ਕਾਫੀ ਨਹੀਂ ਹੈ।                            
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra