ਦਿਨੋ-ਦਿਨ ਵਧ ਰਹੀ ਹਿੰਸਾ ਹਤਿਆਰਿਆਂ ਅਤੇ ਅਰਾਜਕ ਤੱਤਾਂ ਨੇ ਬੰਧਕ ਬਣਾਇਆ ਦੇਸ਼

06/25/2019 6:11:45 AM

ਲੋਕਾਂ ’ਚ ਵਧ ਰਹੀ ਹਿੰਸਕ ਪ੍ਰਵਿਰਤੀ ਕਾਰਣ ਦੇਸ਼ ’ਚ ਹਿੰਸਕ ਘਟਨਾਵਾਂ ਬੇਹੱਦ ਵਧ ਗਈਆਂ ਹਨ ਅਤੇ ਲੱਗਦਾ ਹੈ ਜਿਵੇਂ ਦੇਸ਼ ਅਰਾਜਕ ਤੱਤਾਂ ਦੇ ਹੱਥਾਂ ’ਚ ਬੰਧਕ ਬਣ ਕੇ ਰਹਿ ਗਿਆ ਹੋਵੇ। ਇਹ ਸਿਰਫ 4 ਦਿਨਾਂ ਵਿਚ ਦੇਸ਼ ’ਚ ਵਾਪਰੀਆਂ ਹੱਤਿਆਵਾਂ ਤੋਂ ਸਪੱਸ਼ਟ ਹੈ :

* 21 ਜੂਨ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਾਵਦ ਪਿੰਡ ’ਚ ਆਪਣੀ ਗਰਭਵਤੀ ਭੈਣ (21) ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਭਰਾ (17) ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 21 ਜੂਨ ਨੂੰ ਮੋਗਾ ਅਦਾਲਤ ਤੋਂ ਜ਼ਮਾਨਤ ’ਤੇ ਛੁੱਟ ਕੇ ਆਪਣੀ ਰਿਸ਼ਤੇਦਾਰੀ ਵਿਚ ਕਿਤੇ ਜਾ ਰਹੇ ਸ਼ਮਸ਼ੇਰ ਸਿੰਘ ਦੀ ਪੁਲਸ ਦੇ ਸਾਹਮਣੇ ਹੀ ਹੱਤਿਆ ਕਰ ਦਿੱਤੀ ਗਈ।

* 21 ਜੂਨ ਰਾਤ ਨੂੰ ਬਠਿੰਡਾ ਜ਼ਿਲੇ ਦੇ ਰਾਮਾ ਪਿੰਡ ਦੇ ਗੁਰਦੁਆਰੇ ’ਚ ਦਾਖਲ ਹੋ ਕੇ ਦੋ ਵਿਅਕਤੀਆਂ ਨੇ ਗ੍ਰੰਥੀ ਜਸਵਿੰਦਰ ਸਿੰਘ ਨੂੰ ਮਾਰ ਦਿੱਤਾ।

* 21 ਜੂਨ ਨੂੰ ਮੁੰਬਈ ਦੇ ਘਾਟਘੋਪਰ ’ਚ ਅਣਪਛਾਤੇ ਹਮਲਾਵਰਾਂ ਨੇ ਪਾਰਕਿੰਗ ਦੇ ਵਿਵਾਦ ’ਚ ਇਕ 22 ਸਾਲਾ ਵਿਅਕਤੀ ਦੀ ਜਾਨ ਲੈ ਲਈ।

* 21 ਜੂਨ ਨੂੰ ਬੰਗਾਲ ਦੇ 24 ਪਰਗਣਾ ਦੇ ਮਲਿਕਪੁਰ ਪਿੰਡ ’ਚ ਛੋਟੀ ਜਿਹੀ ਗੱਲ ’ਤੇ ਝਗੜਾ ਹੋ ਜਾਣ ’ਤੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ।

* 22 ਜੂਨ ਨੂੰ ਅੰਮ੍ਰਿਤਸਰ ਦੇ ਸੁਧਾਰ ਰਾਜਪੂਤਾਂ ਪਿੰਡ ’ਚ ਬਾਈਕ ਸਵਾਰ ਨੌਜਵਾਨਾਂ ਨੇ ਜਸਬੀਰ ਸਿੰਘ ਨਾਂ ਦੇ ਕਿਸਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

* 22 ਜੂਨ ਨੂੰ ਭਿਵਾਨੀ ਦੇ ਬਦਵਾ ਪਿੰਡ ’ਚ ਕੁੱਟਮਾਰ ਦੇ ਇਕ ਕੇਸ ’ਚ ਪੁਲਸ ਨੂੰ ਬਿਆਨ ਦੇਣ ’ਤੇ ਸਹਿਮਤ ਸਾਬਕਾ ਪੰਚ ਲੀਲੂ ਰਾਮ ਦੀ ਹੱਤਿਆ ਕਰ ਦਿੱਤੀ ਗਈ।

* 22 ਜੂਨ ਨੂੰ ਰਾਜਸਥਾਨ ’ਚ ਕਰੋਲੀ ਜ਼ਿਲੇ ਦੇ ਸਪੋਤਰਾ ਸ਼ਹਿਰ ਦੇ ਜੰਗਲ ’ਚ ਇਕ ਮਹਿਲਾ ਦੀ ਹੱਤਿਆ ਕਰ ਕੇ ਲਾਸ਼ ਦਰੱਖਤ ਨਾਲ ਲਟਕਾ ਦਿੱਤੀ ਗਈ।

* 22 ਜੂਨ ਨੂੰ ਬੰਗਾਲ ’ਚ ਦੋ ਭਾਜਪਾ ਵਰਕਰਾਂ ਨੂੰ ਗੋਲੀ ਮਾਰ ਦਿੱਤੀ ਗਈ।

* 22 ਜੂਨ ਨੂੰ ਸਾਗਰ ਜ਼ਿਲੇ ਦੇ ਬੀਨਾ ਸ਼ਹਿਰ ’ਚ 2 ਫੁੱਟ ਜ਼ਮੀਨ ਦੇ ਵਿਵਾਦ ’ਚ ਅੰਨ੍ਹੇਵਾਹ ਫਾਇਰਿੰਗ ਕਰ ਕੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ।

* 22 ਜੂਨ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਮਿਰਤੂਰ ਪਿੰਡ ’ਚ ਲੱਗੇ ਹਫਤਾਵਾਰੀ ਬਾਜ਼ਾਰ ’ਚ ਨਕਸਲਵਾਦੀਆਂ ਨੇ ਇਕ ਪੁਲਸ ਮੁਲਾਜ਼ਮ ਨੂੰ ਮਾਰ ਦਿੱਤਾ।

* 22 ਜੂਨ ਨੂੰ ਪ੍ਰਯਾਗਰਾਜ ’ਚ ਅਣਪਛਾਤੇ ਹਮਲਾਵਰਾਂ ਨੇ 50 ਸਾਲਾ ਵਕੀਲ ਸੁਸ਼ੀਲ ਕੁਮਾਰ ਪਟੇਲ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ।

* 23 ਜੂਨ ਨੂੰ ਝਾਰਖੰਡ ਦੇ ਬਲੀਆਪੁਰ ਵਿਚ ਅਰਾਜਕ ਤੱਤਾਂ ਨੇ ਇਕ ਮਹਿਲਾ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਦਰੱਖਤ ਨਾਲ ਟੰਗ ਦਿੱਤੀ।

* 23 ਜੂਨ ਨੂੰ ਖਤਮ ਹੋਣ ਵਾਲੇ 24 ਘੰਟਿਆਂ ’ਚ ਰਾਜਧਾਨੀ ਦਿੱਲੀ ’ਚ ਹੋਈਆਂ ਅਪਰਾਧਿਕ ਘਟਨਾਵਾਂ ’ਚ 9 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। 23 ਜੂਨ ਨੂੰ ਤਰਨਤਾਰਨ ਦੇ ਪਿੰਡ ਜਹਾਂਗੀਰ ’ਚ ਚਰਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਸ਼ਰਨਜੀਤ ਕੌਰ ਨੂੰ ਗਲਾ ਘੁੱਟ ਕੇ ਮਾਰ ਦਿੱਤਾ।

* 24 ਜੂਨ ਨੂੰ ਮੁੰਬਈ ਦੇ ਕਾਂਦੀਵਲੀ ’ਚ ਸਾਬਕਾ ਨਗਰ ਸੇਵਿਕਾ ਦੇ ਪੀ. ਏ. ਇਨਾਮ ਬਸਤੀਵਾਲਾ ਨੂੰ ਅਾਪਣੀ ਪਤਨੀ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਇਸ ਕਦਰ ਖੂਨ-ਖਰਾਬਾ ਲੋਕਾਂ ’ਚ ਬਹੁਤ ਤੇਜ਼ੀ ਨਾਲ ਵਧ ਰਹੀ ਹਿੰਸਕ ਪ੍ਰਵਿਰਤੀ ਦਾ ਹੀ ਸੰਕੇਤ ਹੈੈ, ਜਿਸ ਨੂੰ ਰੋਕਣ ਲਈ ਅਦਾਲਤਾਂ ਵਲੋਂ ਅਜਿਹੇ ਮਾਮਲਿਆਂ ਦਾ ਤੁਰੰਤ ਫੈਸਲਾ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ ਕਿਉਂਕਿ ਅਦਾਲਤੀ ਪ੍ਰਕਿਰਿਆ ਦੇ ਸੁਸਤ ਹੋਣ ਕਾਰਣ ਅਪਰਾਧੀਆਂ ਦੇ ਮਨ ’ਚ ਅਦਾਲਤਾਂ ਦਾ ਡਰ ਨਹੀਂ ਰਹਿ ਗਿਆ ਹੈ ਅਤੇ ਉਹ ਇਸ ਤਰ੍ਹਾਂ ਦੇ ਅਪਰਾਧ ਕਰਦੇ ਜਾ ਰਹੇ ਹਨ।

–ਵਿਜੇ ਕੁਮਾਰ\\\
 

Bharat Thapa

This news is Content Editor Bharat Thapa