ਹਰਿਆਣਾ ''ਚ ਲਗਾਤਾਰ ਵਧ ਰਹੇ ਅਪਰਾਧ ਨਵਜੰਮੇ ਬੱਚੇ, ਬਜ਼ੁਰਗ ਅਤੇ ਸਿਪਾਹੀ ਤਕ ਸੁਰੱਖਿਅਤ ਨਹੀਂ

09/14/2017 6:37:51 AM

ਦੇਸ਼ 'ਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਹਰਿਆਣਾ ਵੀ ਇਸ ਦਾ ਅਪਵਾਦ ਨਹੀਂ ਹੈ। ਸੂਬੇ 'ਚ ਅਪਰਾਧਾਂ ਦਾ ਅੰਕੜਾ ਆਸਮਾਨ ਨੂੰ ਛੂੰਹਦਾ ਜਾ ਰਿਹਾ ਹੈ ਅਤੇ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਸ ਦੀਆਂ ਪਿਛਲੇ ਕੁਝ ਦਿਨਾਂ ਦੀਆਂ ਤਾਜ਼ਾਂ ਮਿਸਾਲਾਂ ਹੇਠਾਂ ਦਰਜ ਹਨ :
* 30 ਅਗਸਤ ਦੀ ਰਾਤ ਨੂੰ ਬਹਾਲਗੜ੍ਹ 'ਚ ਸਥਿਤ ਪੈਟਰੋਲ ਪੰਪ 'ਤੇ ਦੋ ਬਦਮਾਸ਼ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 80,000 ਰੁਪਏ ਖੋਹ ਕੇ ਲੈ ਗਏ।
* 31 ਅਗਸਤ ਨੂੰ ਰੋਹਤਕ ਦੇ ਪਿੰਡ ਬਹੁਜਮਾਲਪੁਰ 'ਚ 2 ਦੋਸਤਾਂ ਦੀ ਉਨ੍ਹਾਂ ਦੇ ਘਰ ਸਾਹਮਣੇ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
* 02 ਸਤੰਬਰ ਨੂੰ ਆਈ. ਟੀ. ਆਈ. ਸੋਨੀਪਤ ਦੇ ਕਲਾਸਰੂਮ 'ਚ ਹੀ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਰੋਹਤਕ 'ਚ ਦਾਖਲ ਕਰਵਾਇਆ ਗਿਆ।
* 04 ਸਤੰਬਰ ਨੂੰ ਨਾਰਾਇਣਗੜ੍ਹ 'ਚ ਦਰਜ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਐਕਸ਼ਨ ਲੈਂਦਿਆਂ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕੀਤੀ ਸੀ।
* 05 ਸਤੰਬਰ ਨੂੰ ਬਾਵਲ ਨੇੜਲੇ ਪਿੰਡ ਬੋਲਨੀ 'ਚ ਚੋਰਾਂ ਨੇ ਮੰਦਰ ਦੇ ਪੁਜਾਰੀ ਦੀ ਧਾਰਦਾਰ ਹਥਿਆਰ ਨਾਲ ਸਿਰ 'ਤੇ ਵਾਰ ਕਰ ਕੇ ਹੱਤਿਆ ਕਰ ਦਿੱਤੀ।
* 06 ਸਤੰਬਰ ਨੂੰ ਪਿੰਡ ਫੂਸਗੜ੍ਹ ਨੇੜੇ ਤਿਕੜਾ ਕਾਲੋਨੀ 'ਚ ਦੋ ਧਿਰਾਂ ਵਿਚਾਲੇ ਮਾਮੂਲੀ ਬਹਿਸ ਤੋਂ ਬਾਅਦ ਹੋਏ ਝਗੜੇ 'ਚ ਇਕ ਆਦਮੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
* 06 ਸਤੰਬਰ ਨੂੰ ਹੀ ਸੋਨੀਪਤ ਨੇੜੇ ਭਾਜਪਾ ਆਗੂ ਮੋਹਨ ਲਾਲ ਬੜੌਲੀ ਦੇ ਪੈਟਰੋਲ ਪੰਪ 'ਤੇ ਬਦਮਾਸ਼ ਉਨ੍ਹਾਂ ਦੇ ਹੀ ਬੇਟੇ ਦੀ ਕਾਰ ਖੋਹ ਕੇ ਫਰਾਰ ਹੋ ਗਏ।
* 07 ਸਤੰਬਰ ਨੂੰ ਸੋਨੀਪਤ ਜ਼ਿਲੇ 'ਚ ਕੁੰਡਲੀ ਥਾਣਾ ਖੇਤਰ 'ਚ ਪੈਂਦੀ ਪ੍ਰੇਮ ਕਾਲੋਨੀ 'ਚ ਦਿਨ-ਦਿਹਾੜੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਐੱਸ. ਬੀ. ਆਈ. ਮਿੰਨੀ ਬੈਂਕ ਸੇਵਾ ਕੇਂਦਰ ਦੇ ਵਰਕਰਾਂ ਤੋਂ ਪਿਸਤੌਲ ਦੀ ਨੋਕ 'ਤੇ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਲਈ।
* 08 ਸਤੰਬਰ ਨੂੰ ਸੋਹਨਾ ਰੋਡ 'ਤੇ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੇ ਟਾਇਲਟ 'ਚ ਦੂਜੀ ਜਮਾਤ ਦੇ ਬੱਚੇ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ।
* 10 ਸਤੰਬਰ ਨੂੰ ਸੋਨੀਪਤ ਦੇ ਸੈਕਟਰ-14 'ਚ ਈਜ਼ੀ-ਡੇ ਸਟੋਰ ਨੇੜੇ ਅਤੇ ਸੈਕਟਰ-15 ਦੀ ਪੁਲਸ ਚੌਕੀ ਤੋਂ ਸਿਰਫ 100 ਗਜ਼ ਦੂਰ ਕਾਰ ਸਵਾਰ ਹਮਲਾਵਰ ਨੇ ਇਕ ਬਜ਼ੁਰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਜ਼ੁਰਗ ਨੇ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਸੀ।
* 10 ਸਤੰਬਰ ਨੂੰ ਹੀ ਸੋਨੀਪਤ ਹਾਈਵੇ 'ਤੇ ਰਾਈ ਇਲਾਕੇ 'ਚ ਦਿੱਲੀ ਪੁਲਸ ਦੇ ਇਕ ਸਿਪਾਹੀ ਤੋਂ ਕਾਰ ਖੋਹ ਲਈ ਗਈ।
* 10 ਸਤੰਬਰ ਨੂੰ ਹੀ ਰੋਹਤਕ ਪੀ. ਜੀ. ਆਈ. ਦੇ ਗਾਇਨੀ ਵਾਰਡ 'ਚੋਂ ਇਕ ਬੱਚਾ ਜਨਮ ਤੋਂ ਕੁਝ ਹੀ ਸਮੇਂ ਬਾਅਦ ਚੋਰੀ ਹੋ ਗਿਆ, ਜਿਸ ਦਾ ਅਜੇ ਤਕ ਪਤਾ ਨਹੀਂ ਲੱਗਾ।
* 10 ਸਤੰਬਰ ਨੂੰ ਯਮੁਨਾਨਗਰ 'ਚ ਸਾਢੌਰਾ ਨੇੜੇ ਨਦੀ 'ਚੋਂ ਇਕ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਹੱਤਿਆ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
* 10 ਸਤੰਬਰ ਨੂੰ ਹੀ ਰਾਤ ਭਰ ਘਰੋਂ ਬਾਹਰ ਰਹੇ ਅਸ਼ੋਕ ਵਿਹਾਰ ਕਾਲੋਨੀ ਯਮੁਨਾਨਗਰ ਦੇ ਰਜਤ ਦੀ ਲਾਸ਼ ਘਰ ਤੋਂ 200 ਮੀਟਰ ਦੂਰ ਸੜੀ ਹਾਲਤ 'ਚ ਮਿਲੀ।
* 11 ਸਤੰਬਰ ਨੂੰ ਫਰੀਦਾਬਾਦ ਜ਼ਿਲੇ 'ਚ ਕੌਮੀ ਰਾਜਮਾਰਗ ਨੰ. 2 'ਤੇ ਸਥਿਤ ਇਕ ਸਰਕਾਰੀ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਨਾਲ ਕੁਕਰਮ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 11 ਸਤੰਬਰ ਨੂੰ ਹੀ ਥਾਣਾ ਸਾਲਹਾਵਾਸ ਦੇ ਤਹਿਤ ਪੈਂਦੇ ਪਿੰਡ ਮੋਹਨਬਾੜੀ 'ਚ ਇਕ ਬਜ਼ੁਰਗ ਦੀ ਲਾਠੀਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।
* 12 ਸਤੰਬਰ ਨੂੰ ਸੋਨੀਪਤ ਜ਼ਿਲੇ ਦੇ ਕੁੰਡਲੀ ਥਾਣੇ ਤਹਿਤ ਪੈਂਦੇ ਪਿੰਡ ਅਟੇਰਨਾ 'ਚ ਇਕ 15 ਸਾਲਾ ਮੁੰਡੇ ਨੇ ਇਕ 7 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ।
* 12 ਸਤੰਬਰ ਨੂੰ ਹੀ ਚਰਖੀ ਦਾਦਰੀ ਸਬਜ਼ੀ ਮੰਡੀ ਦੇ ਆੜ੍ਹਤੀ ਤੋਂ ਬਾਈਕ ਸਵਾਰ ਚਾਕੂ ਨਾਲ ਹਮਲਾ ਕਰ ਕੇ ਲੱਖਾਂ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ।
* 12 ਸਤੰਬਰ ਨੂੰ ਹੀ ਹਰਿਆਣਾ ਦੇ ਹਿਸਾਰ ਵਿਚ ਪੈਂਦੇ ਇਕ ਕੈਫੇ 'ਚ ਬੀ. ਕਾਮ. (ਦੂਜਾ ਸਾਲ) ਦੀ ਵਿਦਿਆਰਥਣ ਪੂਜਾ ਰਾਣੀ (21) ਵਲੋਂ ਨਵੀਨ ਕੁਮਾਰ (23) ਨਾਮੀ ਨੌਜਵਾਨ ਦੀ ਵਿਆਹ ਦੀ ਪੇਸ਼ਕਸ਼ ਠੁਕਰਾ ਦਿੱਤੇ ਜਾਣ ਕਾਰਨ ਗੁੱਸੇ 'ਚ ਆ ਕੇ ਨਵੀਨ ਕੁਮਾਰ ਨੇ ਉਸ ਦੇ ਸਰੀਰ 'ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 13 ਸਤੰਬਰ ਨੂੰ ਉਚਾਨਾ ਨੇੜਲੇ ਗੈਂਡਾ ਖੇੜਾ ਪਿੰਡ 'ਚ ਰਾਮ ਮੇਹਰ ਨਾਮੀ ਇਕ ਵਿਅਕਤੀ ਨੇ ਆਪਣੀ ਪਤਨੀ ਰਿਤੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਬਲਾਤਕਾਰ, ਚੋਰੀ-ਡਕੈਤੀ, ਕਤਲਾਂ ਆਦਿ ਦੀਆਂ ਸਿਰਫ 15 ਦਿਨਾਂ 'ਚ ਵਾਪਰੀਆਂ ਇਹ ਘਟਨਾਵਾਂ ਸੂਬੇ ਅੰਦਰ ਹਰ ਤਰ੍ਹਾਂ ਦੇ ਅਪਰਾਧਾਂ 'ਚ ਵਾਧੇ ਅਤੇ ਇਸ ਤੱਥ ਦੀਆਂ ਪ੍ਰਤੀਕ ਹਨ ਕਿ ਸੂਬੇ ਦੀ ਕਾਨੂੰਨ-ਵਿਵਸਥਾ ਲਾਗੂ ਕਰਨ ਵਾਲੀ ਮਸ਼ੀਨਰੀ 'ਤੇ ਸਰਕਾਰ ਦਾ ਕੰਟਰੋਲ ਢਿੱਲਾ ਹੈ।
ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਸੰਵੇਦਨਸ਼ੀਲ ਥਾਵਾਂ 'ਤੇ ਨਾਕੇ ਆਦਿ ਲਾਉਣ, ਗਸ਼ਤ ਵਧਾਉਣ ਤੇ ਪੁਲਸ ਪ੍ਰਸ਼ਾਸਨ ਨੂੰ ਚੁਸਤ ਕਰਨ ਦੇ ਨਾਲ-ਨਾਲ ਅਪਰਾਧਿਕ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਦੂਜਿਆਂ ਨੂੰ ਵੀ ਨਸੀਹਤ ਮਿਲੇ ਤੇ ਲੋਕ ਸੁਰੱਖਿਅਤ ਜ਼ਿੰਦਗੀ ਬਿਤਾਉਣ।                                        —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra