ਦੇਸ਼ ਦੇ ਉੱਤਰ-ਪੂਰਬ ''ਚ ਕੁਲ਼ਬੁਲ਼ਾ ਰਹੀਆਂ ਹਨ ਵੱਖਰੇ ਸੂਬਿਆਂ ਦੀਆਂ ਮੰਗਾਂ

07/08/2017 5:46:35 AM

ਅੱਜ ਜੰਮੂ-ਕਸ਼ਮੀਰ ਅੱਤਵਾਦ ਕਾਰਨ ਅਸ਼ਾਂਤ ਹੈ ਅਤੇ ਦੂਜੇ ਪਾਸੇ ਬੰਗਾਲ 'ਚ ਵੱਖਰੇ ਗੋਰਖਾਲੈਂਡ ਅੰਦੋਲਨ ਕਾਰਨ ਉਥੇ 'ਤ੍ਰਿਣਮੂਲ ਕਾਂਗਰਸ' ਦੀ ਸਰਕਾਰ ਅਤੇ ਲੰਮੇ ਸਮੇਂ ਤੋਂ ਇਸ ਦੇ ਲਈ ਸੰਘਰਸ਼ ਕਰਦੇ ਆ ਰਹੇ ਗੋਰਖਾ ਜਨਮੁਕਤੀ ਮੋਰਚੇ (ਜੀ. ਜੇ. ਐੱਮ.) ਵਿਚਾਲੇ ਤਣਾਅ ਬਣਿਆ ਹੋਇਆ ਹੈ। 
12 ਜੂਨ ਤੋਂ ਦਾਰਜੀਲਿੰਗ ਅਤੇ ਆਸ-ਪਾਸ ਦੇ ਇਲਾਕੇ 'ਕੁਰਸਿਆਂਗ' ਅਤੇ 'ਕਲਿੰਪੋਂਗ' ਅੰਦੋਲਨ ਦੀ ਅੱਗ 'ਚ ਦਹਿਕ ਰਹੇ ਹਨ। ਦਾਰਜੀਲਿੰਗ ਅਤੇ ਆਸ-ਪਾਸ ਦੀਆਂ ਪਹਾੜੀਆਂ ਵਿਚ ਜਾਰੀ 'ਬੰਦ' 26ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ ਅਤੇ ਇਸ ਦੇ ਖਤਮ ਹੋਣ ਦੇ ਕੋਈ ਲੱਛਣ ਅਜੇ ਦਿਖਾਈ ਨਹੀਂ ਦੇ ਰਹੇ।
ਇਥੋਂ ਤਕ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਸਹਿਯੋਗੀ ਪਾਰਟੀ 'ਗੋਰਖਾ ਨੈਸ਼ਨਲ ਲਿਬਰੇਸ਼ਨ ਫਰੰਟ' (ਜੀ. ਐੱਨ. ਐੱਲ. ਐੱਫ.) ਵੀ ਇਸ ਮੁੱਦੇ 'ਤੇ ਤ੍ਰਿਣਮੂਲ ਕਾਂਗਰਸ ਨਾਲ ਬਗ਼ਾਵਤ ਕਰਕੇ 'ਜੀ. ਜੇ. ਐੱਮ.' ਨਾਲ ਮਿਲ ਗਈ ਹੈ। 
'ਤ੍ਰਿਣਮੂਲ ਕਾਂਗਰਸ' ਦੇ ਕਈ ਵਿਧਾਇਕਾਂ ਨੇ ਵੀ ਵੱਖਰੇ ਗੋਰਖਾਲੈਂਡ ਦੇ ਮੁੱਦੇ 'ਤੇ ਪਾਰਟੀ ਨਾਲ ਬਗ਼ਾਵਤ ਕਰ ਦਿੱਤੀ ਹੈ ਤੇ ਇਸ ਦੇ ਸਮਰਥਨ ਵਿਚ 5 ਜੁਲਾਈ ਨੂੰ ਦਾਰਜੀਲਿੰਗ ਖੇਤਰ ਦੇ ਕਾਰਜਕਾਰੀ ਪ੍ਰਧਾਨ ਐੱਨ. ਵੀ. ਖਵਾਸ ਤੇ ਹੋਰ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਅਤੇ ਆਪਣੇ ਅਹੁਦਿਆਂ ਤੋਂ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਹੈ ਕਿ ''ਗੋਰਖਾਲੈਂਡ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।''
ਸਿਆਸੀ ਆਬਜ਼ਰਵਰਾਂ ਮੁਤਾਬਿਕ ਜੇਕਰ ਗੋਰਖਾਲੈਂਡ ਬਣਦਾ ਹੈ ਤਾਂ ਇਸ ਖੇਤਰ ਅਤੇ ਬੰਗਾਲ ਵਿਚ ਜਾਤੀ ਤੇ ਨਸਲੀ ਵੰਡ ਦੇ ਆਧਾਰ 'ਤੇ ਘੱਟੋ-ਘੱਟ ਵੱਖਰੇ ਹੋਣ ਦੀ ਮੰਗ ਨੂੰ ਲੈ ਕੇ 8 ਹੋਰ 'ਅੰਦੋਲਨ' ਤੇਜ਼ ਹੋ ਸਕਦੇ ਹਨ, ਜਿਨ੍ਹਾਂ 'ਚੋਂ ਕੁਝ ਅੰਦੋਲਨ ਇਸ ਸਮੇਂ ਲੱਗਭਗ ਸਰਗਰਮ ਅਵਸਥਾ ਵਿਚ ਅਤੇ ਕੁਝ ਸਰਗਰਮ ਹੋਣ ਦੀ ਪ੍ਰਕਿਰਿਆ ਵਿਚ ਹਨ :
* ਕਮਾਟਪੁਰ (ਆਸਾਮ-ਪੱਛਮੀ ਬੰਗਾਲ ਦੀ ਸਰਹੱਦ 'ਤੇ) ਵਿਚ 'ਕੋਚ-ਰਾਜਬੰਸ਼ੀ' ਭਾਈਚਾਰੇ ਦੇ ਮੈਂਬਰ ਐੱਸ. ਟੀ. ਸਟੇਟਸ (ਵਿਸ਼ੇਸ਼ ਖੇਤਰ ਦਰਜਾ) ਦੀ ਮੰਗ ਕਰ ਰਹੇ ਹਨ। ਇਹ ਆਪਣੇ ਲਈ ਲੱਗਭਗ ਸਮੁੱਚਾ 'ਬੋਡੋਲੈਂਡ', 'ਗੋਰਖਾਲੈਂਡ' ਦੇ ਮੈਦਾਨੀ ਇਲਾਕੇ ਅਤੇ ਬੰਗਾਲ ਦਾ ਕੁਝ ਹਿੱਸਾ ਮੰਗ ਰਹੇ ਹਨ। 
* ਮੇਘਾਲਿਆ 'ਚ 'ਗਾਰੋਲੈਂਡ' ਦੀ ਮੰਗ 'ਗਾਰੋ' ਜਨਜਾਤੀ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਇਹ ਮੇਘਾਲਿਆ ਦੇ 5 ਪੱਛਮੀ ਜ਼ਿਲਿਆਂ ਦੀ ਮੰਗ ਕਰ ਰਹੇ ਹਨ। 
* ਆਸਾਮ ਵਿਚ 'ਕਾਰਬੀ' ਜਨਜਾਤੀ ਦੇ ਲੋਕ ਆਪਣੇ ਲਈ 2 ਪਹਾੜੀ ਜ਼ਿਲਿਆਂ 'ਕਾਰਬੀ ਅੰਗਲੋਂਗ' ਅਤੇ 'ਪੂਰਬੀ ਕਾਰਬੀ' ਦੀ ਮੰਗ ਕਰ ਰਹੇ ਹਨ। 
* ਆਸਾਮ ਵਿਚ ਹੀ 'ਦਿਮਾਸਾ' ਜਨਜਾਤੀ ਦੇ ਲੋਕਾਂ ਵਲੋਂ 'ਉੱਤਰੀ ਕੱਛਾਰ' ਜ਼ਿਲੇ ਦੀਆਂ ਪਹਾੜੀਆਂ ਦੇ ਇਲਾਕੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
* ਤ੍ਰਿਪੁਰਾ 'ਚ 19 ਜਨਜਾਤਾਂ ਵਲੋਂ 'ਤਵਿਪ੍ਰਲੈਂਡ' ਦੀ ਮੰਗ ਵੀ ਕੀਤੀ ਜਾ ਰਹੀ ਹੈ। 
* ਪੂਰਬੀ ਨਾਗਾਲੈਂਡ ਵਿਚ 'ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ' ਆਪਣੇ ਲਈ 4 ਵੱਖਰੇ ਜ਼ਿਲੇ 'ਤੁਵੇਨਸਾਂਗ', 'ਮੋਨ', 'ਕਿਫਿਰੇ' ਅਤੇ 'ਲੋਂਗਲੇਂਗ' ਮੰਗ ਰਹੀ ਹੈ। 
* ਮਣੀਪੁਰ ਦੇ 'ਕੂਕੀਲੈਂਡ' ਵਿਚ 'ਚੂੜਚੰਦਰਪੁਰ' ਦੇ ਕੁਝ ਹਿੱਸਿਆਂ, 'ਕਾਂਗੋਕਪੀ', 'ਚੰਦੇਲ' ਅਤੇ ਹੋਰਨਾਂ ਜ਼ਿਲਿਆਂ 'ਤੇ ਆਧਾਰਿਤ ਵੱਖਰਾ 'ਕੂਕੀ ਜਨਜਾਤੀ ਖੇਤਰ' ਬਣਾਉਣ ਦੀ ਮੰਗ ਵੀ ਉੱਠ ਰਹੀ ਹੈ। 
ਇਥੇ ਹੀ ਬਸ ਨਹੀਂ, ਇਨ੍ਹਾਂ ਸਭ ਤੋਂ ਵਧ ਕੇ ਆਸਾਮ ਵਿਚ 'ਬੋਡੋ' ਜਨਜਾਤੀ ਦੇ ਲੋਕਾਂ ਵਲੋਂ ਵੱਖਰੇ 'ਬੋਡੋਲੈਂਡ' ਦੀ ਮੰਗ ਦਾ ਮਾਮਲਾ ਵੀ ਸੁਲਗਿਆ ਹੋਇਆ ਹੈ। ਇਸ ਦੇ ਦਾਇਰੇ ਵਿਚ ਪੱਛਮੀ ਅਤੇ ਉੱਤਰ-ਮੱਧ ਆਸਾਮ ਦੇ 4 ਜ਼ਿਲੇ ਸ਼ਾਮਿਲ ਹਨ ਪਰ 'ਬੋਡੋ' ਲੋਕ ਇਸ ਨਾਲੋਂ ਕਿਤੇ ਜ਼ਿਆਦਾ ਖੇਤਰ ਦੀ ਮੰਗ ਕਰ ਰਹੇ ਹਨ ਅਤੇ ਆਸਾਮ ਦੇ ਬੋਡੋ ਸੰਗਠਨਾਂ ਨੇ ਵੀ ਗੋਰਖਾਲੈਂਡ ਦੇ ਅੰਦੋਲਨ ਤੋਂ 'ਪ੍ਰੇਰਨਾ' ਲੈ ਕੇ ਵੱਖਰੇ 'ਬੋਡੋਲੈਂਡ' ਲਈ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। 
ਰਾਜ ਸਭਾ ਮੈਂਬਰ ਅਤੇ 'ਬੋਡੋਲੈਂਡ ਪੀਪਲਜ਼ ਫਰੰਟ' (ਬੀ. ਪੀ. ਐੱਫ.) ਦੇ ਨੇਤਾ ਵਿਸ਼ਵਜੀਤ 'ਦੇਮਾਰ' ਨੇ ਛੇਤੀ ਹੀ ਵੱਖਰੇ ਸੂਬੇ ਦੀ ਮੰਗ ਲਈ ਹਿੰਸਕ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ''ਇਹ ਅੰਦੋਲਨ ਗੋਰਖਾਲੈਂਡ ਅੰਦੋਲਨ ਦੇ ਮੁਕਾਬਲੇ ਕਿਤੇ ਜ਼ਿਆਦਾ ਵਿਸ਼ਾਲ ਤੇ ਹਿੰਸਕ ਹੋਵੇਗਾ। ਜੇ ਕੇਂਦਰ ਤੇ ਸੂਬਾ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਛੇਤੀ ਨਾ ਲੱਭਿਆ ਤਾਂ ਆਸਾਮ ਨੂੰ ਆਉਣ ਵਾਲੇ ਦਿਨਾਂ ਵਿਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।''
ਇਹ ਸਥਿਤੀ ਸੰਬੰਧਿਤ ਸੂਬਾ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਲਈ ਵੀ ਖਤਰੇ ਦੀ ਘੰਟੀ ਹੈ। ਇਸ ਸਮੇਂ ਜਦੋਂ ਪਹਿਲਾਂ ਹੀ ਦੇਸ਼ ਦੇ ਦੋ ਖਤਰਨਾਕ ਗੁਆਂਢੀਆਂ ਪਾਕਿਸਤਾਨ ਤੇ ਚੀਨ ਨਾਲ ਟਕਰਾਅ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ ਤੇ ਸਰਹੱਦਾਂ 'ਤੇ ਵਿਸਫੋਟਕ ਸਥਿਤੀ ਬਣੀ ਹੋਈ ਹੈ, ਦੇਸ਼ ਵਿਚ ਉੱਭਰਨ ਵਾਲੇ ਅਜਿਹੇ ਅੰਦੋਲਨਾਂ ਨਾਲ ਸਾਡੀ ਸੁਰੱਖਿਆ ਕਮਜ਼ੋਰ ਹੀ ਹੋਵੇਗੀ ਤੇ ਇਸ ਦਾ ਲਾਭ ਸਾਡੇ ਦੁਸ਼ਮਣ ਦੇਸ਼ ਹੀ ਉਠਾਉਣਗੇ।                                      
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra