ਕੋਰੋਨਾ ਦਾ ਵਧਦਾ ਪ੍ਰਕੋਪ’ ‘ਨਾ ਇਧਰ ਦੇ ਰਹੇ ਨਾ ਓਧਰ ਦੇ ਰਹੇ’

11/26/2020 3:34:32 AM

‘ਕੋਰੋਨਾ ਮਹਾਮਾਰੀ’ ਦਾ ਪ੍ਰਕੋਪ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਣ ਦੇ ਕਾਰਨ ਸਮੁੱਚੀ ਦੁਨੀਆ ’ਚ ਭੜਥੂ ਪਿਆ ਹੋਇਆ ਹੈ ਅਤੇ ਇਸ ਨਾਲ ਨਜਿੱਠਣ ਦੇ ਮਾਮਲੇ ’ਚ ਸਰਕਾਰ ਦੇ ਸਾਹਮਣੇ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ‘ਪਾਬੰਦੀਅਾਂ ਲਗਾਏ ਤਾਂ ਮੁਸੀਬਤ ਅਤੇ ਨਾ ਲਗਾਏ ਤਾਂ ਮੁਸੀਬਤ’।

ਇਕ ਪਾਸੇ ਜਿਥੇ ਇਸ ਨਾਲ ਨਜਿੱਠਣ ਲਈ ਸਰਕਾਰ ਨੂੰ ਦੁਬਾਰਾ ਸਖਤ ਪਾਬੰਦੀ ਲਾਗੂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਇਸ ਦੇ ਕਾਰਨ ਲੋਕਾਂ ’ਚ ਬੇਰੋਜ਼ਗਾਰੀ ਅਤੇ ਰੋਜ਼ੀ-ਰੋਟੀ ਦੀ ਸਮੱਸਿਆ ਵਧ ਗਈ ਹੈ।

ਕੋਰੋਨਾ ਦੇ ਵਧਦੇ ਪ੍ਰਕੋਪ ਦੇ ਕਾਰਨ ਜਿਥੇ ਦੇਸ਼ ਦੇ ਕਈ ਸੂਬਿਅਾਂ ’ਚ ਨਾਈਟ ਕਰਫਿਊ ਅਤੇ ਧਾਰਾ-144 ਲਗਾਉਣ ਸਮੇਤ ਰੈਸਟੋਰੈਂਟ ਆਦਿ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ, ਉਥੇ ਵਿਆਹ-ਸ਼ਾਦੀ ਤੇ ਹੋਰਨਾਂ ਸਮਾਰੋਹਾਂ ’ਚ ਮਹਿਮਾਨਾਂ ਦੀ ਗਿਣਤੀ ਸੀਮਤ ਕਰਨ, ਨਿਯਮਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਵਧਾਉਣ ਵਰਗੇ ਹੋਰ ਸਖਤ ਕਦਮ ਚੁੱਕੇ ਹਨ।

ਇਸ ਦੇ ਅਧੀਨ ਦਿੱਲੀ ਅਤੇ ਮਹਾਰਾਸ਼ਟਰ ’ਚ ਵਿਆਹ ਜਾਂ ਹੋਰ ਸਮਾਰੋਹਾਂ ’ਚ ਸ਼ਾਮਲ ਹੋਣ ਵਾਲਿਅਾਂ ਦੀ ਵੱਧ ਤੋਂ ਵੱਧ ਗਿਣਤੀ ਘਟਾ ਕੇ 50, ਉੱਤਰ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ’ਚ 100, ਮੱਧ ਪ੍ਰਦੇਸ਼ ’ਚ 200 ਕੀਤੀ ਗਈ ਹੈ। ਦਿੱਲੀ ’ਚ ਮਾਸਕ ਨਾ ਪਹਿਨਣ ’ਤੇ ਜੁਰਮਾਨੇ ਦੀ ਰਕਮ ਵਧਾ ਕੇ 2000 ਰੁਪਏ ਕਰ ਦਿੱਤੀ ਗਈ ਹੈ।

ਹੁਣ ਹਰਿਆਣਾ ਦੇ ਸੋਨੀਪਤ, ਗੁੜਗਾਓਂ, ਫਰੀਦਾਬਾਦ, ਹਿਸਾਰ, ਰੇਵਾੜੀ ਅਤੇ ਰੋਹਤਕ ਜ਼ਿਲਿਅਾਂ ’ਚ ਹਾਲ ਦੇ ਅੰਦਰ 50 ਅਤੇ ਖੁੱਲ੍ਹੀ ਥਾਂ ’ਤੇ 100 ਵਿਅਕਤੀਅਾਂ ਅਤੇ ਹੋਰਨਾਂ ਜ਼ਿਲਿਅਾਂ ’ਚ 100 ਅਤੇ 200 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਹਿਮਾਚਲ ’ਚ ਰਾਤ 8 ਤੋਂ ਸਵੇਰੇ 6 ਵਜੇ ਤਕ ਸਿਰਫ ਸਰਕਾਰੀ ਬੱਸਾਂ ਚਲਾਉਣ, ਦਫਤਰਾਂ ’ਚ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਅਾਂ ਦੀ ਹਾਜ਼ਰੀ ਘਟਾ ਕੇ 50 ਫੀਸਦੀ ਕਰਨ, ਸ਼ਿਮਲਾ, ਮੰਡੀ, ਕੁੱਲੂ ਤੇ ਕਾਂਗੜਾ ਜ਼ਿਲਿਅਾਂ ’ਚ ਰਾਤ ਦਾ ਕਰਫਿਊ ਲਗਾਉਣ ਅਤੇ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।

ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਬਾਅਦ ਹੁਣ ਰਾਜਸਥਾਨ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲਿਅਾਂ ਬੀਕਾਨੇਰ, ਜੈਪੁਰ, ਜੋਧਪੁਰ, ਕੋਟਾ, ਉਦੇਪੁਰ, ਅਲਵਰ ਅਤੇ ਭੀਲਵਾੜਾ ’ਚ ਵੀ ਰਾਤ 8 ਵਜੇ ਤੋਂ ਸਵੇਰੇ 6 ਵਜੇ ਤਕ ਕਰਫਿਊ ਲਗਾ ਦਿੱਤਾ ਗਿਆ ਹੈ। ਦਫਤਰਾਂ ’ਚ ਕਰਮਚਾਰੀਅਾਂ ਦੀ ਗਿਣਤੀ ਵੀ ਸੀਮਤ ਕਰਨ ਦੇ ਇਲਾਵਾ ਬਿਨਾਂ ਮਾਸਕ ਘੁੰਮਣ ’ਤੇ ਜੁਰਮਾਨਾ 200 ਰੁਪਏ ਤੋਂ ਵਧਾ ਕੇ 500 ਰੁਪਏ ਕੀਤਾ ਗਿਆ ਹੈ।

ਪੰਜਾਬ ’ਚ ਅਜੇ ਤਕ ਕੋਰੋਨਾ ਦੇ 1,48,444 ਕਨਫਰਮ ਕੇਸ ਆ ਚੁੱਕੇ ਹਨ ਅਤੇ 4692 ਵਿਅਕਤੀਅਾਂ ਦੀ ਮੌਤ ਵੀ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਮਾਮਲਿਅਾਂ ਨੂੰ ਦੇਖਦੇ ਹੋਏ ਇਥੇ 1 ਦਸੰਬਰ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਸੂਬੇ ’ਚ ਰਾਤ 9.30 ਵਜੇ ਤੋਂ ਬਾਅਦ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਹਾਲ ਆਦਿ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਮਾਸਕ ਨਾ ਪਹਿਨਣ ’ਤੇ ਜੁਰਮਾਨੇ ਦੀ ਰਕਮ 500 ਤੋਂ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ।

ਕੋਰੋਨਾ ਦਾ ਤੇਜ਼ੀ ਨਾਲ ਵਧਦਾ ਚੱਕਰ ਤੋੜਣ ਲਈ ਸਖਤੀ ਵਧਾਉਂਦੇ ਹੋਏ ਕੇਂਦਰ ਸਰਕਾਰ ਨੇ 1 ਦਸੰਬਰ ਤੋਂ 31 ਦਸੰਬਰ ਤੱਕ ਸੂਬਿਅਾਂ ਨੂੰ ‘ਕੰਟੇਨਮੈਂਟ ਜ਼ੋਨ’ ਵਿਚ ਸਖਤੀ ਨਾਲ ਨਿਯਮ ਲਾਗੂ ਕਰਨ ਦੇ ਨਵੇਂ ਹੁਕਮ ਦਿੱਤੇ ਹਨ ਅਤੇ ਸੂਬਿਆਂ ਨੂੰ ਰਾਤ ਦਾ ਕਰਫਿਊ ਲਗਾਉਣ ਦੀ ਵੀ ਛੋਟ ਦਿੱਤੀ ਹੈ।

ਜਿਥੇ ਇਕ ਪਾਸੇ ਕੋਰੋਨਾ ਨੇ ਕਹਿਰ ਢਾਹਿਆ ਹੋਇਆ ਹੈ ਤਾਂ ਦੂਜੇ ਪਾਸੇ ਲੋਕਾਂ ਵਲੋਂ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਸਮੱਸਿਆ ਨੂੰ ਹੋਰ ਵਧਾ ਰਹੀ ਹੈ ਅਤੇ ਬਹੁਤ ਘੱਟ ਲੋਕ ਹੀ ਮਾਸਕ ਲਗਾ ਰਹੇ ਹਨ ਅਤੇ ਸਿੰਗਾਪੁਰ ਦੇ ਡਾਕਟਰਾਂ ਅਨੁਸਾਰ ਜੇਕਰ 70 ਫੀਸਦੀ ਲੋਕ ਵੀ ਮਾਸਕ ਲਗਾਉਂਦੇ ਅਤੇ ਹੋਰ ਸੁਰੱਖਿਆ ਸਾਵਧਾਨੀਅਾਂ ਦੀ ਪਾਲਣਾ ਕਰਦੇ ਤਾਂ ਸਥਿਤੀ ਅੱਜ ਕਾਬੂ ’ਚ ਹੁੰਦੀ।

ਹੁਣ ਜਦਕਿ ਸਰਦੀਅਾਂ ਦਾ ਮੌਸਮ ਆ ਚੁੱਕਾ ਹੈ, ਦੇਸ਼ ਦੇ ਮੋਹਰੀ ਡਾਕਟਰਾਂ ਦੇ ਅਨੁਸਾਰ ਕੋਰੋਨਾ ਵਾਇਰਸ ਦੇ ਵਧ ਸਮੇਂ ਤਕ ਜ਼ਿੰਦਾ ਰਹਿਣ ਦਾ ਖਤਰਾ ਪਹਿਲਾਂ ਨਾਲੋਂ ਵਧ ਗਿਆ ਹੈ। ਇਸ ਲਈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਲਾਪਰਵਾਹੀ ਛੱਡ ਕੇ ਸਰਕਾਰ ਦੇ ਯਤਨਾਂ ’ਚ ਪੂਰੀ ਤਰ੍ਹਾਂ ਫਰਜ਼ ਨਿਭਾਉਂਦਿਅਾਂ ਸਹਿਯੋਗ ਕਰਨ ’ਚ ਹੀ ਸਾਰਿਅਾਂ ਦੀ ਭਲਾਈ ਹੈ ਤਾਂਕਿ ਮੁਸੀਬਤ ਤੋਂ ਮੁਕਤੀ ਮਿਲੇ, ਨਹੀਂ ਤਾਂ ਇਕ ਹੋਰ ਲਾਕਡਾਊਨ ਨੂੰ ਝੱਲਣਾ ਅਤੇ ਪਹਿਲਾਂ ਨਾਲੋਂ ਵੀ ਵਧ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਹੋਵੇਗਾ।

ਇਸ ਸਮੇਂ ਤਾਂ ਕੁਲ ਮਿਲਾ ਕੇ ਸਰਕਾਰ ਅਤੇ ਲੋਕਾਂ ਦੇ ਸਾਹਮਣੇ ‘ਇਧਰ ਜਾਈਏ ਜਾਂ ਓਧਰ ਜਾਈਏ’ ਵਾਲੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਸਰਕਾਰ ਲਾਕਡਾਊਨ ਅਤੇ ਹੋਰ ਪਾਬੰਦੀ ਨਹੀਂ ਲਗਾਉਂਦੀ ਤਾਂ ਲੋਕ ਬੀਮਾਰੀ ਨਾਲ ਮਰਨਗੇ ਅਤੇ ਜੇਕਰ ਲਗਾਉਂਦੀ ਹੈ ਤਾਂ ਬੇਰੋਜ਼ਗਾਰੀ ਅਤੇ ਭੁੱਖ ਨਾਲ ਮਰਨਗੇ।

ਕੋਰੋਨਾ ਨੇ ਸਾਰਿਅਾਂ ਨੂੰ ਇਕ ਚੌਰਾਹੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜਿਥੇ ਉਹ ਅਜਿਹਾ ਮਹਿਸੂਸ ਕਰ ਰਹੇ ਹਨ ਜਿਵੇਂ ‘ਨਾ ਇਧਰ ਦੇ ਰਹੇ ਨਾ ਓਧਰ ਦੇ’।

–ਵਿਜੇ ਕੁਮਾਰ

Bharat Thapa

This news is Content Editor Bharat Thapa