ਕਾਂਗਰਸ ਦੇ ਨੇਤਾਵਾਂ ਨੇ ਵੀ ਕੀਤਾ 370 ਅਤੇ 35 (ਏ) ’ਤੇ ਕੇਂਦਰ ਸਰਕਾਰ ਦਾ ਸਮਰਥਨ

08/10/2019 7:08:44 AM

ਕੁਝ ਹੋਰਨਾਂ ਰਿਆਸਤਾਂ ਵਾਂਗ ਮਹਾਰਾਜਾ ਹਰੀ ਸਿੰਘ ਵੀ ਨਹੀਂ ਚਾਹੁੰਦੇ ਸਨ ਕਿ ਕਸ਼ਮੀਰ ਦਾ ਭਾਰਤ ’ਚ ਰਲੇਵਾਂ ਹੋਵੇ। ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਕੂਟਨੀਤੀ ਨਾਲ ਹੋਰ ਰਿਆਸਤਾਂ ਤਾਂ ਭਾਰਤ ’ਚ ਮਿਲ ਗਈਆਂ ਪਰ ਹਰੀ ਸਿੰਘ ਭਾਰਤ ’ਚ ਰਲੇਵਾਂ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ ਅਤੇ ਆਪਣੀ ਆਜ਼ਾਦ ਪ੍ਰਭੂਸੱਤਾ ਚਾਹੁੰਦੇ ਸਨ।

ਜਦੋਂ 20 ਅਕਤੂਬਰ 1947 ਨੂੰ ਕਬਾਇਲੀਆਂ ਦੇ ਭੇਸ ’ਚ ਜੰਮੂ-ਕਸ਼ਮੀਰ ’ਚ ਦਾਖਲ ਹੋਏ ਪਾਕਿਸਤਾਨੀ ਫੌਜੀਆਂ ਨੇ ਲੁੱਟ-ਖੋਹ ਅਤੇ ਮਾਰ-ਕੱਟ ਸ਼ੁਰੂ ਕਰ ਦਿੱਤੀ ਤਾਂ ਮਹਾਰਾਜਾ ਹਰੀ ਸਿੰਘ ਆਪਣੇ ਸਾਰੇ ਪਰਿਵਾਰ ਅਤੇ ਸਾਮਾਨ ਸਮੇਤ ਸ਼੍ਰੀਨਗਰ ਤੋਂ ਜੰਮੂ ਆ ਗਏ ਅਤੇ 26 ਅਕਤੂਬਰ 1947 ਨੂੰ ਉਨ੍ਹਾਂ ਨੇ ਉਸੇ ਤਰ੍ਹਾਂ ਰਲੇਵੇਂ ਦੇ ਸਮਝੌਤੇ ’ਤੇ ਦਸਤਖਤ ਕਰ ਦਿੱਤੇ, ਜਿਸ ਤਰ੍ਹਾਂ ਹੋਰਨਾਂ ਸੂਬਿਆਂ ਨੇ ਕੀਤੇ ਸਨ।

ਸਰਦਾਰ ਪਟੇਲ ਦੀ ਅਸਹਿਮਤੀ ਦੇ ਬਾਵਜੂਦ ਨਹਿਰੂ ਨੇ ਪਾਕਿਸਤਾਨ ਵਲੋਂ ਕਸ਼ਮੀਰ ’ਚ ਦਖਲ ਦੇਣ ਦੀ ਸ਼ਿਕਾਇਤ ਸੰਯੁਕਤ ਰਾਸ਼ਟਰ ’ਚ ਕਰ ਦਿੱਤੀ, ਜਿਸ ਨਾਲ ਭਾਰਤ ਨੂੰ ਲਾਭ ਦੀ ਬਜਾਏ ਨੁਕਸਾਨ ਹੀ ਹੋਇਆ।

ਹਾਲਾਂਕਿ ਪ੍ਰਧਾਨ ਮੰਤਰੀ ਨਹਿਰੂ ਨੇ ਕਿਹਾ ਕਿ ਧਾਰਾ 370 ਅਸਥਾਈ ਹੈ, ਜੋ ਸਮੇਂ ਦੇ ਨਾਲ ਖਤਮ ਹੋ ਜਾਏਗੀ ਪਰ ਅਜਿਹਾ ਹੋਇਆ ਨਹੀਂ ਅਤੇ ਹੁਣ ਕੇਂਦਰ ਸਰਕਾਰ ਵਲੋਂ ਇਸ ਨੂੰ ਅਤੇ ਧਾਰਾ 35 ਏ ਨੂੰ ਖਤਮ ਕਰਨ ਤੋਂ ਬਾਅਦ ਜਿਥੇ ਦੇਸ਼ ਦੇ ਜ਼ਿਆਦਾਤਰ ਸਿਆਸੀ ਦਲ ਕੇਂਦਰ ਦੀ ਭਾਜਪਾ ਸਰਕਾਰ ਨਾਲ ਖੜ੍ਹੇ ਹਨ, ਉਥੇ ਹੀ ਕਾਂਗਰਸ ਦੇ ਕੁਝ ਨੇਤਾ ਵੀ ਸਰਕਾਰ ਨਾਲ ਆ ਗਏ ਹਨ।

ਕਾਂਗਰਸ ਤਾਂ ਧਾਰਾ 370 ਨੂੰ ਲੈ ਕੇ ਦੋ ਧੜਿਆਂ ’ਚ ਵੰਡੀ ਗਈ ਹੈ ਅਤੇ ਇਸ ਦੇ ਸਮਰਥਨ ਅਤੇ ਵਿਰੋਧ ਨੂੰ ਲੈ ਕੇ ਪਾਰਟੀ ’ਚ ਘਮਾਸਾਨ ਮਚਿਆ ਹੋਇਆ ਹੈ।

ਜਿਥੇ ਰਾਹੁਲ ਗਾਂਧੀ ਅਤੇ ਗੁਲਾਮ ਨਬੀ ਆਜ਼ਾਦ ਵਰਗੇ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਵੱਡੀ ਗਿਣਤੀ ’ਚ ਕਾਂਗਰਸੀ ਇਸ ਦੇ ਸਮਰਥਨ ’ਚ ਉਤਰ ਆਏ ਹਨ, ਜਿਨ੍ਹਾਂ ’ਚ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ, ਜਯੋਤਿਰਾਦਿੱਤਿਆ ਸਿੰਧੀਆ, ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ, ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਅਸ਼ੋਕ ਚਾਂਦਨਾ, ਸਾਬਕਾ ਸੰਸਦ ਮੈਂਬਰ ਜਯੋਤੀ ਮਿਰਧਾ, ਸੀਨੀਅਰ ਨੇਤਾ ਜਨਾਰਦਨ ਦਿਵੇਦੀ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਆਦਿ ਸ਼ਾਮਲ ਹਨ।

ਇਹੀ ਨਹੀਂ, ਪੰਜਾਬ ’ਚ ਲੁਧਿਆਣਾ ਤੋਂ ਕਾਂਗਰਸ ਦੇ ਦੋ ਵਿਧਾਇਕਾਂ ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਅਤੇ ਬਲਾਕ ਪ੍ਰਧਾਨਾਂ ਵਿਪਿਨ ਅਰੋੜਾ ਅਤੇ ਗੁਰਮੁਖ ਸਿੰਘ ਮਿੱਠੂ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਜੀਵ ਅਰੋੜਾ ਨੇ ਵੀ ਧਾਰਾ 370 ਖਤਮ ਕਰਨ ਦਾ ਸਮਰਥਨ ਕਰਦੇ ਹੋਏ ਇਸ ਨੂੰ ਦੇਸ਼ਹਿੱਤ ’ਚ ਕਰਾਰ ਦਿੱਤਾ ਹੈ।

ਇਹੀ ਨਹੀਂ, ਹਿਸਾਰ ’ਚ ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਵੀਰੇਂਦਰ ਹੁੱਡਾ ਨੇ ਰਾਹੁਲ ਗਾਂਧੀ ਵਲੋਂ ਧਾਰਾ 370 ਦੇ ਵਿਰੋਧ ਨੂੰ ਦੇਸ਼ਹਿੱਤ ਦੇ ਵਿਰੁੱਧ ਦੱਸਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਰਾਹੁਲ ਗਾਂਧੀ ਨੇ ਦੇਸ਼ਹਿੱਤ ਦੇ ਵਿਰੁੱਧ ਰਾਜਨੀਤੀ ਜਾਰੀ ਰੱਖੀ ਤਾਂ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਦੇ ਬਾਹਰ ਧਰਨਾ ਦਿੱਤਾ ਜਾਏਗਾ।

ਹੁਣ ਕਸ਼ਮੀਰ ਦੇ ਸਾਬਕਾ ਮਹਾਰਾਜਾ ਹਰੀ ਸਿੰਘ ਦੇ ਬੇਟੇ ਅਤੇ ਸੀਨੀਅਰ ਕਾਂਗਰਸੀ ਨੇਤਾ ਡਾ. ਕਰਨ ਸਿੰਘ ਨੇ ਧਾਰਾ 370 ਨੂੰ ਬਲ ਪ੍ਰਦਾਨ ਕਰਨ ਵਾਲੀ ਧਾਰਾ 35 (ਏ) ਦੇ ਵਿਸ਼ੇ ’ਚ ਕਿਹਾ ਹੈ ਕਿ ਸਰਕਾਰ ਦੇ ਫੈਸਲੇ ਦੀ ਮੁਕੰਮਲ ਤੌਰ ’ਤੇ ਨਿੰਦਾ ਕਰਨਾ ਸਹੀ ਨਹੀਂ ਹੈ ਕਿਉਂਕਿ ਇਸ ’ਚ ਕਈ ਸਾਕਾਰਾਤਮਕ ਗੱਲਾਂ ਵੀ ਹਨ।

ਡਾ. ਕਰਨ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਨੇ ਵੀ ਧਾਰਾ 370 ਹਟਾਉਣ ਦੇ ਸਰਕਾਰ ਦੇ ਕਦਮ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਸਵਾਗਤਯੋਗ ਹੈ।

ਕੁਲ ਮਿਲਾ ਕੇ ਇਸ ਸਮੇਂ ਧਾਰਾ 370 ਅਤੇ 35 (ਏ) ਨੂੰ ਲੈ ਕੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਗੈਰ-ਲੋੜੀਂਦੇ ਅਨਸਰ ਇਸ ਦਾ ਅਣਉਚਿਤ ਲਾਭ ਨਾ ਉਠਾ ਸਕਣ।

-ਵਿਜੇ ਕੁਮਾਰ
 

Bharat Thapa

This news is Content Editor Bharat Thapa