ਕਰਨਾਟਕ ''ਚ ਕਿਆਮਤ ਦਾ ਦਿਨ ਅੱਜ ਕਿਤੇ ਮੁਜ਼ਾਹਰੇ ਤਾਂ ਕਿਤੇ ਫੁੱਲਾਂ ਦੀ ਵਰਖਾ, ਸੇਬਾਂ ਦੇ ਹਾਰ, ਦੋਸ਼ਾਂ ਦੀ ਵਾਛੜ

05/12/2018 7:03:06 AM

ਸਾਰੇ ਅਨੁਮਾਨ ਲਾਉਣ ਵਿਚ ਰੁੱਝੇ ਹੋਏ ਹਨ ਕਿ ਸ਼ਨੀਵਾਰ ਨੂੰ ਵੋਟਿੰਗ ਤੋਂ ਬਾਅਦ ਇਸ ਵਾਰ ਕਰਨਾਟਕ ਵਿਚ ਕਿਸ ਦੀ ਸਰਕਾਰ ਬਣੇਗੀ। ਜਿਥੇ ਕਾਂਗਰਸ ਨੇ ਆਪਣੀ ਸਰਕਾਰ ਬਚਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ, ਉਥੇ ਹੀ ਭਾਜਪਾ ਨੇ ਕਾਂਗਰਸ ਨੂੰ ਹਰਾਉਣ ਲਈ ਲੱਕ ਬੰਨ੍ਹਿਆ ਹੋਇਆ ਹੈ ਅਤੇ ਜਨਤਾ ਦਲ (ਐੱਸ) ਵੀ ਇਨ੍ਹਾਂ ਦੋਹਾਂ ਨੂੰ ਚੁਣੌਤੀ ਦੇ ਰਿਹਾ ਹੈ। 
* ਪਿਛਲੇ 30 ਸਾਲਾਂ ਦੇ ਰੁਝਾਨ ਵਿਚ ਇਹ ਤੱਥ ਉੱਭਰ ਕੇ ਆਉਂਦਾ ਹੈ ਕਿ ਸੂਬੇ ਦੇ ਲੋਕਾਂ ਨੇ ਕਦੇ ਵੀ ਸੱਤਾਧਾਰੀ ਪਾਰਟੀ ਦੇ ਪੱਖ ਵਿਚ ਵੋਟ ਨਹੀਂ ਪਾਈ। 1998 ਵਿਚ ਕਾਂਗਰਸ ਨੇ ਜਨਤਾ ਦਲ ਨੂੰ ਹਰਾਇਆ, ਤਾਂ 1994 ਵਿਚ ਕਾਂਗਰਸ ਹਾਰੀ ਅਤੇ ਜਨਤਾ ਦਲ ਜਿੱਤਿਆ। ਫਿਰ 1999 ਵਿਚ ਕਾਂਗਰਸ ਨੇ ਜਨਤਾ ਦਲ ਤੋਂ ਸੱਤਾ ਖੋਹੀ, 2004 ਵਿਚ ਕਾਂਗਰਸ ਹਾਰ ਗਈ ਅਤੇ ਉਥੇ ਕਾਂਗਰਸ-ਜਨਤਾ ਦਲ (ਐੱਸ) ਦੀ ਸਾਂਝੀ ਸਰਕਾਰ ਬਣੀ, 2008 ਵਿਚ ਭਾਜਪਾ ਸੱਤਾ ਵਿਚ ਆਈ  ਅਤੇ 2013 ਵਿਚ ਕਾਂਗਰਸ ਜਿੱਤ ਗਈ।
* ਇਸ ਲਿਹਾਜ਼ ਨਾਲ ਇਸ ਵਾਰ ਭਾਜਪਾ ਜਾਂ ਜਨਤਾ ਦਲ (ਐੱਸ) ਦੀ ਵਾਰੀ ਹੈ ਪਰ ਓਪੀਨੀਅਨ ਪੋਲ ਅਨੁਸਾਰ ਇਸ ਵਾਰ ਮੁੱਖ ਮੰਤਰੀ ਵਜੋਂ ਇਕ ਵਾਰ ਫਿਰ ਕਾਂਗਰਸ ਦੇ ਸਿੱਧਰਮੱਈਆ ਹੀ ਪਹਿਲੀ ਪਸੰਦ ਮੰਨੇ ਜਾ ਰਹੇ ਹਨ। ਦੂਜੇ ਨੰਬਰ 'ਤੇ ਭਾਜਪਾ ਦੇ ਯੇਦੀਯੁਰੱਪਾ ਅਤੇ ਤੀਜੇ ਨੰਬਰ 'ਤੇ ਜਨਤਾ ਦਲ (ਐੱਸ) ਦੇ ਕੁਮਾਰਸਵਾਮੀ ਹਨ। 
* ਹਾਲਾਂਕਿ ਦੋਵੇਂ ਵੱਡੀਆਂ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਕੁਝ ਓਪੀਨੀਅਨ ਪੋਲ ਲੰਗੜੀ ਵਿਧਾਨ ਸਭਾ ਦੀ ਭਵਿੱਖਬਾਣੀ ਕਰ ਰਹੇ ਹਨ, ਜਿਸ ਵਿਚ ਜਨਤਾ ਦਲ (ਐੱਸ) ਕਿੰਗਮੇਕਰ ਦੀ ਭੂਮਿਕਾ ਨਿਭਾਏਗੀ ਪਰ ਜਨਤਾ ਦਲ (ਐੱਸ) ਦੇ ਨੇਤਾ ਕੁਮਾਰਸਵਾਮੀ ਦਾ ਕਹਿਣਾ ਹੈ ਕਿ ''ਮੈਂ ਕਿੰਗਮੇਕਰ ਨਹੀਂ, ਕਿੰਗ ਹੀ ਬਣਾਂਗਾ।'' 
* ਕੰਸਟਰੱਕਸ਼ਨ ਵਰਕਰਾਂ, ਡਰਾਈਵਰਾਂ, ਘਰੇਲੂ ਨੌਕਰਾਂ ਆਦਿ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਲਈ ਵਧੀਆ ਭੋਜਨ ਤੋਂ ਇਲਾਵਾ 500 ਤੋਂ 2000 ਰੁਪਏ ਦਿਹਾੜੀ 'ਤੇ ਭਰਤੀ ਕਰ ਲੈਣ ਕਾਰਨ ਇਨ੍ਹਾਂ ਦੀ ਘਾਟ ਪੈਦਾ ਹੋ ਗਈ ਅਤੇ ਜਿਨ੍ਹਾਂ ਦੇ ਘਰਾਂ ਵਿਚ ਇਹ ਕੰਮ ਕਰਦੇ ਸਨ, ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
* ਪਿਛਲੇ ਦਿਨੀਂ ਜਨਤਾ ਦਲ (ਐੱਸ) ਦੇ ਇਕ ਉਮੀਦਵਾਰ 'ਤੇ ਵੋਟਰਾਂ ਨੂੰ ਤਿਰੂਮਾਲਾ ਦੀ ਤੀਰਥ ਯਾਤਰਾ 'ਤੇ ਲਿਜਾਣ ਦੀ ਪੇਸ਼ਕਸ਼ ਕਰਨ ਦਾ ਦੋਸ਼ ਲੱਗਾ। ਹੁਣ ਚਿਕਮੰਗਲੂਰ ਤੋਂ ਭਾਜਪਾ ਉਮੀਦਵਾਰ ਸੀ. ਟੀ. ਰਵੀ 'ਤੇ ਵੋਟਰਾਂ ਨੂੰ ਇਕ ਧਾਰਮਿਕ ਅਸਥਾਨ ਦੀ ਯਾਤਰਾ 'ਤੇ ਲਿਜਾਣ ਦਾ ਦੋਸ਼ ਲੱਗਾ ਹੈ ਅਤੇ ਅਧਿਕਾਰੀਆਂ ਨੇ 2 ਬੱਸਾਂ ਵੀ ਜ਼ਬਤ ਕੀਤੀਆਂ ਹਨ। 
* ਚੋਣ ਮੁਹਿੰਮ ਵਿਚ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਨੇ ਇਕ-ਦੂਜੇ 'ਤੇ ਤਿੱਖੇ ਦੋਸ਼ ਲਾਏ ਹਨ। ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ 'ਬਾਲਟੀ ਵਾਲਾ ਦਬੰਗ' ਕਰਾਰ ਦਿੱਤਾ (ਜੋ ਲਾਈਨ ਵਿਚ ਖੜ੍ਹੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਚਾਹਵਾਨਾਂ ਨੂੰ ਪਿੱਛੇ ਧੱਕ ਕੇ ਖ਼ੁਦ ਅੱਗੇ ਆ ਖੜ੍ਹਾ ਹੋਇਆ ਹੈ)। 
* ਨਰਿੰਦਰ ਮੋਦੀ ਨੇ ਕਿਹਾ ਕਿ ਇਹ ਤਾੜ ਕੇ ਕਿ ਬੇਟਾ ਚੋਣਾਂ ਨਹੀਂ ਜਿਤਾ ਸਕੇਗਾ, ਕਾਂਗਰਸ ਨੇ ਮਾਂ (ਸੋਨੀਆ ਗਾਂਧੀ) ਨੂੰ ਚੋਣ ਪ੍ਰਚਾਰ ਲਈ ਕਰਨਾਟਕ ਭੇਜ ਦਿੱਤਾ।
* ਸੋਨੀਆ ਗਾਂਧੀ ਨੇ 2 ਸਾਲਾਂ ਵਿਚ ਪਹਿਲੀ ਵਾਰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਨਰਿੰਦਰ ਮੋਦੀ ਨੂੰ 'ਕਾਂਗਰਸ-ਮੁਕਤ ਭਾਰਤ' ਦਾ ਭੂਤ ਸਤਾ ਰਿਹਾ ਹੈ। ਉਹ ਇਕ ਅਭਿਨੇਤਾ ਵਾਂਗ ਗੱਲ ਕਰਦੇ ਹਨ। ਉਹ ਚੰਗੇ ਬੁਲਾਰੇ ਹਨ ਪਰ ਜੇ ਭਾਸ਼ਣਾਂ ਨਾਲ ਢਿੱਡ ਭਰ ਸਕਦਾ ਹੋਵੇ ਤਾਂ ਮੈਂ ਚਾਹਾਂਗੀ ਕਿ ਉਹ ਹੋਰ ਭਾਸ਼ਣ ਦੇਣ।''
* ਚੋਣ ਮੁਹਿੰਮ ਦੌਰਾਨ ਨੇਤਾਵਾਂ ਦੀ ਜ਼ੁਬਾਨ ਵੀ ਫਿਸਲਦੀ ਰਹੀ। ਕਾਂਗਰਸ ਦੇ ਨੇਤਾ ਸਿੱਧਰਮੱਈਆ ਗਲਤੀ ਨਾਲ ਨਰਿੰਦਰ ਮੋਦੀ ਦੀ ਤਾਰੀਫ ਕਰ ਬੈਠੇ ਅਤੇ ਕਹਿ ਦਿੱਤਾ ਕਿ ''ਨਰਿੰਦਰ ਮੋਦੀ ਨੂੰ ਵੋਟ ਦੇਣਾ ਮੈਨੂੰ ਵੋਟ ਦੇਣ ਵਾਂਗ ਹੋਵੇਗਾ।'' 
* ਇਸੇ ਤਰ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਹੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਭ੍ਰਿਸ਼ਟਾਚਾਰ 'ਚ ਨੰਬਰ-1 ਕਹਿ ਦਿੱਤਾ। 
* ਉਮੀਦਵਾਰਾਂ ਦੇ ਗਲੇ ਵਿਚ ਸੇਬਾਂ ਦੇ ਹਾਰ ਪਾਉਣ ਦਾ ਰੁਝਾਨ ਕਾਫੀ ਦੇਖਿਆ ਗਿਆ। ਜਨਤਾ ਦਲ (ਐੱਸ) ਦੇ ਪ੍ਰਧਾਨ ਐੱਚ. ਡੀ. ਦੇਵੇਗੌੜਾ ਨੂੰ ਜਦੋਂ ਇਕ ਚੋਣ ਰੈਲੀ ਵਿਚ ਅਜਿਹਾ ਹੀ ਹਾਰ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਤਾਂ ਪਹਿਲਾਂ ਹੀ ਫੰਡ ਦੀ ਘਾਟ ਨਾਲ ਜੂਝ ਰਹੀ ਹੈ, ਇਸ ਲਈ ਪਾਰਟੀ ਵਰਕਰ ਅਜਿਹੀ ਫਜ਼ੂਲਖਰਚੀ ਨਾ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਹਾਰ ਨੂੰ ਨੀਲਾਮ ਕਰਨ ਦਾ ਐਲਾਨ ਕਰ ਦਿੱਤਾ, ਜਿਸ ਨੂੰ 6 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਦੇ ਕੇ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਖਰੀਦ ਲਿਆ।
* ਵੀਰਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਸਿੱਧਰਮੱਈਆ ਜਦੋਂ ਆਪਣੇ ਚੋਣ ਹਲਕੇ ਚਾਮੁੰਡੇਸ਼ਵਰੀ ਵਿਚ ਗਏ ਤਾਂ ਲੋਕਾਂ ਨੇ ਉਨ੍ਹਾਂ ਵਿਰੁੱਧ ਮੁਜ਼ਾਹਰਾ ਕੀਤਾ, ਜਦਕਿ ਇਸੇ ਦਿਨ ਸ਼ਿਕਾਰੀਪੁਰ ਵਿਚ ਪ੍ਰਚਾਰ ਕਰਨ ਗਏ ਯੇਦੀਯੁਰੱਪਾ 'ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।
* ਵੀਰਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਕਰਨਾਟਕ ਵਿਚ ਅਮਿਤ ਸ਼ਾਹ ਤੋਂ ਇਲਾਵਾ 3 ਮੁੱਖ ਮੰਤਰੀਆਂ, 19 ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ 12 ਹੋਰ ਸੀਨੀਅਰ ਆਗੂਆਂ ਨੇ ਸੂਬੇ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਜਿਸ ਤੋਂ ਸਪੱਸ਼ਟ ਹੈ ਕਿ ਚੋਣਾਂ ਜਿੱਤਣ ਲਈ ਇਨ੍ਹਾਂ ਨੇ ਕਿਸ ਤਰ੍ਹਾਂ ਸਿਰ-ਧੜ ਦੀ ਬਾਜ਼ੀ ਲਾਈ ਹੋਈ ਹੈ। 
ਚੋਣਾਂ ਦੇ ਆਖਰੀ ਦੌਰ ਵਿਚ ਕੁਝ ਅਜਿਹੇ ਰੰਗ ਦੇਖਣ ਨੂੰ ਮਿਲੇ। ਹੁਣ ਇਹ ਤਾਂ 15 ਮਈ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਦੇ ਚਿਹਰੇ ਦਾ ਰੰਗ ਉੱਡਦਾ ਹੈ ਤੇ ਕਿਸ ਦੇ ਚਿਹਰੇ ਦਾ ਰੰਗ ਨਿੱਖਰਦਾ ਹੈ।  
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra