''ਆਪ'' ਲਗਾਤਾਰ ਘਮਾਸਾਨ ਕਾਰਨ ਜਾ ਰਹੀ ਹਾਸ਼ੀਏ ''ਤੇ

11/04/2017 7:38:00 AM

ਦੇਸ਼ ਦੀ ਆਜ਼ਾਦੀ ਦੇ ਸਮੇਂ ਕਾਂਗਰਸ ਹੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕਮਿਊਨਿਸਟ ਪਾਰਟੀਆਂ ਦਾ ਚੰਗਾ ਗਰੁੱਪ ਸੀ ਪਰ ਇਨ੍ਹਾਂ ਵਿਚਾਲੇ ਏਕਤਾ ਨਹੀਂ ਰਹਿ ਸਕੀ। ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਬਣੀ ਪਰ ਉਹ ਵੀ ਸਮੇਂ ਦੀ ਕਸੌਟੀ 'ਤੇ ਖਰੀ ਨਹੀਂ ਉਤਰ ਸਕੀ ਤੇ ਕਈ ਟੁਕੜਿਆਂ 'ਚ ਵੰਡੀ ਗਈ। ਫਿਰ ਭਾਜਪਾ ਦੇ ਹੋਂਦ ਵਿਚ ਆਉਣ ਤੋਂ ਬਾਅਦ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਹੀ ਰਹਿ ਗਈਆਂ ਹਨ। 
ਅਜਿਹੇ ਮਾਹੌਲ 'ਚ ਅਰਵਿੰਦ ਕੇਜਰੀਵਾਲ ਦੀ 'ਆਮ ਆਦਮੀ ਪਾਰਟੀ' (ਆਪ) ਇਕ ਤੀਜੇ ਬਦਲ ਵਜੋਂ ਉੱਭਰੀ, ਜਦੋਂ ਵਿਚਾਰਕ ਮੱਤਭੇਦਾਂ ਦੇ ਆਧਾਰ 'ਤੇ ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨਾਲੋਂ ਅੱਡ ਹੋ ਕੇ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਮਨੀਸ਼ ਸ਼ਿਸ਼ੋਦੀਆ ਅਤੇ ਕਿਰਨ ਬੇਦੀ ਆਦਿ ਨੂੰ ਨਾਲ ਲੈ ਕੇ 2 ਅਕਤੂਬਰ 2012 ਨੂੰ ਇਸ ਦਾ ਗਠਨ ਕੀਤਾ।  'ਆਪ' ਨੇ 28 ਦਸੰਬਰ 2013 ਨੂੰ ਕਾਂਗਰਸ ਦੇ ਸਮਰਥਨ ਨਾਲ ਦਿੱਲੀ 'ਚ ਸਰਕਾਰ ਬਣਾਈ ਪਰ 49 ਦਿਨਾਂ ਬਾਅਦ ਹੀ ਜਨ-ਲੋਕਪਾਲ ਬਿੱਲ ਪੇਸ਼ ਕਰਨ ਦੇ ਮਤੇ ਨੂੰ ਸਮਰਥਨ ਨਾ ਮਿਲ ਸਕਣ ਕਾਰਨ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ। 
ਪਾਰਟੀ 'ਚ ਇਸ ਤੋਂ ਬਾਅਦ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਨੇਤਾਵਾਂ ਦੇ ਇਕ ਵਰਗ ਵਲੋਂ ਅਰਵਿੰਦ ਕੇਜਰੀਵਾਲ ਦੀ ਵਿਸਤਾਰ ਦੀ ਯੋਜਨਾ ਦਾ ਵਿਰੋਧ ਕਰਨ 'ਤੇ ਪਾਰਟੀ 'ਚ ਪਹਿਲੀ ਵਾਰ ਫੁੱਟ ਪਈ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ 'ਚ 2015 ਦੀਆਂ ਚੋਣਾਂ ਵਿਚ 70 'ਚੋਂ 67 ਸੀਟਾਂ ਜਿੱਤੀਆਂ ਤੇ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਬਣੇ ਪਰ ਕੁਝ ਹੀ ਸਮੇਂ ਬਾਅਦ ਪਾਰਟੀ 'ਚ ਉਨ੍ਹਾਂ ਵਿਰੁੱਧ ਆਵਾਜ਼ਾਂ ਉੱਠਣ ਲੱਗੀਆਂ। ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਉਨ੍ਹਾਂ 'ਤੇ ਕਈ ਦੋਸ਼ ਲਾਏ, ਜਿਸ ਕਾਰਨ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਫਿਰ ਪਾਰਟੀ ਦੇ ਕਈ ਨੇਤਾਵਾਂ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਕੇਸ ਦਰਜ ਹੋਏ। ਚੌਗਿਰਦਾ ਮਾਮਲਿਆਂ ਬਾਰੇ ਮੰਤਰੀ ਆਸਿਮ ਅਹਿਮਦ ਖਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਬਰਖਾਸਤ ਕੀਤਾ ਗਿਆ। ਲੋਕ ਸਭਾ ਚੋਣਾਂ 'ਚ ਪੰਜਾਬ 'ਚ ਭਾਰੀ ਬਹੁਮਤ ਨਾਲ 4 ਸੀਟਾਂ ਜਿੱਤ ਕੇ ਪੈਰ ਜਮਾ ਰਹੀ ਪਾਰਟੀ ਅੰਦਰ ਵੀ ਬਗਾਵਤ ਦੇ ਸੁਰ ਉੱਠਣ ਲੱਗੇ। ਇਸ ਕਾਰਨ ਜਿਥੇ 'ਆਪ' ਦੀ ਸੂਬਾ ਅਨੁਸ਼ਾਸਨੀ ਕਮੇਟੀ ਦੇ ਮੁਖੀ ਡਾ. ਦਲਜੀਤ ਸਿੰਘ ਨੂੰ ਪਾਰਟੀ 'ਚੋਂ ਕੱਢਿਆ ਗਿਆ, ਉਥੇ ਹੀ ਪਾਰਟੀ ਦੇ ਮੁਅੱਤਲ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੇ ਕੇਜਰੀਵਾਲ ਵਿਰੁੱਧ ਕਈ ਦੋਸ਼ ਲਾਏ। 
ਇਥੇ ਹੀ ਬਸ ਨਹੀਂ, 20 ਜੁਲਾਈ 2016 ਨੂੰ ਸੋਮਨਾਥ ਭਾਰਤੀ 'ਤੇ ਇਕ ਔਰਤ ਨਾਲ ਅਭੱਦਰਤਾ ਦਾ ਕੇਸ ਦਰਜ ਕੀਤਾ ਗਿਆ ਅਤੇ 24 ਜੁਲਾਈ 2016 ਨੂੰ 'ਆਪ' ਦੇ 2 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ 'ਚੋਂ ਨਰੇਸ਼ ਯਾਦਵ 'ਤੇ ਮਾਲੇਰਕੋਟਲਾ ਵਿਚ 'ਕੁਰਾਨ' ਦੀ ਬੇਅਦਬੀ ਦਾ ਦੋਸ਼ ਲੱਗਾ ਅਤੇ ਅਮਾਨਤੁੱਲਾ ਖਾਨ ਨੂੰ ਇਕ ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਅਮਾਨਤੁੱਲਾ ਖਾਨ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ 3 ਮਈ 2017 ਨੂੰ ਉਸ ਨੂੰ ਕੁਮਾਰ ਵਿਸ਼ਵਾਸ 'ਤੇ ਹਮਲਾ ਕਰਨ ਦੇ ਦੋਸ਼ ਹੇਠ ਪਾਰਟੀ 'ਚੋਂ ਮੁਅੱਤਲ ਕਰ ਕੇ 'ਆਪ' ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ। 
ਪਾਰਟੀ 'ਚ ਵਿਵਾਦ ਇਥੇ ਹੀ ਨਹੀਂ ਰੁਕਿਆ ਤੇ ਪਿਛਲੇ ਦਿਨੀਂ ਇਕ ਨਾਟਕੀ ਘਟਨਾ 'ਚ ਕੁਮਾਰ ਵਿਸ਼ਵਾਸ ਨੂੰ ਝਟਕਾ ਦਿੰਦਿਆਂ ਅਮਾਨਤੁੱਲਾ ਖਾਨ ਨੂੰ ਮੁੜ ਬਹਾਲ ਕੀਤੇ ਜਾਣ ਵਿਰੁੱਧ ਪਾਰਟੀ ਅੰਦਰ ਤੂਫਾਨ ਵਰਗੀ ਸਥਿਤੀ ਪੈਦਾ ਹੋ ਗਈ। ਕੁਮਾਰ ਵਿਸ਼ਵਾਸ ਨੇ ਤਾਂ 30 ਅਕਤੂਬਰ ਨੂੰ ਇਥੋਂ ਤਕ ਕਹਿ ਦਿੱਤਾ ਕਿ ''ਅਮਾਨਤੁੱਲਾ ਦੀ ਓਟ 'ਚ ਕੁਝ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚ ਕੇ ਮੈਨੂੰ ਪਾਰਟੀ 'ਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।''
'ਆਪ' ਵਿਚ ਮਚੇ ਘਮਾਸਾਨ ਦਾ ਸੰਕੇਤ ਪਾਰਟੀ ਦੀ ਕੌਮੀ ਪ੍ਰੀਸ਼ਦ ਦੀ ਮੀਟਿੰਗ ਵਾਲੇ ਦਿਨ ਵੀ ਮਿਲਿਆ। ਮੀਟਿੰਗ 'ਚ ਬੇਸ਼ੱਕ ਹੀ ਕੁਮਾਰ ਵਿਸ਼ਵਾਸ ਤੇ ਅਮਾਨਤੁੱਲਾ ਖਾਨ ਦੇ ਮਾਮਲੇ 'ਤੇ ਚੁੱਪ ਛਾਈ ਰਹੀ ਪਰ ਮੀਟਿੰਗ ਖਤਮ ਹੋਣ ਤੋਂ ਬਾਅਦ ਦੋਹਾਂ ਦੇ ਸਮਰਥਕ ਆਹਮੋ-ਸਾਹਮਣੇ ਆ ਗਏ ਤੇ ਉਨ੍ਹਾਂ ਨੇ ਇਕ-ਦੂਜੇ ਵਿਰੁੱਧ ਖੂਬ ਨਾਅਰੇਬਾਜ਼ੀ ਕੀਤੀ।
ਕੇਜਰੀਵਾਲ ਸਰਕਾਰ ਦੀ ਸਾਬਕਾ ਤੇ ਮੌਜੂਦਾ ਉਪ-ਰਾਜਪਾਲਾਂ ਨਾਲ ਵਿਵਾਦ ਵਾਲੀ ਸਥਿਤੀ ਵੀ ਲਗਾਤਾਰ ਬਣੀ ਹੋਈ ਹੈ। ਜਿਥੇ ਸਾਬਕਾ ਉਪ-ਰਾਜਪਾਲ ਨਜੀਬ ਜੰਗ ਨਾਲ ਅਰਵਿੰਦ ਕੇਜਰੀਵਾਲ ਦਾ ਛੱਤੀ ਦਾ ਅੰਕੜਾ ਰਿਹਾ, ਉਥੇ ਹੀ ਮੌਜੂਦਾ ਉਪ-ਰਾਜਪਾਲ ਅਨਿਲ ਬੈਜਲ ਨਾਲ ਵੀ ਉਨ੍ਹਾਂ ਦਾ ਤਣਾਅ ਜਾਰੀ ਹੈ, ਜਿਸ 'ਤੇ ਸੁਪਰੀਮ ਕੋਰਟ ਨੇ 2 ਨਵੰਬਰ ਨੂੰ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸੰਵਿਧਾਨ ਦੇ ਦਾਇਰੇ ਵਿਚ ਰਹਿਣ ਦੀ ਨਸੀਹਤ ਦਿੱਤੀ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ 'ਬੌਸ' ਉਪ-ਰਾਜਪਾਲ ਹੀ ਹਨ। 
ਬੇਸ਼ੱਕ ਅਰਵਿੰਦ ਕੇਜਰੀਵਾਲ ਅਜੇ ਵੀ ਦੇਸ਼ ਨੂੰ ਭ੍ਰਿਸ਼ਟ ਸਿਆਸਤ ਤੋਂ ਮੁਕਤ ਕਰਨ ਦੇ ਆਪਣੇ ਸੰਕਲਪ 'ਤੇ ਡਟੇ ਹੋਏ ਹਨ ਪਰ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਾਰਟੀ ਦੇ ਅਕਸ ਨੂੰ ਲਗਾਤਾਰ ਠੇਸ ਹੀ ਪਹੁੰਚਾ ਰਹੀਆਂ ਹਨ, ਜਿਨ੍ਹਾਂ ਦੇ ਜਾਰੀ ਰਹਿਣ 'ਤੇ ਉਨ੍ਹਾਂ ਲਈ ਆਪਣਾ ਟੀਚਾ ਹਾਸਿਲ ਕਰ ਸਕਣਾ ਅਸੰਭਵ ਹੀ ਲੱਗਦਾ ਹੈ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra