ਚੀਨੀ ਰੱਖਿਆ ਮੰਤਰੀ ਦੀ ‘ਜ਼ੁਬਾਨ ’ਤੇ ਕੁਝ’ ਅਤੇ ‘ਦਿਲ ’ਚ ਕੁਝ ਹੋਰ’!

09/06/2020 3:38:43 AM

ਪੁਰਾਤਨ ਕਾਲ ਤੋਂ ਹੀ ਭਾਰਤ ਇਕ ਸ਼ਾਂਤੀ ਪਸੰਦ ਦੇਸ਼ ਰਿਹਾ ਹੈ ਅਤੇ ਹਮੇਸ਼ਾ ਹੀ ਅਹਿੰਸਾ ਦੇ ਸਿਧਾਂਤਾਂ ’ਚ ਯਕੀਨ ਰੱਖਣ ਦੇ ਕਾਰਨ ਕਦੀ ਵੀ ਅਸੀਂ ਨਾ ਕਿਸੇ ਦੇਸ਼ ’ਤੇ ਹਮਲਾ ਕੀਤਾ ਹੈ ਅਤੇ ਨਾ ਹੀ ਕਿਸੇ ਦੇਸ਼ ਦੀ ਜ਼ਮੀਨ ’ਤੇ ਅੱਜ ਤੱਕ ਕਬਜ਼ਾ ਕੀਤਾ ਹੈ। ਆਪਣੇ ਇਸੇ ਟੀਚੇ ਦੇ ਤਹਿਤ ਵਿਸ਼ਵ ’ਚ ਸ਼ਾਂਤੀ ਦੇ ਪ੍ਰਸਾਰ ਲਈ 29 ਅਪ੍ਰੈਲ, 1954 ਨੂੰ ਭਾਰਤ ਨੇ ‘ਪੰਚਸ਼ੀਲ’ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਇਕ ਸਮਝੌਤਾ ਖਰੜਾ ਤਿਆਰ ਕੀਤਾ, ਜਿਸ ’ਤੇ ਚੀਨ ਸਮੇਤ ਅਨੇਕਾਂ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ।

‘ਪੰਚਸ਼ੀਲ’ ਸਿਧਾਂਤਾਂ ’ਚ ਇਕ-ਦੂਸਰੇ ਦੀ ਇਲਾਕਾਈ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ, ਇਕ-ਦੂਸਰੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਾ ਕਰਨੀ, ਇਕ-ਦੂਸਰੇ ਦੇ ਅੰਦਰੂਨੀ ਮਾਮਲਿਅਾਂ ’ਚ ਦਖਲਅੰਦਾਜ਼ੀ ਨਾ ਕਰਨੀ, ਬਰਾਬਰੀ ਅਤੇ ਆਪਸੀ ਹਿੱਤ ਦੀ ਨੀਤੀ ਦੀ ਪਾਲਣਾ ਕਰਨਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੀ ਨੀਤੀ ’ਚ ਯਕੀਨ ਰੱਖਣਾ ਸ਼ਾਮਲ ਹੈ। ਇਹੀ ਨਹੀਂ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਕੋਸ਼ਿਸ਼ਾਂ ਨਾਲ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ 1950 ’ਚ ਚੀਨ ਨੂੰ ਸੁਰੱਖਿਆ ਪ੍ਰੀਸ਼ਦ ਦੀ ਮੈਂਬਰੀ ਮਿਲੀ। ਹਾਲਾਂਕਿ ਉਸੇ ਸਾਲ ਸਰਦਾਰ ਵੱਲਭ ਭਾਈ ਪਟੇਲ ਨੇ ਨਹਿਰੂ ਨੂੰ ਚੀਨ ਦੇ ਖਤਰੇ ਤੋਂ ਸੁਚੇਤ ਕਰਦੇ ਹੋਏ ਕਿਹਾ ਸੀ ਕਿ, ‘‘ਅਸੀਂ ਚੀਨ ਨੂੰ ਮਿੱਤਰ ਦੇ ਤੌਰ ’ਤੇ ਦੇਖਦੇ ਹਾਂ ਪਰ ਚੀਨ ਦੀਆਂ ਆਪਣੀਆਂ ਮਹੱਤਤਾਵਾਂ ਅਤੇ ਮਕਸਦ ਹਨ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤਿੱਬਤ ਦੇ ਗਾਇਬ ਹੋਣ ਦੇ ਬਾਅਦ ਚੀਨ ਸਾਡੇ ਦਰਵਾਜ਼ੇ ਤੱਕ ਪਹੁੰਚ ਗਿਆ।’’

ਉਕਤ ਚਿਤਾਵਨੀ ਉਸ ਸਮੇਂ ਸੱਚ ਹੋ ਗਈ ਜਦੋਂ ਚੀਨ ਨੇ 1959 ਦੀ ਤਿੱਬਤੀ ਬਗਾਵਤ ਦੇ ਬਾਅਦ ਭਾਰਤ ਵਲੋਂ ਦਲਾਈਲਾਮਾ ਨੂੰ ਪਨਾਹ ਦੇਣ ’ਤੇ 20 ਅਕਤੂਬਰ, 1962 ਨੂੰ ਭਾਰਤ ’ਤੇ ਹਮਲਾ ਕਰ ਕੇ ਸਾਡੇ 1383 ਜਵਾਨਾਂ ਨੂੰ ਸ਼ਹੀਦ ਕਰਨ ਦੇ ਇਲਾਵਾ ਭਾਰਤ ਦਾ 43,180 ਵਰਗ ਕਿਲੋਮੀਟਰ ਇਲਾਕਾ ਆਪਣੇ ਕਬਜ਼ੇ ’ਚ ਲੈ ਲਿਆ। ਚੀਨ ਦਾ ਧੋਖਾ ਹੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਦਾ ਕਾਰਨ ਬਣਿਆ। ਉਦੋਂ ਤੋਂ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਦਰਮਿਆਨ ਵੱਖ-ਵੱਖ ਪੱਧਰਾਂ ’ਤੇ ਦਰਜਨਾਂ ਬੈਠਕਾਂ ਹੋਣ ਦੇ ਬਾਵਜੂਦ ਸਰਹੱਦੀ ਝਗੜਾ ਜਿਉਂ ਦਾ ਤਿਉਂ ਕਾਇਮ ਹੈ। ਫਿਲਹਾਲ 1988 ’ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੰਜ ਦਿਨਾ ਚੀਨੀ ਦੌਰੇ, ਜਿਸਦੇ ਦੌਰਾਨ ਉਨ੍ਹਾਂ ਨੇ ਚੀਨ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਪੇਂਗ, ਜੋ ਝਾਓ-ਐੱਨ-ਲਾਈ ਦੇ ਮਤਬੰਨੇ ਪੁੱਤਰ ਸਨ, ਸਮੇਤ ਵੱਖ-ਵੱਖ ਚੀਨੀ ਨੇਤਾਵਾਂ ਨਾਲ ਗੱਲਬਾਤ ਕੀਤੀ ਸੀ, ਦੇ ਬਾਅਦ ਰਿਸ਼ਤਿਆਂ ’ਤੇ ਜੰਮੀ ਬਰਫ ਕੁਝ ਪਿਘਲੀ ਸੀ।

ਉਸ ਯਾਤਰਾ ’ਚ ਮੈਂ ਵੀ ਦੂਸਰੇ ਪੱਤਰਕਾਰਾਂ ਦੇ ਨਾਲ ਸ਼੍ਰੀ ਰਾਜੀਵ ਗਾਂਧੀ ਦੇ ਚੀਨ ਦੌਰੇ ’ਤੇ ਗਿਆ ਸੀ। ਬੀਜਿੰਗ ’ਚ ਜਦੋਂ ਅਸੀਂ ਸਵੇਰੇ-ਸਵੇਰੇ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਅਸੀਂ ਲੋਕਾਂ ਨੂੰ ਸਾਈਕਲਾਂ ’ਤੇ ਕੰਮ ’ਤੇ ਜਾਂਦੇ ਦੇਖਿਆ। ਸਾਨੂੰ ਜਿਸ ਥਾਂ ’ਤੇ ਠਹਿਰਾਇਆ ਗਿਆ, ਉਸਦੇ ਨੇੜੇ ਹੀ ‘ਤਿਨਾਨਮਿਨ ਚੌਕ’ ਸੀ, ਜਿਥੇ 1989 ’ਚ ਹੋਏ ਲੋਕਤੰਤਰ ਸਮਰਥਕ ਰੋਸ ਵਿਖਾਵਿਆਂ ਦੇ ਦੌਰਾਨ ਪੁਲਸ ਕਾਰਵਾਈ ’ਚ 2600 ਚੀਨੀ ਮਾਰੇ ਗਏ ਸਨ। ਉਸਦੇ ਬਾਅਦ ਦੋਵਾਂ ਦੇਸ਼ਾਂ ’ਚ ਦੋਸਤੀ ਸ਼ੁਰੂ ਹੋਣ ਅਤੇ ਸਬੰਧਾਂ ਦੇ ਅੱਗੇ ਵਧਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਸ ਨੂੰ ਇਕ ਚੰਗੀ ਸ਼ੁਰੂਆਤ ਕਿਹਾ ਗਿਆ ਸੀ ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਅਤੇ 2012 ’ਚ ਸ਼ੀ ਜਿਨਪਿੰਗ ਦੇ ਚੀਨ ਦਾ ਰਾਸ਼ਟਰਪਤੀ ਬਣਨ ਦੇ ਬਾਅਦ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।

ਅਜਿਹੇ ’ਚ ਹੁਣ ਸਥਿਤੀ ਦਾ ਜਾਇਜ਼ਾ ਲੈਣ ਲੱਦਾਖ ਪਹੁੰਚੇ ਭਾਰਤੀ ਫੌਜ ਮੁਖੀ ਜਨਰਲ ਨਰਵਣੇ ਨੇ ਐੱਲ. ਏ. ਸੀ. ’ਤੇ ਸਥਿਤੀ ਨੂੰ ਬਹੁਤ ਹੀ ਗੰਭੀਰ ਦੱਸਿਆ ਹੈ, ਓਧਰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਹਿੱਸਾ ਲੈਣ ਮਾਸਕੋ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨ ਦੇ ਰੱਖਿਆ ਮੰਤਰੀ ‘ਵੇਈ ਫੇਂਗਹੀ’ ਦੇ ਦਰਮਿਆਨ ਰਾਤ ਦੇ ਸਮੇਂ ਹੋਟਲ ’ਚ ਨਾਟਕੀ ਢੰਗ ਨਾਲ ਭੇਂਟ ਹੋਈ, ਜਿਸ ਦੇ ਲਈ ‘ਵੇਈ ਫੇਂਗਹੀ’ ਨੇ ਹੀ ਪਹਿਲ ਕੀਤੀ ਸੀ। ਖਬਰਾਂ ਦੇ ਅਨੁਸਾਰ ਲਗਭਗ 2 ਘੰਟੇ ਚੱਲੀ ਇਸ ਬੈਠਕ ’ਚ ਦੋਵਾਂ ਦੇਸ਼ਾਂ ਦੇ ਦਰਮਿਆਨ ਜਾਰੀ ਅੜਿੱਕੇ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਇਸ ਸਾਲ ਮਈ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ’ਚ ਜਾਰੀ ਤਣਾਅ ਦੇ ਬਾਅਦ ਦੋਵਾਂ ਧਿਰਾਂ ਦੇ ਦਰਮਿਆਨ ਚੋਟੀ ਦੇ ਪੱਧਰ ’ਤੇ ਆਹਮੋ-ਸਾਹਮਣੇ ਦੀ ਪਹਿਲੀ ਮੁਲਾਕਾਤ ਸੀ, ਜਿਸ ’ਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਗੱਲਬਾਤ ’ਚ ਚੀਨੀ ਰੱਖਿਆ ਮੰਤਰੀ ਨੇ ‘ਹਾਂ-ਪੱਖੀ’ ਸਟੈਂਡ ਲੈਂਦੇ ਹੋਏ ਗੱਲਬਾਤ ਰਾਹੀਂ ਸਰਹੱਦੀ ਝਗੜਾ ਹੱਲ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।

‘ਵੇਈ ਫੇਂਗਹੀ’ ਨੇ ਸਪੱਸ਼ਟੀਕਰਨ ਦਿੱਤਾ ਕਿ ‘‘ਸਰਹੱਦੀ ਝਗੜੇ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਗੰਭੀਰ ਤੌਰ ’ਤੇ ਪ੍ਰਭਾਵਿਤ ਹੋਏ ਹਨ। ਅਜਿਹੇ ’ਚ ਜ਼ਰੂਰੀ ਸੀ ਕਿ ਦੋਵਾਂ ਦੇਸ਼ਾਂ ਦੇ ਰੱਖਿਆ ਮੁਖੀ ਆਹਮੋ-ਸਾਹਮਣੇ ਬੈਠ ਕੇ ਖੁੱਲ੍ਹੇ ਤੌਰ ’ਤੇ ਗੱਲਬਾਤ ਕਰਨ।’’ ਪਰ ਇਸਦੇ ਤੁਰੰਤ ਬਾਅਦ ਹੀ ਚੀਨ ਸਰਕਾਰ ਦਾ ਬਿਆਨ ਆ ਗਿਆ, ਜਿਸ ’ਚ ਇਹ ਦੋਸ਼ ਲਗਾਇਆ ਹੈ ਕਿ ‘‘ਲੱਦਾਖ ’ਚ ਤਣਾਅ ਵਧਾਉਣ ਲਈ ਭਾਰਤ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਚੀਨ ਆਪਣੀ ਇਕ ਇੰਚ ਜ਼ਮੀਨ ਵੀ ਨਹੀਂ ਛੱਡੇਗਾ।’’ ਸੁਭਾਵਿਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਚੀਨੀ ਫੌਜਾਂ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ ਤਾਂ ਕੀ ਸਾਡੇ ਨੇਤਾ ਝੂਠ ਬੋਲ ਰਹੇ ਹਨ? ਅਤੇ ਇਹ ਕਹਿਣਾ ਵੀ ਗਲਤ ਹੋਵੇਗਾ ਕਿ ਚੀਨ ਦੇ ਰੱਖਿਆ ਮੰਤਰੀ ‘ਵੇਈ ਫੇਂਗਹੀ’ ਨੂੰ ਅਸਲੀਅਤ ਦੀ ਜਾਣਕਾਰੀ ਨਹੀਂ ਹੋਵੇਗੀ। ਚੀਨ ਵਲੋਂ ਵਿਵਾਦ ਸੁਲਝਾਉਣ ਸਬੰਧੀ ਖਬਰ ਲੋਕਾਂ ਲਈ ਸੁਖਾਵੇਂ ਬੁੱਲੇ ਵਾਂਗ ਆਈ ਸੀ ਪਰ ਅਗਲੇ ਹੀ ਦਿਨ ਚੀਨ ਸਰਕਾਰ ਵਲੋਂ ਆਪਣੇ ਰੱਖਿਆ ਮੰਤਰੀ ਦੇ ਬਿਆਨ ਤੋਂ ਪਲਟੀ ਮਾਰ ਲੈਣ ਨਾਲ ਇਹ ਸ਼ੱਕ ਪੈਦਾ ਹੋਣਾ ਸੁਭਾਵਿਕ ਹੀ ਹੈ ਕਿ ਕਿਤੇ ਉਸਨੇ ਆਪਣਾ ਪਹਿਲਾ ਬਿਆਨ ਕਿਸੇ ਦਬਾਅ ਦੇ ਅਧੀਨ ਤਾਂ ਵਾਪਸ ਨਹੀਂ ਲਿਆ!

-ਵਿਜੇ ਕੁਮਾਰ

Bharat Thapa

This news is Content Editor Bharat Thapa