ਚੀਨ ਦਾ ਅੜੀਅਲ ਰਵੱਈਆ ਅਸੀਂ ਕਿਤੇ ਜੰਗ ਵੱਲ ਤਾਂ ਨਹੀਂ ਵਧ ਰਹੇ

08/26/2020 3:43:18 AM

ਉਂਝ ਤਾਂ ਸ਼ੁਰੂ ਤੋਂ ਹੀ ਚੀਨੀ ਸ਼ਾਸਕ ਆਪਣੀ ਦਾਦਾਗਿਰੀ ਅਤੇ ਵਿਸਤਾਰਵਾਦੀ ਨੀਤੀਅਾਂ ਕਾਰਨ ਵਿਸ਼ਵ ’ਚ ਆਲੋਚਨਾ ਦੇ ਪਾਤਰ ਬਣੇ ਹੋਏ ਹਨ ਪਰ 2012 ਵਿਚ ਸ਼ੀ ਜਿਨਪਿੰਗ ਦੇ ਚੀਨੀ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।

ਦੂਜੇ ਦੇਸ਼ਾਂ ’ਚ ਲੱਤਾਂ ਅੜਾਉਣ ਦੀ ਚੀਨੀ ਸ਼ਾਸਕਾਂ ਦੀ ਨੀਤੀ ਕਾਰਨ ਅੱਜ ਭਾਰਤ ਸਮੇਤ ਘੱਟੋ-ਘੱਟ 27 ਦੇਸ਼ਾਂ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ ਅਤੇ ਚੀਨ ਨੇ 6 ਦੇਸ਼ਾਂ ਦੀ 48 ਲੱਖ ਵਰਗ ਕਿ. ਮੀ. ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।

ਹਾਲ ਹੀ ’ਚ ਜਿਨਪਿੰਗ ਦੀਅਾਂ ਵਿਸਤਾਰਵਾਦੀ ਨੀਤੀਅਾਂ ਦੇ ਵਿਰੁੱਧ ਆਵਾਜ਼ ਉਠਾਉਣ ’ਤੇ ਕਮਿਊਨਿਸਟ ਪਾਰਟੀ ਵਿਚੋਂ ਕੱਢੀ ਚੀਨ ਦੀ ਸੈਂਟਰਲ ਪਾਰਟੀ ਸਕੂਲ ਦੀ ਸਾਬਕਾ ਪ੍ਰੋਫੈਸਰ ‘ਕਾਈ ਸ਼ਿਆ’ ਨੇ ਕਿਹਾ ਸੀ ਕਿ ‘ਜਿਨਪਿੰਗ ਆਪਣੇ ਦੇਸ਼ ਨੂੰ ਖਤਮ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਦੇ ਸ਼ਾਸਨਕਾਲ ’ਚ ਕਮਿਊਨਿਸਟ ਪਾਰਟੀ ਦੇਸ਼ ਦੇ ਵਿਕਾਸ ’ਚ ਰੁਕਾਵਟ ਬਣ ਗਈ ਹੈ ਅਤੇ ਇਸ ’ਚ ਪ੍ਰਗਟਾਵੇ ਲਈ ਕੋਈ ਸਥਾਨ ਨਹੀਂ ਹੈ।

ਅਤੇ ਹੁਣ ਚੀਨ ਦੇ ਮਨੁੱਖੀ ਅਧਿਕਾਰ ਵਰਕਰ ਟੇਂਗ ਬਿਆਓ ਨੇ ਕਿਹਾ ਹੈ ਕਿ ‘ਸ਼ੀ ਜਿਨਪਿੰਗ ਦੀ ਸਰਕਾਰ ਨੇ ਇੰਟਰਨੈੱਟ, ਯੂਨੀਵਰਸਿਟੀਅਾਂ ਅਤੇ ਨਾਗਰਿਕ ਸਮਾਜ ’ਤੇ ਆਪਣਾ ਕਾਬੂ ਕਰ ਲਿਆ ਹੈ। ਝਿਜਿਅਾਂਗ ’ਚ ਘੱਟ ਤੋਂ ਘੱਟ 20 ਲੱਖ ਉਈਗਰ ਮੁਸਲਮਾਨਾਂ ਅਤੇ ਹੋਰ ਤੁਰਕ ਮੁਸਲਮਾਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।’’

‘‘ਸੀ. ਸੀ. ਪੀ. ਵਲੋਂ 1949 ’ਚ ਤਾਨਾਸ਼ਾਹੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਲੱਖਾਂ ਚੀਨੀ ਮਾਰੇ ਗਏ। 1989 ’ਚ ਤਿਨਾਨਮਿਨ ਚੌਕ ’ਤੇ ਹਜ਼ਾਰਾਂ ਪ੍ਰਦਰਸ਼ਨਕਾਰੀਅਾਂ ਦਾ ਕਤਲੇਆਮ ਕੀਤਾ ਗਿਆ, 1999 ’ਚ ਲੱਖਾਂ ਫਾਲੁਨ ਗੋਂਗ ਡਾਕਟਰਾਂ ਨੂੰ ਜੇਲਾਂ ’ਚ ਬੰਦ ਕਰਕੇ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।’’

ਜਿਥੋਂ ਤਕ ਭਾਰਤ ਦਾ ਸੰਬੰਧ ਹੈ ਦੋਵਾਂ ਦੇਸ਼ਾਂ ਵਿਚਾਲੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਚਲੇ ਆ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ 18 ਤੋਂ ਵੱਧ ਬੇਨਤੀਜਾ ਬੈਠਕਾਂ ਹੋ ਚੁੱਕੀਅਾਂ ਹਨ ਅਤੇ ਦੋਵਾਂ ਦੇਸ਼ਾਂ ਦੀਅਾਂ ਫੌਜਾਂ ’ਚ 45 ਸਾਲਾਂ ਬਾਅਦ 15 ਜੂਨ ਨੂੰ ਗਲਵਾਨ ਘਾਟੀ ’ਚ ਹੋਏ ਖੂਨੀ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ’ਚ ਫੌਜਾਂ ਹਟਾਉਣ ਬਾਰੇ ਗੱਲਬਾਤ ਜਾਰੀ ਹੈ ਪਰ ਚੀਨ ਹਰ ਹੀਲੇ ਅੜੀਅਲ ਰਵੱਈਆ ਅਪਣਾਏ ਹੋਏ ਹੈ।

ਚੀਨੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀਅਾਂ ਟੁਕੜੀਅਾਂ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਦੇ ਨੇੜੇ ਕਈ ਵਿਵਾਦਗ੍ਰਸਤ ਬਿੰਦੂਅਾਂ ’ਤੇ ਬੈਠੀਆਂ ਹੋਈਆਂ ਹਨ। ਉਨ੍ਹਾਂ ਨੇ ਜੁਲਾਈ ਦੇ ਅੱਧ ਤੋਂ ਹੀ ਉਥੋਂ ਹਟਣ ਤੋਂ ਮਨ੍ਹਾ ਕੀਤਾ ਹੋਇਆ ਹੈ ਅਤੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਹਨ।

ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਨੂੰ ਲੈ ਕੇ ਅੜਿੱਕੇ ਦਰਮਿਆਨ ਚੀਨ ਦੇ ਨਾਲ ਸਰਹੱਦ ਦੀ ਸਥਿਤੀ ’ਤੇ ਚਰਚਾ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ 22 ਅਗਸਤ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹੋਰ ਉੱਚ ਅਧਿਕਾਰੀਅਾਂ ਨਾਲ ਬੈਠਕ ਤੋਂ ਬਾਅਦ ਹੁਣ 24 ਅਗਸਤ ਨੂੰ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ :

‘‘ਗੱਲਬਾਤ ਨਾਕਾਮ ਹੋਣ ’ਤੇ ਫੌਜੀ ਬਦਲਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਜ਼ਿੰਮੇਵਾਰ ਲੋਕ ਇਸ ਕੋਸ਼ਿਸ਼ ਦੇ ਨਾਲ ਸਾਰੇ ਬਦਲਾਂ ’ਤੇ ਵਿਚਾਰ ਕਰ ਰਹੇ ਹਨ ਕਿ ਚੀਨੀ ਫੌਜ (ਪੀ. ਐੱਲ. ਏ.) ਲੱਦਾਖ ’ਚ ਪਹਿਲਾਂ ਵਾਲੀ ਸਥਿਤੀ ’ਚ ਮੁੜ ਜਾਵੇ।’

‘‘ਪੂਰਬੀ ਲੱਦਾਖ ’ਚ ਫੌਜ ਦੀਅਾਂ ਤਿਆਰੀਅਾਂ ਪੂਰੀਅਾਂ ਹਨ। ਸਰਕਾਰ ਸ਼ਾਂਤੀਪੂਰਨ ਢੰਗ ਨਾਲ ਮਸਲੇ ਸੁਲਝਾਉਣਾ ਚਾਹੁੰਦੀ ਹੈ ਪਰ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀਅਾਂ ਕੋਸ਼ਿਸ਼ਾਂ ਸਫਲ ਨਾ ਹੋਈਅਾਂ ਤਾਂ ਫੌਜੀ ਕਾਰਵਾਈ ਲਈ ਵੀ ਰੱਖਿਆ ਫੌਜਾਂ ਹਮੇਸ਼ਾ ਤਿਆਰ ਰਹਿੰਦੀਅਾਂ ਹਨ।’’

ਉਕਤ ਬਿਆਨ ਨਾਲ ਜਨਰਲ ਰਾਵਤ ਨੇ ਚੀਨ ਨੂੰ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਭਾਰਤ ਉਸ ਦੇ ਗੰਦੇ ਇਰਾਦਿਅਾਂ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਲੱਗਦਾ ਹੈ ਕਿ ਲੱਦਾਖ ’ਚ ਭਾਰਤ ਅਤੇ ਚੀਨ ’ਚ ਚੱਲਿਆ ਆ ਰਿਹਾ ਸਰਹੱਦੀ ਵਿਵਾਦ ਵੀ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਪਿਛਲੇ ਲਗਭਗ 5 ਦਹਾਕਿਅਾਂ ’ਚ ਜੋ ਨਹੀਂ ਹੋਇਆ, ਉਹ ਹੁਣ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।

ਇਨ੍ਹਾਂ ਹਾਲਤਾਂ ’ਚ ਮਨ ’ਚ ਸੁਭਾਵਿਕ ਤੌਰ ’ਤੇ ਸਵਾਲ ਪੈਦਾ ਹੁੰਦਾ ਹੈ ਕਿ ਕਿਤੇ ਅਸੀਂ ਚੀਨ ਦੇ ਨਾਲ ਜੰਗ ਵੱਲ ਤਾਂ ਨਹੀਂ ਵਧ ਰਹੇ ਕਿਉਂਕਿ ਜੇ ਚੀਨ ਨੇ ਆਪਣੀ ਜ਼ਿੱਦ ਨਾ ਛੱਡੀ ਤਾਂ ਭਾਰਤ ਕੋਲ ਫੌਜੀ ਕਾਰਵਾਈ ਦੇ ਸਿਵਾ ਕੋਈ ਹੋਰ ਬਦਲ ਨਹੀਂ ਰਹਿ ਜਾਵੇਗਾ।

ਹਾਲਾਂਕਿ ਚੀਨੀ ਸ਼ਾਸਕਾਂ ਦੀ ਤਾਨਾਸ਼ਾਹੀ ਦੇ ਵਿਰੁੱਧ ਉਨ੍ਹਾਂ ਦੇ ਆਪਣੇ ਹੀ ਦੇਸ਼ ’ਚ ਪ੍ਰਦਰਸ਼ਨ ਹੋ ਰਹੇ ਹਨ ਪਰ ਆਪਣੇ ਜਨੂੰਨ ਦੇ ਵੱਸ ’ਚ ਹੋ ਕੇ ਉਹ ਕੁਝ ਵੀ ਕਰ ਸਕਦੇ ਹਨ ਅਤੇ ਜੇ ਲੱਦਾਖ ’ਚ ਸੰਭਵ ਨਾ ਹੋਇਆ ਤਾਂ ਕਿਤੇ ਹੋਰ ਵੀ ਮੋਰਚਾ ਖੋਲ੍ਹ ਸਕਦੇ ਹਨ।

ਇਹ ਚੰਗੀ ਗੱਲ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਅੜਿੱਕਾ ਦੂਰ ਕਰਨ ਲਈ ਬੈਠਕਾਂ ਹੋ ਰਹੀਅਾਂ ਹਨ ਪਰ ਜੇ ਚੀਨੀ ਨੇਤਾਵਾਂ ਦਾ ਅੜੀਅਲ ਰਵੱਈਆ ਜਾਰੀ ਰਿਹਾ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਇਹ ਇਕ ਅਜਿਹੀ ਅਣਚਾਹੀ ਸਥਿਤੀ ਹੈ, ਜਿਸ ਦਾ ਸਾਹਮਣਾ ਕਰਨ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਤਿਆਰ ਰਹਿਣਾ ਪਵੇਗਾ ਕਿਉਂਕਿ ਜੰਗ ਦੀ ਹਾਲਤ ’ਚ ਦੋਵਾਂ ਹੀ ਦੇਸ਼ਾਂ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਵੇਗਾ।

–ਵਿਜੇ ਕੁਮਾਰ

Bharat Thapa

This news is Content Editor Bharat Thapa