ਪੰਜਾਬ, ਹਰਿਆਣਾ, ਹਿਮਾਚਲ ਦੇ ਬੱਚੇ ਹੁਣ ਪੜ੍ਹਾਈ ''ਚ ਪਿੱਛੇ ਅਤੇ ਗਲਤ ਕੰਮਾਂ ''ਚ ਅੱਗੇ ਜਾ ਰਹੇ ਹਨ

05/24/2017 7:18:12 AM

ਉੱਤਰੀ ਭਾਰਤ ''ਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਕਾਸਸ਼ੀਲ ਸੂਬੇ ਮੰਨੇ ਜਾਂਦੇ ਹਨ ਅਤੇ ਇਸ ਲਿਹਾਜ਼ ਨਾਲ ਤਿੰਨਾਂ ਹੀ ਸੂਬਿਆਂ ਦੇ ਨੌਜਵਾਨਾਂ ਤੋਂ ਵੀ ਜ਼ਿੰਦਗੀ ਦੇ ਹਰ ਖੇਤਰ ''ਚ ਅੱਗੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
ਹੋਰਨਾਂ ਖੇਤਰਾਂ ''ਚ ਇਨ੍ਹਾਂ ਨੌਜਵਾਨਾਂ ਦੀ ਸਥਿਤੀ ਚਾਹੇ ਜੋ ਵੀ ਹੋਵੇ ਪਰ ਸਿੱਖਿਆ ਦੇ ਖੇਤਰ ''ਚ ਇਹ ਦੱਖਣੀ ਸੂਬਿਆਂ ਦੇ ਮੁਕਾਬਲੇ ਲਗਾਤਾਰ ਪੱਛੜਦੇ ਜਾ ਰਹੇ ਹਨ, ਜੋ ਹੁਣੇ-ਹੁਣੇ ਐਲਾਨੇ ਗਏ ਤਿੰਨਾਂ ਸੂਬਿਆਂ ਦੇ ਮੈਟ੍ਰਿਕ ਦੇ ਪ੍ਰੀਖਿਆ ਨਤੀਜਿਆਂ ਤੋਂ ਸਪਸ਼ਟ ਹੈ।
ਹਿਮਾਚਲ ਬੋਰਡ ਦਾ ਮੈਟ੍ਰਿਕ ਦਾ ਪ੍ਰੀਖਿਆ ਨਤੀਜਾ 67.57 ਫੀਸਦੀ, ਪੰਜਾਬ ਦਾ 57.50 ਫੀਸਦੀ ਅਤੇ ਹਰਿਆਣਾ ਦਾ 55 ਫੀਸਦੀ ਰਿਹਾ, ਜੋ ਕੇਰਲਾ ਦੇ ਪਿਛਲੇ ਸਾਲ ਦੇ 98.5 ਫੀਸਦੀ ਅਤੇ ਤਾਮਿਲਨਾਡੂ ਦੇ 94.8 ਫੀਸਦੀ ਨਾਲੋਂ ਬਹੁਤ ਘੱਟ ਅਤੇ ਇਨ੍ਹਾਂ ਤਿੰਨਾਂ ਸੂਬਿਆਂ ''ਚ ਸਿੱਖਿਆ ਦੀ ਬੁਰੀ ਹਾਲਤ ਦਾ ਪ੍ਰਤੀਕ ਹੈ।
ਪੰਜਾਬ ਦਾ 57.50 ਫੀਸਦੀ ਪ੍ਰੀਖਿਆ ਨਤੀਜਾ ਪਿਛਲੇ ਸਾਲ ਦੇ 72.25 ਫੀਸਦੀ ਪ੍ਰੀਖਿਆ ਨਤੀਜੇ ਨਾਲੋਂ 14.75 ਫੀਸਦੀ ਘੱਟ ਹੈ, ਜੋ ਕਿ 10 ਵਰ੍ਹਿਆਂ ਦੌਰਾਨ ਮੈਟ੍ਰਿਕ ਦੇ ਪ੍ਰੀਖਿਆ ਨਤੀਜੇ ''ਚ ਆਉਣ ਵਾਲੀ ਸਭ ਤੋਂ ਵਧ ਗਿਰਾਵਟ ਹੈ।
ਬੋਰਡ ਦੇ ਚੇਅਰਮੈਨ ਸ਼੍ਰੀ ਬਲਬੀਰ ਸਿੰਘ ਢੋਲ ਨੇ ਇਸ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ''''ਗ੍ਰੇਸ ਅੰਕ ਨਾ ਦੇਣ ਕਾਰਨ ਹੀ ਨਤੀਜਾ ਘੱਟ ਆਇਆ ਹੈ।''''
ਚੋਣ ਨਤੀਜੇ ਆਉਣ ਤੋਂ ਬਾਅਦ ਕਈ ਮਹੀਨਿਆਂ ਤਕ ਇਨ੍ਹਾਂ ''ਚ ਹਾਰ-ਜਿੱਤ ਦਾ ਵਿਸ਼ਲੇਸ਼ਣ ਹੁੰਦਾ ਰਹਿੰਦਾ ਹੈ ਪਰ ਪ੍ਰੀਖਿਆ ਨਤੀਜਿਆਂ ''ਤੇ ਸਕੂਲਾਂ ''ਚ ਕੋਈ ਹਲਚਲ ਨਹੀਂ ਹੁੰਦੀ। ਸਾਡੇ ਵਿਚਾਰ ਅਨੁਸਾਰ ਉਕਤ ਸੂਬਿਆਂ ''ਚ ਸਿੱਖਿਆ ਦੇ ਘਟੀਆ ਮਿਆਰ ਦੇ ਕੁਝ ਕਾਰਨ ਇਹ ਹਨ :
* ਸਰਕਾਰੀ ਸਕੂਲਾਂ ''ਚ ਅਧਿਆਪਕਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਹੈ। ਹਰਿਆਣਾ ਦੇ ਕਈ ਸਕੂਲਾਂ ''ਚ ਜਿਥੇ 11 ਅਧਿਆਪਕਾਂ ਦੀ ਲੋੜ ਹੈ, ਉਥੇ ਸਿਰਫ 2 ਅਧਿਆਪਕਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਪੰਜਾਬ ਅਤੇ ਹਿਮਾਚਲ ਦੇ ਸਰਕਾਰੀ ਸਕੂਲਾਂ ਦੀ ਹਾਲਤ ਵੀ ਕਿਤੇ-ਕਿਤੇ ਅਜਿਹੀ ਹੀ ਹੈ।
* ਅੱਵਲ ਤਾਂ ਸਰਕਾਰੀ ਸਕੂਲਾਂ ''ਚ ਪਹਿਲਾਂ ਹੀ ਅਧਿਆਪਕ ਘੱਟ ਹਨ ਅਤੇ ਜਿਹੜੇ ਹਨ ਉਹ ਵੀ ਪੜ੍ਹਾਉਣ ਵਲ ਘੱਟ ਤੇ ਹੋਰਨਾਂ ਕੰਮਾਂ ਵਲ ਜ਼ਿਆਦਾ ਧਿਆਨ ਦਿੰਦੇ ਹਨ। ਸਰਕਾਰ ਵੀ ਉਨ੍ਹਾਂ ਨੂੰ ਹੋਰਨਾਂ ਕੰਮਾਂ ''ਤੇ ਲਗਾਈ ਰੱਖਦੀ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
* ਜ਼ਿਆਦਾਤਰ ਬੱਚਿਆਂ ਦੇ ਮਾਪੇ ਆਪਣੇ ਹੋਰਨਾਂ ਰੁਝੇਵਿਆਂ ਕਾਰਨ ਬੱਚਿਆਂ ਦੀ ਪੜ੍ਹਾਈ ਵਲ ਪੂਰਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਬੱਚੇ ਪੜ੍ਹਾਈ ''ਚ ਪੱਛੜ ਰਹੇ ਹਨ।
* ਸਾਡਾ ਦੇਸ਼ ਹਮੇਸ਼ਾ ਹੀ ਉੱਚ ਨੈਤਿਕ ਕਦਰਾਂ-ਕੀਮਤਾਂ ਦਾ ਝੰਡਾਬਰਦਾਰ ਰਿਹਾ ਹੈ ਪਰ ਅੱਜ ਸਾਡੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉੱਚ ਸੰਸਕਾਰਾਂ ਆਦਿ ਦੀ ਸਿੱਖਿਆ ਦੇਣਾ ਤਾਂ ਇਕ ਪਾਸੇ, ਉਨ੍ਹਾਂ ਨੂੰ ਰਸਮੀ ਸਿੱਖਿਆ ਵੀ ਨਹੀਂ ਦੇ ਰਹੇ। 
* ਇਹੋ ਵਜ੍ਹਾ ਹੈ ਅੱਜ ਦੇ ਨੌਜਵਾਨ ਆਪਣੀਆਂ ਪੁਰਾਣੀਆਂ ਨੈਤਿਕ ਕਦਰਾਂ-ਕੀਮਤਾਂ ਤੇ ਪੜ੍ਹਾਈ ਲਿਖਾਈ ਦੋਹਾਂ ''ਚ ਹੀ ਫਾਡੀ ਸਿੱਧ ਹੋ ਰਹੇ ਹਨ। 
ਇਸ ਸਮੱਸਿਆ ਨਾਲ ਨਜਿੱਠਣ ਲਈ :
* ਨਿਰਾਸ਼ਾਜਨਕ ਨਤੀਜੇ ਦੇਣ ਵਾਲੇ ਅਧਿਆਪਕਾਂ ਤੋਂ ਜਵਾਬ-ਤਲਬੀ ਕਰਨਾ ਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਜ਼ਰੂਰੀ ਹੈ। 
* ਲੰਬੀ ਛੁੱਟੀ ਲੈ ਕੇ ਵਿਦੇਸ਼ਾਂ ''ਚ ਬੈਠੇ ਅਧਿਆਪਕਾਂ-ਅਧਿਆਪਕਾਵਾਂ ਵਿਰੁੱਧ ਉਸੇ ਤਰ੍ਹਾਂ ਕਾਰਵਾਈ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨਾ ਤੇ ਉਨ੍ਹਾਂ ਦੀ ਥਾਂ ਨਵੀਂ ਭਰਤੀ ਕਰਨਾ ਵੀ ਜ਼ਰੂਰੀ ਹੈ, ਜਿਸ ਤਰ੍ਹਾਂ ਪੰਜਾਬ ''ਚ ਲੰਬੀ ਛੁੱਟੀ ਲੈ ਕੇ ਵਿਦੇਸ਼ਾਂ ''ਚ ਬੈਠੇ 1200 ਤੋਂ ਜ਼ਿਆਦਾ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸਨ।
* ਇਹੋ ਨਹੀਂ ਸਮੇਂ-ਸਮੇਂ ''ਤੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਆਪਣੇ ਇਥੇ ਵੱਖ-ਵੱਖ ਵਿਸ਼ਿਆਂ ਦੇ ਵਿਦਵਾਨਾਂ, ਮਾਹਿਰਾਂ, ਜਨਤਕ ਜੀਵਨ ਦੀਆਂ ਸਨਮਾਨਜਨਕ ਹਸਤੀਆਂ, ਹੋਣਹਾਰ ਵਿਦਿਆਰਥੀਆਂ ਅਤੇ ਇਮਤਿਹਾਨਾਂ ''ਚ ਟਾਪਰ ਵਿਦਿਆਰਥੀਆਂ ਨੂੰ ਸੱਦ ਕੇ ਉਨ੍ਹਾਂ ਦੇ ਲੈਕਚਰ, ਵਿਦਿਆਰਥੀਆਂ ਨਾਲ ਸਵਾਲ-ਜਵਾਬ ਤੇ ਇੰਟਰੈਕਸ਼ਨ ਦੇ ਸੈਸ਼ਨ ਕਰਵਾਉਣੇ ਚਾਹੀਦੇ ਹਨ ਤਾਂਕਿ ਵਿਦਿਆਰਥੀਆਂ ਦੀ ਗਿਆਨ ਅਤੇ ਪੜ੍ਹਾਈ ''ਚ ਦਿਲਚਸਪੀ ਵਧੇ।
ਇਸ ਦੇ ਨਾਲ ਹੀ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ-ਅਧਿਆਪਕਾਵਾਂ ਲਈ ਇਹ ਵੀ ਲਾਜ਼ਮੀ ਕਰਨਾ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ''ਚ ਹੀ ਪੜ੍ਹਾਉਣਗੇ। ਅਜਿਹਾ ਕਰ ਕੇ ਹੀ ਸਰਕਾਰੀ ਸਕੂਲਾਂ ਅਤੇ ਉਨ੍ਹਾਂ ਦੇ ਸਿੱਖਿਆ ਦੇ ਮਿਆਰ ''ਚ ਸੁਧਾਰ ਲਿਆਂਦਾ ਜਾ ਸਕੇਗਾ।              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra