7 ਤੋਂ 11 ਸਾਲ ਦੀ ਉਮਰ ਦੇ ਬੱਚੇ ਵੀ ਹੁਣ ਨਸ਼ੇ ਦੀ ਆਦਤ ਦੀ ਲਪੇਟ ’ਚ

09/21/2019 12:41:54 AM

ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਨਸ਼ੇ ਦੇ ਦੈਂਤ ਨੇ ਆਪਣੇ ਪੈਰ ਪਸਾਰ ਕੇ ਵਿਸ਼ੇਸ਼ ਤੌਰ ’ਤੇ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਸਿਹਤ ਖਰਾਬ ਕਰ ਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਘਿਨਾਉਣੀ ਖੇਡ ਪੂਰੇ ਜ਼ੋਰਾਂ ਨਾਲ ਜਾਰੀ ਰੱਖੀ ਹੋਈ ਹੈ।

ਅਜੇ ਹਾਲ ਹੀ ’ਚ ‘ਨਿਆਂ ਅਤੇ ਅਧਿਕਾਰਤਾ ਮੰਤਰਾਲੇ’ ਨੇ ‘ਏਮਜ਼’ ਦੇ ਸਹਿਯੋਗ ਨਾਲ ਕਰਵਾਏ ਗਏ ਰਾਸ਼ਟਰਵਿਆਪੀ ਸਰਵੇਖਣ ਦੀ ਰਿਪੋਰਟ ’ਚ ਦੱਸਿਆ ਕਿ ਦੇਸ਼ ’ਚ 9 ਤੋਂ 12 ਸਾਲ ਦੀ ਛੋਟੀ ਉਮਰ ਦੇ ਬੱਚੇ ਵੀ ਨਸ਼ਿਆਂ ਦੀ ਆਦਤ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।

ਇਹੀ ਨਹੀਂ, ਕੁਝ ਸਮਾਂ ਪਹਿਲਾਂ ਦਿੱਲੀ ਵਿਧਾਨ ਸਭਾ ਵਿਚ ਇਕ ਧਿਆਨ-ਦਿਵਾਊ ਮਤਾ ਪੇਸ਼ ਕਰਦੇ ਹੋਏ ਭਾਜਪਾ ਦੇ ਸ਼੍ਰੀ ਆਰ. ਕੇ. ਸਿਨ੍ਹਾ ਨੇ ਦਿੱਲੀ ’ਚ 7 ਤੋਂ 11 ਸਾਲ ਦੀ ਉਮਰ ਦੇ ਵਿਚਾਲੇ ਬੱਚਿਆਂ ਦੇ ਕਰਵਾਏ ਗਏ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ‘‘ਦਿੱਲੀ ਨਗਰ ਨਿਗਮ ਦੇ ਸਕੂਲਾਂ ’ਚ 16 ਫੀਸਦੀ ਤੋਂ ਵੱਧ ਬੱਚੇ ਵੱਖ-ਵੱਖ ਕਿਸਮ ਦੇ ਨਸ਼ਿਆਂ ਦੀ ਆਦਤ ਵਿਚ ਜਕੜੇ ਹੋਏ ਹਨ।’’

ਅਕਸਰ ਦੇਖਿਆ ਗਿਆ ਹੈ ਕਿ ਭੀਖ ਮੰਗਣ ਵਾਲੇ, ਕਬਾੜ ਚੁਗਣ ਵਾਲੇ ਜਾਂ ਮਾਤਾ-ਪਿਤਾ ਵਲੋਂ ਅਣਗੌਲੇ ਬੱਚੇ ਵੱਖ-ਵੱਖ ਕਿਸਮ ਦੇ ਨਸ਼ਿਆਂ ਦੇ ਆਦੀ ਪਾਏ ਜਾਂਦੇ ਹਨ ਪਰ ਸਕੂਲੀ ਬੱਚਿਆਂ ਦਾ ਵੱਖ-ਵੱਖ ਨਸ਼ਿਆਂ ਦੀ ਲਪੇਟ ਵਿਚ ਆਉਣਾ ਸੰਕੇਤ ਹੈ ਕਿ ਨਸ਼ਾ ਕਿਸ ਤਰ੍ਹਾਂ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਵਿੱਦਿਅਕ ਸੰਸਥਾਵਾਂ ਦੇ ਨੇੜੇ-ਤੇੜੇ ਦੀਆਂ ਦੁਕਾਨਾਂ ਵਿਚ ਨਸ਼ੇ ਦੀ ਉਪਲੱਬਧਤਾ ਖੁੱਲ੍ਹੇਆਮ ਇਸ ਬੁਰਾਈ ਨੂੰ ਉਤਸ਼ਾਹ ਦੇ ਰਹੀ ਹੈ।

ਸੁੰਘਣ ਵਾਲੇ ਇਕ ਨਸ਼ੇ ਦਾ ਸੇਵਨ ਕਰਨ ਦੇ ਆਦੀ ਇਕ 8 ਸਾਲਾ ਬੱਚੇ ਅਨੁਸਾਰ, ‘‘ਇਸ ਨੂੰ ਸੁੰਘਣ ਨਾਲ ਕਾਫੀ ਅਨੰਦ ਮਿਲਦਾ ਹੈ ਅਤੇ ਜੇਕਰ ਇਸ ਨੂੰ ਨਾ ਸੁੰਘੀਏ ਤਾਂ ਸਰੀਰ ਵਿਚ ਅਕੜਾਅ ਜਿਹਾ ਆ ਜਾਂਦਾ ਹੈ।’’ ਇਹ ਸਥਿਤੀ ਸਾਨੂੰ ਸਾਵਧਾਨ ਕਰਦੀ ਹੈ ਕਿ ਨਸ਼ੇ ਦੇ ਸੇਵਨ ਦਾ ਬੱਚਿਆਂ ਦੇ ਸਰੀਰ ’ਤੇ ਕਿੰਨਾ ਖਤਰਨਾਕ ਅਸਰ ਹੋ ਸਕਦਾ ਹੈ।

ਹਾਲਾਂਕਿ ਸੂਬਾਈ ਸਰਕਾਰਾਂ ਨਸ਼ਿਆਂ ’ਤੇ ਲਗਾਮ ਲਾਉਣ ਦੇ ਦਾਅਵੇ ਕਰਦੀਆਂ ਹਨ ਪਰ ਅਜੇ ਤਕ ਇਸ ਦਾ ਕੋਈ ਠੋਸ ਸਾਕਾਰਾਤਮਕ ਨਤੀਜਾ ਸਾਹਮਣੇ ਨਹੀਂ ਆਇਆ ਹੈ।

ਪੰਜਾਬ ਦੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੀ ਹੀ ਸਰਕਾਰ ਵਲੋਂ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਅੱਧੇ ਕਾਰਜਕਾਲ ਦੌਰਾਨ ਇਕ ਵੀ ਵੱਡੀ ਮੱਛੀ ਅਜੇ ਤਕ ਫੜੀ ਨਹੀਂ ਗਈ ਹੈ। ਇਹ ਸਥਿਤੀ ਨਿਸ਼ਚੇ ਹੀ ਚਿੰਤਾਜਨਕ ਹੈ, ਜੋ ਨਸ਼ਾ ਵਿਰੋਧੀ ਮੁਹਿੰਮਾਂ ਦੇ ‘ਖੋਖਲੇਪਣ’ ਵੱਲ ਸੰਕੇਤ ਕਰਦੀ ਹੈ।

ਸਮਾਜ ਵਿਰੋਧੀ ਤੱਤ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਆਦੀ ਬਣਾ ਕੇ ਨਾ ਸਿਰਫ ਸਿਹਤ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਖੋਖਲਾ ਕਰ ਰਹੇ ਹਨ, ਸਗੋਂ ਆਰਥਿਕ ਸੰਕਟ ਵਿਚ ਉਲਝਾ ਕੇ ਅਪਰਾਧਾਂ ਵੱਲ ਵੀ ਧੱਕ ਰਹੇ ਹਨ। ਲਿਹਾਜ਼ਾ ਅਜਿਹੇ ਲੋਕਾਂ ਲਈ ਫਾਂਸੀ ਵਰਗੀ ਸਖਤ ਸਜ਼ਾ ਦੀ ਵਿਵਸਥਾ ਕਰਨਾ ਅਤੇ ਨਸ਼ਿਆਂ ਦੀ ਸਪਲਾਈ ਦੇ ਸੋਮਿਆਂ ਨੂੰ ਰੋਕਣਾ ਸਮੇਂ ਦੀ ਮੰਗ ਹੈ।

–ਵਿਜੇ ਕੁਮਾਰ

Bharat Thapa

This news is Content Editor Bharat Thapa