ਪਾਕਿਸਤਾਨ ਦੇ ਨਜ਼ਰੀਏ ’ਚ ਤਬਦੀਲੀ ਇਹ ਮਜਬੂਰੀ ਹੈ ਜਾਂ ਸਦਭਾਵਨਾ

07/18/2019 6:13:13 AM

ਭਾਰਤ ਨਾਲ ਵਰ੍ਹਿਆਂ ਦੀ ਦੁਸ਼ਮਣੀ ਦੇ ਬਾਅਦ ਵੀ ਜਦੋਂ ਪਾਕਿਸਤਾਨ ਕੁਝ ਹਾਸਲ ਨਾ ਕਰ ਸਕਿਆ ਤਾਂ ਨਵਾਜ਼ ਸ਼ਰੀਫ ਨੇ 21 ਫਰਵਰੀ 1999 ਨੂੰ ਸ਼੍ਰੀ ਵਾਜਪਾਈ ਨੂੰ ਲਾਹੌਰ ਆਉਣ ਦਾ ਸੱਦਾ ਦੇ ਕੇ ਆਪਸੀ ਮਿੱਤਰਤਾ ਤੇ ਸ਼ਾਂਤੀ ਲਈ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ। ਉਦੋਂ ਆਸ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਇਸ ਦੇ ਕੁਝ ਹੀ ਸਮੇਂ ਬਾਅਦ ਮੁਸ਼ੱਰਫ ਨੇ ਨਵਾਜ਼ ਦਾ ਤਖਤ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਅਤੇ ਸੱਤਾ ਹਥਿਆਉਣ ਮਗਰੋਂ ਦੇਸ਼ ਨਿਕਾਲਾ ਦੇ ਦਿੱਤਾ। ਨਵਾਜ਼ ਸ਼ਰੀਫ 2013 ’ਚ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਪਰ ਇਸ ਤੋਂ ਪਹਿਲਾਂ ਕਿ ਉਹ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਦੀ ਦਿਸ਼ਾ ’ਚ ਹੋਰ ਅੱਗੇ ਵਧਦੇ, ਨਵਾਜ਼ ਸ਼ਰੀਫ ਨੂੰ ਫਿਰ ਸੱਤਾ ਤੋਂ ਹੱਥ ਧੋਣਾ ਪਿਆ। ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ’ਚ ਕੁਝ ਤਬਦੀਲੀ ਦਾ ਇਕ ਸੰਕੇਤ 18 ਅਗਸਤ 2018 ਨੂੰ ਮਿਲਿਆ ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਭਾਰਤ ਨਾਲ ਸਬੰਧਾਂ ਦੇ ਸੁਧਾਰ ਦੀ ਦਿਸ਼ਾ ’ਚ ਤਾਜ਼ੀ ਉਦਾਹਰਣ ਇਸ ਸਾਲ 17 ਜੁਲਾਈ ਨੂੰ ਮਿਲੀ ਜਦੋਂ ਭਾਰਤ ਸਰਕਾਰ ਦੇ ਦਬਾਅ ’ਤੇ ਪਾਕਿਸਤਾਨ ਸਰਕਾਰ ਨੇ 2008 ਦੇ ਮੁੰਬਈ ਹਮਲੇ ਸਮੇਤ ਭਾਰਤ ’ਚ ਕਈ ਹਮਲਿਆਂ ਦੇ ਮਾਸਟਰ ਮਾਈਂਡ ਜਮਾਤ-ਉਦ-ਦਾਵਾ ਦੇ ਸਰਗਣਾ ਹਾਫਿਜ਼ ਸਈਅਦ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਇਕ ਦਿਨ ਪਹਿਲਾਂ ਹੀ 16 ਜੁਲਾਈ 2019 ਨੂੰ ਪਾਕਿਸਤਾਨ ਸਰਕਾਰ ਨੇ ਬਾਲਾਕੋਟ ਏਅਰ ਸਟ੍ਰਾਈਕ ਦੇ 139 ਦਿਨਾਂ ਬਾਅਦ ਆਪਣਾ ਹਵਾਈ ਖੇਤਰ ਭਾਰਤੀ ਗੈਰ-ਫੌਜੀ ਉਡਾਣਾਂ ਲਈ ਖੋਲ੍ਹ ਦਿੱਤਾ ਜਿਸ ਨਾਲ ਦੋਵਾਂ ਦੇਸ਼ਾਂ ’ਚ ਹਵਾਈ ਆਵਾਜਾਈ ਫਿਰ ਸ਼ੁਰੂ ਹੋ ਗਈ ਹੈ। ਇਸ ਦੇ ਇਲਾਵਾ ਵੀ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਨਾਲ ਸਬੰਧਾਂ ’ਚ ਸੁਧਾਰ ਦੀ ਦਿਸ਼ਾ ’ਚ ਕੁਝ ਕਦਮ ਚੁੱਕੇ ਗਏ। ਇਸੇ ਲੜੀ ’ਚ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦਾ ਸੰਕੇਤ ਦਿੱਤਾ ਜਿਸ ’ਤੇ ਪਾਕਿਸਤਾਨ ਵਾਲੇ ਇਲਾਕੇ ’ਚ 70 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਗਿਆ ਹੈ। ਇਹੀ ਨਹੀਂ, ਇਮਰਾਨ ਖਾਨ ਨੇ ਭਾਰਤ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ 9 ਅਪ੍ਰੈਲ ਨੂੰ ਇਕ ਵਾਰ ਫਿਰ ਮੋਦੀ ਸਰਕਾਰ ਬਣਨ ਦੀ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ’ਚ ਨਰਿੰਦਰ ਮੋਦੀ ਸਰਕਾਰ ਦੁਬਾਰਾ ਚੋਣ ਜਿੱਤਦੀ ਹੈ ਤਾਂ ਭਾਰਤ ਨਾਲ ਸ਼ਾਂਤੀ ਵਾਰਤਾ ਲਈ ਚੰਗਾ ਹੋਵੇਗਾ। ਹਾਲਾਂਕਿ ਬਾਲਾਕੋਟ ’ਚ ਭਾਰਤ ਦੀ ਸਰਜੀਕਲ ਸਟ੍ਰਾਈਕ ਦੇ ਮਗਰੋਂ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਤੋਂ ਭਾਰਤੀ ਜਹਾਜ਼ਾਂ ਨੂੰ ਉੱਡਣ ਤੋਂ ਰੋਕ ਦਿੱਤਾ ਸੀ ਪਰ ਇਮਰਾਨ ਖਾਨ ਨੇ ਪਿਛਲੇ ਮਹੀਨੇ ਬਿਸ਼ਕੇਕ ’ਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਜਾਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਦੇ ਉਪਰੋਂ ਉਡਾਣ ਭਰਨ ਦੀ ਇਜਾਜ਼ਤ ਵੀ ਦਿੱਤੀ (ਜਿਸ ਨੂੰ ਭਾਰਤ ਨੇ ਪ੍ਰਵਾਨ ਨਹੀਂ ਕੀਤਾ)। ਇਮਰਾਨ ਸਰਕਾਰ ਦੇ ਉਕਤ ਫੈਸਲੇ ਪਾਕਿਸਤਾਨ ਦੇ ਸ਼ਾਸਕਾਂ ਦੀ ਵਿਚਾਰਧਾਰਾ ’ਚ ਆ ਰਹੀ ਹਾਂ-ਪੱਖੀ ਤਬਦੀਲੀ ਦਾ ਸੰਕੇਤ ਦਿੰਦੇ ਹਨ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਮਰਾਨ ਖਾਨ ਨੇ ਇਹ ਕਦਮ ਸਦਭਾਵਨਾ ਦੇ ਮੱਦੇਨਜ਼ਰ ਚੁੱਕੇ ਹਨ ਜਾਂ ਕਿਸੇ ਮਜਬੂਰੀ ’ਚ। ਫਿਲਹਾਲ ਇਹ ਸਿਲਸਿਲਾ ਜਾਰੀ ਰਹਿਣ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨ ’ਚ ਕੁਝ ਮਦਦ ਜ਼ਰੂਰ ਮਿਲੇਗੀ।

–ਵਿਜੇ ਕੁਮਾਰ
 

Bharat Thapa

This news is Content Editor Bharat Thapa