ਆਸਾਮ ’ਚ ‘ਬਾਲ ਵਿਆਹਾਂ’ ਪਿੱਛੋਂ ਹੁਣ ‘ਦੂਜੇ ਵਿਆਹ’ ਵਿਰੁੱਧ ਮੁਹਿੰਮ

10/31/2023 3:11:41 AM

ਸਦੀਆਂ ਪੁਰਾਣੀ ਬਾਲ ਵਿਆਹ ਦੀ ਕੁਰੀਤੀ ਰੋਕਣ ਲਈ ਆਸਾਮ ਸਰਕਾਰ ਵੱਲੋਂ ਇਸ ਸਾਲ ਚਲਾਈਆਂ ਗਈਆਂ ਬਾਲ ਵਿਆਹ ਵਿਰੋਧੀ ਮੁਹਿੰਮਾਂ ਦੇ ਤਹਿਤ ਵੱਡੀ ਗਿਣਤੀ ’ਚ ਨਾਬਾਲਿਗ ਲੜਕੀਆਂ ਨਾਲ ਵਿਆਹ ਕਰਨ ਵਾਲਿਆਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਵਿਆਹ ਕਰਵਾਉਣ ਵਾਲੇ ਪੁਜਾਰੀਆਂ ਅਤੇ ਕਾਜ਼ੀਆਂ ਆਦਿ ਵਿਰੁੱਧ ਕਾਰਵਾਈ ਕੀਤੀ ਗਈ ਸੀ।

ਅਤੇ ਹੁਣ ਬਾਲ ਵਿਆਹ ਦੀ ਕੁਰੀਤੀ ਵਾਂਗ ਹੀ ਆਸਾਮ ਸਰਕਾਰ ਨੇ ਇਕ ਤੋਂ ਵੱਧ ਵਿਆਹ ਕਰਵਾਉਣ ਦੀ ਕੁਰੀਤੀ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਵੀ ਕਦਮ ਉਠਾਇਆ ਹੈ। ਇਸ ਸਬੰਧ ’ਚ ਜਾਰੀ ਹੁਕਮ ਅਨੁਸਾਰ, ਹੁਣ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਦੂਜਾ ਵਿਆਹ ਕਰਨ ਤੋਂ ਪਹਿਲਾਂ ਸਰਕਾਰ ਤੋਂ ਇਸ ਦੀ ਮਨਜ਼ੂਰੀ ਲੈਣੀ ਪਵੇਗੀ ਅਤੇ ਇਹ ਨਿਯਮ ਹਰ ਧਰਮ ਦੇ ਸਰਕਾਰੀ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ।

ਇਸ ਫੈਸਲੇ ਦਾ ਐਲਾਨ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਹੈ ਕਿ ‘‘ਆਸਾਮ ਸਰਕਾਰ ਦਾ ਕੋਈ ਮੁਲਾਜ਼ਮ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਸਾਡੇ ਸੇਵਾ ਨਿਯਮਾਂ ਦੇ ਲਿਹਾਜ਼ ਨਾਲ ਦੂਜਾ ਵਿਆਹ ਕਰਨ ਦਾ ਹੱਕਦਾਰ ਨਹੀਂ ਹੈ।’’

‘‘ਜੇ ਕੁਝ ਧਰਮ ਤੁਹਾਨੂੰ ਦੂਜਾ ਵਿਆਹ ਕਰਨ ਦੀ ਆਗਿਆ ਦਿੰਦੇ ਹਨ ਤਾਂ ਵੀ ਨਿਯਮ ਅਨੁਸਾਰ ਤੁਹਾਨੂੰ ਸੂਬਾ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ। ਸੂਬਾ ਸਰਕਾਰ ਤੁਹਾਨੂੰ ਮਨਜ਼ੂਰੀ ਦੇ ਵੀ ਸਕਦੀ ਹੈ ਤੇ ਨਹੀਂ ਵੀ।’’

ਜੋ ਕੁਝ ਬੀਤੇ ਸਮੇਂ ’ਚ ਹੁੰਦਾ ਰਿਹਾ ਹੈ, ਉਸ ਭੁੱਲ ਨੂੰ ਸੁਧਾਰਨ ਦੇ ਇਹ ਤਰੀਕੇ ਸਹੀ ਹਨ। ਇਨ੍ਹਾਂ ਦੋਵਾਂ ਹੀ ਕਦਮਾਂ ਨਾਲ ਬਾਲ ਵਿਆਹ ਅਤੇ ਦੂਜੇ ਵਿਆਹ ਵਰਗੀਆਂ ਕੁਰੀਤੀਆਂ ’ਤੇ ਰੋਕ ਲੱਗਣ ਨਾਲ ਕਈ ਔਰਤਾਂ ਦੀ ਜ਼ਿੰਦਗੀ ਸੁਧਰੇਗੀ।

-ਵਿਜੇ ਕੁਮਾਰ

Mukesh

This news is Content Editor Mukesh