ਮਣੀਪੁਰ ’ਚ ਔਰਤਾਂ ਨਾਲ ਦਰਿੰਦਗੀ ‘ਭਿਆਨਕ, ਨਿੰਦਣਯੋਗ ਅਤੇ ਸ਼ਰਮਨਾਕ’

07/21/2023 3:12:19 AM

ਪੂਰਬ-ਉੱਤਰ ਦਾ ਸਰਹੱਦੀ ਸੂਬਾ ਮਣੀਪੁਰ ਬੀਤੇ 78 ਦਿਨਾਂ ਤੋਂ ਗੈਰ-ਜਨਜਾਤੀ ਹਿੰਦੂ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਰਜਾ ਦੇਣ ਦੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ 3 ਮਈ ਤੋਂ ਮੈਤੇਈ ਅਤੇ ਜਨਜਾਤੀ ਕੁਕੀ ਤੇ ਹੋਰ ਭਾਈਚਾਰਿਆਂ ’ਚ ਭਾਰੀ ਵਿਵਾਦ ਕਾਰਨ ਹਿੰਸਾ ਦੀ ਅੱਗ ’ਚ ਝੁਲਸ ਰਿਹਾ ਹੈ, ਜਿਸ ’ਚ ਹੁਣ ਤੱਕ ਲਗਭਗ 160 ਲੋਕ ਮਾਰੇ ਜਾ ਚੁੱਕੇ ਹਨ।

ਵਿਵਾਦ ਦਾ ਮੁੱਖ ਕਾਰਨ ਜਨਜਾਤੀ ਸਮੂਹਾਂ ’ਚ ਪੈਦਾ ਇਹ ਡਰ ਹੈ ਕਿ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਾ ਦਰਜਾ ਮਿਲ ਜਾਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਵਧ ਜਾਣਗੀਆਂ।

ਹਿੰਸਾ ਸ਼ੁਰੂ ਹੋਣ ਦੇ ਅਗਲੇ ਹੀ ਦਿਨ 4 ਮਈ ਨੂੰ ਦੁਪਹਿਰ 3 ਵਜੇ 800 ਤੋਂ 1000 ਤੱਕ ਅਣਪਛਾਤੇ ਲੋਕਾਂ ਨੇ ‘ਸੇਨਾਪਤੀ’ ਜ਼ਿਲੇ ਦੇ ਪਿੰਡ ‘ਬੀ ਫੈਨੋਮ’ ’ਤੇ ਹਮਲਾ ਕਰ ਕੇ ਕਈ ਘਰਾਂ ’ਚ ਅੱਗ ਲਗਾ ਦਿੱਤੀ ਅਤੇ ਨਕਦੀ ਤੇ ਗਹਿਣਿਆਂ ਸਮੇਤ ਕੀਮਤੀ ਸਾਮਾਨ ਲੁੱਟ ਲਿਆ।

ਹਮਲੇ ਦੌਰਾਨ 5 ਪੇਂਡੂ ਜਿਨ੍ਹਾਂ ’ਚ 2 ਮਰਦ ਅਤੇ 3 ਔਰਤਾਂ ਸਨ, ਜੰਗਲ ਵੱਲ ਭੱਜ ਗਏ। ‘ਨੋਂਗਪੋਕ ਸੇਕਮਾਈ’ ਪੁਲਸ ਨੇ ਉਨ੍ਹਾਂ ਨੂੰ ਭੜਕੀ ਭੀੜ ਤੋਂ ਬਚਾਇਆ ਅਤੇ ਪੁਲਸ ਸਟੇਸ਼ਨ ਲੈ ਆਈ।

ਇੱਥੋਂ ਭੀੜ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਤੁਰੰਤ ਬਾਅਦ ਇਕ ਮਰਦ ਦੀ ਹੱਤਿਆ ਤੇ ਇਕ ਭਾਈਚਾਰੇ ਦੀਆਂ ਰੋਂਦੀਆਂ-ਗਿੜਗਿੜਾਉਂਦੀਆਂ 2 ਔਰਤਾਂ ਨੂੰ ਕੱਪੜੇ ਲਾਹੁਣ ਲਈ ਮਜਬੂਰ ਕਰ ਕੇ ਉਨ੍ਹਾਂ ਨੂੰ ਨਗਨ ਸੜਕ ’ਤੇ ਘੁਮਾਉਣ ਤੋਂ ਇਲਾਵਾ ਉਨ੍ਹਾਂ ’ਚੋਂ ਇਕ 21 ਸਾਲਾ ਲੜਕੀ ਦਾ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਨੂੰ ਬਚਾਉਣ ਲਈ ਅੱਗੇ ਆਏ ਉਸ ਦੇ 19 ਸਾਲਾ ਭਰਾ ਦੀ ਹੱਤਿਆ ਕਰ ਦਿੱਤੀ ਗਈ।

19 ਜੁਲਾਈ ਨੂੰ ਉਕਤ ਘਟਨਾ ਦਾ ਵੀਡੀਓ ਵਾਇਰਲ ਹੁੰਦੇ ਹੀ ਦੇਸ਼ ਭਰ ’ਚ ਜਨਤਾ ਦਾ ਗੁੱਸਾ ਹੋਰ ਵੀ ਭੜਕ ਉੱਠਿਆ ਅਤੇ ਇਸ ਨੂੰ ਦੇਖਦੇ ਹੋਏ ਮਣੀਪੁਰ ਦੇ 5 ਜ਼ਿਲਿਆਂ ’ਚ 19 ਜੁਲਾਈ ਨੂੰ ਮੁੜ ਪੂਰਨ ਕਰਫਿਊ ਲਗਾ ਦਿੱਤਾ ਗਿਆ।

ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਕੋਲੋਂ ਅਸਤੀਫੇ ਤਕ ਦੀ ਮੰਗ ਕੀਤੀ ਜਾਣ ਲੱਗੀ। ਇਹੀ ਨਹੀਂ, ਢਾਈ ਮਹੀਨੇ ਦੀ ਖਾਮੋਸ਼ੀ ਤੋਂ ਬਾਅਦ ਅਖੀਰ 19-20 ਜੁਲਾਈ ਦੀ ਦਰਮਿਆਨੀ ਰਾਤ ਨੂੰ 1.30 ਵਜੇ ਇਸ ਕਾਂਡ ਦੇ ਮੁੱਖ ਦੋਸ਼ੀ ‘ਖੁਯਰੂਮ ਹੇਰਾਦਾਸ’ ਨੂੰ ਅਤੇ ਬਾਅਦ ’ਚ 3 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਘਟਨਾ ਦੇ ਵਿਰੋਧ ’ਚ 20 ਜੁਲਾਈ ਨੂੰ ‘ਚੁਰਾਚਾਂਦਪੁਰ’ ਅਤੇ ਸੂਬੇ ਦੇ ਕਈ ਹਿੱਸਿਆਂ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਇਸੇ ਮੁੱਦੇ ’ਤੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਦੋਵਾਂ ਸਦਨਾਂ ’ਚ ਮਣੀਪੁਰ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ ਪ੍ਰਭਾਵਿਤ ਰਹੀ।

20 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਜਾਂਦੇ ਸਮੇਂ ਪਹਿਲੀ ਵਾਰ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਕਿਹਾ :

‘‘ਮਣੀਪੁਰ ਦੀਆਂ ਬੇਟੀਆਂ ਨਾਲ ਜੋ ਹੋਇਆ ਉਸ ਨੂੰ ਕਦੀ ਮੁਆਫ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਵੀ ਨਹੀਂ ਛੱਡਿਆ ਜਾਵੇਗਾ ਅਤੇ ਕਾਨੂੰਨ ਉਚਿਤ ਕਾਰਵਾਈ ਕਰੇਗਾ। ਮਣੀਪੁਰ ’ਤੇ ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ।’’

‘‘ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਸਾਰ ਕਰਨ ਵਾਲੀ ਹੈ ਜਿਸ ਨਾਲ 140 ਕਰੋੜ ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਅਜਿਹੀਆਂ ਘਟਨਾਵਾਂ ਪੂਰੇ ਦੇਸ਼ ਅਤੇ ਹਰ ਦੇਸ਼ ਵਾਸੀ ਲਈ ਕਲੰਕ ਹਨ।’’

ਇਸ ਦੌਰਾਨ ਸੁਪਰੀਮ ਕੋਰਟ ਨੇ ਵੀ ਇਸ ਘਟਨਾ ਦਾ ਖੁਦ ਨੋਟਿਸ ਲੈਂਦੇ ਹੋਏ ਇਸ ਮਾਮਲੇ ’ਚ ਕੇਂਦਰ ਅਤੇ ਮਣੀਪੁਰ ਸਰਕਾਰ ਕੋਲੋਂ ਰਿਪੋਰਟ ਮੰਗ ਲਈ ਹੈ, ਜਿਸ ’ਤੇ 28 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਇਸ ਬਾਰੇ ਕਿਹਾ :

‘‘ਅਸੀਂ ਦੁਖੀ ਹਾਂ। ਸੰਵਿਧਾਨਕ ਲੋਕਤੰਤਰ ’ਚ ਇਹ ਪੂਰੀ ਤਰ੍ਹਾਂ ਨਾਲ ਨਾਮਨਜ਼ੂਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਸਲ ’ਚ ਕਦਮ ਉਠਾਏ ਅਤੇ ਕਾਰਵਾਈ ਕਰੇ। ਜੇਕਰ ਉਹ ਕਾਰਵਾਈ ਨਹੀਂ ਕਰੇਗੀ ਤਾਂ ਅਸੀਂ ਕਰਾਂਗੇ।’’

ਇਸ ਮਾਮਲੇ ’ਚ ਜਦੋਂ ਪੱਤਰਕਾਰਾਂ ਨੇ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਕੋਲੋਂ ਇੰਨੇ ਲੰਬੇ ਸਮੇਂ ਤੱਕ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ, ‘‘ਮਣੀਪੁਰ ’ਚ ਅਜਿਹੇ ਸੈਂਕੜੇ ਕੇਸ ਹੋਏ ਹਨ ਪਰ ਮੈਂ ਇਸ ਕੇਸ ਦੀ ਨਿੰਦਾ ਕਰਦਾ ਹਾਂ। ਅਸੀਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਦਾ ਯਤਨ ਕਰਾਂਗੇ।’’

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਘਟਨਾ ਨੂੰ ਗੈਰ-ਮਨੁੱਖੀ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਕਿਹਾ, ‘‘ਮੈਂ ਇਸ ਬਾਰੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਅਪਰਾਧੀਆਂ ਨੂੰ ਕਟਹਿਰੇ ’ਚ ਲਿਆਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਮਣੀਪੁਰ ’ਚ ਮਨੁੱਖਤਾ ਮਰ ਗਈ ਹੈ।’’ ਪ੍ਰਿਅੰਕਾ ਗਾਂਧੀ ਅਨੁਸਾਰ, ‘‘ਮਣੀਪੁਰ ’ਚ ਔਰਤਾਂ ਵਿਰੁੱਧ ਭਿਆਨਕ ਸੈਕਸ ਹਿੰਸਾ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਮਣੀਪੁਰ ਦੀਆਂ ਹਿੰਸਕ ਘਟਨਾਵਾਂ ’ਤੇ ਅੱਖਾਂ ਬੰਦ ਕਰ ਕੇ ਕਿਉਂ ਬੈਠੇ ਹਨ?’’

ਫਿਲਹਾਲ 78 ਦਿਨਾਂ ਤੋਂ ਮਣੀਪੁਰ ’ਚ ਹਿੰਸਾ ਦਾ ਜਾਰੀ ਰਹਿਣਾ ਤੇ ਔਰਤਾਂ ’ਤੇ ਇਸ ਤਰ੍ਹਾਂ ਦਾ ਅੱਤਿਆਚਾਰ ਘੋਰ ਗੈਰ-ਮਨੁੱਖੀ, ਭਿਆਨਕ ਅਤੇ ਨਿੰਦਣਯੋਗ ਹੈ ਜੋ ਕਿਤੇ ਨਾ ਕਿਤੇ ਸੂਬੇ ਅਤੇ ਕੇਂਦਰ ਸਰਕਾਰ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੀ ਗੰਭੀਰਤਾ ਅਤੇ ਸੂਬੇ ’ਚ ਹੋ ਰਹੀ ਹਿੰਸਾ ਦੇ ਪ੍ਰਤੀ ਉਦਾਸੀਨਤਾ ਵਰਤਣ ਦਾ ਨਤੀਜਾ ਹੈ।

ਜੇਕਰ ਸੂਬਾ ਇਸੇ ਤਰ੍ਹਾਂ ਹਿੰਸਾ ਦੀ ਅੱਗ ’ਚ ਝੁਲਸਦਾ ਰਿਹਾ ਤਾਂ ਨਾ ਸਿਰਫ ਜਾਨ-ਮਾਲ ਤਬਾਹ ਹੋਣ ਦੇ ਨਾਲ-ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੀ ਸੁਰੱਖਿਆ ਖਤਰੇ ’ਚ ਪਈ ਰਹੇਗੀ ਸਗੋਂ ਇਸ ਨਾਲ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਸਿਆਸੀ ਹਾਨੀ ਹੋਵੇਗੀ।

-ਵਿਜੇ ਕੁਮਾਰ

Mukesh

This news is Content Editor Mukesh