ਲਗਾਤਾਰ ਵਧਦਾ ਹੀ ਜਾ ਰਿਹੈ ਰਿਸ਼ਵਤਖੋਰੀ ਦਾ ਕੁਚੱਕਰ

11/12/2017 7:51:04 AM

ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਭ੍ਰਿਸ਼ਟਾਚਾਰ ਜਾਂ ਨਾਜਾਇਜ਼ ਜਾਇਦਾਦ ਬਣਾਉਣ ਦੀਆਂ ਖ਼ਬਰਾਂ ਨਾ ਆਉਂਦੀਆਂ ਹੋਣ। ਦੇਸ਼ ਵਿਚ ਦਹਾਕਿਆਂ ਤੋਂ ਵਧ ਰਹੇ ਭ੍ਰਿਸ਼ਟਾਚਾਰ ਦਾ ਹੀ ਸਿੱਟਾ ਹੈ ਕਿ ਭਾਰਤ ਏਸ਼ੀਆ ਦੇ ਸਭ ਤੋਂ ਵੱਧ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ ਪਹੁੰਚ ਗਿਆ ਹੈ। ਇਥੇ ਪੇਸ਼ ਹਨ ਸਿਰਫ ਪਿਛਲੇ 2 ਹਫਤਿਆਂ ਅੰਦਰ ਸਾਹਮਣੇ ਆਈਆਂ ਭ੍ਰਿਸ਼ਟਾਚਾਰ ਦੀਆਂ ਕੁਝ ਘਟਨਾਵਾਂ :
* 24 ਅਕਤੂਬਰ ਨੂੰ ਸੀ. ਬੀ. ਆਈ. ਨੇ ਚੰਡੀਗੜ੍ਹ ਪੁਲਸ ਦੇ ਸਬ-ਇੰਸਪੈਕਟਰ ਮੋਹਨ ਸਿੰਘ ਨੂੰ ਇਕ ਫਾਇਨਾਂਸਰ ਦੇ 3 ਮੁਲਾਜ਼ਮਾਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਕੇਸ ਦੇ ਨਿਪਟਾਰੇ ਲਈ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 26 ਅਕਤੂਬਰ ਨੂੰ ਵਿਜੀਲੈਂਸ ਦੀ ਟੀਮ ਨੇ ਥਾਣਾ ਤਲਵੰਡੀ ਭਾਈ ਵਿਚ ਤਾਇਨਾਤ ਏ. ਐੱਸ. ਆਈ. ਸਮਰਾਜ ਸਿੰਘ ਅਤੇ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ।
* 27 ਅਕਤੂਬਰ ਨੂੰ ਵਿਜੀਲੈਂਸ ਵਿਭਾਗ ਨੇ ਰਾਹੋਂ ਡਵੀਜ਼ਨ ਦੇ ਬਿਜਲੀ ਬੋਰਡ ਦੇ ਐੱਸ. ਡੀ. ਓ. ਰਾਮਲਾਲ ਕਲੇਰ ਨੂੰ ਖੇਤਾਂ 'ਚ ਲੱਗਣ ਵਾਲੀ ਮੋਟਰ ਦੀ ਫਾਈਲ ਪਾਸ ਕਰਵਾਉਣ ਬਦਲੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 28 ਅਕਤੂਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਐੱਸ. ਸੀ. ਕਮਿਸ਼ਨ ਦੇ ਮੈਂਬਰ ਬਾਬੂ ਸਿੰਘ ਪੰਚਾਵਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 31 ਅਕਤੂਬਰ ਨੂੰ ਵਿਜੀਲੈਂਸ ਟੀਮ ਗੁਰਦਾਸਪੁਰ ਨੇ ਬਟਾਲਾ ਪਬਲਿਕ ਹੈਲਥ ਦਫਤਰ ਵਿਚ ਤਾਇਨਾਤ ਜੇ. ਈ. ਸਰਵਜੀਤ ਸਿੰਘ ਨੂੰ 'ਸਵੱਛ ਭਾਰਤ ਮੁਹਿੰਮ' ਦੇ ਤਹਿਤ ਪਖਾਨਿਆਂ ਦੇ ਆਏ ਹੋਏ ਪੈਸੇ ਜਾਰੀ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 02 ਨਵੰਬਰ ਨੂੰ ਸੀ. ਬੀ. ਆਈ. ਨੇ ਗੁਰੂਗ੍ਰਾਮ ਵਿਚ ਤਾਇਨਾਤ ਇਨਕਮ ਟੈਕਸ ਅਧਿਕਾਰੀ ਜੇ. ਐੱਸ. ਗਹਿਲੋਤ ਨੂੰ 60,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 05 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਭਿੰਡ ਥਾਣੇ (ਦਿਹਾਤੀ) ਵਿਚ ਤਾਇਨਾਤ ਐੱਸ. ਆਈ. ਸੋਨੀ ਲਾਲ ਮਾਥੁਰ ਨੂੰ ਗਵਾਲੀਅਰ ਦੀ ਲੋਕ-ਆਯੁਕਤ ਪੁਲਸ ਨੇ ਥਾਣੇ ਦੇ ਅੰਦਰ ਹੀ ਇਕ ਵਿਅਕਤੀ ਤੋਂ 5,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 06 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਹੋਈ 3 ਕਿਲੋ ਸੋਨੇ ਦੀ ਡਕੈਤੀ ਦੇ ਕੇਸ ਦੀ ਜਾਂਚ ਲਈ ਜੋਧਪੁਰ ਆਈ ਉਥੋਂ ਦੀ ਪੁਲਸ ਦੀ ਟੀਮ ਦੇ 4 ਮੈਂਬਰਾਂ ਨੂੰ ਜੋਧਪੁਰ ਏ. ਸੀ. ਬੀ. ਸਪੈਸ਼ਲ ਯੂਨਿਟ ਨੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ। ਇਨ੍ਹਾਂ ਵਿਚ 1 ਕਾਂਸਟੇਬਲ ਅਤੇ 3 ਸਬ-ਇੰਸਪੈਕਟਰ ਹਨ।
* 07 ਨਵੰਬਰ ਨੂੰ ਵਿਜੀਲੈਂਸ ਬਿਊਰੋ ਨੇ ਆਰ. ਟੀ. ਏ. ਹੁਸ਼ਿਆਰਪੁਰ ਨਾਲ ਤਾਇਨਾਤ ਏ. ਐੱਸ. ਆਈ. ਰਮੇਸ਼ ਚੰਦਰ ਨੂੰ 1.5 ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਿਆ। ਬਾਅਦ ਵਿਚ ਉਸ ਦੇ ਘਰ ਦੀ ਤਲਾਸ਼ੀ ਲਏ ਜਾਣ 'ਤੇ 627970 ਰੁਪਏ ਨਕਦ, 6500 ਰੁਪਏ ਦੇ ਪੁਰਾਣੇ ਕਰੰਸੀ ਨੋਟ, ਕੁਝ ਵਿਦੇਸ਼ੀ ਕਰੰਸੀ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ।
* 07 ਨਵੰਬਰ ਨੂੰ ਹੀ ਉਦੈਪੁਰ 'ਚ ਕਲੜਵਾਸ ਇਲਾਕੇ ਦੇ ਪਟਵਾਰੀ ਹਰੀਪ੍ਰਸਾਦ ਚੌਬੀਸਾ ਨੂੰ ਜ਼ਮੀਨ ਦੇ ਦਸਤਾਵੇਜ਼ ਨਾਂ ਚੜ੍ਹਾਉਣ ਦੇ ਇਵਜ਼ ਵਿਚ 2000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 07 ਨਵੰਬਰ ਨੂੰ ਹੀ ਯੂ. ਪੀ. ਦੇ ਬਸਤੀ ਜ਼ਿਲੇ ਵਿਚ ਜੰਗਲਾਤ ਮਹਿਕਮੇ ਦੇ 4 ਮੁਲਾਜ਼ਮਾਂ ਰਵਿੰਦਰ ਨਾਥ ਦੂਬੇ, ਚੰਦਰਪ੍ਰਕਾਸ਼ ਪਾਠਕ, ਪਟੇਸ਼ਵਰੀ ਪ੍ਰਸਾਦ ਤੇ ਹਰੀਸ਼ ਕੁਮਾਰ ਨੂੰ ਇਕ ਟਰੱਕ ਡਰਾਈਵਰ ਤੋਂ ਕਾਗਜ਼ਾਤ ਸਹੀ ਹੋਣ ਦੇ ਬਾਵਜੂਦ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।
* 07 ਨਵੰਬਰ ਨੂੰ ਹੀ ਬਿਹਾਰ ਵਿਚ 'ਅੰਚਲ ਦਫਤਰ ਬਨਮਨਖੀ' ਦੇ ਇੰਚਾਰਜ ਮਾਲੀਆ ਮੁਲਾਜ਼ਮ ਮੁਹੰਮਦ ਅਬਦੁਲ ਰਹਿਮਾਨ ਨੂੰ ਪਟਨਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ 35,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 08 ਨਵੰਬਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਇੰਟਰਨਲ ਆਡਿਟਰ ਚੰਦਨ ਟੰਡਨ ਨੂੰ ਵੈਟਰਨਰੀ ਵਿਭਾਗ ਵਿਚ ਸਹਾਇਕ ਗ੍ਰੇਡ-2 ਦੇ ਮੁਲਾਜ਼ਮ ਸੁਨੀਲ ਕੁਮਾਰ ਸੋਨਬਰਸੇ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 9 ਨਵੰਬਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਨੇ ਸਮਾਲ ਸਕੇਲ ਇੰਡਸਟਰੀ ਦੇ ਇਕ ਅਧਿਕਾਰੀ ਕੁਲਵਿੰਦਰ ਸਿੰਘ ਸੋਢੀ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
ਇਹ ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ 'ਚ ਭ੍ਰਿਸ਼ਟਾਚਾਰ ਵਧਦਾ ਹੀ ਜਾ ਰਿਹਾ ਹੈ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਲਗਾਤਾਰ ਸਾਹਮਣੇ ਆਉਣਾ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹੈ ਕਿ ਇਹ ਸਿਰਫ ਐਲਾਨਾਂ ਨਾਲ ਖਤਮ ਹੋਣ ਵਾਲਾ ਨਹੀਂ।
ਸਰਕਾਰ ਨੂੰ ਇਸ 'ਤੇ ਰੋਕ ਲਾਉਣ ਲਈ ਦੋਸ਼ੀ ਮੁਲਾਜ਼ਮਾਂ ਵਿਰੁੱਧ ਸਖਤ ਸਜ਼ਾ ਤੇ ਜੁਰਮਾਨੇ ਵਰਗੇ ਸਿੱਖਿਆਦਾਇਕ ਕਦਮ ਚੁੱਕਣ ਦੀ ਲੋੜ ਹੈ, ਜਿਸ ਵਿਚ ਨੌਕਰੀ ਤੋਂ ਬਰਖਾਸਤਗੀ ਵੀ ਸ਼ਾਮਿਲ ਹੋਵੇ, ਤਾਂ ਹੀ ਇਸ ਲਾਹਨਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra