ਬਲਿਊ ਵ੍ਹੇਲ ਚੈਲੇਂਜ ਗੇਮ ਦਾ ਮੌਤ-ਜਾਲ

09/04/2017 7:41:34 AM

ਗੂਗਲ ਟ੍ਰੈਂਡਸ ਦੀ ਹਾਲੀਆ ਰਿਪੋਰਟ ਅਨੁਸਾਰ ਗਲੋਬਲ ਰੈਂਕਿੰਗ ਵਿਚ ਜਾਨਲੇਵਾ ਗੇਮ ਬਲਿਊ ਵ੍ਹੇਲ ਚੈਲੇਂਜ ਬਾਰੇ ਸਭ ਤੋਂ ਵੱਧ ਸਰਚ ਕਰਨ ਵਾਲਿਆਂ ਦੀ ਸੂਚੀ ਵਿਚ ਭਾਰਤ ਤੀਜੇ ਸਥਾਨ 'ਤੇ ਹੈ। ਦੇਸ਼ ਵਿਚ ਇਸ ਚੈਲੇਂਜ ਨੂੰ ਸਰਚ ਕਰਨ ਵਾਲੇ ਟਾਪ 30 ਸ਼ਹਿਰਾਂ ਦੀ ਸੂਚੀ ਵਿਚ ਬੀਤੇ 12 ਮਹੀਨਿਆਂ ਦੌਰਾਨ ਕੋਲਕਾਤਾ ਦੁਨੀਆ ਭਰ ਵਿਚ ਟਾਪ 'ਤੇ ਸੀ, ਭਾਵ ਕੋਲਕਾਤਾ ਵਿਚ ਇਸ ਜਾਨਲੇਵਾ ਗੇਮ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ, ਹਾਲਾਂਕਿ ਹੁਣ ਇਸ ਮਾਮਲੇ ਵਿਚ ਕੋਚੀ ਨੇ ਕੋਲਕਾਤਾ ਨੂੰ ਪਿੱਛੇ ਛੱਡ ਦਿੱਤਾ ਹੈ। ਕੋਲਕਾਤਾ ਅਤੇ ਕੋਚੀ ਦੇ ਨਾਲ ਗੁਹਾਟੀ, ਚੇਨਈ, ਬੈਂਗਲੂਰ, ਮੁੰਬਈ, ਨਵੀਂ ਦਿੱਲੀ ਅਤੇ ਹਾਵੜਾ ਵਰਗੇ ਸ਼ਹਿਰ ਟਾਪ 10 ਦੀ ਸੂਚੀ ਵਿਚ ਸ਼ਾਮਿਲ ਰਹੇ ਹਨ। 
ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਬਲਿਊ ਵ੍ਹੇਲ ਚੈਲੇਂਜ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਕੁਝ ਵਿਚ ਬੱਚਿਆਂ ਨੂੰ ਉਸ ਸਮੇਂ ਬਚਾਇਆ ਗਿਆ, ਜਦੋਂ ਉਹ ਆਖਰੀ ਸਟੇਜ ਵਿਚ ਪਹੁੰਚ ਕੇ ਆਤਮ-ਹੱਤਿਆ ਕਰਨ ਹੀ ਵਾਲੇ ਸਨ। 
ਪੱਛਮੀ ਬੰਗਾਲ ਤੋਂ 'ਬਲਿਊ ਵ੍ਹੇਲ ਚੈਲੇਂਜ' ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ਵਿਚ ਇਕ ਹੋਰ ਅੱਲ੍ਹੜ ਵਲੋਂ ਆਤਮ-ਹੱਤਿਆ ਕਰਨ ਤੋਂ ਪਹਿਲਾਂ ਇਸ ਗੇਮ ਦੀ ਗ੍ਰਿਫਤ ਵਿਚ ਹੋਣ ਦਾ ਪਤਾ ਲੱਗਾ। ਹਾਵੜਾ ਵਿਚ 10ਵੀਂ ਕਲਾਸ ਦੇ ਇਸ ਵਿਦਿਆਰਥੀ ਨੇ ਸਵੀਕਾਰ ਕੀਤਾ ਹੈ ਕਿ ਉਹ ਗੇਮ ਖੇਡ ਰਿਹਾ ਸੀ। ਹੁਗਲੀ ਜ਼ਿਲੇ ਦੇ ਮਹੇਸ਼ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਸਕੂਲ ਦੇ ਅਧਿਆਪਕਾਂ ਨੂੰ ਅਰਘਾ ਭੱਟਾਚਾਰੀਆ ਨਾਂ ਦੇ ਵਿਦਿਆਰਥੀ 'ਤੇ ਉਦੋਂ ਸ਼ੱਕ ਹੋਇਆ, ਜਦੋਂ ਉਨ੍ਹਾਂ ਉਸ ਦੇ ਗੁੱਟ 'ਤੇ ਲੱਗੇ ਕਈ ਕੱਟ ਦੇਖੇ। 
ਅਧਿਆਪਕਾਂ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਬਲਿਊ ਵ੍ਹੇਲ ਗੇਮ ਖੇਡਣ ਦੀ ਗੱਲ ਸਵੀਕਾਰ ਕੀਤੀ। ਇਸ ਤੋਂ ਬਾਅਦ ਅਧਿਆਪਕਾਂ ਨੇ ਤੁਰੰਤ ਉਸ ਦੇ ਮਾਤਾ-ਪਿਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਵਿਦਿਆਰਥੀ ਨੇ ਦੱਸਿਆ, ''ਮੈਂ 20 ਦਿਨਾਂ ਤੋਂ ਇਹ ਗੇਮ ਖੇਡ ਰਿਹਾ ਹਾਂ। ਸਰੀਰ 'ਤੇ ਕੱਟ ਲਗਾ ਕੇ ਵ੍ਹੇਲ ਬਣਾਉਣ ਦਾ ਟਾਸਕ 9ਵੇਂ ਲੈਵਲ 'ਤੇ ਦਿੱਤਾ ਗਿਆ। ਮੈਂ ਆਪਣੇ ਜਿਓਮੈਟਰੀ ਬਾਕਸ ਦੇ ਕੰਪਾਸ ਦੀ ਤਿੱਖੀ ਨੋਕ ਨਾਲ ਇਸ ਨੂੰ ਬਣਾ ਲਿਆ। ਇਸ ਤੋਂ ਪਹਿਲਾਂ ਦੇ ਚੈਲੇਂਜ ਕਾਫੀ ਆਸਾਨ ਸਨ, ਜਿਵੇਂ ਹੱਥਾਂ ਨਾਲ ਨੱਕ ਨੂੰ ਛੂਹਣਾ, ਕਾਗਜ਼ ਦੇ ਹਵਾਈ ਜਹਾਜ਼ ਬਣਾਉਣਾ ਆਦਿ।'' 
ਉਹ ਆਪਣੇ ਗੁਆਂਢ ਵਿਚ ਸਥਿਤ ਇਕ ਸਾਈਬਰ ਕੈਫੇ ਵਿਚ ਇਹ ਗੇਮ ਖੇਡ ਰਿਹਾ ਸੀ। ਉਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਇਕ ਚੰਗਾ ਵਿਦਿਆਰਥੀ ਹੈ ਪਰ ਕੁਝ ਸਮੇਂ ਤੋਂ ਗੁਆਚਿਆ-ਗੁਆਚਿਆ ਰਹਿਣ ਲੱਗਾ ਸੀ। 
ਇਸ ਤੋਂ ਪਹਿਲਾਂ ਉੱਤਰ 24 ਪਰਗਣਾ ਜ਼ਿਲੇ ਦੇ ਬਾਰਾਸਾਤ ਵਿਚ 9ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਨੂੰ ਇਹ ਗੇਮ ਖੇਡਦੇ ਦੇਖਿਆ ਗਿਆ। ਚੰਗੀ ਗੱਲ ਇਹ ਰਹੀ ਕਿ ਸਕੂਲ ਦੇ ਹੈੱਡਮਾਸਟਰ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀਆਂ ਦੇ ਵਤੀਰੇ ਵਿਚ ਬਦਲਾਅ ਨਜ਼ਰ ਆਇਆ। ਇਸ ਤੋਂ ਬਾਅਦ ਉਨ੍ਹਾਂ ਹੈੱਡਮਾਸਟਰ ਨਾਲ ਸੰਪਰਕ ਕੀਤਾ, ਜਿਸ ਦੀ ਅਪੀਲ 'ਤੇ ਸਾਈਬਰ ਸੈੱਲ ਦੇ ਅਧਿਕਾਰੀ ਬਾਰਾਸਾਤ ਪਹੁੰਚੇ ਅਤੇ ਉਨ੍ਹਾਂ ਨੇ ਲੜਕੀਆਂ ਦੀ ਕਾਊਂਸਲਿੰਗ ਕੀਤੀ।
ਉਨ੍ਹਾਂ ਨੂੰ ਪਤਾ ਲੱਗਾ ਕਿ ਦੋਵਾਂ ਲੜਕੀਆਂ ਦੇ ਹੱਥਾਂ ਉੱਤੇ ਕੱਟ ਦੇ ਨਿਸ਼ਾਨ ਵੀ ਸਨ। ਮੰਨਿਆ ਜਾ ਰਿਹਾ ਹੈ ਕਿ ਲੜਕੀਆਂ ਇਸ ਗੇਮ ਦੇ ਆਖਰੀ ਪੜਾਅ ਵਿਚ ਪਹੁੰਚ ਗਈਆਂ ਸਨ। ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਲੜਕੀਆਂ ਦੇ ਫੋਨ ਤੋਂ 'ਬਲਿਊ ਵ੍ਹੇਲ' ਗੇਮ ਦੀ ਡਿਟੇਲ ਵੀ ਹਾਸਿਲ ਕੀਤੀ। ਇਸ ਤੋਂ ਪਹਿਲਾਂ ਮਿਦਨਾਪੁਰ ਦੇ ਇਕ ਲੜਕੇ ਨੇ ਇਸ ਗੇਮ ਕਾਰਨ ਹੀ ਖ਼ੁਦਕੁਸ਼ੀ ਕਰ ਲਈ ਸੀ। 
ਉਥੇ ਹੀ ਮਦੁਰਈ ਵਿਚ ਇਕ ਵਿਦਿਆਰਥੀ ਦੇ ਆਤਮ-ਹੱਤਿਆ ਕਰਨ ਦੇ ਇਕ ਦਿਨ ਬਾਅਦ ਹੀ ਪੁਡੂਚੇਰੀ ਵਿਚ ਆਪਣੇ ਕਾਲਜ ਕੈਂਪਸ ਵਿਚ ਦਰੱਖਤ ਨਾਲ ਲਟਕਦੀ ਇਕ ਵਿਦਿਆਰਥੀ ਦੀ ਲਾਸ਼ ਦੇਖੀ ਗਈ। ਉਹ ਐੱਮ. ਬੀ. ਏ. ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਸ ਦੇ ਮੋਬਾਈਲ ਦੀ ਜਾਂਚ ਕਰਨ 'ਤੇ ਪੁਲਸ ਹੈਰਾਨ ਰਹਿ ਗਈ, ਜਦੋਂ ਉਸ ਵਿਚ ਉਨ੍ਹਾਂ ਨੂੰ ਬਲਿਊ ਵ੍ਹੇਲ ਚੈਲੇਂਜ ਨਾਲ ਜੁੜੇ ਸੰਦੇਸ਼ ਮਿਲੇ। ਅੱਗੇ ਜਾਂਚ ਕਰਨ 'ਤੇ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਬਲਿਊ ਵ੍ਹੇਲ ਚੈਲੇਂਜ ਖੇਡ ਰਿਹਾ ਸੀ। 
ਗੌਰਤਲਬ ਹੈ ਕਿ 'ਬਲਿਊ ਵ੍ਹੇਲ ਚੈਲੇਂਜ' ਹੁਣ ਤਕ ਦੁਨੀਆ ਭਰ ਵਿਚ ਕਰੀਬ 200 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਇਸ ਗੇਮ 'ਚ ਇਕੱਲੇ ਰੂਸ ਵਿਚ ਹੀ 130 ਲੋਕਾਂ ਦੇ ਆਤਮ-ਹੱਤਿਆ ਕਰਨ ਦੀ ਗੱਲ ਕਹੀ ਜਾ ਰਹੀ ਹੈ। 
ਇਹ ਖਤਰਨਾਕ ਤਰ੍ਹਾਂ ਦੇ ਚੈਲੇਂਜ ਦੇਣ ਵਾਲੀ ਗੇਮ ਹੈ। ਇਸ ਖੇਡ ਵਿਚ ਵੱਖ-ਵੱਖ ਕੰਮ ਕਰਨ ਲਈ ਕਿਹਾ ਜਾਂਦਾ ਹੈ, ਜਿਵੇਂ ਕੋਈ ਡਰਾਉਣੀ ਫਿਲਮ ਦੇਖਣਾ ਤੇ ਕੋਈ ਜੋਖ਼ਮ ਭਰਿਆ ਕੰਮ ਕਰਨਾ। ਹਰ ਚੈਲੇਂਜ ਨੂੰ ਪੂਰਾ ਕਰਨ 'ਤੇ ਹੱਥ ਉੱਤੇ ਇਕ ਕੱਟ ਲਾਉਣ ਲਈ ਕਿਹਾ ਜਾਂਦਾ ਹੈ। ਚੈਲੇਂਜ ਪੂਰਾ ਹੁੰਦੇ-ਹੁੰਦੇ ਅਖੀਰ ਤਕ ਹੱਥ 'ਤੇ ਵ੍ਹੇਲ ਦੀ ਆਕ੍ਰਿਤੀ ਬਣਦੀ ਹੈ। ਇਸ ਖੇਡ ਦਾ ਆਖਰੀ ਟਾਸਕ ਆਤਮ-ਹੱਤਿਆ ਹੈ। 
'ਦਿ ਬਲਿਊ ਵ੍ਹੇਲ ਗੇਮ' ਨੂੰ ਰੂਸ ਦੇ 25 ਸਾਲਾ ਨੌਜਵਾਨ ਫਿਲਿਪ ਬੁਡੇਕਿਨ ਨੇ 2013 ਵਿਚ ਬਣਾਇਆ ਸੀ। ਰੂਸ ਵਿਚ ਇਸ ਗੇਮ 'ਚ ਸੁਸਾਈਡ ਦਾ ਪਹਿਲਾ ਕੇਸ 2015 ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਫਿਲਿਪ ਨੂੰ ਜੇਲ ਦੀ ਸਜ਼ਾ ਹੋ ਗਈ। 
ਹਾਲਾਂਕਿ ਫਿਲਿਪ ਦਾਅਵਾ ਕਰਦਾ ਹੈ ਕਿ ਇਹ ਗੇਮ ਸਮਾਜ ਦੀ ਸਫਾਈ ਲਈ ਹੈ ਕਿਉਂਕਿ ਖ਼ੁਦਕੁਸ਼ੀ ਕਰਨ ਵਾਲੇ 'ਬਾਇਓਲਾਜੀਕਲ ਵੇਸਟ' ਹੁੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿਚ ਰੂਸ ਵਿਚ ਹੀ ਇਕ 17 ਸਾਲਾ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਸ ਗੇਮ ਦੀ ਐਡਮਨਿਸਟ੍ਰੇਟਰ ਦੱਸੀ ਜਾਂਦੀ ਹੈ। 
ਪਰ ਚਿੰਤਾ ਦੀ ਗੱਲ ਇਹ ਹੈ ਕਿ ਨਿਰਾਸ਼ਾ ਅਤੇ ਤਣਾਅ ਨਾਲ ਗ੍ਰਸਤ ਬੱਚੇ ਇਸ ਗੇਮ ਵੱਲ ਆਕਰਸ਼ਿਤ ਹੁੰਦੇ ਚਲੇ ਜਾ ਰਹੇ ਹਨ।