ਆਪਣੀ ਤਬਾਹੀ ਅਤੇ ਬਰਬਾਦੀ ਦਾ ਮੰਜ਼ਰ ਦੇਖ ਖੂਨ ਦੇ ਹੰਝੂ ਵਹਾ ਰਹੀ ਦਿੱਲੀ

02/29/2020 1:41:41 AM

ਹੁਣ ਜਦਕਿ ਦਿੱਲੀ ਦੇ ਦੰਗਿਆਂ ਤੋਂ ਪੀੜਤ ਇਲਾਕਿਆਂ 'ਚ ਸਥਿਤੀ ਆਮ ਵਰਗੀ ਹੋਣ ਵੱਲ ਵਧ ਰਹੀ ਹੈ, ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਨਵੀਆਂ ਖਬਰਾਂ ਦੇ ਅਨੁਸਾਰ ਉੱਥੇ ਮੌਤਾਂ ਦਾ ਅੰਕੜਾ 43 ਤੱਕ ਪਹੁੰਚ ਗਿਆ ਹੈ, ਜਦਕਿ ਜ਼ਖ਼ਮੀਆਂ ਦੀ ਗਿਣਤੀ 200 ਤੋਂ ਵੱਧ ਦੱਸੀ ਜਾ ਰਹੀ ਹੈ।
ਦਿੱਲੀ ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਇਨ੍ਹਾਂ ਦੰਗਿਆਂ 'ਚ ਘੱਟੋ-ਘੱਟ 82 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ। ਹਰ ਤੀਸਰਾ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਅਤੇ ਇਕ ਵਿਅਕਤੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ।

ਪੁਲਸ ਨੂੰ ਹਿੰਸਾਗ੍ਰਸਤ ਇਲਾਕਿਆਂ 'ਚੋਂ 350 ਚੱਲੇ ਹੋਏ ਕਾਰਤੂਸਾਂ ਤੋਂ ਇਲਾਵਾ ਤਲਵਾਰਾਂ ਅਤੇ ਬੰਬ ਵੀ ਮਿਲੇ ਹਨ। ਜਿਥੇ ਅਨੇਕਾਂ ਲੋਕ ਲਾਪਤਾ ਹਨ, ਉੱਥੇ ਅਨੇਕਾਂ ਮ੍ਰਿਤਕਾਂ ਦੇ ਵਾਰਿਸ 4-4 ਦਿਨਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲਈ ਭਟਕ ਰਹੇ ਹਨ।

ਇਕ ਮੋਟੇ ਅੰਦਾਜ਼ੇ ਅਨੁਸਾਰ 24 ਤੋਂ 26 ਫਰਵਰੀ ਦੇ ਦਰਮਿਆਨ ਇਨ੍ਹਾਂ ਦੰਗਿਆਂ 'ਚ ਘੱਟੋ-ਘੱਟ 79 ਮਕਾਨ, 56 ਦੁਕਾਨਾਂ, 5 ਗੋਦਾਮ, 4 ਮਸਜਿਦਾਂ, 3 ਕਾਰਖਾਨੇ, 2 ਸਕੂਲ ਅਤੇ ਦੋਪਹੀਆਂ ਸਮੇਤ 500 ਤੋਂ ਵੱਧ ਵਾਹਨ ਸਾੜ ਦਿੱਤੇ ਗਏ। ਦਿੱਲੀ ਫਾਇਰ ਬ੍ਰਿਗੇਡ ਸੇਵਾਵਾਂ ਨੂੰ 24 ਤੋਂ 27 ਫਰਵਰੀ ਸਵੇਰੇ 8 ਵਜੇ ਤੱਕ ਲੁੱਟ-ਖੋਹ ਅਤੇ ਸਾੜ-ਫੂਕ ਤੋਂ ਬਚਾਅ ਲਈ 218 ਫੋਨ ਆਏ।

ਇਸ ਦਰਮਿਆਨ ਭਾਜਪਾ ਦੇ ਗੱਠਜੋੜ ਸਹਿਯੋਗੀ ਸ਼੍ਰੋਅਦ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਦੋਸ਼ ਲਾਇਆ ਹੈ ਕਿ ''ਮੈਂ ਪੁਲਸ ਨੂੰ ਘੱਟਗਿਣਤੀ ਭਾਈਚਾਰੇ ਦੇ 16 ਵਿਅਕਤੀਆਂ ਦੀ ਸਹਾਇਤਾ ਕਰਨ ਲਈ ਕਿਹਾ ਸੀ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਇਕ ਸੰਸਦ ਮੈਂਬਰ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਹੁੰਦੀ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਨਾਲ ਕੀ ਹੁੰਦਾ ਹੋਵੇਗਾ।''

27 ਫਰਵਰੀ ਨੂੰ ਦਿੱਲੀ ਹਾਈਕੋਰਟ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਦੇ ਵਿਰੁੱਧ ਨਫਰਤ ਵਾਲਾ ਭਾਸ਼ਣ ਦੇਣ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਵਾਲੀਆਂ ਅਨੇਕਾਂ ਰਿੱਟਾਂ ਦਾਇਰ ਕੀਤੀਆਂ ਗਈਆਂ।

ਦੂਜੇ ਪਾਸੇ ਭਾਜਪਾ ਦੀ ਗੱਠਜੋੜ ਸਹਿਯੋਗੀ ਲੋਜਪਾ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ (ਭੜਕਾਊ ਭਾਸ਼ਣ ਦੇਣ ਵਾਲੇ) ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ ਪ੍ਰਵੇਸ਼ ਵਰਮਾ ਵਿਰੁੱਧ ਵੱਡੀ ਕਾਰਵਾਈ ਕਰਨ ਦੀ ਭਾਜਪਾ ਨੇਤਾਵਾਂ ਨੂੰ ਅਪੀਲ ਕੀਤੀ ਹੈ ਪਰ ਨੇਤਾਵਾਂ ਦੀ ਬਿਆਨਬਾਜ਼ੀ ਅਜੇ ਵੀ ਲਗਾਤਾਰ ਜਾਰੀ ਹੈ।

ਫਿਲਹਾਲ ਇਨ੍ਹਾਂ ਦੰਗਿਆਂ 'ਚ ਜਿਥੇ 2 ਭਾਈਚਾਰਿਆਂ ਦੇ ਲੋਕ ਇਕ-ਦੂਸਰੇ ਦੇ ਖੂਨ ਦੇ ਪਿਆਸੇ ਹੋ ਰਹੇ ਸਨ, ਉੱਥੇ ਹੀ ਆਪਸੀ ਭਾਈਚਾਰੇ ਤੇ ਸਦਭਾਵਨਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਵਲੋਂ ਇਕ-ਦੂਸਰੇ ਦੀ ਰੱਖਿਆ ਕਰਨ ਦੀਆਂ ਵੀ ਉਦਾਹਰਣਾਂ ਵੇਖਣ ਨੂੰ ਮਿਲੀਆਂ ਹਨ। ਦੰਗਾਕਾਰੀ ਭੀੜ ਵਲੋਂ ਬ੍ਰਿਜਪੁਰੀ 'ਚ ਸਾੜੀ ਗਈ ਮਸਜਿਦ ਤੋਂ ਸਿਰਫ 100 ਮੀਟਰ ਦੂਰ ਇਕ ਮੰਦਰ ਦੀ ਮੁਸਲਮਾਨਾਂ ਨੇ ਹਿੰਦੂਆਂ ਨਾਲ ਰਲ ਕੇ ਰੱਖਿਆ ਕੀਤੀ।

ਅਨੇਕਾਂ ਮੁਸਲਮਾਨ ਪਰਿਵਾਰਾਂ ਨੇ ਹਿੰਦੂਆਂ ਦੇ ਘਰਾਂ 'ਚ ਪਨਾਹ ਲੈ ਕੇ ਜਾਨ ਬਚਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪੀੜਤਾਂ ਲਈ ਰਾਹਤ ਕੈਂਪ ਅਤੇ ਲੰਗਰ ਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਹੀ ਹੈ।

ਇਹ ਇਸ ਗੱਲ ਦਾ ਸਬੂਤ ਹੈ ਕਿ ਨਫਰਤਾਂ ਦੀਆਂ ਹਨੇਰੀਆਂ ਦੇ ਦਰਮਿਆਨ ਭਾਈਚਾਰੇ ਦੇ ਚਿਰਾਗ ਹਮੇਸ਼ਾ ਤੋਂ ਰੌਸ਼ਨ ਚੱਲੇ ਆ ਰਹੇ ਹਨ ਅਤੇ ਅੱਗੇ ਵੀ ਰੌਸ਼ਨ ਰਹਿਣਗੇ।

ਪਰ ਇਸ ਸਮੇਂ ਤਾਂ ਹਾਲਤ ਇਹ ਹੈ ਕਿ ਅੱਜ ਆਪਣੇ ਲਾਡਲਿਆਂ ਦੀ ਮੌਤ ਅਤੇ ਆਪਣੀ ਛਾਤੀ 'ਤੇ ਦਿੱਤੇ ਗਏ ਜ਼ਖਮਾਂ ਨਾਲ ਲਹੂ-ਲੁਹਾਨ ਦਿੱਲੀ ਆਪਣੀ ਤਬਾਹੀ ਅਤੇ ਬਰਬਾਦੀ ਦੇ ਮੰਜ਼ਰ ਦੇਖ ਕੇ ਖੂਨ ਦੇ ਹੰਝੂ ਵਹਾ ਰਹੀ ਹੈ ਅਤੇ ਜੇਕਰ ਬੋਲ ਸਕਦੀ ਤਾਂ ਸ਼ਾਇਦ ਇਹੀ ਕਹਿੰਦੀ :

ਖੂਨ-ਖਾਕ ਕਾ ਖੇਲ ਖੇਲਣੇ ਵਾਲੋ ਖੁਦ ਕੋ ਸੰਭਾਲੋ,
ਹੋ ਸਕੇ ਅਗਰ ਜੋ ਤੁਮਸੇ, ਤੋ ਮੁਝਕੋ ਬਚਾ ਲੋ।


                                                                                                —ਵਿਜੇ ਕੁਮਾਰ

KamalJeet Singh

This news is Content Editor KamalJeet Singh