ਹੁਣ ਹਵਾਈ ਸੇਵਾਵਾਂ ਰਾਹੀਂ ਸ਼ੁਰੂ ਹੋਇਆ ਹਵਾਲਾ ਕਾਰੋਬਾਰ

01/12/2018 7:57:33 AM

ਹਵਾਲਾ ਕਾਰੋਬਾਰ ਜਾਂ ਲੈਣ-ਦੇਣ ਪੈਸਾ ਟਰਾਂਸਫਰ ਕਰਨ ਦਾ ਅਜਿਹਾ ਤਰੀਕਾ ਹੈ, ਜਿਸ ਵਿਚ ਕਾਰੋਬਾਰੀ ਅਤੇ ਫੰਡ ਦੇਣ ਵਾਲੇ ਵਪਾਰੀ ਨਾਜਾਇਜ਼ ਢੰਗ ਨਾਲ ਆਪਣੇ ਕਾਲੇ ਧਨ ਨੂੰ ਚਿੱਟੇ ਧਨ ਵਿਚ ਬਦਲਦੇ ਹਨ। ਇਸ ਦੇ ਤਹਿਤ ਲੈਣ-ਦੇਣ 'ਚ ਗੈਰ-ਕਾਨੂੰਨੀ ਤੌਰ 'ਤੇ ਇਕ ਦੇਸ਼ ਤੋਂ ਦੂਜੇ ਦੇਸ਼ 'ਚ ਵਿਦੇਸ਼ੀ ਕਰੰਸੀ ਦਾ ਵਟਾਂਦਰਾ ਕੀਤਾ ਜਾਂਦਾ ਹੈ, ਭਾਵ ਵਿਦੇਸ਼ੀ ਕਰੰਸੀ ਦੀ ਇਕ ਥਾਂ ਤੋਂ ਦੂਜੀ ਥਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫਰ ਦਾ ਹੀ ਨਾਂ ਹਵਾਲਾ ਹੈ। ਇਹ ਵਿਦੇਸ਼ੀ ਕਰੰਸੀ ਰੈਗੂਲੇਟਰੀ ਐਕਟ (ਫੇਰਾ), ਮਨੀਲਾਂਡਰਿੰਗ ਤੇ ਵੱਖ-ਵੱਖ ਟੈਕਸ ਕਾਨੂੰਨਾਂ ਦੀ ਵੀ ਉਲੰਘਣਾ ਕਰਦਾ ਹੈ, ਇਸ ਲਈ ਇਸ ਕਾਰੋਬਾਰ ਨਾਲ ਸੰਬੰਧਤ ਵਿਅਕਤੀ ਤੋਂ ਪੈਸਾ ਲੈਣ ਦਾ ਅਰਥ ਹੈ ਨਾਜਾਇਜ਼ ਢੰਗ ਨਾਲ ਪ੍ਰਾਪਤ ਰਕਮ ਨੂੰ ਨਾਜਾਇਜ਼ ਢੰਗ ਨਾਲ ਲੈਣਾ। ਰਾਜਨੇਤਾਵਾਂ, ਅੱਤਵਾਦੀ ਸੰਗਠਨਾਂ ਅਤੇ ਵਪਾਰੀਆਂ ਲਈ ਕਾਲੇ ਧਨ ਨੂੰ ਚਿੱਟਾ ਕਰਨ ਤੇ ਕਾਲੀ ਕਮਾਈ ਵਿਦੇਸ਼ੀ ਬੈਂਕਾਂ 'ਚ ਜਮ੍ਹਾ ਕਰਵਾਉਣ ਦਾ ਇਹ ਸਭ ਤੋਂ ਢੁੱਕਵਾਂ ਜ਼ਰੀਆ ਹੈ। ਇਸੇ ਸਿਲਸਿਲੇ 'ਚ 7-8 ਜਨਵਰੀ ਦੀ ਰਾਤ ਨੂੰ ਕਾਰਵਾਈ ਦੌਰਾਨ ਜੈੱਟ ਏਅਰਵੇਜ਼ ਦੀ ਹਾਂਗਕਾਂਗ ਫਲਾਈਟ ਵਿਚ ਇਕ ਏਅਰ ਹੋਸਟੈੱਸ ਨੂੰ 4.80 ਲੱਖ ਅਮਰੀਕੀ ਡਾਲਰਾਂ ਨਾਲ ਫੜਿਆ ਗਿਆ। ਦੋਸ਼ ਹੈ ਕਿ ਉਹ ਇੰਟਰਨੈਸ਼ਨਲ ਹਵਾਲਾ ਰੈਕੇਟ ਵਿਚ ਸ਼ਾਮਿਲ ਹੈ। ਇਸ ਕਾਰਵਾਈ ਤੋਂ ਬਾਅਦ ਡੀ. ਆਰ. ਆਈ. (ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ) ਨੇ ਦਿੱਲੀ ਤੋਂ ਇਸ ਹਵਾਲਾ ਰੈਕੇਟ ਦੇ ਮਾਸਟਰਮਾਈਂਡ ਅਮਿਤ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ। ਡੀ. ਆਰ. ਆਈ. ਅਫਸਰਾਂ ਮੁਤਾਬਿਕ ਮਲਹੋਤਰਾ ਇਕ ਸਾਲ ਵਿਚ ਦਿੱਲੀ ਦੇ ਕਈ ਕਰੋੜਪਤੀਆਂ ਦਾ ਪੈਸਾ ਇਸੇ ਢੰਗ ਨਾਲ ਵਿਦੇਸ਼ ਭੇਜ ਚੁੱਕਾ ਹੈ। ਪਤਾ ਲੱਗਾ ਹੈ ਕਿ ਇਹੋ ਏਅਰ ਹੋਸਟੈੱਸ ਇਸ ਤੋਂ ਪਹਿਲਾਂ 9 ਵਾਰ ਇਸੇ ਤਰ੍ਹਾਂ ਅਮਰੀਕੀ ਡਾਲਰ ਹਾਂਗਕਾਂਗ ਲਿਜਾ ਚੁੱਕੀ ਹੈ। ਡਾਲਰ ਫੋਇਲ ਪੇਪਰ ਅੰਦਰ ਲੁਕੋ ਕੇ ਜਹਾਜ਼ ਤਕ ਲਿਜਾਏ ਜਾਂਦੇ ਸਨ ਤਾਂ ਕਿ ਐਕਸਰੇ ਸਕੈਨਰ ਮਸ਼ੀਨ ਵਿਚ ਇਨ੍ਹਾਂ ਦਾ ਪਤਾ ਨਾ ਲੱਗੇ। ਜੈੱਟ ਏਅਰਵੇਜ਼ ਨੇ ਦੋਸ਼ੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਧਨ ਦੀ ਨਾਜਾਇਜ਼ ਟਰਾਂਜ਼ੈਕਸ਼ਨ ਲਈ ਹਵਾਈ ਸੇਵਾਵਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਦਾ ਖੁਲਾਸਾ ਇਕ ਖਤਰਨਾਕ ਰੁਝਾਨ ਦਾ ਸੰਕੇਤ ਦਿੰਦਾ ਹੈ ਕਿਉਂਕਿ ਆਮ ਤੌਰ 'ਤੇ ਹਵਾਈ ਸੇਵਾਵਾਂ ਦੇ ਮੁਲਾਜ਼ਮ ਸੁਰੱਖਿਆ ਸੰਬੰਧੀ ਜਾਂਚ ਤੋਂ ਕਿਸੇ ਹੱਦ ਤਕ ਬਚ ਕੇ ਨਿਕਲ ਜਾਂਦੇ ਹਨ, ਲਿਹਾਜ਼ਾ ਹੁਣ ਇਸ ਮਾਮਲੇ ਵਿਚ ਜ਼ਿਆਦਾ ਚੌਕਸੀ ਵਰਤਣ ਅਤੇ ਜਹਾਜ਼ ਦੇ ਅਮਲੇ ਦੇ ਮੈਂਬਰਾਂ 'ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ।  
—ਵਿਜੇ ਕੁਮਾਰ