ਭਾਜਪਾ ਲੀਡਰਸ਼ਿਪ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲੈ ਕੇ ਉੱਠ ਰਹੀਆਂ ਆਵਾਜ਼ਾਂ ਨੂੰ ਸ਼ਾਂਤ ਕਰੇ

11/17/2017 3:09:19 AM

ਹਾਲਾਂਕਿ ਕੇਂਦਰ ਤੇ ਦੇਸ਼ ਦੇ ਲੱਗਭਗ ਡੇਢ ਦਰਜਨ ਸੂਬਿਆਂ 'ਚ ਸੱਤਾਧਾਰੀ ਭਾਜਪਾ ਆਪਣੇ ਅੰਦਰ ਸਭ ਠੀਕ ਹੋਣ ਦਾ ਦਾਅਵਾ ਕਰਦੀ ਹੈ ਪਰ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਪਾਰਟੀ ਵਿਚ ਉੱਠਣ ਵਾਲੀਆਂ ਅਸਹਿਮਤੀ ਦੀਆਂ ਆਵਾਜ਼ਾਂ ਕੁਝ ਹੋਰ ਹੀ ਕਹਾਣੀ ਕਹਿੰਦੀਆਂ ਹਨ :
28 ਸਤੰਬਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਟੀ. ਵੀ. 'ਤੇ ਕਿਹਾ ਕਿ ''ਜੀ. ਐੱਸ. ਟੀ. ਨੂੰ ਗਲਤ ਢੰਗ ਨਾਲ ਲਾਗੂ ਕੀਤਾ ਗਿਆ। ਇਸ ਨਾਲ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ। ਅਰਥਚਾਰੇ ਵਿਚ ਤਾਂ ਪਹਿਲਾਂ ਹੀ ਗਿਰਾਵਟ ਆ ਰਹੀ ਸੀ ਪਰ ਨੋਟਬੰਦੀ ਨੇ ਅੱਗ 'ਚ ਘਿਓ ਦਾ ਕੰਮ ਕੀਤਾ ਹੈ।''
ਭਾਜਪਾ ਦੇ ਸੰਸਦ ਮੈਂਬਰ ਸ਼ਿਆਮ ਚਰਨ ਗੁਪਤਾ ਨੇ ਹੁਣੇ ਜਿਹੇ ਵਿੱਤ ਮੰਤਰਾਲੇ ਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਕਿਹਾ ਕਿ ''ਨੋਟਬੰਦੀ ਨੇ ਗੈਰ-ਸੰਗਠਿਤ ਖੇਤਰ ਨੂੰ ਅਪਾਹਜ ਬਣਾ ਦਿੱਤਾ ਹੈ ਅਤੇ ਇਹ ਖੁਦਕੁਸ਼ੀਆਂ, ਬੇਰੋਜ਼ਗਾਰੀ ਲਈ ਜ਼ਿੰਮੇਵਾਰ ਹੈ।''
''ਕੀ ਅਧਿਕਾਰੀਆਂ ਨੇ ਨੋਟਬੰਦੀ ਕਾਰਨ ਗੈਰ-ਸੰਗਠਿਤ ਖੇਤਰਾਂ 'ਚ ਹੋਈਆਂ ਖ਼ੁਦਕੁਸ਼ੀਆਂ ਦੇ ਅੰਕੜੇ ਇਕੱਠੇ ਕੀਤੇ ਹਨ ਅਤੇ ਕੀ ਇਹ ਮਹਿਸੂਸ ਕੀਤਾ ਹੈ ਕਿ ਗੈਰ-ਸੰਗਠਿਤ ਖੇਤਰ ਵਿਚ ਸਥਿਤੀ ਕਿੰਨੀ ਖਰਾਬ ਹੋ ਗਈ ਹੈ, ਜਿੱਥੇ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ?''
ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨੇ 4 ਅਕਤੂਬਰ ਨੂੰ ਨੋਟਬੰਦੀ ਨੂੰ 'ਮਨੀਲਾਂਡਰਿੰਗ ਸਕੈਮ' ਦੱਸਿਆ ਤੇ ਕਿਹਾ ਕਿ ''ਇਸ ਦੇ ਜ਼ਰੀਏ ਵੱਡੇ ਪੱਧਰ 'ਤੇ ਬਲੈਕ ਮਨੀ ਨੂੰ ਵ੍ਹਾਈਟ ਕੀਤਾ ਗਿਆ ਹੈ।''
ਅਰੁਣ ਸ਼ੋਰੀ ਨੇ ਜੀ. ਐੱਸ. ਟੀ. ਲਾਗੂ ਕਰਨ ਨੂੰ ਨਾ-ਸਮਝੀ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ''ਇਸ ਵਿਚ ਬਹੁਤ ਤਰੁਟੀਆਂ ਹਨ। ਇਹੋ ਵਜ੍ਹਾ ਹੈ ਕਿ ਸਰਕਾਰ ਨੂੰ ਕਈ ਵਾਰ ਇਸ ਦੇ ਨਿਯਮਾਂ ਵਿਚ ਤਬਦੀਲੀ ਕਰਨੀ ਪਈ। ਜੀ. ਐੱਸ. ਟੀ. ਨਾਲ ਕਾਰੋਬਾਰ 'ਤੇ ਸੰਕਟ ਆਇਆ ਹੈ ਅਤੇ ਲੋਕਾਂ ਦੀ ਆਮਦਨ ਘਟੀ ਹੈ। ਇਸ ਸਮੇਂ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜੋ ਜੀ. ਐੱਸ. ਟੀ. ਕਾਰਨ ਹੀ ਪੈਦਾ ਹੋਇਆ ਹੈ।''
12 ਨਵੰਬਰ ਨੂੰ ਅਭਿਨੇਤਾ-ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ''ਮੋਦੀ ਸਰਕਾਰ ਮੀਡੀਆ ਨੂੰ ਪ੍ਰਭਾਵਿਤ ਕਰਨ ਅਤੇ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗਰੀਬਾਂ, ਮੱਧ ਵਰਗ, ਵਪਾਰੀਆਂ ਨੂੰ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੋਣ ਵਾਲੀ ਪੀੜਾ ਅਤੇ ਹਫੜਾ-ਦਫੜੀ ਵਾਲੀ ਸਥਿਤੀ 'ਤੇ ਪਰਦਾ ਪਾਉਣ ਅਤੇ ਮੀਡੀਆ ਨੂੰ ਪ੍ਰਭਾਵਿਤ ਕਰਨ ਦੀ ਅਸੀਂ ਚਾਹੇ ਕਿੰਨੀ ਵੀ ਕੋਸ਼ਿਸ਼ ਕਰੀਏ, ਇਹ ਇਕ ਭਖਦਾ ਮੁੱਦਾ ਹੈ।''
ਉਨ੍ਹਾਂ ਕਿਹਾ, ''ਜੇ ਇਕ ਵਕੀਲ ਸਾਡੇ ਅਰਥਚਾਰੇ ਬਾਰੇ ਇੰਨਾ ਕੁਝ ਬੋਲ ਸਕਦਾ ਹੈ ਤੇ ਇਕ ਟੀ. ਵੀ. ਅਭਿਨੇਤਰੀ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰੀ ਬਣ ਸਕਦੀ ਹੈ ਤਾਂ ਮੈਂ ਅਜਿਹੇ ਮੁੱਦਿਆਂ 'ਤੇ ਕਿਉਂ ਨਹੀਂ ਬੋਲ ਸਕਦਾ? ਜੇ ਇਕ ਚਾਹ ਵੇਚਣ ਵਾਲਾ ਦੇਸ਼ ਦਾ 'ਉਹ' (ਕੁਝ) ਬਣ ਸਕਦਾ ਹੈ ਤਾਂ ਮੈਂ ਆਪਣੀ ਪਸੰਦ ਦੇ ਵਿਸ਼ੇ 'ਤੇ ਕਿਉਂ ਨਾ ਬੋਲਾਂ?''
ਉਨ੍ਹਾਂ ਨੇ ਸਰਕਾਰ ਵਲੋਂ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ''ਜੇਕਰ ਲੋਕ ਖੁਸ਼ ਹੁੰਦੇ ਤਾਂ ਉਹ ਵੀ ਇਸ ਦਾ ਜਸ਼ਨ ਮਨਾਉਂਦੇ।''
14 ਨਵੰਬਰ ਨੂੰ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਫਿਰ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ  ਨੂੰ ਉਹ ਗੁਜਰਾਤ 'ਤੇ ਬੋਝ ਮੰਨਦੇ ਹਨ ਅਤੇ ਜੀ. ਐੱਸ. ਟੀ. ਨੂੰ ਲਾਗੂ ਕਰਨ ਵਿਚ ਗੜਬੜ ਤੇ ਇਸ ਮਾਮਲੇ ਵਿਚ 'ਚਿੱਤ ਮੈਂ ਜਿੱਤਿਆ, ਪਟ ਤੂੰ ਹਾਰਿਆ' ਦੀ ਤਰਜ਼ 'ਤੇ ਸਲੂਕ ਕਰ ਰਹੇ ਇਸ ਮੰਤਰੀ ਤੋਂ ਕੁਰਸੀ ਛੱਡਣ ਦੀ ਮੰਗ ਨੂੰ ਲੋਕਾਂ ਦਾ ਜਾਇਜ਼ ਹੱਕ ਮੰਨਦੇ ਹਨ। 
ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਦੇ ਅਰਥਚਾਰੇ ਨੂੰ 3.75 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 14ਵੀਂ ਸਦੀ ਦੇ ਦਿੱਲੀ ਦੇ ਸੁਲਤਾਨ ਮੁਹੰਮਦ ਤੁਗਲਕ ਨਾਲ ਕਰਦਿਆਂ ਉਨ੍ਹਾਂ ਕਿਹਾ :
''ਬਹੁਤ ਸਾਰੇ ਅਜਿਹੇ ਸ਼ਹਿਨਸ਼ਾਹ ਹੋਏ ਹਨ, ਜੋ ਆਪਣੀ ਮੁਦਰਾ (ਕਰੰਸੀ) ਲੈ ਕੇ ਆਏ। ਕੁਝ ਨੇ ਨਵੀਂ ਮੁਦਰਾ ਨੂੰ ਚਲਨ ਵਿਚ ਲਿਆਉਣ ਦੇ ਨਾਲ-ਨਾਲ ਪਹਿਲਾਂ ਵਾਲੀ ਮੁਦਰਾ ਦਾ ਚਲਨ ਵੀ ਜਾਰੀ ਰੱਖਿਆ ਪਰ 700 ਸਾਲ ਪਹਿਲਾਂ ਇਕ ਸ਼ਹਿਨਸ਼ਾਹ ਮੁਹੰਮਦ-ਬਿਨ-ਤੁਗਲਕ ਸੀ, ਜੋ ਨਵੀਂ ਮੁਦਰਾ ਲੈ ਕੇ ਆਇਆ ਤੇ ਪੁਰਾਣੀ ਮੁਦਰਾ ਦੇ ਚਲਨ ਨੂੰ ਖਤਮ ਕਰ ਦਿੱਤਾ।''
ਕਾਂਗਰਸ ਨੂੰ ਹਾਸ਼ੀਏ 'ਤੇ ਪਹੁੰਚਾ ਕੇ ਇਸ ਸਮੇਂ ਭਾਜਪਾ ਦੇਸ਼ ਦੀ ਮੋਹਰੀ ਸਿਆਸੀ ਪਾਰਟੀ ਬਣ ਚੁੱਕੀ ਹੈ ਤੇ ਆਪਣਾ ਦਾਇਰਾ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਪਾਰਟੀ ਅੰਦਰੋਂ ਉੱਠਣ ਵਾਲੇ ਅਸਹਿਮਤੀ ਦੇ ਸੁਰਾਂ ਨੂੰ ਦਬਾਉਣਾ ਕਿਸੇ ਵੀ ਨਜ਼ਰੀਏ ਤੋਂ ਜਾਇਜ਼ ਨਹੀਂ ਕਿਹਾ ਜਾ ਸਕਦਾ। 
ਆਖਿਰ ਇਹ ਲੋਕ ਵੀ ਪਾਰਟੀ ਦੇ ਵੱਕਾਰੀ ਅਤੇ ਨਾਮਜ਼ਦ ਨੁਮਾਇੰਦੇ ਹਨ ਤੇ ਇਨ੍ਹਾਂ ਦਾ ਵੀ ਜਨ-ਆਧਾਰ ਹੈ। ਇਸ ਲਈ ਜੇਕਰ ਪਾਰਟੀ ਲੀਡਰਸ਼ਿਪ ਆਪਣੇ ਨਾਰਾਜ਼ ਸਾਥੀਆਂ ਦੇ ਗਿਲੇ-ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਤਾਂ ਇਸ ਨਾਲ ਜਿੱਥੇ ਪਾਰਟੀ ਮਜ਼ਬੂਤ ਹੋਵੇਗੀ, ਉਥੇ ਹੀ ਆਉਣ ਵਾਲੇ ਸਮੇਂ ਵਿਚ ਇਹ ਚੰਗਾ ਪ੍ਰਦਰਸ਼ਨ ਵੀ ਕਰ ਸਕੇਗੀ।                                         —ਵਿਜੇ ਕੁਮਾਰ