‘ਭਾਜਪਾ ਦਾ ਮਹਾਰਾਸ਼ਟਰ ਸਰਕਾਰ ਦੇ ਵਿਰੁੱਧ ਮਹਾਸੰਗ੍ਰਾਮ’ ‘ਮੰਦਿਰ ਨਾ ਖੋਲ੍ਹਣ ’ਤੇ ਜਬਰੀ ਦਾਖਲੇ ਦੀ ਧਮਕੀ’

10/14/2020 3:34:13 AM

ਇਸ ਸਮੇਂ ਜਦਕਿ ਦੇਸ਼ ’ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੈ, ਵੱਖ-ਵੱਖ ਧਰਮ ਸਥਾਨਾਂ ਨੂੰ ਖੋਲ੍ਹਣ ਦੀ ਦਿਸ਼ਾ ’ਚ ਵੱਖ-ਵੱਖ ਸੂਬਾ ਸਰਕਾਰਾਂ ਅਤੇ ਮੰਦਿਰ ਕਮੇਟੀਅਾਂ ਆਪਣੇ ਸੂਬਿਅਾਂ ’ਚ ਕੋਰੋਨਾ ਦੀ ਹਾਲਤ ਨੂੰ ਦੇਖਦੇ ਹੋਏ ਕੁਝ ਪਾਬੰਦੀਅਾਂ ਦੇ ਨਾਲ ਧਰਮ ਸਥਾਨ ਖੋਲ੍ਹਣ ਜਾਂ ਨਾ ਖੋਲ੍ਹਣ ਦਾ ਫੈਸਲਾ ਲੈ ਰਹੀਅਾਂ ਹਨ, ਜਿਸ ਦੀਅਾਂ ਕੁਝ ਉਦਾਹਰਣਾਂ ਹੇਠ ਲਿਖੀਅਾਂ ਹਨ :

* ਵ੍ਰਿੰਦਾਵਨ ਸਥਿਤ ਠਾਕੁਰ ਬਾਂਕੇ ਬਿਹਾਰੀ ਮੰਦਿਰ ਦੇ ਦੁਆਰ ਬਦਲੀ ਹੋਈ ਵਿਵਸਥਾ ਦੇ ਨਾਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਮੰਦਿਰ ’ਚ ਸਿਰਫ ਇਕ ਹੀ ਦੁਆਰ ਰਾਹੀਂ ਦਾਖਲਾ ਹੋਵੇਗੇ ਅਤੇ ਸੈਨੇਟਾਈਜ਼ਰ ਦੀ ਟਨਲ ’ਚੋਂ ਹੀ ਲੰਘ ਕੇ ਭਗਤ ਦਾਖਲ ਹੋ ਸਕਣਗੇ।

* ਲਗਭਗ 6 ਮਹੀਨੇ ਤੋਂ ਬੰਦ ਵਾਰਾਣਸੀ ਦਾ ਪ੍ਰਸਿੱਧ ਸੰਕਟ ਮੋਚਨ ਮੰਦਿਰ ਕੁਝ ਸ਼ਰਤਾਂ ਦੇ ਨਾਲ ਖੋਲ੍ਹਿਆ ਗਿਆ ਹੈ। ਦਰਸ਼ਨਾਂ ਲਈ ਭਗਤਾਂ ਨੂੰ ਮਾਸਕ ਲਗਾਉਣਾ ਪਵੇਗਾ ਅਤੇ ਸੈਨੇਟਾਈਜ਼ਰ ਟਨਲ ’ਚੋਂ ਲੰਘ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦਰਸ਼ਨ ਕਰਨੇ ਪੈਣਗੇ। ਮਾਲਾ, ਫੁੱਲ, ਪ੍ਰਸ਼ਾਦ ਆਦਿ ਲਿਜਾਣ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

* ਇਹੀ ਨਹੀਂ, ਦੇਸ਼ ਦੇ ਵੱਖ-ਵੱਖ ਹਿੱਸਿਅਾਂ ’ਚ ਇਸ ਸਾਲ ਦੁਸਹਿਰੇ ਦਾ ਤਿਉਹਾਰ ਸੰਕੇਤਕ ਤੌਰ ’ਤੇ ਹੀ ਮਨਾਉਣ ਅਤੇ ਰਾਵਣ ਸਾੜਨ ਲਈ ਪੁਤਲੇ ਵੀ ਅਤਿ ਛੋਟੇ ਆਕਾਰ ਦੇ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਗੁਰੂਗ੍ਰਾਮ ’ਚ ਜ਼ਿਆਦਾਤਰ ਰਾਮਲੀਲਾ ਕਮੇਟੀਅਾਂ ਨੇ ਮੰਚਨ ਕਰਵਾਉਣ ਦਾ ਫੈਸਲਾ ਤਾਂ ਲਿਆ ਹੈ ਪਰ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਨਹੀਂ ਮਨਾਇਆ ਜਾਵੇਗਾ ਅਤੇ ਨਾ ਹੀ ਸ਼ਹਿਰ ਦੀਆਂ ਜ਼ਿਆਦਾਤਰ ਰਾਮਲੀਲਾ ਕਮੇਟੀਅਾਂ ਇਸ ਵਾਰ ਦੁਸਹਿਰੇ ਦੇ ਮੌਕੇ ’ਤੇ ਝਾਕੀਅਾਂ ਕੱਢਣਗੀਅਾਂ।

* ਹਿਮਾਚਲ ਦਾ ਵਿਸ਼ਵ ਪ੍ਰਸਿੱਧ ਕੁੱਲੂ ਦੁਸਹਿਰਾ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਨਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਵਾਰ ਮੇਲੇ ’ਚ ਹਜ਼ਾਰਾਂ ਲੋਕ ਰੱਥ ਨੂੰ ਨਹੀਂ ਖਿੱਚ ਸਕਣਗੇ ਅਤੇ ਸਿਰਫ 200 ਲੋਕ ਹੀ ਸ਼ਾਮਲ ਹੋ ਸਕਣਗੇ।

ਹਾਲਾਂਕਿ ਪੂਰੇ 7 ਦਿਨ ਭਗਵਾਨ ਰਘੂਨਾਥ ਜੀ ਦੀ ਪ੍ਰੰਪਰਾ ਦੀ ਪਾਲਣਾ ਹੋਵੇਗੀ ਪਰ ਢਾਲਪੁਰ ਮੈਦਾਨ ’ਚ ਕੋਈ ਵਪਾਰ ਨਹੀਂ ਹੋਵੇਗਾ ਅਤੇ ਨਾ ਹੀ ਦੁਕਾਨਾਂ ਲੱਗਣਗੀਅਾਂ।

* ਬੰਗਾਲ ’ਚ ਵੀ ਦੁਰਗਾ ਪੂਜਾ ’ਤੇ ਸੁਰੱਖਿਆ ਮਾਪਦੰਡਾਂ ਦੇ ਨਾਲ ਸੀਮਿਤ ਸ਼ਰਧਾਲੂਅਾਂ ਦੀ ਐਂਟਰੀ ਅਤੇ ਆਯੋਜਨ ਦੀ ਇਜਾਜ਼ਤ ਦਿੱਤੀ ਗਈ ਹੈ।

* ਰਾਜਸਥਾਨ ਦੇ ਉਦੇਪੁਰ ’ਚ ਵੀ ਮਸ਼ਹੂਰ 15 ਦਿਨਾ ਦੀਵਾਲੀ, ਦੁਸਹਿਰਾ ਮੇਲਾ ਇਸ ਵਾਰ ਆਯੋਜਿਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

* ਗੁਜਰਾਤ ’ਚ ਮਨਾਏ ਜਾਣ ਵਾਲੇ ਨਰਾਤਿਅਾਂ ਦੇ ਤਿਉਹਾਰ ਦੌਰਾਨ ਸੂਬੇ ’ਚ ਕੋਰੋਨਾ ਮਹਾਮਾਰੀ ਦੇ ਚੱਲਦਿਅਾਂ ਗਰਬਾ ਪ੍ਰੋਗਰਾਮ ਦੇ ਆਯੋਜਨ ’ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦੁਰਗਾ ਮਾਂ ਦੀ ਸਮੂਹਿਕ ਪੂਜਾ ਦੀ ਇਜਾਜ਼ਤ ਦੇਵੇਗੀ ਪਰ ਇਸ ’ਚ ਸ਼ਾਮਲ ਸ਼ਰਧਾਲੂਅਾਂ ਦੀ ਗਿਣਤੀ 200 ਤੋਂ ਵੱਧ ਨਹੀਂ ਹੋਵੇਗੀ।

ਇਹੀ ਨਹੀਂ ਗੁਜਰਾਤ ਸਰਕਾਰ ਨੇ ਨਰਾਤਿਅਾਂ ਤੋਂ ਦੀਵਾਲੀ ਤੱਕ ਰਾਵਣ ਦਾ ਪੁਤਲਾ ਸਾੜਨ, ਰਾਮਲੀਲਾ ਰੈਲੀ ਕੱਢਣ, ਮੇਲਾ ਪ੍ਰਦਰਸ਼ਨੀ ਦੇ ਆਯੋਜਨ ’ਤੇ ਰੋਕ ਲਗਾ ਦਿੱਤੀ ਹੈ।

* ਦਿੱਲੀ ’ਚ ‘ਦਿੱਲੀ ਆਫਤ ਪ੍ਰਬੰਧਨ ਅਥਾਰਟੀ’ ਨੇ ਸਖਤ ਸ਼ਰਤਾਂ ਦੇ ਨਾਲ ਰਾਮਲੀਲਾ ਦਾ ਆਯੋਜਨ ਕਰਨ ਅਤੇ ਦੁਰਗਾ ਪੂਜਾ ਮਨਾਉਣ ਲਈ ਪੰਡਾਲ ਲਗਾਉਣ ਦੀ ਇਜਾਜ਼ਤ ਦਿੱਤੀ ਹੈ, ਜਿਸ ’ਚ ਮੇਲਾ, ਝੂਲਾ ਅਤੇ ਭੋਜਨ ਦੇ ਸਟਾਲ ਨਹੀਂ ਲੱਗਣਗੇ। ਆਯੋਜਕਾਂ ਨੂੰ ਤੈਅ ਮਾਪਦੰਡਾਂ ਦੇ ਅਨੁਸਾਰ ਪੂਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਵਾਉਣੀ ਪਵੇਗੀ।

* ਗੁਹਾਟੀ ’ਚ ਪ੍ਰਸਿੱਧ ਕਾਮਾਖਿਆ ਮੰਦਿਰ ਸ਼ਰਧਾਲੂਅਾਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਮੰਦਿਰ ਦਾ ਗਰਭ-ਗ੍ਰਹਿ ਬੰਦ ਰਹੇਗਾ, ਉਹ ਸਿਰਫ ਪਰਿਕਰਮਾ ਕਰ ਸਕਣਗੇ ਅਤੇ ਮੰਦਿਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਪੂਜਾ ਕਰ ਸਕਣਗੇ।

* ਇਸ ਤਰ੍ਹਾਂ ਦੇ ਹਾਲਾਤ ’ਚ ਹੁਣ 13 ਅਕਤੂਬਰ ਨੂੰ ਮਹਾਰਾਸ਼ਟਰ ’ਚ ਭਾਜਪਾ ਨੇ ਸੂਬੇ ’ਚ ਲਾਕਡਾਊਨ ਕਾਰਨ ਬੰਦ ਪਏ ਸਾਰੇ ਮੰਦਿਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਮੰਗ ਕਰਦੇ ਹੋਏ ਊਧਵ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸਿੱਧੀਵਿਨਾਇਕ ਮੰਦਿਰ ਤੋਂ ਇਲਾਵਾ ਸ਼ਿਰਡੀ ਸਾਈਂ ਬਾਬਾ ਮੰਦਿਰ ਦੇ ਬਾਹਰ ਵੀ ਭਾਰੀ ਪ੍ਰਦਰਸ਼ਨ ਕੀਤਾ ਹੈ।

ਭਾਜਪਾ ਨੇਤਾ ਪ੍ਰਸਾਦ ਲਾਡ ਨੇ ਇਥੋਂ ਤੱਕ ਧਮਕੀ ਦੇ ਦਿੱਤੀ ਕਿ, ‘‘ਜੇਕਰ ਸਾਨੂੰ ਪ੍ਰਸ਼ਾਸਨ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਅਸੀਂ ਮੰਦਿਰ ’ਚ ਜ਼ਬਰਦਸਤੀ ਦਾਖਲ ਹੋਵਾਂਗੇ। ਇਹ ਅੰਦੋਲਨ ਪੂਰੇ ਮਹਾਰਾਸ਼ਟਰ ’ਚ ਚੱਲੇਗਾ। ਅਸੀਂ ਚਾਹੁੰਦੇ ਹਾਂ ਕਿ ਸੂਬੇ ਦੇ ਸਾਰੇ ਮੰਦਿਰ ਛੇਤੀ ਤੋਂ ਛੇਤੀ ਫਿਰ ਖੋਲ੍ਹੇ ਜਾਣੇ ਚਾਹੀਦੇ ਹਨ।’’

ਇਸ ਦਰਮਿਆਨ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਵੀ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਪੂਜਾ ਲਈ ਮੰਦਿਰ ਫਿਰ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਊਧਵ ਠਾਕਰੇ ’ਤੇ ਤੰਜ ਕਰਦੇ ਹੋਏ ਇਥੋਂ ਤੱਕ ਕਹਿ ਦਿੱਤਾ ਹੈ : ‘‘ਮੈਨੂੰ ਹੈਰਾਨੀ ਹੈ ਕਿ ਕੀ ਤੁਹਾਨੂੰ ਕੋਈ ਚਮਤਕਾਰੀ ਇਸ਼ਾਰਾ ਹੋ ਰਿਹਾ ਹੈ ਜਿਸ ਨਾਲ ਤੁਸੀਂ ਮੰਦਿਰ ਖੋਲ੍ਹਣ ਦੇ ਫੈਸਲੇ ਨੂੰ ਟਾਲਦੇ ਜਾ ਰਹੇ ਹੋ ਜਾਂ ਫਿਰ ਜਿਸ ਸ਼ਬਦ ਤੋਂ ਤੁਸੀਂ ਨਫਰਤ ਕਰਦੇ ਸੀ, ਤੁਸੀਂ ਅਚਾਨਕ ਸੈਕੁਲਰ ਹੋ ਗਏ ਹੋ।’’

ਇਸ ਦੇ ਜਵਾਬ ’ਚ ਊਧਵ ਠਾਕਰੇ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ, ‘‘ਜਿਸ ਤਰ੍ਹਾਂ ਨਾਲ ਇਕਦਮ ਲਾਕਡਾਊਨ ਲਗਾਉਣਾ ਸਹੀ ਫੈਸਲਾ ਨਹੀਂ ਸੀ, ਉਸੇ ਤਰ੍ਹਾਂ ਸਾਰੀਅਾਂ ਪਾਬੰਦੀਅਾਂ ਨੂੰ ਇਕਦਮ ਨਾਲ ਖਤਮ ਕਰ ਦੇਣਾ ਵੀ ਸਹੀ ਨਹੀਂ ਹੈ ਅਤੇ ਹਾਂ, ਮੈਂ ਹਿੰਦੂਤਵ ਦੀ ਪਾਲਣਾ ਕਰਦਾ ਹਾਂ ਅਤੇ ਮੇਰੇ ਹਿੰਦੂਤਵ ਨੂੰ ਤੁਹਾਡੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੈ।’’

ਉਕਤ ਘਟਨਾਕ੍ਰਮ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਹੁਣ ਜਦਕਿ ਦੇਸ਼ ’ਚ ਮੋਟੇ ਤੌਰ ’ਤੇ ਭਾਜਪਾ ਦਾ ਰਾਜ ਹੈ ਅਤੇ ਇਸ ਨੇ ਸੂਬਾ ਸਰਕਾਰਾਂ ਨੂੰ ਕੋਰੋਨਾ ਮਹਾਮਾਰੀ ਨਾਲ ਆਪਣੇ-ਆਪਣੇ ਢੰਗ ਨਾਲ ਨਜਿੱਠਣ ਲਈ ਛੋਟ ਦਿੱਤੀ ਹੋਈ ਹੈ, ਮਹਾਰਾਸ਼ਟਰ ਭਾਜਪਾ ਵਲੋਂ ਸੂਬੇ ਦੇ ਮੰਦਿਰ ਖੋਲ੍ਹਣ ਲਈ ਊਧਵ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨਾ ਸਹੀ ਨਹੀਂ ਕਿਹਾ ਜਾ ਸਕਦਾ।

ਇਸੇ ਤਰ੍ਹਾਂ ਰਾਜਪਾਲ ਡਾ. ਭਗਤ ਸਿੰਘ ਕੋਸ਼ਿਆਰੀ ਵਲੋਂ ਇਸੇ ਮੁੱਦੇ ਨੂੰ ਲੈ ਕੇ ਊਧਵ ਠਾਕਰੇ ਸਰਕਾਰ ’ਤੇ ਤੰਜ ਕਰਨਾ ਬਿਲਕੁਲ ਸਹੀ ਨਹੀਂ ਲੱਗਦਾ ਕਿਉਂਕਿ ਰਾਜਪਾਲ ਤਾਂ ਪਾਰਟੀ ਪ੍ਰਤੀਬੱਧਤਾਵਾਂ ਤੋਂ ਉੱਪਰ ਹੁੰਦਾ ਹੈ ਅਤੇ ਸਾਰਿਅਾਂ ਦਾ ਸਾਂਝਾ ਹੁੰਦਾ ਹੈ।

ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਰੂਪ ’ਚ ਆਪਣੀ ਪਛਾਣ ਬਣਾ ਚੁੱਕੀ ਹੈ, ਇਸ ਲਈ ਇਸ ਦੇ ਨੇਤਾਵਾਂ ਨੂੰ ਛੋਟੇ-ਛੋਟੇ ਮੁੱਦਿਅਾ ’ਤੇ ਸੌੜੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ’ਚ ਸਾਰਿਅਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਗੈਰ-ਜ਼ਰੂਰੀ ਵਿਵਾਦ ਪੈਦਾ ਨਾ ਹੋਣ ਅਤੇ ਇਸ ਦੀਅਾਂ ਨੀਤੀਅਾਂ ਨੂੰ ਲੈ ਕੇ ਲੋਕਾਂ ’ਚ ਨਾਰਾਜ਼ਗੀ ਵੀ ਨਾ ਹੋਵੇ।

–ਵਿਜੇ ਕੁਮਾਰ

Bharat Thapa

This news is Content Editor Bharat Thapa