ਭਾਰਤ ਦੀ ਵੇਖਾਵੇਖੀ ਬਿਲਾਵਲ ਭੁੱਟੋ ਨੇ ਕੀਤਾ ਮੁਫਤ ਬਿਜਲੀ, ਪੱਧਰੀ ਸਿੱਖਿਆ ਅਤੇ ਆਮਦਨ ਦੁੱਗਣੀ ਕਰਨ ਦਾ ਵਾਅਦਾ

01/06/2024 6:23:35 AM

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਲਾਲਚਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ। ਭਾਰਤ ’ਚ ਇਸ ਦੀ ਸ਼ੁਰੂਆਤ ਤਮਿਲਨਾਡੂ ਦੀ ਸਵ. ਮੁੱਖ ਮੰਤਰੀ ਜੈਲਲਿਤਾ ਨੇ ਕੀਤੀ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਹਰ ਆਉਣ ਵਾਲੀ ਚੋਣ ਦੇ ਨਾਲ ਸਭ ਸੂਬਿਆਂ ’ਚ ਫੈਲ ਗਿਆ ਹੈ।

ਦੇਸ਼ ’ਚ ਮੁਫਤ ਬਿਜਲੀ ਸਭ ਤੋਂ ਪਹਿਲਾਂ ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਾਲੀ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਸੀ, ਜਿਸ ਪਿੱਛੋਂ ਕਈ ਸੂਬਿਆਂ ਦੀਆਂ ਸਰਕਾਰਾਂ ਬਿਜਲੀ ਬਿੱਲਾਂ ’ਚ ਸੌ ਫੀਸਦੀ ਜਾਂ ਅੰਸ਼ਿਕ ਛੋਟ ਦੇ ਰਹੀਆਂ ਹਨ। ਹੁਣ ਗੁਆਂਢੀ ਸ਼੍ਰੀਲੰਕਾ ਪਿੱਛੋਂ ਪਾਕਿਸਤਾਨ ’ਚ ਵੀ ਇਹ ਸਭ ਸ਼ੁਰੂ ਹੋਣ ਲੱਗਾ ਹੈ।

ਪਾਕਿਸਤਾਨ ’ਚ ਆਉਂਦੀ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ‘ਪਾਕਿਸਤਾਨ ਪੀਪਲਜ਼ ਪਾਰਟੀ’ ਨੇ ਚੋਣਾਂ ’ਚ ਜਿੱਤਣ ’ਤੇ ਬਿਲਾਵਲ ਭੁੱਟੋ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਬਿਲਾਵਲ ਭੁੱਟੋ ਨੇ ਲਾਹੌਰ (ਐੱਨ. ਏ. 127) ਖੇਤਰ ’ਚੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਿੱਛੋਂ ਪਾਰਟੀ ਦੇ ਮੈਨੀਫੈਸਟੋ ’ਚ ਪਾਕਿਸਤਾਨ ਦੇ ਲੋਕਾਂ ਨਾਲ ਕਈ ਲੋਕ ਲੁਭਾਉਣੇ ਵਾਅਦੇ ਕੀਤੇ ਹਨ।

ਇਨ੍ਹਾਂ ’ਚ ਵਾਂਝੇ ਵਰਗ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣਾ, ਹਰ ਜ਼ਿਲੇ ’ਚ ਹਰਿਤ ਊਰਜਾ ਪਾਰਕ ਬਣਾਉਣੇ, ਬੱਚਿਆਂ ਨੂੰ ਮੁਫਤ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰਨੀ, 5 ਸਾਲਾਂ ’ਚ ਪਾਕਿਸਤਾਨ ਦੇ ਲੋਕਾਂ ਦੀ ਆਮਦਨ ਦੁੱਗਣੀ ਕਰਨੀ, 30 ਲੱਖ ਮਕਾਨਾਂ ਦੀ ਉਸਾਰੀ ਅਤੇ ‘ਭੁੱਖ ਮਿਟਾਓ’ ਪ੍ਰੋਗਰਾਮ ਸ਼ੁਰੂ ਕਰਨਾ ਆਦਿ ਸ਼ਾਮਲ ਹੈ।

ਇਸ ਸਮੇਂ ਤਾਂ ਪਾਕਿਸਤਾਨ ’ਚ ਮਹਿੰਗਾਈ ਕਾਰਨ ਹਾਹਾਕਾਰ ਮਚੀ ਹੋਈ ਹੈ। ਆਟਾ ਅਤੇ ਚੌਲ ਵਰਗੀਆਂ ਜ਼ਿੰਦਗੀ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ 76 ਤੋਂ 88 ਫੀਸਦੀ ਤੱਕ ਵਾਧਾ ਹੋ ਿਗਆ ਹੈ ਅਤੇ ਲੋਕ ਅਨਾਜ ਦੇ ਦਾਣੇ-ਦਾਣੇ ਨੂੰ ਤਰਸ ਰਹੇ ਹਨ।

ਭਾਰੀ ਮਹਿੰਗਾਈ ਅਤੇ ਆਰਥਿਕ ਕੰਗਾਲੀ ਦੇ ਸ਼ਿਕਾਰ ਪਾਕਿਸਤਾਨ ’ਚ ਆਪਣੀ ਜਿੱਤ ਦੀ ਸਥਿਤੀ ’ਚ ਬਿਲਾਵਲ ਭੁੱਟੋ ਕਿਸ ਤਰ੍ਹਾਂ ਇਹ ਵਾਅਦੇ ਪੂਰੇ ਕਰ ਸਕਣਗੇ ਅਤੇ ਇਸ ਲਈ ਪੈਸਾ ਕਿੱਥੋਂ ਇਕੱਠਾ ਕਰਨਗੇ, ਇਸ ਦਾ ਜਵਾਬ ਸਮਾਂ ਹੀ ਦੇਵੇਗਾ।

- ਵਿਜੇ ਕੁਮਾਰ

Anmol Tagra

This news is Content Editor Anmol Tagra