ਭਾਜਪਾ ਵਲੋਂ ਆਉਣ ਵਾਲੀਆਂ ਚੋਣਾਂ ''ਚ ਸਫਲਤਾ ਲਈ ''ਯਾਤਰਾਵਾਂ'' ਦਾ ਸਿਲਸਿਲਾ ਸ਼ੁਰੂ

02/16/2018 3:04:43 AM

ਦੇਸ਼ ਦੇ 8 ਸੂਬਿਆਂ ਤ੍ਰਿਪੁਰਾ, ਕਰਨਾਟਕ, ਛੱਤੀਸਗੜ੍ਹ, ਨਾਗਾਲੈਂਡ, ਮੱਧ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ ਤੇ ਰਾਜਸਥਾਨ ਦੀਆਂ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਸਿਲਸਿਲੇ ਵਿਚ ਭਾਜਪਾ ਵਲੋਂ 'ਯਾਤਰਾਵਾਂ', ਰੋਡ ਸ਼ੋਅ ਅਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 
14 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਫਲਤਾ ਲਈ ਇੰਡੀਆ ਗੇਟ ਤੋਂ 'ਜਲ ਮਿੱਟੀ ਰੱਥ ਯਾਤਰਾ' ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਵਾਨਾ ਕੀਤਾ। ਇਹ ਲਾਲ ਕਿਲੇ ਦੇ ਕੰਪਲੈਕਸ ਵਿਚ 18 ਤੋਂ 25 ਮਾਰਚ ਤਕ ਹੋਣ ਵਾਲੇ 8 ਦਿਨਾ 'ਰਾਸ਼ਟਰ ਰੱਖਿਆ ਮਹਾਯੱਗ' ਦਾ ਹਿੱਸਾ ਹੈ। 
ਭਾਜਪਾ ਲੀਡਰਸ਼ਿਪ ਇਸ ਪਿੱਛੇ ਕਿਸੇ ਸਿਆਸੀ ਉਦੇਸ਼ ਤੋਂ ਇਨਕਾਰ ਕਰਦੀ ਹੈ ਪਰ ਇਸ ਨੂੰ ਸੰਯੋਗ ਨਹੀਂ ਕਿਹਾ ਜਾ ਸਕਦਾ ਕਿ ਇਹ ਆਯੋਜਨ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। 
'ਮਹਾਯੱਗ' ਲਈ ਇਹ ਰੱਥ ਦੇਸ਼ ਭਰ ਤੋਂ ਦੇਸੀ ਘਿਓ ਇਕੱਠਾ ਕਰਨ ਅਤੇ ਕਸ਼ਮੀਰ, ਲੱਦਾਖ ਅਤੇ ਡੋਕਲਾਮ ਦੀਆਂ ਸਰਹੱਦਾਂ ਤੋਂ ਇਲਾਵਾ ਦੇਸ਼ ਦੇ ਹਰੇਕ ਸੂਬੇ ਤੋਂ ਮਿੱਟੀ, ਪ੍ਰਮੁੱਖ ਤੀਰਥਾਂ ਤੇ ਚਾਰ ਧਾਮਾਂ ਦਾ ਜਲ ਲਿਆਵੇਗਾ। 
ਚੋਣ ਯਾਤਰਾਵਾਂ ਦੀ ਕੜੀ 'ਚ ਹੀ ਦੇਸ਼ 'ਚ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੀ ਲੜੀ 'ਚ ਭਾਜਪਾ ਵਲੋਂ 15 ਫਰਵਰੀ ਨੂੰ ਜਾਟਲੈਂਡ ਦੇ ਮੁੱਖ ਸ਼ਹਿਰ ਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਗੜ੍ਹ ਜੀਂਦ ਵਿਚ ਅਮਿਤ ਸ਼ਾਹ ਦੀ ਅਗਵਾਈ ਹੇਠ 'ਯੁਵਾ ਹੁੰਕਾਰ ਰੈਲੀ' ਆਯੋਜਿਤ ਕੀਤੀ ਗਈ, ਜਿਸ ਨੂੰ ਸਫਲ ਬਣਾਉਣ ਲਈ ਖੱਟੜ ਸਰਕਾਰ ਤੇ ਭਾਜਪਾ ਨੇ ਕੋਈ ਕਸਰ ਨਹੀਂ ਛੱਡੀ ਤੇ ਜੀਂਦ ਨੂੰ ਪੁਲਸ ਛਾਉਣੀ ਵਿਚ ਬਦਲ ਦਿੱਤਾ। 
ਜਿੰਨੇ ਵੱਡੇ ਪੱਧਰ 'ਤੇ ਭਾਜਪਾ ਨੇ ਇਹ ਰੈਲੀ ਆਯੋਜਿਤ ਕੀਤੀ, ਓਨੇ ਹੀ ਵੱਡੇ ਪੱਧਰ 'ਤੇ ਇਨੈਲੋ, ਕਾਂਗਰਸ ਤੇ ਮੁਲਾਜ਼ਮ ਜਥੇਬੰਦੀਆਂ ਨੇ ਭਾਜਪਾ ਵਿਰੁੱਧ ਮੁਜ਼ਾਹਰੇ ਕਰਨ ਦਾ ਵੀ ਪ੍ਰਬੰਧ ਕੀਤਾ ਸੀ ਤੇ ਇਨੈਲੋ ਵਲੋਂ ਕਾਲੇ ਗੁਬਾਰੇ ਛੱਡੇ ਗਏ।
ਮੱਧ ਪ੍ਰਦੇਸ਼ ਵਿਚ ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਤੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਵੀ ਸੂਬੇ ਦੇ ਸਭ ਤੋਂ ਵੱਡੇ ਵੋਟਰ ਸਮੂਹ, ਭਾਵ ਕਿਸਾਨਾਂ ਨੂੰ ਲੁਭਾਉਣ ਲਈ 'ਕਿਸਾਨ ਸਨਮਾਨ ਯਾਤਰਾ' ਦਾ ਆਯੋਜਨ ਕਰਨ ਜਾ ਰਹੀ ਹੈ। 
ਇਹ ਯਾਤਰਾ 1 ਅਪ੍ਰੈਲ ਨੂੰ ਯੂ. ਪੀ. ਵਿਚ ਮਥੁਰਾ ਨੇੜੇ ਬਲਦੇਵ ਦਾਊ ਜੀ ਮੰਦਿਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ 15 ਅਪ੍ਰੈਲ ਨੂੰ ਹੋਵੇਗੀ। ਇਹ ਮੰਦਿਰ ਭਗਵਾਨ ਬਲਰਾਮ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਕਿਸਾਨਾਂ ਦੇ ਮੁੱਖ ਦੇਵਤਿਆਂ 'ਚੋਂ ਇਕ ਮੰਨਿਆ ਜਾਂਦਾ ਹੈ। 
ਸੂਬਾਈ ਭਾਜਪਾ ਦੇ ਬੁਲਾਰੇ ਲੋਕੇਂਦਰ ਪਰਾਸ਼ਰ ਅਨੁਸਾਰ ਇਸ ਯਾਤਰਾ ਦਾ ਉਦੇਸ਼ ਕਿਸਾਨਾਂ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਦੱਸਣਾ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰਨਾ ਹੈ। 
ਇਹ 'ਰੋਡ ਸ਼ੋਅ' ਅਜਿਹੇ ਸਮੇਂ 'ਤੇ ਕੀਤਾ ਜਾ ਰਿਹਾ ਹੈ, ਜਦੋਂ ਸੂਬੇ ਵਿਚ ਪਿਛਲੇ ਸਾਲ ਜੂਨ ਵਿਚ ਮੰਦਸੌਰ ਵਿਖੇ ਕਰਜ਼ਾ ਮੁਆਫੀ ਲਈ ਵਿਖਾਵਾ ਕਰ ਰਹੇ ਕਿਸਾਨਾਂ 'ਤੇ ਪੁਲਸ ਫਾਇਰਿੰਗ ਦੇ ਸਿੱਟੇ ਵਜੋਂ 5 ਕਿਸਾਨਾਂ ਦੀ ਮੌਤ ਤੋਂ ਬਾਅਦ ਕਿਸਾਨਾਂ ਦੀ ਨਾਰਾਜ਼ਗੀ ਸਿਖਰਾਂ 'ਤੇ ਹੈ। 
ਇਕ ਪਾਸੇ ਜਿੱਥੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਸੱਤਾ 'ਤੇ ਕਬਜ਼ਾ ਬਣਾਈ ਰੱਖਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਨੇ ਵੀ ਭਾਜਪਾ ਤੋਂ ਸੱਤਾ ਖੋਹਣ ਵਾਸਤੇ 'ਰੋਡ ਸ਼ੋਅ' ਕਰਨ ਦੀ ਯੋਜਨਾ ਤਿਆਰ ਕਰ ਲਈ ਹੈ, ਜਿਸ ਵਿਚ ਮਾਰਚ ਮਹੀਨੇ ਤੋਂ 'ਕਿਸਾਨ ਸਵਾਭਿਮਾਨ' ਯਾਤਰਾ ਕੱਢਣਾ ਸ਼ਾਮਿਲ ਹੈ। 
ਇਨ੍ਹਾਂ ਦੋਹਾਂ ਹੀ ਸਿਆਸੀ ਯਾਤਰਾਵਾਂ ਨੂੰ ਲੈ ਕੇ ਖੂਬ ਟੋਟਕੇਬਾਜ਼ੀ ਹੋ ਰਹੀ ਹੈ। ਸੂਬਾਈ ਕਾਂਗਰਸ ਦਾ ਕਹਿਣਾ ਹੈ ਕਿ ਜੇ ਭਾਜਪਾ ਨੇ ਪਿਛਲੇ 14 ਸਾਲਾਂ ਵਿਚ ਸੂਬੇ ਦਾ ਵਿਕਾਸ ਕੀਤਾ ਹੁੰਦਾ ਤਾਂ ਫਿਰ ਉਸ ਨੂੰ 'ਯਾਤਰਾਵਾਂ' ਕੱਢਣ ਦੀ ਕੀ ਲੋੜ ਸੀ? 
ਇਸ ਦੇ ਜਵਾਬ ਵਿਚ ਸੂਬਾਈ ਭਾਜਪਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਯਾਤਰਾ ਕੱਢ ਕੇ ਸੂਬੇ ਦਾ ਵਿਕਾਸ ਲੋਕਾਂ ਨੂੰ ਦਿਖਾਉਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। 
ਇਥੇ ਹੀ ਬਸ ਨਹੀਂ, ਤ੍ਰਿਪੁਰਾ, ਜਿੱਥੇ 18 ਫਰਵਰੀ ਨੂੰ ਅਤੇ ਮੇਘਾਲਿਆ ਤੇ ਨਾਗਾਲੈਂਡ, ਜਿੱਥੇ 27 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਵਿਚ ਸੱਤਾ 'ਤੇ ਕਬਜ਼ਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣ ਤੋਂ ਇਲਾਵਾ ਭਾਜਪਾ ਨੇ ਦੇਸ਼ ਵਿਚ ਕਾਂਗਰਸ ਦੇ ਸ਼ਾਸਨ ਵਾਲੇ 5 ਸੂਬਿਆਂ 'ਚੋਂ 1 ਕਰਨਾਟਕ ਵਿਚ ਕਾਂਗਰਸ ਤੋਂ ਸੱਤਾ ਖੋਹਣ ਲਈ ਵੀ ਪੂਰਾ ਜ਼ੋਰ ਲਾਇਆ ਹੋਇਆ ਹੈ। ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਦਿਨਾਂ ਵਿਚ 4 ਰੈਲੀਆਂ ਕਰਨ ਵਾਲੇ ਹਨ। 
ਸਪੱਸ਼ਟ ਹੈ ਕਿ ਗੁਜਰਾਤ ਦੀਆਂ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਅਤੇ ਰਾਜਸਥਾਨ ਤੇ ਬੰਗਾਲ ਦੀਆਂ ਉਪ-ਚੋਣਾਂ ਵਿਚ ਹਾਰ ਤੋਂ ਬਾਅਦ ਭਾਜਪਾ ਇਸ ਸਮੇਂ ਚਿੰਤਾ ਦੀ ਗ੍ਰਿਫਤ ਵਿਚ ਹੈ ਅਤੇ ਇਸੇ ਕਾਰਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਮੇਂ ਤੋਂ ਪਹਿਲਾਂ ਸੰਨ 2018 ਵਿਚ ਲੋਕ ਸਭਾ ਦੀਆਂ ਚੋਣਾਂ ਕਰਵਾਏ ਜਾਣ ਦੇ ਵਿਚਾਰ ਨੂੰ ਵੀ ਖਾਰਿਜ ਕਰ ਦਿੱਤਾ ਹੈ। 
ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਵਲੋਂ ਪਿਛਲੇ 4 ਸਾਲਾਂ ਦੌਰਾਨ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਿਫਰ ਦੱਸਣ ਅਤੇ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਨੇ ਵੀ ਭਾਜਪਾ ਨੂੰ ਆਪਣੇ ਚੋਣ ਪ੍ਰਚਾਰ 'ਚ ਤੇਜ਼ੀ ਲਿਆਉਣ ਲਈ ਮਜਬੂਰ ਕੀਤਾ ਹੈ।                                  
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra