ਆਵਾਰਾ ਕੁੱਤਿਅਾਂ ਦਾ ਵਧ ਰਿਹਾ ਹੁੜਦੰਗ ਲੋਕਾਂ ’ਚ ਭਾਰੀ ਰੋਸ ਤੇ ਡਰ ਫੈਲਿਆ

11/04/2018 7:04:12 AM

ਦੇਸ਼ ’ਚ ਆਵਾਰਾ ਕੁੱਤਿਅਾਂ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਇਕ ਰਿਪੋਰਟ ਅਨੁਸਾਰ ਦੇਸ਼ ’ਚ ਹਰ ਸਾਲ ਲੱਗਭਗ 1.74 ਕਰੋੜ ਲੋਕ ਕੁੱਤਿਅਾਂ ਦਾ ਸ਼ਿਕਾਰ ਬਣਦੇ ਹਨ, ਜਿਨ੍ਹਾਂ ’ਚੋਂ ਔਸਤਨ 18 ਤੋਂ 20 ਹਜ਼ਾਰ ਲੋਕਾਂ ਦੀ ਮੌਤ ਰੈਬੀਜ਼ ਨਾਲ ਹੋ ਜਾਂਦੀ ਹੈ। 
ਸ਼ਹਿਰਾਂ ਅਤੇ ਪਿੰਡਾਂ ’ਚ ਝੁੰਡਾਂ ਦੇ ਝੁੰਡ ਘੁੰਮ ਰਹੇ ਆਵਾਰਾ ਕੁੱਤੇ ਇੰਨੇ ਖੂੰਖਾਰ ਹੋ ਗਏ ਹਨ ਕਿ ਜਿਵੇਂ ਹੀ ਮੌਕਾ ਮਿਲਦਾ ਹੈ, ਲੋਕਾਂ ’ਤੇ ਝਪਟ ਪੈਂਦੇ ਹਨ ਅਤੇ ਇਨ੍ਹਾਂ ਤੋਂ ਕੋਈ ਵੀ ਸੁਰੱਖਿਅਤ ਨਹੀਂ ਹੈ। ਕਈ ਥਾਵਾਂ ’ਤੇ ਤਾਂ ਇਨ੍ਹਾਂ ਤੋਂ ਬਚਣ ਲਈ ਲੋਕ ਆਪਣੇ ਨਾਲ ਲਾਠੀ ਲੈ ਕੇ ਨਿਕਲਣ ਲੱਗ ਪਏ ਹਨ :
* 07 ਅਕਤੂਬਰ ਨੂੰ ਗ੍ਰੇਟਰ ਨੋਇਡਾ ਦੀਅਾਂ 2 ਸੋਸਾਇਟੀਅਾਂ ’ਚ ਇਕ ਆਵਾਰਾ ਕੁੱਤੇ ਨੇ 30 ਮਿੰਟਾਂ ਅੰਦਰ 3 ਬੱਚਿਅਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। 
* 14 ਅਕਤੂਬਰ ਨੂੰ ਦੁਰਗ ਦੇ ਮੋਹਨ ਨਗਰ ’ਚ ਆਵਾਰਾ ਕੁੱਤਿਅਾਂ ਨੇ ਰੇਲਵੇ ਕਾਲੋਨੀ ’ਚ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਵੱਢਿਆ। ਇਕ ਵਿਅਕਤੀ ਨੂੰ ਤਾਂ ਉਨ੍ਹਾਂ ਨੇ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸ ਦੇ ਪੈਰ ’ਚੋਂ ਮਾਸ ਦਾ ਲੋਥੜਾ ਹੀ ਬਾਹਰ ਨਿਕਲ ਆਇਆ।
* 17 ਅਕਤੂਬਰ ਨੂੰ  ਜੰਮੂ-ਕਸ਼ਮੀਰ ’ਚ ਸਾਂਬਾ ਜ਼ਿਲੇ ਦੀ ਰਾਮਗੜ੍ਹ ਤਹਿਸੀਲ ਦੇ ਪਿੰਡ ਚੱਕਬਾਗਲਾ ’ਚ ਸਥਿਤ ਗੁੱਜਰ ਬਸਤੀ ’ਚ ਇਕ ਦਿਲ-ਕੰਬਾਊ ਘਟਨਾ ’ਚ ਆਵਾਰਾ ਕੁੱਤਾ ਇਕ 4 ਸਾਲ ਦੀ ਮਾਸੂਮ ਬੱਚੀ ਨੂੰ ਆਪਣੇ ਜਬਾੜੇ ’ਚ ਦਬਾ ਕੇ ਦੂਰ ਖੇਤਾਂ ’ਚ ਭੱਜ ਗਿਆ ਅਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ।
* 21 ਅਕਤੂਬਰ ਨੂੰ ਇੰਦੌਰ ’ਚ ਆਵਾਰਾ ਕੁੱਤਿਅਾਂ ਨੇ ਇਕ ਹੀ ਪਰਿਵਾਰ ਦੇ 3 ਬੱਚਿਅਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਇਕ ਹੋਰ ਨੌਜਵਾਨ ਨੂੰ ਵੀ ਨੋਚ ਲਿਆ।
* 23 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਪਿੰਡ ਬਠੁੱਲਾ ’ਚ 3 ਸਾਲਾ ਮਾਸੂਮ ਬੱਚੀ ਨੂੰ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। 
* 27 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਸ਼ਾਮਾਚੱਕ ’ਚ ਪਾਗਲ ਕੁੱਤੇ ਨੇ ਕਰਵਾਚੌਥ ਦੀ ਖਰੀਦਦਾਰੀ ਕਰਨ ਗਈਅਾਂ 4 ਔਰਤਾਂ ਸਮੇਤ 10 ਵਿਅਕਤੀਅਾਂ ਨੂੰ ਵੱਢਿਆ।
* 27 ਅਕਤੂਬਰ ਨੂੰ ਹੀ ਜਲੰਧਰ ਨੇੜੇ ਨੰਗਲਸ਼ਾਮਾ ਤੇ ਢਿੱਲਵਾਂ ਚੌਕ ਵਿਚਾਲੇ ਸ਼ਾਮ ਦੇ ਸਮੇਂ ਇਕ ਪਾਗਲ ਕੁੱਤੇ ਨੇ 10 ਮਿੰਟਾਂ ਅੰਦਰ ਇਕ ਡਾਕਟਰ ਅਤੇ 4 ਔਰਤਾਂ ਸਮੇਤ  21 ਵਿਅਕਤੀਅਾਂ ਨੂੰ ਵੱਢਿਆ। 
* 27 ਅਕਤੂਬਰ ਨੂੰ ਹੀ ਉੱਤਰ ਪ੍ਰਦੇਸ਼ ’ਚ ਸਿਧਾਰਥ ਨਗਰ ਦੇ ਬਰਡਪੁਰ ਕਸਬੇ ’ਚ ਇਕ ਪਾਗਲ ਕੁੱਤੇ ਨੇ 9 ਵਿਅਕਤੀਅਾਂ ਨੂੰ ਵੱਢ ਲਿਆ।
* 28 ਅਕਤੂਬਰ ਨੂੰ ਇੰਦੌਰ ਦੇ ਸੁਭਾਸ਼ ਚੌਕ ’ਚ ਪਾਣੀ ਦੀ ਟੈਂਕੀ ਨੇੜੇ ਰਾਤ ਨੂੰ ਆਵਾਰਾ ਕੁੱਤੇ ਨੇ ਇਕ 82 ਸਾਲਾ ਬਜ਼ੁਰਗ ਨੂੰ ਕਈ ਥਾਵਾਂ ਤੋਂ ਵੱਢਿਆ, ਜਿਸ ਕਾਰਨ ਜ਼ਮੀਨ ’ਤੇ ਡਿੱਗਣ ਨਾਲ ਉਸ ਦੇ ਲੱਕ ਦੀ ਹੱਡੀ ਟੁੱਟ ਗਈ।
* 31 ਅਕਤੂਬਰ ਨੂੰ ਫਗਵਾੜਾ ’ਚ ਇਕ ਆਵਾਰਾ ਕੁੱਤੇ ਨੇ ਗਲੀ ’ਚ ਆਪਣੀ ਮਾਂ ਨਾਲ ਬੈਠੀ ਢਾਈ ਸਾਲ ਦੀ ਬੱਚੀ ’ਤੇ ਹਮਲਾ ਕਰ ਕੇ ਉਸ ਦੇ ਸਿਰ ’ਤੇ ਗੰਭੀਰ ਜ਼ਖ਼ਮ ਕਰ ਦਿੱਤੇ ਅਤੇ ਉਸ ਦੀ ਮਾਂ ਦੇ ਸਰੀਰ ’ਤੇ ਵੀ ਦੰਦ ਮਾਰੇ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਕੁੱਤੇ ਦੀ ਪਕੜ ’ਚੋਂ ਉਨ੍ਹਾਂ ਨੂੰ ਛੁਡਾਇਆ।
* 31 ਅਕਤੂਬਰ ਨੂੰ ਹੀ ਹਿਮਾਚਲ ’ਚ ਊਨਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ ਆਵਾਰਾ ਕੁੱਤਿਅਾਂ ਨੇ 4 ਬੱਚਿਅਾਂ ਸਮੇਤ 9 ਵਿਅਕਤੀਅਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। 
ਇਸੇ ਦਿਨ ਉੱਤਰਾਖੰਡ ਦੇ ਰਾਮਨਗਰ ’ਚ ਘੁੰਮ ਰਿਹਾ ਇਕ ਆਵਾਰਾ ਕੁੱਤਾ ਅਚਾਨਕ ਖੂੰਖਾਰ ਹੋ ਗਿਆ ਤੇ ਉਸ ਨੇ ਇਕ-ਇਕ ਕਰ ਕੇ 9 ਵਿਅਕਤੀਅਾਂ ਨੂੰ ਵੱਢਿਆ।
* 01 ਨਵੰਬਰ ਨੂੰ ਪਠਾਨਕੋਟ ਨੇੜੇ ਕੁਠੇਰ ’ਚ ਪਾਗਲ ਕੁੱਤੇ ਨੇ ਸਵੇਰ ਦੇ ਸਮੇਂ ਪ੍ਰਭਾਤਫੇਰੀ ’ਚ ਜਾ ਰਹੇ 18 ਵਿਅਕਤੀਅਾਂ ਨੂੰ ਵੱਢਿਆ। 
* 02 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ’ਚ ਇਕ ਪਾਗਲ ਕੁੱਤੇ ਨੇ 9 ਵਿਅਕਤੀਅਾਂ ਨੂੰ ਵੱਢ ਲਿਆ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਵੀ ਨੌਸ਼ਹਿਰਾ ’ਚ ਇਕ ਹੋਰ ਪਾਗਲ ਕੁੱਤੇ ਨੇ ਕਈ ਲੋਕਾਂ ਨੂੰ ਵੱਢਿਆ ਸੀ। 
ਆਵਾਰਾ ਕੁੱਤਿਅਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਹੈ ਅਤੇ ਉਹ ਇਨ੍ਹਾਂ ਕਾਰਨ ਹੋਣ ਵਾਲੀਅਾਂ ਘਟਨਾਵਾਂ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕਈ ਥਾਵਾਂ ’ਤੇ ਲੋਕਾਂ ਨੇ ਪ੍ਰਸ਼ਾਸਨ ਦੇ ਨਿਕੰਮੇਪਣ ਵਿਰੁੱਧ ਮੁਜ਼ਾਹਰੇ ਵੀ ਕੀਤੇ ਹਨ। 
ਲੋਕਾਂ ਦੀ ਸ਼ਿਕਾਇਤ ਹੈ ਕਿ ਕਈ ਥਾਵਾਂ ’ਤੇ ਪੀੜਤਾਂ ਨੂੰ ਰੈਬੀਜ਼ ਦੇ ਇੰਜੈਕਸ਼ਨ ਸਰਕਾਰੀ ਹਸਪਤਾਲਾਂ ’ਚ ਮੁਹੱਈਆ ਨਾ ਹੋਣ ਕਾਰਨ ਉਨ੍ਹਾਂ ਨੂੰ ਟੈੱਟਨਸ ਦੇ ਟੀਕੇ ਲਾ ਕੇ ਹੀ ਭੇਜ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਲੋਕਾਂ ਨੂੰ ਬਾਜ਼ਾਰ ’ਚੋਂ ਮਹਿੰਗੇ ਭਾਅ ’ਤੇ ਇੰਜੈਕਸ਼ਨ ਖਰੀਦ ਕੇ ਲਗਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। 
ਡਾਕਟਰਾਂ ਅਨੁਸਾਰ ਕੁੱਤੇ ਦੇ ਵੱਢਣ ’ਤੇ ਤੁਰੰਤ ਰਾਹਤ ਦਿਵਾਉਣ ਵਾਲੇ ਇਮਿਊਨੋਗਲੋਬੁਲਿਨ ਇੰਜੈਕਸ਼ਨ ਮੁਹੱਈਆ ਨਾ ਹੋਣ ਕਾਰਨ ਵੀ ਰੋਗੀਅਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਮਦਦ ਲਈ ਚਿੱਲਾ ਰਹੇ ਲੋਕਾਂ ਦੀ ਸਹਾਇਤਾ ਲਈ ਕੁੱਤਿਅਾਂ ਦੇ ਡਰ ਦੇ ਮਾਰੇ ਲੋਕ ਅੱਗੇ ਆਉਣ ਦੀ ਹਿੰਮਤ ਨਹੀਂ ਕਰਦੇ। 
ਜਦੋਂ ਤਕ ਕੇਂਦਰ ਅਤੇ ਸੂਬਾ ਸਰਕਾਰਾਂ ਕੁੱਤਿਅਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੇ ਵੱਢਣ ਨਾਲ ਹੋਣ ਵਾਲੀਅਾਂ ਬੇਵਕਤੀ ਮੌਤਾਂ ’ਤੇ ਰੋਕ ਲਾਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕਰਨਗੀਅਾਂ, ਉਦੋਂ ਤਕ ਇਸ ਸਮੱਸਿਆ ਤੋਂ ਛੁਟਕਾਰਾ ਮਿਲਣਾ  ਮੁਸ਼ਕਿਲ ਹੈ ਅਤੇ ਆਵਾਰਾ ਕੁੱਤਿਅਾਂ ਦੇ ਵੱਢਣ ਨਾਲ ਹੋਣ ਵਾਲੀਅਾਂ ਮੌਤਾਂ ਲਗਾਤਾਰ ਵਧਦੀਅਾਂ ਹੀ ਜਾਣਗੀਅਾਂ।                                          

–ਵਿਜੇ ਕੁਮਾਰ