ਔਰਤਾਂ ਨਾਲ ਛੇੜਛਾੜ ਰੋਕਣ ਲਈ ਮੁੰਬਈ ਦੇ ਆਟੋਚਾਲਕਾਂ ਦੀ ‘ਟੱਚ ਮੀ ਨਾਟ’ ਮੁਹਿੰਮ

09/07/2023 6:04:10 AM

ਇਨ੍ਹੀਂ ਦਿਨੀਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ’ਚ ਭਾਰੀ ਵਾਧੇ ਨੂੰ ਦੇਖਦੇ ਹੋਏ ਮੁੰਬਈ ਦੇ ਆਟੋਰਿਕਸ਼ਾ ਚਾਲਕ ਸੰਘ ਨੇ ਆਪਣੇ ਆਟੋਰਿਕਸ਼ਿਆਂ ’ਚ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ’ਚ ਕੁਝ ਕਦਮ ਉਠਾਏ ਹਨ।

ਇਸ ਸਬੰਧ ’ਚ ਸੰਘ ਨੇ ਆਪਣੇ ਸਾਰੇ ਮੈਂਬਰ ਆਟੋਚਾਲਕਾਂ ਨੂੰ ਮਹਿਲਾ ਯਾਤਰੀਆਂ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਵਤੀਰਾ ਅਪਣਾਉਣ ਦਾ ਹੁਕਮ ਦਿੱਤਾ ਹੈ ਕਿ ਜੇ ਕੋਈ ਮਹਿਲਾ ਯਾਤਰੀ ਕਿਸੇ ਮਰਦ ਸਹਿ-ਯਾਤਰੀ ਵੱਲੋਂ ਦੁਰਵਿਵਹਾਰ ਜਾਂ ਗਲਤ ਢੰਗ ਨਾਲ ਛੂਹਣ ਦੀ ਸ਼ਿਕਾਇਤ ਕਰੇ ਤਾਂ ਉਸ ਦੀ ਤੁਰੰਤ ਸਹਾਇਤਾ ਕੀਤੀ ਜਾਵੇ।

ਸੰਘ ਦੇ ਪ੍ਰਧਾਨ ਸ਼ਸ਼ਾਂਕ ਰਾਵ ਅਨੁਸਾਰ ਹੁਣ ਸਾਰੇ ਆਟੋਚਾਲਕਾਂ ਨੂੰ ਅਜਿਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ ਕਿ ਉਹ ਅਜਿਹੀ ਕੋਈ ਵੀ ਸ਼ਿਕਾਇਤ ਮਿਲਣ ’ਤੇ ਦੋਸ਼ੀ ਮਰਦ ਯਾਤਰੀ ਨੂੰ ਆਟੋ ਤੋਂ ਉਤਾਰ ਦੇਵੇ ਤੇ ਜੇ ਮਹਿਲਾ ਯਾਤਰੀ ਪੁਲਸ ਨੂੰ ਸ਼ਿਕਾਇਤ ਕਰਨਾ ਚਾਹੇ ਤਾਂ ਉਹ ਦੋਸ਼ੀ ਮਰਦ ਯਾਤਰੀ ਨਾਲ ਮਹਿਲਾ ਨੂੰ ਨੇੜਲੇ ਪੁਲਸ ਸਟੇਸ਼ਨ ਲੈ ਕੇ ਜਾਣ।

ਇਸ ਸਬੰਧ ’ਚ ਸੰਘ ਨੇ ‘ਟੱਚ ਮੀ ਨਾਟ’ ਨਾਂ ਤੋਂ ਇਕ ਪ੍ਰਚਾਰ ਮੁਹਿੰਮ ਵੀ ਚਲਾਉਣੀ ਸ਼ੁਰੂ ਕੀਤੀ ਹੈ ਅਤੇ ਸੋਸ਼ਲ ਮੀਡੀਆ ਅਤੇ ਐੱਫ. ਐੱਮ. ਚੈਨਲ ਰਾਹੀਂ ਵੀ ਲੋਕਾਂ ਨੂੰ ਇਸ ਸਬੰਧ ’ਚ ਸੂਚਿਤ ਕਰ ਰਿਹਾ ਹੈ।

ਸ਼ਸ਼ਾਂਕ ਰਾਵ ਅਨੁਸਾਰ ਇਸ ਮੁਹਿੰਮ ਦਾ ਮਕਸਦ ਰੋਜ਼ਾਨਾ ਆਟੋਰਿਕਸ਼ਿਆਂ ’ਚ ਯਾਤਰਾ ਕਰਨ ਵਾਲੀਆਂ ਔਰਤਾਂ ’ਚ ਸੁਰੱਖਿਆ ਦੀ ਭਾਵਨਾ ਵਧਾਉਣਾ ਹੈ। ਇਸ ਲਈ ਆਉਣ ਵਾਲੇ ਦਿਨਾਂ ’ਚ ਸੰਘ ਆਟੋਚਾਲਕਾਂ ਲਈ 15-16 ਟ੍ਰੇਨਿੰਗ ਕੈਂਪ ਵੀ ਲਾ ਰਿਹਾ ਹੈ।

ਮੁੰਬਈ ਦੇ ਆਟੋਚਾਲਕਾਂ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਔਰਤਾਂ ਨਾਲ ਛੇੜਛਾੜ ਰੋਕਣ ਲਈ ਕਿਸੇ ਹੱਦ ਤਕ ਸਹਾਇਕ ਸਿੱਧ ਹੋ ਸਕਦੀ ਹੈ। ਇਸ ਲਈ ਹੋਰ ਥਾਵਾਂ ’ਤੇ ਵੀ ਇਸ ਨੂੰ ਅਜ਼ਮਾਇਆ ਜਾਣਾ ਚਾਹੀਦਾ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra